1. ਮੁੱਖ ਪੰਨਾ
  2. ਰਾਜਨੀਤੀ
  3. ਮਸ਼ਹੂਰ ਹਸਤੀਆਂ

[ ਰਿਪੋਰਟ ] ਏਸ਼ੀਅਨ ਹੈਰੀਟੇਜ ਮੰਥ : ਮਿਲੋ ਕੈਨੇਡਾ ’ਚ ਐਮ ਐਲ ਏ ਬਣਨ ਵਾਲੇ ਪਹਿਲੇ ਭਾਰਤੀ ਨੂੰ

ਪੇਸ਼ੇ ਵਜੋਂ ਡਾਕਟਰ , ਗੁਲਜ਼ਾਰ ਚੀਮਾ 3 ਵਾਰ ਰਹਿ ਚੁੱਕੇ ਨੇ ਐਮ ਐਲ ਏ

ਡਾ ਗੁਲਜ਼ਾਰ ਚੀਮਾ ਭਾਰਤ ਵਿਚ ਜਨਮੇ ਅਤੇ ਕੈਨੇਡਾ ਆ ਕੇ ਐਮ ਐਲ ਏ ਬਣਨ ਵਾਲੇ ਪਹਿਲੇ ਭਾਰਤੀ ਹਨ

ਡਾ ਗੁਲਜ਼ਾਰ ਚੀਮਾ ਭਾਰਤ ਵਿਚ ਜਨਮੇ ਅਤੇ ਕੈਨੇਡਾ ਆ ਕੇ ਐਮ ਐਲ ਏ ਬਣਨ ਵਾਲੇ ਪਹਿਲੇ ਭਾਰਤੀ ਹਨ

ਤਸਵੀਰ: CBC/Darin Morash

Sarbmeet Singh

ਪੰਜਾਬ ਦੇ ਗੁਰਦਾਸਪੁਰ ਜ਼ਿਲੇ ਨਾਲ ਸਬੰਧਿਤ ਡਾ ਗੁਲਜ਼ਾਰ ਚੀਮਾ ਜਦੋਂ 1979 ਦੌਰਾਨ ਕੈਨੇਡਾ ਆਏ ਤਾਂ ਉਹਨਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਉਹ ਸਿਆਸਤ ਵਿੱਚ ਆਉਣਗੇ I ਡਾ ਗੁਲਜ਼ਾਰ ਚੀਮਾ ਭਾਰਤ ਵਿਚ ਜਨਮੇ , ਕੈਨੇਡਾ ਆ ਕੇ ਐਮ ਐਲ ਏ ਬਣਨ ਵਾਲੇ ਪਹਿਲੇ ਭਾਰਤੀ ਹਨ I

1954 ਦੌਰਾਨ ਜਨਮੇ ਡਾ ਗੁਲਜ਼ਾਰ ਚੀਮਾ ਨੇ ਪੰਜਾਬ ਦੇ ਡੀ ਐਮ ਸੀ ਤੋਂ ਆਪਣੀ ਮੈਡੀਕਲ ਦੀ ਪੜਾਈ ਪੂਰੀ ਕਰ ਕੈਨੇਡਾ ਦਾ ਰੁੱਖ ਕੀਤਾ I  ਡਾ ਚੀਮਾ ਨੇ ਦੱਸਿਆ ਕਿ ਵੱਖ ਵੱਖ ਪ੍ਰੋਵਿੰਸਜ਼ ਵਿੱਚ ਪੜਾਈ , ਰੈਜ਼ੀਡੈਂਸੀ ਕਰਨ ਅਤੇ ਵਿਆਹ ਕਰਾਉਣ ਬਾਅਦ ਉਹਨਾਂ ਨੇ ਮੈਨੀਟੋਬਾ ਵਿੱਚ ਪ੍ਰੈਕਟਿਸ ਸ਼ੁਰੂ ਕਰਨ ਦਾ ਸੋਚਿਆI

ਜ਼ਿਕਰਯੋਗ ਹੈ ਕਿ ਮਈ ਮਹੀਨੇ ਨੂੰ ਕੈਨੇਡਾ ਵਿਚ ਏਸ਼ੀਅਨ ਹਿਸਟਰੀ ਮੰਥ ਵੱਜੋਂ ਮਨਾਇਆ ਜਾਂਦਾ ਹੈ। ਏਸ਼ੀਅਨ ਮੂਲ ਦੇ ਕੈਨੇਡੀਅਨ ਲੋਕਾਂ ਵੱਲੋਂ ਕੈਨੇਡਾ ਦੇ ਸਮਾਜ, ਸੱਭਿਆਚਾਰ, ਆਰਥਿਕਤਾ ਅਤੇ ਇਤਿਹਾਸ ਵਿਚ ਪਾਏ ਵਢਮੁੱਲੇ ਯੋਗਦਾਨ ਨੂੰ ਸਨਮਾਨਿਤ ਕਰਨ ਅਤੇ ਏਸ਼ੀਅਨ ਭਾਈਚਾਰੇ ਦੀ ਵਿਰਾਸਤ ਅਤੇ ਕੈਨੇਡਾ ਵਿਚ ਇਸਦੀਂ ਹੋਂਦ ਦਾ ਜਸ਼ਨ ਮਨਾਉਣ ਲਈ ਏਸ਼ੀਅਨ ਹਿਸਟਰੀ ਮੰਥ ਦੀ ਸ਼ੁਰੂਆਤ ਕੀਤੀ ਗਈ ਸੀ।

ਪਹਿਲੇ ਐਮ ਐਲ ਏ ਬਣਨ ਦਾ ਸਫ਼ਰ

19 ਵੀਂ ਸਦੀ ਦੇ ਅੱਠਵੇਂ ਦਹਾਕੇ ਦੌਰਾਨ ਜਦੋਂ ਡਾ ਗੁਲਜ਼ਾਰ ਚੀਮਾ ਵਿਨੀਪੈਗ ਵਿਚ ਆਪਣੀ ਪ੍ਰੈਕਟਿਸ ਕਰ ਰਹੇ ਸਨ ਤਾਂ ਭਾਈਚਾਰੇ ਦੀ ਮੰਗ 'ਤੇ ਹੀ ਉਹਨਾਂ ਨੇ 1988 ਵਿਚ ਪਹਿਲੀ ਵਾਰ ਚੋਣ ਲੜੀ I  

ਰੇਡੀਓ ਕੈਨੇਡਾ ਇੰਟਰਨੈਸ਼ਨਲ ਨਾਲ ਗੱਲਬਾਤ ਦੌਰਾਨ ਡਾ ਚੀਮਾ ਨੇ ਕਿਹਾ ਕਿ 1984 ਦੌਰਾਨ ਹਰਮਿੰਦਰ ਸਾਹਿਬ 'ਤੇ ਹੋਏ ਹਮਲੇ ਨਾਲ ਪੂਰੀ ਦੁਨੀਆ ਦਾ ਧਿਆਨ ਪੰਜਾਬੀਆਂ ਵੱਲ ਗਿਆ I  ਉਹਨਾਂ ਕਿਹਾ ਉਸ ਸਮੇਂ ਸਾਡੀ ਪਹਿਚਾਣ ਹਿੰਸਕ ਦੇ ਤੌਰ 'ਤੇ ਹੋਣ ਲੱਗੀ I  ਇਸਨੂੰ ਲੈ ਕੇ ਸਾਰਾ ਭਾਈਚਾਰਾ ਚਿੰਤਤ ਸੀ ਅਤੇ ਭਾਈਚਾਰੇ ਨੇ ਆਪਣੀ ਪਹਿਚਾਣ ਦੱਸਣ ਲਈ ਲਜਿਸਲੇਟਿਵ ਅਸੈਂਬਲੀ ਸਾਹਮਣੇ ਪ੍ਰਦਰਸ਼ਨ ਕਰਨ ਦਾ ਸੋਚਿਆ I  ਮੈਂ ਵੀ ਉਹਨਾਂ ਨਾਲ ਚਲਾ ਗਿਆ ਪਰ ਸਾਨੂੰ ਪ੍ਰਦਰਸ਼ਨ ਕਰਨ ਦੀ ਆਗਿਆ ਵੀ ਨਹੀਂ ਦਿਤੀ ਗਈ I

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਗੁਲਜ਼ਾਰ ਚੀਮਾ ਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਗੁਲਜ਼ਾਰ ਚੀਮਾ

ਤਸਵੀਰ: ਧੰਨਵਾਦ ਸਹਿਤ ਗੁਲਜ਼ਾਰ ਚੀਮਾ ਟਵਿੱਟਰ

ਗੁਲਜ਼ਾਰ ਚੀਮਾ ਨੇ ਦੱਸਿਆ ਕਿ ਮਾਰਚ 1988 ਦੌਰਾਨ ਪ੍ਰੋਵਿੰਸ ਵਿਚ ਰਾਜ ਕਰ ਰਹੀ ਐਨ ਡੀ ਪੀ ਦੀ ਸਰਕਾਰ ਟੁੱਟ ਗਈ ਅਤੇ ਪੰਜਾਬੀ ਭਾਈਚਾਰੇ ਦੇ ਲੋਕਾਂ ਨੇ ਕਿਸੇ ਪੰਜਾਬੀ ਨੂੰ ਚੋਣ ਲੜਾਉਣ ਦਾ ਮਨ ਬਣਾ ਲਿਆ ਅਤੇ ਲਿਬਰਲ ਉਮੀਦਵਾਰ ਵਜੋਂ ਮੈਨੂੰ ਚੋਣ ਲੜਨ ਲਈ ਆਖਿਆ I  ਉਹਨਾਂ ਕਿਹਾ ਮੈਂ ਆਪਣੇ ਕਲੀਨਿਕ ਵਿਚ ਸੀ ਜਦੋਂ ਮੈਨੂੰ ਨੌਮੀਨੇਸ਼ਨ ਲਈ ਇਕ ਭਾਸ਼ਣ ਪੜਨ ਲਈ ਦਿੱਤਾ ਗਿਆ I  ਕਿਸੇ ਜਨਤਕ ਇਕੱਠ ਵਿਚ ਇਹ ਮੇਰਾ ਪਹਿਲਾਂ ਭਾਸ਼ਣ ਸੀ ਅਤੇ ਮੈਂ ਨੌਮੀਨੇਸ਼ਨ ਜਿੱਤ ਗਿਆ I

ਗੁਲਜ਼ਾਰ ਚੀਮਾ ਨੇ ਦੱਸਿਆ ਕਿ ਉਹਨਾਂ ਨੂੰ ਚੋਣ ਪ੍ਰਚਾਰ ਦੌਰਾਨ ਸ਼ੁਰੂ ਵਿਚ ਕਾਫ਼ੀ ਦਿੱਕਤ ਆਈ ਅਤੇ ਉਹਨਾਂ ਨੂੰ ਕਾਫ਼ੀ ਬੁਰਾ ਭਲਾ ਕਿਹਾ ਗਿਆ , ਜਿਸਦੇ ਜਵਾਬ ਵਿਚ ਉਹਨਾਂ ਨੇ ਇਕ ਚਿੱਠੀ ਲਿਖ ਕੇ ਆਪਣੇ ਇਲਾਕੇ ਦੇ ਵੋਟਰਾਂ ਨੂੰ ਆਪਣੇ ਬਾਰੇ ਦੱਸਿਆ I  

ਡਾ ਚੀਮਾ ਨੇ ਕਿਹਾ ਸਾਡੀ ਟੀਮ ਨੇ ਇਕ ਚਿੱਠੀ ਤਿਆਰ ਕੀਤੀ ਜਿਸ ਵਿਚ ਮੈਂ ਆਪਣੇ ਅਤੇ ਸਿੱਖ ਧਰਮ ਬਾਰੇ ਜਾਣਕਾਰੀ ਦਿੱਤੀ I  ਇਸਤੋਂ ਲੋਕਾਂ ਨੂੰ ਸਾਡੇ ਧਰਮ ਅਤੇ ਸੱਭਿਆਚਾਰ ਬਾਰੇ ਹੋਰ ਪਤਾ ਲੱਗਿਆ I  ਸਾਡੀ ਇਸ ਜਿੱਤ ਨੇ ਜਿਥੇ ਕੈਨੇਡੀਅਨ ਲੋਕਾਂ ਵਿਚ ਪੰਜਾਬੀਆਂ ਦੀ ਛਵੀ ਨੂੰ ਸੁਧਾਰਿਆ ਉਥੇ ਹੀ ਸਾਡੇ ਲਈ ਸਿਆਸਤ ਵਿਚ ਰਾਹ ਵੀ ਖੋਲ੍ਹਿਆ I

ਐਮ ਐਲ ਏ ਬਣਨ ਤੋਂ ਬਾਅਦ ਵੀ ਡਾ ਚੀਮਾ ਨੂੰ ਘਰ ਦੇ ਗੁਜ਼ਾਰੇ ਲਈ ਆਪਣਾ ਕਲੀਨਿਕ ਚਲਾਉਣਾ ਪਿਆ I

ਐਮ ਐੱਲ ਏ ਦੀ ਤਨਖ਼ਾਹ ਨਾਲ ਸਾਡੇ ਪਰਿਵਾਰ ਦਾ ਗੁਜ਼ਾਰਾ ਹੋਣਾ ਮੁਸ਼ਕਿਲ ਸੀ ਅਤੇ ਐਮ ਐਲ ਏ ਬਣਨ ਤੋਂ ਬਾਅਦ ਵੀ ਮੈਨੂੰ ਡਾਕਟਰ ਵਜੋਂ ਆਪਣਾ ਕੰਮ ਕਰਨਾ ਪਿਆ I ਮੈਂ ਦਿਨ ਵਿਚ ਐਮ ਐਲ ਏ ਵਜੋਂ ਵਿਚਰਦਾ ਸੀ ਅਤੇ ਸ਼ਾਮ ਨੂੰ ਕੁਝ ਸਮਾਂ ਆਪਣੀ ਪ੍ਰੈਕਟਿਸ ਕਰਦਾ ਸੀI
ਵੱਲੋਂ ਇੱਕ ਕਥਨ ਡਾ ਗੁਲਜ਼ਾਰ ਚੀਮਾ

ਬ੍ਰਿਟਿਸ਼ ਕੋਲੰਬੀਆ 'ਚ ਸਿਆਸੀ ਜ਼ਿੰਦਗੀ

1990 ਵਿਚ ਗੁਲਜ਼ਾਰ ਚੀਮਾ ਮੁੜ ਤੋਂ ਲਜਿਸਲੇਟਿਵ ਅਸੈਂਬਲੀ ਦੀਆਂ ਪੌੜੀਆਂ ਚੜੇ ਪਰ 1993 ਵਿੱਚ ਉਹਨਾਂ ਨੇ ਅਸਤੀਫ਼ਾ ਦੇ ਦਿੱਤਾ I  ਇਸੇ ਸਾਲ ਦੌਰਾਨ ਡਾ ਚੀਮਾ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ ਵਿਚ ਆ ਗਏ ਅਤੇ 1996 ਦੌਰਾਨ ਚੀਮਾ ਨੇ ਬੀਸੀ ਵਿਚ ਐਮ ਐਲ ਏ ਦੀ ਚੋਣ ਲੜੀ ਪਰ ਉਹ ਚੋਣ ਹਾਰ ਗਏ I  2001 ਦੌਰਾਨ ਚੋਣ ਜਿੱਤ ਕੇ ਡਾ ਚੀਮਾ ਹੈਲਥ ਮਨਿਸਟਰ ਬਣੇ I ਇਸਤੋਂ ਇਲਾਵਾ ਉਹਨਾਂ ਨੇ ਮਿਨਿਸਟਰ ਔਫ਼ ਸਟੇਟ ਫ਼ੌਰ ਇਮਿਗ੍ਰੇਸ਼ਨ ਐਂਡ ਮਲਟੀਕਲਚਰਲ ਸਰਵਿਸੇਜ਼ ਵਜੋਂ ਵੀ ਸੇਵਾਵਾਂ ਨਿਭਾਈਆਂ I 

ਆਪਣੇ ਮਨਿਸਟਰ ਦੇ ਕਾਰਜਕਾਲ ਬਾਰੇ ਇਕ ਸਵਾਲ ਦੇ ਜਵਾਬ ਵਿੱਚ ਡਾ ਚੀਮਾ ਨੇ ਦੱਸਿਆ ਕਿ ਉਹਨਾਂ ਨੇ ਮੈਂਟਲ ਹੈਲਥ ਉੱਪਰ ਨਿੱਠ ਕੇ ਕੰਮ ਕੀਤਾ I 

ਇਸਤੋਂ ਬਾਅਦ ਗੁਲਜ਼ਾਰ ਚੀਮਾ ਨੇ ਫ਼ੈਡਰਲ ਸਿਆਸਤ ਵੱਲ ਰੁੱਖ ਕੀਤਾ ਅਤੇ 2004 ਦੌਰਾਨ ਐਮ ਪੀ ਲਈ ਚੋਣ ਲੜੀ ਪਰ ਉਹ ਪੰਜਾਬੀ ਮੂਲ ਦੀ ਨੀਨਾ ਗਰੇਵਾਲ ਤੋਂ ਚੋਣ ਹਾਰ ਗਏ I ਬੀਸੀ ਵਿਚ 2020 ਦੌਰਾਨ ਹੋਈਆਂ ਸੂਬਾਈ ਚੋਣਾਂ ਨਾਲ ਡਾ ਚੀਮਾ ਨੇ ਮੁੜ ਤੋਂ ਪ੍ਰੋਵਿੰਸ਼ੀਅਲ ਸਿਆਸਤ ਵੱਲ ਰੁੱਖ ਕੀਤਾ ਪਰ ਪੰਜਾਬੀ ਮੂਲ ਦੀ ਵਿਰੋਧੀ ਉਮੀਦਵਾਰ ਜਿਨੀ ਸਿਮਸ ਨੇ ਇਸ ਚੋਣ ਵਿਚ ਜਿੱਤ ਹਾਸਿਲ ਕੀਤੀ I

ਡਾ ਚੀਮਾ ਇਸ ਸਮੇਂ ਆਪਣੀ ਪ੍ਰੈਕਟਿਸ ਵੀ ਕਰ ਰਹੇ ਹਨ ਅਤੇ ਸਿਆਸਤ ਵਿੱਚ ਸਰਗਰਮ ਹਨ I   ਉਹ ਲਿਬਰਲ ਪਾਰਟੀ ਦੀਆਂ ਗਤੀਵਿਧੀਆਂ ਵਿੱਚ ਲਗਾਤਾਰ ਹਿੱਸਾ ਲੈਂਦੇ ਰਹਿੰਦੇ ਹਨ I

ਚੀਮਾ ਡਰਾਇਵ ਦੇ ਨਾਮਕਰਨ ਸਮਾਗਮ 'ਤੇ ਡਾ ਗੁਲਜ਼ਾਰ ਚੀਮਾ ਅਤੇ ਸਮਾਗਮ ਵਿਚ ਮੌਜੂਦ ਹੋਰ ਲੋਕਾਂ ਦੀ ਇੱਕ ਤਸਵੀਰ।

ਚੀਮਾ ਡਰਾਇਵ ਦੇ ਨਾਮਕਰਨ ਸਮਾਗਮ 'ਤੇ ਡਾ ਗੁਲਜ਼ਾਰ ਚੀਮਾ ਅਤੇ ਸਮਾਗਮ ਵਿਚ ਮੌਜੂਦ ਹੋਰ ਲੋਕਾਂ ਦੀ ਇੱਕ ਤਸਵੀਰ।

ਤਸਵੀਰ: Radio-Canada / Zoé Le Gallic-Massie

ਕੈਨੇਡੀਅਨ ਸਿਆਸਤ ਵਿੱਚ ਪੰਜਾਬੀ ਦੇ ਭਵਿੱਖ ਬਾਰੇ ਪੁੱਛੇ ਇਕ ਸਵਾਲ ਦਾ ਜਵਾਬ ਦਿੰਦਿਆਂ ਡਾ ਚੀਮਾ ਨੇ ਕਿਹਾ ਕਿ ਹੁਣ ਪੰਜਾਬੀ ਮੂਲ ਦੇ ਵਿਅਕਤੀ ਵੱਡੀ ਗਿਣਤੀ ਵਿੱਚ ਸਿਆਸਤ ਵਿੱਚ ਸਰਗਰਮ ਹਨ ਜੋ ਕਿ ਕੁਝ ਦਹਾਕੇ ਪਹਿਲਾਂ ਸੰਭਵ ਨਹੀਂ ਸੀ I  ਉਹਨਾਂ ਕਿਹਾ ਇਸ ਸਮੇਂ ਗਿਣਤੀ ਪੱਖੋਂ ਪੰਜਾਬੀਆਂ ਦੀ ਨੁਮਾਇੰਦਗੀ ਵਧੀ ਹੈ ਪਰ ਇਹ ਵੀਂ ਦੇਖਣ ਨੂੰ ਮਿਲ ਰਿਹਾ ਹੈ ਕਿ ਪੰਜਾਬੀ ਮੂਲ ਦੇ ਸਿਆਸਤਦਾਨ ਇਕ ਦੂਸਰੇ ਦੀਆਂ ਲੱਤਾਂ ਖਿੱਚਣ 'ਤੇ ਲੱਗੇ ਹੋਏ ਹਨ I

ਡਾ ਚੀਮਾ ਦੇ ਸਨਮਾਨ ਵਿਚ ਹਾਲ ਵਿੱਚ ਹੀ ਵਿਨੀਪੈਗ ਸ਼ਹਿਰ ਦੀ ਇੱਕ ਸਟ੍ਰੀਟ ਦਾ ਨਾਂ ਉਹਨਾਂ ਦੇ ਨਾਂ ‘ਤੇ ‘ਚੀਮਾ ਡਰਾਇਵ’ ਰੱਖਿਆ ਗਿਆ ਹੈ।

Sarbmeet Singh

ਸੁਰਖੀਆਂ