1. ਮੁੱਖ ਪੰਨਾ
  2. ਰਾਜਨੀਤੀ
  3. ਮੂਲਨਿਵਾਸੀ

ਪੋਪ ਫ਼੍ਰਾਂਸਿਸ ਜੁਲਾਈ ਵਿਚ ਕੈਨੇਡਾ ਦਾ ਦੌਰਾ ਕਰਨਗੇ

ਐਡਮੰਟਨ, ਕਿਊਬੈਕ ਸਿਟੀ ਅਤੇ ਇਕਾਲੁਇਟ ਸ਼ਹਿਰ ਹੋਣਗੇ ਮੁੱਖ ਪੜਾਅ

ਪੋਪ ਫ਼੍ਰਾਂਸਿਸ

ਪੋਪ ਫ਼੍ਰਾਂਸਿਸ ਜੁਲਾਈ ਦੇ ਅਖ਼ੀਰਲੇ ਹਫ਼ਤੇ ਕੈਨੇਡਾ ਦਾ ਦੌਰਾ ਕਰਨਗੇ।

ਤਸਵੀਰ: Reuters / Yara Nardi

RCI

ਵੈਟਿਕਨ ਵੱਲੋਂ ਅੱਜ ਅਧਿਕਾਰਤ ਤੌਰ ‘ਤੇ ਪੋਪ ਫ਼੍ਰਾਂਸਿਸ ਦੀ ਕੈਨੇਡਾ ਫੇਰੀ ਦਾ ਐਲਾਨ ਕਰ ਦਿੱਤਾ ਗਿਆ ਹੈ। 24 ਜੁਲਾਈ ਤੋਂ 30 ਜੁਲਾਈ ਤੱਕ ਪੋਪ ਫ਼੍ਰਾਸਿਸ ਕੈਨੇਡਾ ਦਾ ਦੌਰਾ ਕਰਨਗੇ।

ਇਸ ਫੇਰੀ ਦੌਰਾਨ ਐਡਮੰਟਨ, ਕਿਊਬੈਕ ਸਿਟੀ ਅਤੇ ਇਕਾਲੁਇਟ ਸ਼ਹਿਰ ਪੋਪ ਫ਼੍ਰਾਸਿਸ ਦੇ ਮੁੱਖ ਪੜਾਅ ਹੋਣਗੇ। ਉਹਨਾਂ ਦਾ ਆਖ਼ਰੀ ਸਮਾਗਮ 29 ਜੁਲਾਈ ਨੂੰ ਹੋਵੇਗਾ ਅਤੇ ਅਗਲਾ ਦਿਨ ਉਹਨਾਂ ਦੀ ਰਵਾਨਗੀ ਦਾ ਮੰਨਿਆ ਜਾ ਰਿਹਾ ਹੈ।

ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਦੇ ਅਧਾਰ ‘ਤੇ ਸੀਬੀਸੀ ਨਿਊਜ਼ ਨੇ ਪਹਿਲਾਂ ਵੀ ਨਸ਼ਰ ਕੀਤਾ ਸੀ ਕਿ ਉਕਤ ਤਿੰਨ ਸ਼ਹਿਰ ਪੋਪ ਫੇਰੀ ਲਈ ਵਿਚਾਰ ਅਧੀਨ (ਨਵੀਂ ਵਿੰਡੋ) ਸਨ।

ਕੈਨੇਡੀਅਨ ਕਾਨਫ਼੍ਰੰਸ ਔਫ਼ ਕੈਥਲਿਕ ਬਿਸ਼ਪਸ (ਸੀ ਸੀ ਸੀ ਬੀ) ਅਨੁਸਾਰ ਪੋਪ ਦੌਰੇ ਦੀਆਂ ਹੋਰ ਲੋਕੇਸ਼ਨਾਂ ਅਤੇ ਉਹਨਾਂ ਦੇ ਸਟੀਕ ਵੇਰਵੇ ਦੌਰੇ ਤੋਂ 6 ਤੋਂ 8 ਹਫ਼ਤੇ ਪਹਿਲਾਂ ਜਾਰੀ ਕੀਤੇ ਜਾਣਗੇ।

ਐਡਮੰਟਨ ਤੋਂ 75 ਕਿਲੋਮੀਟਰ ਦੂਰ, ਲੈਕ ਸੇਂਟ ਐਨ ਪਿਲਗ੍ਰੀਮੇਜ, ਜੋਕਿ ਇੱਕ ਮਨੋਨੀਤ ਰਾਸ਼ਟਰੀ ਇਤਿਹਾਸਕ ਸਮਾਰਕ ਹੈ, ਵਿੱਖੇ ਪੋਪ ਦੀ ਆਮਦ ਦੀਆਂ ਤਿਆਰੀਆਂ ਚਲ ਰਹੀਆਂ ਹਨ।

1 ਅਪ੍ਰੈਲ ਨੂੰ ਕੈਨੇਡਾ ਦੇ ਮੂਲਨਿਵਾਸੀ ਲੀਡਰਾਂ ਨਾਲ ਹੋਈ ਮੀਟਿੰਗ ਵਿਚ ਪੋਪ ਫ਼੍ਰਾਸਿਸ ਨੇ ਕੈਨੇਡਾ ਆਉਣ ਦਾ ਐਲਾਨ ਕੀਤਾ ਸੀ। ਇਸ ਮੀਟਿੰਗ ਦੌਰਾਨ ਪੋਪ ਫ਼੍ਰਾਂਸਿਸ ਨੇ ਕੈਨੇਡਾ ਦੇ ਰੈਜ਼ੀਡੈਂਸ਼ੀਅਲ ਸਕੂਲ ਸਿਸਟਮ ਵਿਚ ਰੋਮਨ ਕੈਥਲਿਕ ਚਰਚ ਦੇ ਕੁਝ ਮੈਂਬਰਾਂ ਵੱਲੋਂ ਕੀਤੇ ਗਏ ਅਫ਼ਸੋਸਨਾਕ ਦੁਰਵਿਹਾਰਾਂ ਲਈ ਮੂਲਨਿਵਾਸੀ ਵਫ਼ਦ ਤੋਂ ਮੁਆਫ਼ੀ ਵੀ ਮੰਗੀ ਸੀ।

ਲੈਬਨਾਨ ਦੌਰਾ ਮੁਲਤਵੀ

ਇਸ ਹਫ਼ਤੇ ਦੇ ਸ਼ੁਰੂ ਵਿਚ ਪੋਪ ਨੇ ਸਿਹਤ ਕਾਰਨਾਂ ਕਰਕੇ ਅਗਲੇ ਹਫ਼ਤੇ ਲਈ ਤੈਅ ਕੀਤਾ ਗਿਆ ਲੈਬਨਾਨ ਦੌਰਾ ਮੁਲਤਵੀ ਕਰ ਦਿੱਤਾ ਹੈ।

85 ਸਾਲ ਦੇ ਪੋਪ ਫ਼੍ਰਾਂਸਿਸ, ਸਾਇਐਟਿਕਾ (sciatica) ਨਾਂ ਦੀ ਸਿਹਤ ਸਮੱਸਿਆ ਤੋਂ ਪੀੜਤ ਹਨ। ਇਸ ਬਿਮਾਰੀ ਵਿਚ ਪਿੱਠ ਤੋਂ ਲੱਤਾਂ ਤੱਕ ਨਸਾਂ ਵਿਚ ਦਰਦ ਹੁੰਦਾ ਹੈ।

5 ਮਈ ਨੂੰ ਵੈਟਿਕਨ ਵਿੱਖੇ ਪੋਪ ਫ਼੍ਰਾਂਸਿਸ ਇੱਕ ਧਾਰਮਿਕ ਇਕੱਠ ਨੂੰ ਵਹੀਲਚੇਅਰ ਵਿਚ ਬੈਠਕੇ ਮਿਲਦੇ ਹੋਏ।

5 ਮਈ ਨੂੰ ਵੈਟਿਕਨ ਵਿੱਖੇ ਪੋਪ ਫ਼੍ਰਾਂਸਿਸ ਇੱਕ ਧਾਰਮਿਕ ਇਕੱਠ ਨੂੰ ਵਹੀਲਚੇਅਰ ਵਿਚ ਬੈਠਕੇ ਮਿਲਦੇ ਹੋਏ।

ਤਸਵੀਰ: (Alessandra Tarantino/The Associated Press)

ਇਸੇ ਕਰਕੇ ਪੋਪ ਥੋੜਾ ਲੰਗੜਾ ਕੇ ਤੁਰਦੇ ਹਨ ਅਤੇ ਉਹਨਾਂ ਨੂੰ ਪੌੜੀਆਂ ਚੜ੍ਹਦੇ ਨੂੰ ਵੀ ਦਿੱਕਤ ਹੁੰਦੀ ਹੈ। ਇਸ ਲਈ ਪੋਪ ਦੇ ਕੈਨੇਡਾ ਦੌਰੇ ਲਈ ਕਿਸੇ ਸਥਾਨ ਨੂੰ ਨਿਰਧਾਰਤ ਕਰਨ ਵਿਚ ਉਸ ਜਗ੍ਹਾ ‘ਤੇ ਆਉਣ-ਜਾਣ ਦੀ ਅਸਾਨੀ ਹੋਣਾ ਵੀ ਇੱਕ ਅਹਿਮ ਪਹਿਲੂ ਹੋਵੇਗਾ।

ਸੀ ਸੀ ਸੀ ਬੀ ਦੇ ਇੱਕ ਬੁਲਾਰੇ ਨੇ ਸੀਬੀਸੀ ਨਿਊਜ਼ ਨੂੰ ਦੱਸਿਆ ਸੀ ਕਿ ਪੋਪ ਫ਼੍ਰਾਂਸਿਸ ਦੀ ਵੱਧ ਉਮਰ ਅਤੇ ਕੈਨੇਡਾ ਦੇ ਇੱਕ ਵਿਸ਼ਾਲ ਦੇਸ਼ ਹੋਣ ਕਰਕੇ ਪੋਪ ਫ਼੍ਰਾਂਸਿਸ ਕੁਝ ਟਾਰਗੇਟੇਡ ਭਾਈਚਾਰਿਆਂ ਦਾ ਹੀ ਦੌਰਾ ਕਰਨਗੇ।

ਇਹ ਵੀ ਪੜ੍ਹੋ:

ਓਲੀਵੀਆ ਸਟੀਫ਼ਨੋਵਿਕ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ