1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਰੌਕਸਮ ਰੋਡ ਬਾਰਡਰ ਕ੍ਰਾਸਿੰਗ ਬੰਦ ਕਰਨ ਨਾਲ ਪਨਾਹਗੀਰਾਂ ਦੀ ਆਮਦ ਨਹੀਂ ਰੁਕੇਗੀ : ਟ੍ਰੂਡੋ

ਟ੍ਰੂਡੋ ਨੇ ਕਿਹਾ ਕਿ ਯੂ ਐਸ ਨਾਲ ਗੱਲਬਾਤ ਚਲ ਰਹੀ ਹੈ

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਕਿਹਾ ਕਿ ਕੈਨੇਡਾ ਅਤੇ ਯੂ ਐਸ ਦਾ ਬਾਰਡਰ ਬਹੁਤ ਵਿਸ਼ਾਲ ਹੈ ਅਤੇ ਇਸਨੂੰ ਹਥਿਆਰਬੰਦ ਨਹੀਂ ਕੀਤਾ ਜਾ ਰਿਹਾ ਹੈ ਤੇ ਨਾ ਹੀ ਇਸਤੇ ਵਾੜ ਲਗਾਈ ਜਾ ਰਹੀ ਹੈ।

ਤਸਵੀਰ: The Canadian Press

RCI

ਪ੍ਰਧਾਨ ਮੰਤਰੀ ਜਸਟੀਨ ਟ੍ਰੂਡੋ ਨੇ ਵੀਰਵਾਰ ਨੂੰ ਕਿਹਾ ਕਿ ਦੱਖਣੀ ਕਿਊਬੈਕ ਚ ਪੈਂਦੇ ਅਣਅਧਿਕਾਰਤ ਸਰਹੱਦੀ ਲਾਂਘੇ ਨੂੰ ਬੰਦ ਕਰਨ ਨਾਲ ਪਨਾਹ ਮੰਗਣ ਵਾਲਿਆਂ ਦੀ ਆਮਦ ਨਹੀਂ ਰੁਕੇਗੀ।

ਟ੍ਰੂਡੋ ਨੇ ਕਿਹਾ, ਜੇ ਅਸੀਂ ਰੌਕਸਮ ਰੋਡ ਬੰਦ ਕਰਦੇ ਹਾਂ, ਲੋਕ ਕਿਸੇ ਹੋਰ ਪਾਸਿਓਂ ਸਰਹੱਦ ਪਾਰ ਕਰਨਗੇ। ਸਾਡੀ ਸਰਹੱਦ ਬਹੁਤ ਵਿਸ਼ਾਲ ਹੈ ਅਤੇ ਅਸੀਂ ਇਸਨੂੰ ਹਥਿਆਰਬੰਦ ਜਾਂ ਇਸ ‘ਤੇ ਵਾੜ ਲਗਾਉਣਾ ਸ਼ੁਰੂ ਨਹੀਂ ਕਰ ਰਹੇ ਹਾਂ

ਰੌਕਸਮ ਰੋਡ ਨਿਊਯੌਰਕ ਸਟੇਟ ਵਿਚ ਪੈਂਦੇ ਚੈਮਪਲੇਨ ਕਸਬੇ ਤੋਂ ਕੈਨੇਡਾ-ਯੂ ਐਸ ਬਾਰਡਰ ਤੱਕ ਆਉਂਦੀ ਇੱਕ ਪੇਂਡੂ ਸੜਕ ਹੈ, ਜਿਸ ਉਪਰ ਇੱਕ ਅਨਿਯਮਿਤ ਬਾਰਡਰ ਕ੍ਰਾਸਿੰਗ ਬਣ ਗਈ ਹੈ। ਇਸ ਰੋਡ ਰਾਹੀਂ ਯੂ ਐਸ ਦੀ ਨਿਊਯਾਰਕ ਸਟੇਟ ਅਤੇ ਕੈਨੇਡਾ ਦਾ ਕਿਊਬੈਕ ਸੂਬਾ ਆਪਸ ਵਿਚ ਜੁੜ ਜਾਂਦੇ ਹਨ। ਪਿਛਲੇ ਲੰਬੇ ਸਮੇਂ ਤੋਂ ਇਸ ਅਨਿਯਮਿਤ ਬਾਰਡਰ ਕ੍ਰਾਸਿੰਗ ਰਾਹੀਂ ਹਜ਼ਾਰਾਂ ਪਨਾਹਗੀਰ ਯੂ ਐਸ ਤੋਂ ਕੈਨੇਡਾ ਦਾਖ਼ਲ ਹੁੰਦੇ ਰਹੇ ਹਨ। 

ਬੁੱਧਵਾਰ ਨੂੰ ਕਿਊਬੈਕ ਪ੍ਰੀਮੀਅਰ ਫ਼੍ਰੈਂਸੁਆ ਲਿਗੋਅ ਨੇ ਟ੍ਰੂਡੋ ਨੂੰ ਇਹ ਬਾਰਡਰ ਕ੍ਰਾਸਿੰਗ ਬੰਦ ਕਰਨ ਦੀ ਮੰਗ ਕੀਤੀ ਸੀ। ਉਹਨਾਂ ਕਿਹਾ ਸੀ ਕਿ ਵੱਡੀ ਗਿਣਤੀ ਵਿਚ ਰਿਫ਼ਿਊਜੀ ਕਲੇਮ ਦੀਆਂ ਅਰਜ਼ੀਆਂ ਪ੍ਰਕਿਰਿਆ ਵਿਚ ਹਨ ਅਤੇ ਸੂਬੇ ਕੋਲ ਹੋਰ ਪਨਾਹਗੀਰਾਂ ਦੀ ਸਾਂਭ-ਸੰਭਾਲ ਦੀ ਗੁੰਜਾਇਸ਼ ਨਹੀਂ ਹੈ।

ਲਿਗੋਅ ਨੇ ਕਿਹਾ ਸੀ ਕਿ ਕਿਊਬੈਕ ਵਿਚ ਰੁਜ਼ਾਨਾ ਤਕਰੀਬਨ 100 ਸ਼ਰਨਾਰਥੀ ਦਾਅਵੇਦਾਰ ਰੌਕਸਮ ਰੋਡ ਰਾਹੀਂ ਦਾਖ਼ਲ ਹੋ ਰਹੇ ਹਨ। ਪ੍ਰੀਮੀਅਰ ਨੇ ਕਿਹਾ ਕਿ ਫ਼ੈਡਰਲ ਸਰਕਾਰ ਰਿਫ਼ਿਊਜੀ ਕਲੇਮ ਦਾ ਅਧਿਐਨ ਕਰਨ ਲਈ 14 ਮਹੀਨਿਆਂ ਦਾ ਸਮਾਂ ਲੈਂਦੀ ਹੈ ਅਤੇ ਇਸ ਦੌਰਾਨ ਇਹਨਾਂ ‘ਭਵਿੱਖ ਦੇ ਸ਼ਰਨਾਰਥੀਆਂ’ ਦੀ ਸਾਂਭ-ਸੰਭਾਲ ਕਿਊਬੈਕ ਸਰਕਾਰ ਦੇ ਜ਼ਿੰਮੇ ਹੁੰਦੀ ਹੈ।

ਮਾਰਚ 2020 ਵਿਚ ਕੋਵਿਡ ਮਹਾਂਮਾਰੀ ਦੌਰਾਨ ਰੌਕਸਮ ਲਾਂਘੇ 'ਤੇ ਬੈਨ ਲਗਾ ਦਿੱਤਾ ਗਿਆ ਸੀ ਪਰ ਨਵੰਬਰ 2021 ਵਿਚ ਫ਼ੈਡਰਲ ਸਰਕਾਰ ਨੇ ਇਹ ਪਾਬੰਦੀ ਹਟਾ ਲਈ ਸੀ।

ਮਾਰਚ 2020 ਵਿਚ ਕੋਵਿਡ ਮਹਾਂਮਾਰੀ ਦੌਰਾਨ ਰੌਕਸਮ ਲਾਂਘੇ 'ਤੇ ਬੈਨ ਲਗਾ ਦਿੱਤਾ ਗਿਆ ਸੀ ਪਰ ਨਵੰਬਰ 2021 ਵਿਚ ਫ਼ੈਡਰਲ ਸਰਕਾਰ ਨੇ ਇਹ ਪਾਬੰਦੀ ਹਟਾ ਲਈ ਸੀ।

ਤਸਵੀਰ: (Charles Krupa/The Associated Press)

ਟ੍ਰੂਡੋ ਨੇ ਕਿਹਾ ਕਿ ਰੌਕਸਮ ਰੋਡ ਉੱਪਰ ਇੱਕ ਆਰਸੀਐਮਪੀ ਪੋਸਟ ਮੌਜੂਦ ਹੈ ਜੋ ਕੈਨੇਡੀਅਨ ਅਧਿਕਾਰੀਆਂ ਲਈ ਸਿਕਿਓਰਟੀ ਚੈੱਕ ਕਰਨ ਅਤੇ ਇਹ ਯਕੀਨੀ ਬਣਾਉਣ ਵਿਚ ਮਦਦ ਕਰਦੀ ਹੈ ਕਿ ਕੈਨੇਡਾ ਦਾਖ਼ਲ ਹੋਣ ਵਾਲੇ ਅਨਿਯਮਿਤ ਪਰਵਾਸੀ ਕੈਨੇਡਾ ਵਿਚ ਲਾਪਤਾ ਜਾਂ ਗ਼ੈਰ-ਕਾਨੂੰਨੀ ਨਾ ਹੋਣ।

ਟ੍ਰੂਡੋ ਨੇ ਕਿਹਾ ਕਿ ਸੇਫ਼ ਥਰਡ ਕੰਟਰੀ ਅਗਰੀਮੈਂਟ ਵਿਚ ਤਬਦੀਲੀ ਕਰਨ ਲਈ ਯੂ ਐਸ ਨਾਲ ਗੱਲਬਾਤ ਚਲ ਰਹੀ ਹੈ।

2004 ਵਿਚ ਹੋਏ ਇਸ ਇਕਰਾਰਨਾਮੇ ਅਧੀਨ, ਜਿਹੜੇ ਸ਼ਰਨਾਰਥੀ ਦਾਅਵੇਦਾਰ ਯੂ ਐਸ ਦਾਖ਼ਲ ਹੁੰਦੇ ਹਨ ਉਹਨਾਂ ਨੂੰ ਯੂ ਐਸ ਵਿਚ ਰਿਫ਼ਿਊਜੀ ਸਟੈਟਸ ਕਲੇਮ ਕਰਨਾ ਜ਼ਰੂਰੀ ਹੈ ਅਤੇ ਜੇ ਉਹ ਅਧਿਕਾਰਤ ਬਾਰਡਰ ਕ੍ਰਾਸਿੰਗ ਰਾਹੀਂ ਕੈਨੇਡਾ ਦਾਖ਼ਲ ਹੁੰਦੇ ਹਨ ਤਾਂ ਉਹਨਾਂ ਨੂੰ ਯੂ ਐਸ ਵਾਪਿਸ ਭੇਜਿਆ ਜਾ ਸਕਦਾ ਹੈ। ਪਰ ਜੇ ਸ਼ਰਨਾਰਥੀ ਦਾਅਵੇਦਾਰ ਅਣਅਧਿਕਾਰਤ ਬਾਰਡਰ ਕ੍ਰਾਸਿੰਗ ਰਾਹੀਂ ਇੱਕ ਵਾਰੀ ਕੈਨੇਡਾ ਪਹੁੰਚ ਜਾਂਦੇ ਹਨ ਤਾਂ ਉਹ ਇੱਥੇ ਰਿਫ਼ਿਊਜੀ ਕਲੇਮ ਫ਼ਾਈਲ ਕਰ ਸਕਦੇ ਹਨ।

ਟ੍ਰੂਡੋ ਨੇ ਦੱਸਿਆ ਕਿ ਯੂ ਐਸ ਨਾਲ ਗੱਲਬਾਤ ਸਹੀ ਦਿਸ਼ਾ ਵੱਲ ਅੱਗੇ ਵਧ ਰਹੀ ਹੈ, ਪਰ ਉਹਨਾਂ ਇਹ ਵੀ ਕਿਹਾ ਕਿ ਇਹ ਮੁੱਦਾ ਅਮਰੀਕੀਆਂ ਲਈ ਕਾਫ਼ੀ ਨਾਜ਼ੁਕ ਹੈ ਕਿਉਂਕਿ ਉਹ ਕਿਸੇ ਵੀ ਤਬਦੀਲੀ ਦੇ ਮੈਕਸੀਕੋ ਨਾਲ ਲੱਗਦੇ ਬਾਰਡਰ ‘ਤੇ ਪੈਣ ਵਾਲੇ ਸੰਭਾਵੀ ਪ੍ਰਭਾਵ ਬਾਰੇ ਵੀ ਚਿੰਤਤ ਹਨ।

ਇਮੀਗ੍ਰੇਸ਼ਨ ਵਿਭਾਗ ਦੇ ਅੰਕੜਿਆਂ ਅਨੁਸਾਰ, ਇਸ ਸਾਲ ਦੀ ਸ਼ੁਰੂਆਤ ਤੋਂ ਹੁਣ ਤੱਕ, ਆਰਸੀਐਮਪੀ ਅਮਰੀਕਾ ਤੋਂ ਸਰਹੱਦ ਪਾਰ ਕਰਕੇ ਕਿਊਬੈਕ ਪਹੁੁੰਚਣ ਵਾਲੇ 7,103 ਅਨਿਯਮਿਤ ਪਨਾਹਗੀਰਾਂ ਨੂੰ ਰੋਕ ਚੁੱਕੀ ਹੈ।

2019 ਵਿੱਚ, ਆਰਸੀਐਮਪੀ ਨੇ ਕਿਊਬੈਕ ਪਹੁੰਚੇ ਅਜਿਹੇ 16,000 ਅਨਿਯਮਿਤ ਪਨਾਹ ਮੰਗਣ ਵਾਲਿਆਂ ਨੂੰ ਰੋਕਿਆ ਸੀ।

ਦੇਖੋ। ਰਿਫ਼ਿਊਜੀਆਂ ਦੀ ਵਕਾਲਤ ਕਰਨ ਵਾਲਿਆਂ ਅਨੁਸਾਰ ਅਣਅਧਿਕਾਰਤ ਲਾਂਘੇ ਪ੍ਰਬੰਧਨਯੋਗ :

ਜੈਕਬ ਸੀਰੇਬ੍ਰਿਨ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ