1. ਮੁੱਖ ਪੰਨਾ
  2. ਅੰਤਰਰਾਸ਼ਟਰੀ

ਯੂਕਰੇਨ ਤੋਂ ਕੈਨੇਡਾ ਆਉਣ ਵਾਲੇ ਵਿਅਕਤੀ ਏਅਰਪੋਰਟ ’ਤੇ ਅਣਜਾਣ ਲੋਕਾਂ ਤੋਂ ਸਹਾਇਤਾ ਮੰਗਣ ਲਈ ਮਜਬੂਰ

ਸਹਾਇਤਾ ਲਈ ਵੇਰਵੇ ਜਲਦ ਜਾਰੀ ਹੋਣਗੇ : ਆਈਆਰਸੀਸੀ

ਅਲੈਕਸੀ ਨੇ ਸੀਬੀਸੀ ਨਿਊਜ਼ ਨੂੰ ਦੱਸਿਆ ਕਿ ਉਸਨੇ ਬਹੁਤ ਲੋਕਾਂ ਤੱਕ ਮਦਦ ਲਈ ਪਹੁੰਚ ਕੀਤੀ ਪਰ ਉਸਨੂੰ ਕੋਈ ਮਦਦ ਨਹੀਂ ਮਿਲੀ I

ਅਲੈਕਸੀ ਨੇ ਸੀਬੀਸੀ ਨਿਊਜ਼ ਨੂੰ ਦੱਸਿਆ ਕਿ ਉਸਨੇ ਬਹੁਤ ਲੋਕਾਂ ਤੱਕ ਮਦਦ ਲਈ ਪਹੁੰਚ ਕੀਤੀ ਪਰ ਉਸਨੂੰ ਕੋਈ ਮਦਦ ਨਹੀਂ ਮਿਲੀ I

ਤਸਵੀਰ: CBC

RCI

ਜਦੋਂ ਅਲੈਕਸੀ ਨੇ ਸੁਣਿਆ ਕਿ ਕੈਨੇਡਾ ਵੱਲੋਂ ਯੂਕਰੇਨ ਵਿੱਚ ਹੋ ਰਹੇ ਯੁੱਧ ਕਾਰਨ ਯੂਕਰੇਨੀਆਂ ਨੂੰ ਰਿਹਾਇਸ਼ ਅਤੇ ਵਿੱਤੀ ਸਹਾਇਤਾ ਦੀ ਪੇਸ਼ਕਸ਼ ਕੀਤੀ ਗਈ ਹੈ ਤਾਂ ਉਸਨੇ ਕੈਨੇਡਾ ਆਉਣ ਦਾ ਫ਼ੈਸਲਾ ਕਰ ਲਿਆ I

34 ਵਰ੍ਹਿਆਂ ਦੇ ਅਲੈਕਸੀ ਦੇ ਕੀਵ ਸ਼ਹਿਰ ਵਿਚਲੇ ਅਪਾਰਟਮੈਂਟ ਨੂੰ ਬੰਬ ਨਾਲ ਉਡਾ ਦਿੱਤਾ ਗਿਆ ਸੀ , ਜਿਸਤੋਂ ਬਾਅਦ ਕੁਝ ਕਪੜੇ ਲੈ ਕੇ ਉਹ ਕੈਨੇਡਾ ਦੇ ਟੋਰੌਂਟੋ ਪੀਅਰਸਨ ਏਅਰਪੋਰਟ 'ਤੇ ਆ ਗਿਆ I  ਅਲੈਕਸੀ ਨੇ ਸੀਬੀਸੀ ਨਿਊਜ਼ ਨੂੰ ਆਪਣਾ ਪੂਰਾ ਨਾਮ ਨਾ ਛਾਪਣ ਲਈ ਕਿਹਾ ਕਿਉਂਕਿ ਉਹ ਯੂਕਰੇਨ ਵਿਚਲੇ ਆਪਣੇ ਪਰਿਵਾਰ ਲਈ ਚਿੰਤਤ ਹੈ I  

ਕੈਨੇਡਾ ਆ ਕੇ ਅਲੈਕਸੀ ਨੇ ਮਹਿਸੂਸ ਕੀਤਾ ਕਿ ਉਕਤ ਸਹਾਇਤਾ ਪ੍ਰਾਪਤ ਕਰਨਾ ਕੋਈ ਸਧਾਰਨ ਪ੍ਰਕਿਰਿਆ ਨਹੀਂ ਸੀ I  ਉਸਨੇ ਇੱਕ ਸਰਹੱਦੀ ਅਧਿਕਾਰੀ ਅਤੇ ਰੈੱਡ ਕਰਾਸ ਵਾਲੰਟੀਅਰਾਂ ਨਾਲ ਸੰਪਰਕ ਕੀਤਾ , ਪਰ ਫ਼ਿਰ ਮਦਦ ਲਈ ਏਅਰਪੋਰਟ 'ਤੇ ਫ਼ਸੇ ਇਕ ਹੋਰ ਯੂਕਰੇਨੀ ਪਰਿਵਾਰ ਵਾਂਗ ਸੋਸ਼ਲ ਮੀਡੀਆ ਦਾ ਰੁੱਖ ਕੀਤਾ I  

ਅਲੈਕਸੀ ਨੇ ਸੀਬੀਸੀ ਨਿਊਜ਼ ਨੂੰ ਦੱਸਿਆ ਕਿ ਉਸਨੇ ਬਹੁਤ ਲੋਕਾਂ ਤੱਕ ਮਦਦ ਲਈ ਪਹੁੰਚ ਕੀਤੀ ਪਰ ਉਸਨੂੰ ਕੋਈ ਮਦਦ ਨਹੀਂ ਮਿਲੀ I  ਅਲੈਕਸੀ ਨੇ ਕਿਹਾ ਮੈਂ ਇਸ ਸਮੇਂ ਬਹੁਤ ਤਣਾਅ ਵਿੱਚ ਸੀ I

ਇਮੀਗ੍ਰੇਸ਼ਨ, ਰਫਿਊਜ਼ੀ ਅਤੇ ਸਿਟੀਜ਼ਨਸ਼ਿਪ ਕੈਨੇਡਾ (ਆਈਆਰਸੀਸੀ) ਦੇ ਅਨੁਸਾਰ ਇਸ ਯੁੱਧ ਦੇ ਦਰਮਿਆਨ ਕੈਨੇਡਾ ਨੂੰ 200,000 ਤੋਂ ਵੱਧ ਅਰਜ਼ੀਆਂ ਯੂਕਰੇਨੀ ਲੋਕਾਂ ਵੱਲੋਂ ਮਿਲੀਆਂ ਹਨ ਪਰ ਕੈਨੇਡਾ ਪਹੁੰਚੇ ਕੁਝ ਯੂਕਰੇਨੀ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਉਮੀਦ ਅਨੁਸਾਰ ਸਰੋਤ ਨਹੀਂ ਮਿਲੇ I

ਆਈਆਰਸੀਸੀ ਦਾ ਕਹਿਣਾ ਹੈ ਕਿ ਜਲਦੀ ਹੀ ਇਸ ਸਹਾਇਤਾ ਤੱਕ ਪਹੁੰਚ ਕਰਨ ਦੇ ਤਰੀਕੇ ਬਾਰੇ ਵੇਰਵੇ ਪ੍ਰਦਾਨ ਕੀਤੇ ਜਾਣਗੇ I  ਇਸ ਦੌਰਾਨ ਇਹ ਵਿਅਕਤੀ ਸੋਸ਼ਲ ਮੀਡੀਆ ਰਾਹੀਂ ਕੈਨੇਡੀਅਨ ਨਾਗਰਿਕਾਂ ਦੁਆਰਾ ਕੀਤੀ ਜਾਣ ਵਾਲੀ ਮਦਦ 'ਤੇ ਨਿਰਭਰ ਹਨ I

 ਅਲੈਕਸੀ ਅਤੇ ਡਗਲਸ ਸਕੈਂਡਰੇਟਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਅਲੈਕਸੀ ਅਤੇ ਡਗਲਸ ਸਕੈਂਡਰੇਟ

ਤਸਵੀਰ: CBC

ਟੋਰੌਂਟੋ ਦੇ ਰਹਿਣ ਵਾਲੇ ਡਗਲਸ ਸਕੈਂਡਰੇਟ ਦਾ ਕਹਿਣਾ ਹੈ ਕਿ ਉਸਨੇ ਕੈਨੇਡਾ ਹੋਸਟਸ ਯੂਕਰੇਨ ਸਿਰਲੇਖ ਵਾਲੇ ਫੇਸਬੁੱਕ ਗਰੁੱਪ  'ਤੇ ਇੱਕ ਜ਼ਰੂਰੀ ਪੋਸਟ ਦੇਖੀ ਜਿਸ ਵਿੱਚ ਕਿਸੇ ਨੂੰ ਏਅਰਪੋਰਟ 'ਤੋਂ ਅਲੈਕਸੀ ਨੂੰ ਚੁੱਕਣ ਲਈ ਕਿਹਾ ਗਿਆ ਸੀ। ਸਕੈਂਡਰੇਟ ਨੇ ਕਿਹਾ ਅਜਿਹਾ ਹਰ ਦਿਨ ਹੋ ਰਿਹਾ ਹੈ I ਸਕੈਂਡਰੇਟ ਦੀ ਮਦਦ ਸਦਕਾ ਅਲੈਕਸੀ ਹੁਣ ਟੋਰੌਂਟੋ ਤੋਂ ਲਗਭਗ 130 ਕਿਲੋਮੀਟਰ ਦੂਰ ਇਕ ਸ਼ਹਿਰ ਵਿੱਚ ਸੇਵਾਮੁਕਤ ਜੋੜੇ ਦੇ ਨਾਲ ਰਹਿ ਰਿਹਾ ਹੈ I  

ਜਲਦ ਜਾਰੀ ਹੋਣਗੇ ਵੇਰਵੇ : ਆਈਆਰਸੀਸੀ

ਸੀਬੀਸੀ ਨਿਊਜ਼ ਨੂੰ ਈਮੇਲ ਕੀਤੇ ਬਿਆਨ ਵਿੱਚ, ਆਈਆਰਸੀਸੀ ਨੇ ਕੈਨੇਡਾ-ਯੂਕਰੇਨ ਐਮਰਜੈਂਸੀ ਯਾਤਰਾ ਬਾਰੇ ਰੂਪਰੇਖਾ ਦੱਸੀ ਹੈ। ਆਈਆਰਸੀਸੀ ਨੇ ਬਿਆਨ ਵਿੱਚ ਅਰਜ਼ੀਆਂ ਦੀ ਪ੍ਰੋਸੈਸਿੰਗ ਤੇਜ਼ ਕਰਨ , ਫ਼ੀਸ ਖ਼ਤਮ ਕਰਨ ਦੀ ਗੱਲ ਕਹੀ ਹੈ I ਵਿਭਾਗ ਮੁਤਾਬਿਕ 4 ਮਈ ਤੱਕ 204,000 ਅਰਜ਼ੀਆਂ ਪ੍ਰਾਪਤ ਹੋਈਆਂ ਹਨ ਅਤੇ ਲਗਭਗ 91,500 ਨੂੰ ਮਨਜ਼ੂਰੀ ਦਿੱਤੀ ਗਈ ਹੈ।

ਆਈਆਰਸੀਸੀ ਦਾ ਕਹਿਣਾ ਹੈ ਕਿ ਇਹ ਯੂਕਰੇਨੀ ਲੋਕਾਂ ਨੂੰ ਵਸਣ ਵਿੱਚ ਮਦਦ ਕਰਨ ਲਈ ਸਹਾਇਤਾ ਦੀ ਪੇਸ਼ਕਸ਼ ਵੀ ਕੀਤੀ ਜਾਂ ਰਹੀ ਹੈ ਜਿਸ ਵਿੱਚ ਭਾਸ਼ਾ ਦੀ ਸਿਖਲਾਈ ਅਤੇ ਬੱਚਿਆਂ ਨੂੰ ਸਕੂਲ ਵਿੱਚ ਦਾਖਲ ਕਰਵਾਉਣ ਵਿੱਚ ਮਦਦ ਸ਼ਾਮਲ ਹੈ। ਬਿਨੈਕਾਰ ਇਸ ਪ੍ਰੋਗਰਾਮ ਦਾ ਲਾਭ ਕਿਵੇਂ ਉਠਾ ਸਕਣਗੇ , ਇਸ ਬਾਰੇ ਵੇਰਵੇ ਜਲਦੀ ਹੀ ਉਪਲਬਧ ਕਰਵਾਏ ਜਾਣਗੇ I

ਸਿਟੀ ਆਫ ਟੋਰੌਂਟੋ ਦਾ ਕਹਿਣਾ ਹੈ ਕਿ ਯੂਕਰੇਨੀ ਸ਼ਰਨਾਰਥੀਆਂ ਦੀ ਆਮਦ ਲਈ ਸੂਬਾਈ ਸਰਕਾਰਾਂ ਦੇ ਨਾਲ-ਨਾਲ ਕਮਿਊਨਿਟੀ ਏਜੰਸੀਆਂ ਨਾਲ ਮਿਲ ਕੇ ਕੰਮ ਕੀਤਾ ਜਾਂ ਰਿਹਾ ਹੈ I ਸਿਟੀ ਨੇ ਕਿਹਾ ਕਿ ਸ਼ਰਨਾਰਥੀ ਯੂਕਰੇਨੀ ਕੈਨੇਡੀਅਨ ਇਮੀਗ੍ਰੈਂਟ ਏਡ ਸੋਸਾਇਟੀ ਅਤੇ ਯੂਕਰੇਨੀਅਨ ਕੈਨੇਡੀਅਨ ਸੋਸ਼ਲ ਸਰਵਿਸਿਜ਼ ਦੁਆਰਾ ਸੈਟਲਮੈਂਟ ਸਹਾਇਤਾ ਪ੍ਰਾਪਤ ਕਰ ਸਕਦੇ ਹਨ।

ਇਹ ਵੀ ਪੜੋ :

ਰੈੱਡ ਕਰਾਸ ਦਾ ਕਹਿਣਾ ਹੈ ਕਿ ਯੂਕਰੇਨ ਤੋਂ ਕੈਨੇਡਾ ਪਹੁੰਚਣ ਵਾਲੇ ਲੋਕਾਂ ਨੂੰ ਰਿਸੈਪਸ਼ਨ, ਰਜਿਸਟ੍ਰੇਸ਼ਨ ਜਾਣਕਾਰੀ ਅਤੇ ਰੈਫਰਲ ਪ੍ਰਦਾਨ ਕੀਤਾ ਜਾ ਰਿਹਾ ਹੈ I

ਉਧਰ ਅਲੈਕਸੀ ਦੀ ਜ਼ਿੰਦਗੀ ਰਫ਼ਤਾਰ ਫੜ ਰਹੀ ਹੈ I   ਅਲੈਕਸੀ ਦੀ ਮਦਦ ਕਰ ਰਹੇ ਜੋੜੇ ਨੇ ਉਸਨੂੰ ਸੋਸ਼ਲ ਇੰਸ਼ੋਰੈਂਸ ਨੰਬਰ,  ਹੈਲਥ ਕਾਰਡ ਲੈਣ ਵਿੱਚ ਮਦਦ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਗਲੇ ਹਫ਼ਤੇ ਉਹਨਾਂ ਦੀ ਯੋਜਨਾ ਵਿੱਚ ਬੈਂਕ ਖਾਤਾ ਖੋਲ੍ਹਣ ਵਿੱਚ ਮਦਦ ਕਰਨਾ ਹੈ ਅਤੇ ਕੰਪਿਊਟਰ ਖੇਤਰ ਵਿੱਚ ਨੌਕਰੀ ਲੱਭਣਾ ਸ਼ਾਮਿਲ ਹੈ।

ਅਲੈਕਸੀ ਜੋੜੇ ਦੀ ਮਦਦ ਲਈ ਉਹਨਾਂ ਦਾ ਸ਼ੁਕਰਗੁਜ਼ਾਰ ਮਹਿਸੂਸ ਕਰਦਾ ਹੈ I  ਉਸਨੇ ਕਿਹਾ ਮੈਂ ਜਾਣਦਾ ਹਾਂ ਕਿ ਸਾਡੇ ਕੋਲ ਮਦਦ ਕਰਨ ਵਾਲੇ ਲੋਕ ਹਨ ਪਰ ਸਾਡੇ ਕੋਲ ਐਨੇ ਲੋਕ ਹਨ ਇਹ ਮੈਨੂੰ ਪਤਾ ਨਹੀਂ ਸੀ I

ਤਾਲੀਆ ਰਿਚੀ ਸੀਬੀਸੀ ਨਿਊਜ਼
ਪੰਜਾਬੀ ਅਨੁਵਾਦ ਸਰਬਮੀਤ ਸਿੰਘ

ਸੁਰਖੀਆਂ