1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਓਨਟੇਰੀਓ ਚੋਣ ਪ੍ਰਚਾਰ ਦੌਰਾਨ ਜਗਮੀਤ ਸਿੰਘ ਨਾਲ ਦੁਰਵਿਵਹਾਰ

ਭੜਕਾਊ ਸਿਆਸਤ ਕਰਨ ਵਾਲੇ ਨੇਤਾ ਜ਼ਿੰਮੇਵਾਰ : ਜਗਮੀਤ ਸਿੰਘ

ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਗਈਆਂ ਵੀਡੀਓਜ਼ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਜਗਮੀਤ ਨੂੰ ਅਪਸ਼ਬਦ ਬੋਲਦੇ ਹੋਏ ਦੇਖਿਆ ਜਾ ਸਕਦਾ ਹੈ I

ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਗਈਆਂ ਵੀਡੀਓਜ਼ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਜਗਮੀਤ ਨੂੰ ਅਪਸ਼ਬਦ ਬੋਲਦੇ ਹੋਏ ਦੇਖਿਆ ਜਾ ਸਕਦਾ ਹੈ I

ਤਸਵੀਰ: CBC

RCI

ਐਨਡੀਪੀ ਲੀਡਰ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਓਨਟੇਰੀਓ ਵਿੱਚ ਇੱਕ ਪ੍ਰਚਾਰ ਪ੍ਰੋਗਰਾਮ ਦੇ ਬਾਹਰ ਉਹਨਾਂ ਨੂੰ ਦੁਰਵਿਵਹਾਰ ਦਾ ਸਾਹਮਣਾ ਕਰਨਾ ਪਿਆ ਹੈ I ਜਗਮੀਤ ਨੇ ਇਸਨੂੰ ਆਪਣੇ ਸਿਆਸੀ ਜੀਵਨ ਦੌਰਾਨ ਸਭ ਤੋਂ ਪ੍ਰੇਸ਼ਾਨ ਕਰਨ ਵਾਲੇ ਤਜ਼ਰਬਿਆਂ ਵਿੱਚੋਂ ਇੱਕ ਕਰਾਰ ਦਿੱਤਾ ਹੈ I

ਸਿੰਘ ਮੁਤਾਬਿਕ ਕੁਝ ਪ੍ਰਦਰਸ਼ਨਕਾਰੀਆਂ ਨੇ ਮੰਗਲਵਾਰ ਨੂੰ ਐਨਡੀਪੀ ਉਮੀਦਵਾਰ ਜੇਨ ਡੇਕ ਦੇ ਪ੍ਰਚਾਰ ਦਫ਼ਤਰ ਸਾਹਮਣੇ ਉਹਨਾਂ ਨਾਲ ਅਜਿਹਾ ਕੀਤਾ I  

ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਗਈਆਂ ਵੀਡੀਓਜ਼ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਜਗਮੀਤ ਨੂੰ ਅਪਸ਼ਬਦ ਬੋਲਦੇ ਹੋਏ ਦੇਖਿਆ ਜਾ ਸਕਦਾ ਹੈ I  ਇਸ ਦੌਰਾਨ ਜਗਮੀਤ ਸਿੰਘ ਜਦੋਂ ਉਥੋਂ ਜਾਣ ਲੱਗੇ ਤਾਂ ਪ੍ਰਦਰਸ਼ਨਕਾਰੀਆਂ ਨੇ ਉਹਨਾਂ ਦਾ ਪਿੱਛਾ ਕੀਤਾ ਅਤੇ ਉਹਨਾਂ ਨੂੰ ਗਾਲ੍ਹਾਂ ਦਿੱਤੀਆਂ I  

ਇਸ ਘਟਨਾ ਬਾਰੇ ਬੋਲਦਿਆਂ ਜਗਮੀਤ ਸਿੰਘ ਨੇ ਕਿਹਾ ਕਿ ਇਹ ਸਿਆਸਤ ਵਿੱਚ ਆ ਰਹੇ ਨਿਘਾਰ ਨੂੰ ਦਰਸਾਉਂਦਾ ਹੈ I  ਘਟਨਾ ਬਾਰੇ ਪੁੱਛੇ ਜਾਣ 'ਤੇ ਜਗਮੀਤ ਸਿੰਘ ਨੇ ਇੱਕ ਨਿਊਜ਼ ਕਾਨਫਰੰਸ ਨੂੰ ਦੱਸਿਆ ਜੋ ਲੋਕ ਉਥੇ ਮੌਜੂਦ ਸਨ ਉਹ ਸੱਚਮੁੱਚ ਭਿਆਨਕ ਗੱਲਾਂ ਕਹਿ ਰਹੇ ਸਨ I ਕੁਝ ਲੋਕ ਕਹਿ ਰਹੇ ਸਨ ਕਿ ਮੈਨੂੰ ਉਮੀਦ ਹੈ ਕਿ ਤੁਸੀਂ ਮਰ ਜਾਓਗੇ I

ਜਗਮੀਤ ਸਿੰਘ ਨੇ ਕਿਹਾ ਸਾਨੂੰ ਕਿਸੇ ਨਾਲ ਸਤਿਕਾਰ ਨਾਲ ਅਸਹਿਮਤ ਹੋਣਾ ਚਾਹੀਦਾ ਹੈ ਜਾਂ ਸ਼ਾਇਦ ਅਸੀਂ ਗੁੱਸੇ ਨਾਲ ਵੀ ਕਿਸੇ ਨਾਲ ਅਸਹਿਮਤ ਹੋ ਸਕਦੇ ਹਾਂ ਪਰ ਸਾਨੂੰ ਹੱਦਾਂ ਨੂੰ ਪਾਰ ਕਰਨ ਦੀ ਲੋੜ ਨਹੀਂ ਹੈ I

ਐਨਡੀਪੀ ਲੀਡਰ ਜਗਮੀਤ ਸਿੰਘ

ਐਨਡੀਪੀ ਲੀਡਰ ਜਗਮੀਤ ਸਿੰਘ

ਤਸਵੀਰ: Radio-Canada / Sean Kilpatrick

ਜਗਮੀਤ ਮੁਤਾਬਿਕ ਉਹਨਾਂ ਨੂੰ ਜਨਤਕ ਤੌਰ 'ਤੇ ਹਮਲਾਵਰ ਵਿਵਹਾਰ ਨਾਲ ਨਜਿੱਠਣ ਦੀ ਆਦਤ ਪੈ ਗਈ ਹੈ ਪਰ ਉਹਨਾਂ ਕਿਹਾ ਕਿ ਇਸ ਘਟਨਾ ਨੂੰ ਸਭ ਤੋਂ ਭੈੜੇ ਤਜ਼ਰਬਿਆਂ ਵਿੱਚੋਂ ਇਕ ਵਜੋਂ ਯਾਦ ਰੱਖਿਆ ਜਾਵੇਗਾ I  

ਉਧਰ ਪੀਟਰਬਰੋ ਪੁਲਿਸ ਵੱਲੋਂ ਜਗਮੀਤ ਸਿੰਘ ਨਾਲ ਰਾਬਤਾ ਕਰਨ ਦੀ ਗੱਲ ਕਹੀ ਗਈ ਹੈ ਹਾਲਾਂਕਿ ਇਸਦੀ ਕੋਈ ਸ਼ਿਕਾਇਤ ਪੁਲਿਸ ਮੁਤਾਬਿਕ ਉਹਨਾਂ ਨੂੰ ਨਹੀਂ ਮਿਲੀ ਹੈ I  ਪੁਲਿਸ ਨੇ ਇਕ ਟਵੀਟ 'ਚ ਕਿਹਾ ਇਹ ਸੁਣਨਾ ਨਿਰਾਸ਼ਾਜਨਕ ਹੈ ਕਿਉਂਕਿ ਅਸੀਂ ਜਾਣਦੇ ਹਾਂ ਕਿ ਜ਼ਿਆਦਾਤਰ ਨਿਵਾਸੀ ਸਤਿਕਾਰਤ ਹਨ ਅਤੇ ਇਹ ਕੁਝ ਸਾਡੇ ਭਾਈਚਾਰੇ ਦਾ ਪ੍ਰਤੀਬਿੰਬ ਨਹੀਂ ਹਨ I

ਆਮ ਰੁਝਾਨ

ਜ਼ਿਕਰਯੋਗ ਹੈ ਕਿ ਕੈਨੇਡਾ ਵਿੱਚ 2021 ਦੌਰਾਨ ਹੋਈਆਂ ਫ਼ੈਡਰਲ ਚੋਣਾਂ ਦੌਰਾਨ ਵੀ ਵੱਖ ਵੱਖ ਸਿਆਸਤਦਾਨਾਂ ਨੂੰ ਧਮਕੀਆਂ ਅਤੇ ਗਾਲ੍ਹਾਂ ਦਾ ਸਿਲਸਿਲਾ ਵੱਡੀ ਪੱਧਰ 'ਤੇ ਦੇਖਣ ਨੂੰ ਮਿਲਿਆ ਸੀ I  

ਉਨਟੇਰਿਉ ਦੇ ਲੰਡਨ ਸ਼ਹਿਰ ਵਿਚ ਚੋਣ ਮੁਹਿੰਮ ਦੌਰਾਨ ਲਿਬਰਲ ਲੀਡਰ ਜਸਟਿਨ ਟ੍ਰੂਡੋ ਦੀ ਬਸ ਨੂੰ ਪ੍ਰਦਰਸ਼ਨਕਾਰੀਆਂ ਨੇ ਘੇਰ ਲਿਆ ਸੀ ਅਤੇ ਤੈਸ਼ ਵਿਚ ਆਏ ਕੁਝ ਲੋਕਾਂ ਨੇ ਉਹਨਾਂ ਵੱਲ ਕੰਕਰ ਵੀ ਮਾਰੇ ਸਨ। ਇਸਤੋਂ ਪਹਿਲਾਂ ਕੈਂਬ੍ਰਿਜ ਸ਼ਹਿਰ ਵਿਚ ਟ੍ਰੂਡੋ ਜਦੋਂ ਲਿਬਰਲ ਪਾਰਟੀ ਦੇ ਕਲਾਈਮੇਟ ਚੇਂਜ ਪਲਾਨ ਦੇ ਪ੍ਰਚਾਰ ਲਈ ਪਹੁੰਚੇ ਹੋਏ ਸਨ ਤਾਂ ਟ੍ਰੂਡੋ ਨੂੰ ਗਾਲ਼ਾਂ ਕੱਢਣ ਤੋਂ ਇਲਾਵਾ, ਉਹਨਾਂ ਦੇ ਸੁਰੱਖਿਆ ਘੇਰੇ ਵਿਚ ਤੈਨਾਤ ਗ਼ੈਰ-ਵ੍ਹਾਇਟ ਪੁਲਸ ਅਧਿਕਾਰੀਆਂ ਤੇ ਵੀ ਨਸਲੀ ਟਿੱਪਣੀਆਂ ਕਸੀਆਂ ਗਈਆਂ ਸਨ। 

ਬੋਲਟਨ ਸ਼ਹਿਰ ਵਿਚ ਆਯੋਜਿਤ ਟ੍ਰੂਡੋ ਦੇ ਇੱਕ ਈਵੈਂਟ ਤੋਂ ਪਹਿਲਾਂ ਪ੍ਰਦਰਸ਼ਨਕਾਰੀਆਂ ਨੇ ਹੰਗਾਮਾ ਕੀਤਾ ਸੀ ਅਤੇ ਸੁਰੱਖਿਆ ਦੇ ਮੱਦੇਨਜ਼ਰ, ਇਵੈਂਟ ਨੂੰ ਰੱਦ ਕਰ ਦਿੱਤਾ ਗਿਆ ਸੀ। 

ਸੀਬੀਸੀ ਨਿਊਜ਼ ਨੂੰ ਕੈਨੇਡੀਅਨ ਸਕਿਓਰਿਟੀ ਇੰਟੈਲੀਜੈਂਸ ਸਰਵਿਸ ਦੁਆਰਾ ਦਿੱਤੀ ਗਈ ਇਕ ਰਿਪੋਰਟ ਵਿੱਚ ਸਾਹਮਣੇ ਆਇਆ ਸੀ ਕਿ ਕੈਨੇਡਾ ਵਿੱਚ ਰਾਜਨੀਤਿਕ ਸ਼ਖਸੀਅਤਾਂ ਲਗਾਤਾਰ ਔਨਲਾਈਨ ਦੁਰਵਿਵਹਾਰ ਦਾ ਸਾਹਮਣਾ ਕਰ ਰਹੀਆਂ ਹਨ I  

ਇਸ ਦਸਤਾਵੇਜ਼ ਵਿੱਚ ਟ੍ਰੂਡੋ ਵਿਰੁੱਧ ਵਧਦੀ ਔਨਲਾਈਨ ਧਮਕੀਆਂ ਅਤੇ ਹਿੰਸਾ ਦੀਆਂ ਕਾਲਾਂ ਨੂੰ ਨੋਟ ਕੀਤਾ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਕਈ ਪ੍ਰੋਵਿੰਸ਼ੀਅਲ ਪ੍ਰੀਮੀਅਰਾਂ ਨੇ ਵੀ ਅਜਿਹੀਆਂ ਧਮਕੀਆਂ ਦਾ ਅਨੁਭਵ ਕੀਤਾ ਹੈ।

ਕੰਜ਼ਰਵੇਟਿਵ ਲੀਡਰਸ਼ਿਪ ਉਮੀਦਵਾਰ ਸਕਾਟ ਐਚੀਸਨ ਨੇ ਜਗਮੀਤ ਸਿੰਘ ਨਾਲ ਹੋਏ ਇਸ ਦੁਰਵਿਵਹਾਰ ਦੀ ਨਿੰਦਾ ਕੀਤੀ ਹੈ I  ਉਹਨਾਂ ਕਿਹਾ ਕੈਨੇਡਾ ਵਿੱਚ ਅਜਿਹੀ ਰਾਜਨੀਤੀ ਲਈ ਕੋਈ ਥਾਂ ਨਹੀਂ ਹੈ I

ਨਿਕ ਬੋਇਸਵਰਟ ਸੀਬੀਸੀ ਨਿਊਜ਼
ਪੰਜਾਬੀ ਅਨੁਵਾਦ ਸਰਬਮੀਤ ਸਿੰਘ

ਸੁਰਖੀਆਂ