1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਜੇ ਅਮਰੀਕਾ ਚ ਗਰਭਪਾਤ ਦਾ ਅਧਿਕਾਰ ਖ਼ਤਮ ਹੁੰਦਾ ਹੈ ਤਾਂ ਔਰਤਾਂ ਲਈ ਕੈਨੇਡਾ ਦੇ ਬੂਹੇ ਖੁੱਲ੍ਹੇ : ਮਿਨਿਸਟਰ

ਲੀਕ ਹੋਏ ਦਸਤਾਵੇਜ਼ਾਂ ਅਨੁਸਾਰ ਅਮਰੀਕਾ ਦੀ ਸੁਪਰੀਮ ਕੋਰਟ ਰੋਅ ਬਨਾਮ ਵੇਡ ਫ਼ੈਸਲੇ ਨੂੰ ਰੱਦ ਕਰ ਸਕਦੀ ਹੈ

ਕੈਨੇਡਾ ਦੀ ਫ਼ੈਮਿਲੀਜ਼ ਮਿਨਿਸਟਰ ਕਰੀਨਾ ਗੋਲਡ

ਕੈਨੇਡਾ ਦੀ ਫ਼ੈਮਿਲੀਜ਼ ਮਿਨਿਸਟਰ ਕਰੀਨਾ ਗੋਲਡ ਨੇ ਕਿਹਾ ਕਿ ਅਮਰੀਕੀ ਔਰਤਾਂ ਕੈਨੇਡਾ ਵਿਚ ਗਰਭਪਾਤ ਕਰਾਉਣ ਆ ਸਕਦੀਆਂ ਹਨ।

ਤਸਵੀਰ: La Presse canadienne / Sean Kilpatrick

RCI

ਕੈਨੇਡਾ ਦੀ ਫ਼ੈਮਿਲੀਜ਼ ਮਿਨਿਸਟਰ, ਕਰੀਨਾ ਗੋਲਡ ਨੇ ਕਿਹਾ ਕਿ ਜੇ ਅਮਰੀਕਾ ਦੀ ਸੁਪਰੀਮ ਕੋਰਟ ਰੋਅ ਬਨਾਮ ਵੇਡ  ਕੇਸ ਦੇ ਫ਼ੈਸਲੇ ਨੂੰ ਪਲਟ ਦਿੰਦੀ ਹੈ ਅਤੇ ਸੰਵਿਧਾਨ ਮੁਤਾਬਕ ਮਿਲਦਾ ਗਰਭਪਾਤ ਦਾ ਅਧਿਕਾਰ ਖ਼ਤਮ ਹੋਕੇ ਗਰਭਪਾਤ ਦਾ ਫ਼ੈਸਲਾ ਲੈਣ ਦੇ ਹੱਕ ਸਬੰਧੀ ਅਧਿਕਾਰ ਇੱਕ ਵਾਰੀ ਫ਼ਿਰ ਸਟੇਟ ਕੋਲ ਆਉਂਦਾ ਹੈ, ਤਾਂ ਅਮਰੀਕੀ ਔਰਤਾਂ ਕੈਨੇਡਾ ਆਕੇ ਆਪਣਾ ਗਰਭਪਾਤ ਕਰਵਾ ਸਕਣਗੀਆਂ।

ਸੀਬੀਸੀ ਨਿਊਜ਼ ਦੇ ਪਾਵਰ ਐਂਡ ਪੌਲਿਟਿਕਸ ਵਿਚ ਇੱਕ ਇੰਟਰਵਿਊ ਦੌਰਾਨ ਮਿਨਿਸਟਰ ਗੋਲਡ ਨੂੰ ਅਮਰੀਕੀ ਔਰਤਾਂ ਨੂੰ ਕੈਨੇਡਾ ਆਕੇ ਗਰਭਪਾਤ ਕਰਵਾ ਸਕਣ ਬਾਰੇ ਸਵਾਲ ਪੁੱਛਿਆ ਗਿਆ ਸੀ।

ਮਿਨਿਸਟਰ ਗੋਲਡ ਨੇ ਕਿਹਾ, ਮੈਨੂੰ ਨਾ ਦੀ ਕੋਈ ਵਜ੍ਹਾ ਨਹੀਂ ਦਿਖਦੀ। ਜੇ ਉਹ ਇੱਥੇ ਆਉਂਦੀਆਂ ਹਨ ਅਤੇ ਉਹਨਾਂ ਨੂੰ ਜ਼ਰੂਰਤ ਹੈ, ਤਾਂ ਬਿਲਕੁਲ, ਇਹ ਸੇਵਾ ਉਹਨਾਂ ਨੂੰ ਪ੍ਰਦਾਨ ਕੀਤੀ ਜਾਵੇਗੀ

ਅਮਰੀਕਾ ਵਿਚ ਗਰਭਪਾਤ ਦਾ ਮੁੱਦਾ ਦੁਬਾਰਾ ਭੱਖਣ ਤੋਂ ਬਾਅਦ ਮਿਨਿਸਟਰ ਗੋਲਡ ਦਾ ਬਿਆਨ ਆਇਆ ਹੈ।

ਕਿਉਂ ਭਖਿਆ ਹੈ ਅਮਰੀਕਾ ਵਿਚ ਗਰਭਪਾਤ ਦਾ ਮੁੱਦਾ ?

ਅਮਰੀਕਾ ਦੇ ਇਕ ਨਿਊਜ਼ ਅਦਾਰੇ ‘ਪੌਲਿਟਿਕੋ’ ਵਿਚ ਸੁਪਰੀਮ ਕੋਰਟ ਤੋਂ ਲੀਕ ਹੋਏ ਖਰੜੇ ਦੀ ਕਾਪੀ ਨਸ਼ਰ ਕੀਤੀ ਗਈ ਹੈ। ਇਸ ਦਸਤਾਵੇਜ਼ ਵਿਚ ਦਾਅਵਾ ਕੀਤਾ ਗਿਆ ਹੈ ਕਿ ਸੁਪਰੀਮ ਕੋਰਟ ਗਰਭਪਾਤ ਕਰਵਾਉਣ ਦੇ ਕਾਨੂੰਨੀ ਅਧਿਕਾਰ ਨੂੰ ਰੱਦ ਕਰ ਰਹੀ ਹੈ।

ਰਿਬਲਿਕਨ ਦੁਆਰਾ ਨਿਯੁਕਤ ਸੁਪਰੀਮ ਕੋਰਟ ਜੱਜ ਸੈਮਿਉਲ ਅਲੀਟੋ ਦੀ ਰਾਏ ਵਾਲਾ ਡਰਾਫ਼ਟ ਲੀਕ ਹੋਇਆ ਹੈ ਜਿਸ ਵਿਚ ਇਹ ਟਿੱਪਣੀ ਹੈ ਕਿ ਰੋਅ ਬਨਾਮ ਵੇਡ ਵਾਲਾ ਫ਼ੈਸਲਾ ‘ਬਹੁਤ ਗ਼ਲਤ’ ਸੀ। 

ਦਸਤਾਵੇਜ਼ ਵਿਚ ਦਾਅਵਾ ਕੀਤਾ ਗਿਆ ਹੈ ਕਿ ਜੱਜ ਦੀ ਰਾਏ ਹੈ ਕਿ 50 ਸਾਲ ਪੁਰਾਣੇ ਕੇਸ - ਜਿਸ ਵਿਚ ਉਦੋਂ ਗਰਭਪਾਤ ਨੂੰ ਨਿੱਜਤਾ ਦਾ ਅਧਿਕਾਰ (ਰਾਈਟ ਟੂ ਪ੍ਰਾਈਵੇਸੀ) ਦੇ ਦਾਇਰੇ ਵਿਚ ਲਿਆਂਦਾ ਗਿਆ ਸੀ - ਇਸਦੇ ਬਹੁਤ ਤਬਾਹਕੁੰਨ ਸਿੱਟੇ ਨਿਕਲੇ ਹਨ ਅਤੇ ਮੁਲਕ ਗਰਬਪਾਤ ਵਿਰੋਧੀ ਅਤੇ ਗਰਭਪਾਤ ਪੱਖੀ ਧਿਰਾਂ ਵਿਚ ਵੰਡਿਆ ਗਿਆ ਹੈ, ਨਾਲ ਹੀ ਇਸ ਫ਼ੈਸਲੇ ਨੇ ਸਟੇਟ ਅਧਿਕਾਰੀਆਂ ਕੋਲੋਂ ਗਰਭਪਾਤ ਨੂੰ ਰੈਗੁਲੇਟ ਕਰਨ ਦੀ ਸ਼ਕਤੀਆਂ ਨੂੰ ਖੁੰਝਿਆ ਹੈ।

ਇਸ ਦਸਤਾਵੇਜ਼ ਅਨੁਸਾਰ ਬਹੁ-ਗਿਣਤੀ ਜੱਜ ਰੋਅ ਬਨਾਮ ਵੇਡ ਦੇ ਫ਼ੈਸਲੇ ਨੂੰ ਪਲਟਣ ਲਈ ਤਿਆਰ ਹਨ।

ਅਮਰੀਕੀ ਸੁਪਰੀਮ ਕੋਰਟ ਤੋਂ ਲੀਕ ਹੋਏ ਇੱਕ ਦਸਤਾਵੇਜ਼ ਵਿਚ ਦਾਅਵਾ ਕੀਤਾ ਗਿਆ ਹੈ ਕਿ ਅਦਾਲਤ ਗਰਭਪਾਤ ਕਰਵਾਉਣ ਨੂੰ ਕਾਨੂੰਨੀ ਅਧਿਕਾਰ ਦੇਣ ਵਾਲੇ ਫ਼ੈਸਲੇ ਨੂੰ ਰੱਦ ਕਰ ਰਹੀ ਹੈ।

ਅਮਰੀਕੀ ਸੁਪਰੀਮ ਕੋਰਟ ਤੋਂ ਲੀਕ ਹੋਏ ਇੱਕ ਦਸਤਾਵੇਜ਼ ਵਿਚ ਦਾਅਵਾ ਕੀਤਾ ਗਿਆ ਹੈ ਕਿ ਅਦਾਲਤ ਗਰਭਪਾਤ ਕਰਵਾਉਣ ਨੂੰ ਕਾਨੂੰਨੀ ਅਧਿਕਾਰ ਦੇਣ ਵਾਲੇ ਫ਼ੈਸਲੇ ਨੂੰ ਰੱਦ ਕਰ ਰਹੀ ਹੈ।

ਤਸਵੀਰ: Reuters / Joshua Roberts

ਕੀ ਹੈ ਰੋਅ ਬਨਾਮ ਵੇਡ ਕੇਸ ?

1969 ਵਿਚ 25 ਸਾਲ ਦੀ ਇੱਕ ਔਰਤ ਨੇ ਜੇਨ ਰੋਅ ਦੇ ਨਾਮ ਨਾਲ ਟੈਕਸਸ ਵਿਚ ਗਰਭਪਾਤ ਦੇ ਕਾਨੂੰਨਾਂ ਨੂੰ ਚੁਣੌਤੀ ਦਿੱਤੀ ਸੀ। ਗਰਭਪਾਤ ਨੂੰ ਗ਼ੈਰ-ਕਾਨੂੰਨੀ ਮੰਨਿਆ ਜਾਂਦਾ ਸੀ ਅਤੇ ਜਿਹਨਾਂ ਸਥਿਤੀਆਂ ਵਿਚ ਮਾਂ ਦੀ ਜਾਨ ਨੂੰ ਖ਼ਤਰਾ ਹੋਵੇ ਸਿਰਫ਼ ਉਦੋਂ ਹੀ ਗਰਭਪਾਤ ਦੀ ਛੋਟ ਹੁੰਦੀ ਸੀ।

ਇਸ ਕੇਸ ਵਿਚ ਡਿਸਟਰਿਕਟ ਅਟੌਰਨੀ ਹੈਨਰੀ ਵੇਡ ਗਰਭਪਾਤ ਦੇ ਵਿਰੁੱਧ ਕਾਨੂੰਨ ਦੇ ਪੱਖ ਵਿਚ ਕੇਸ ਲੜ ਰਹੇ ਸਨ। ਉਹਨਾਂ ਦੇ ਨਾਂ ਕਰਕੇ ਇਸ ਕੇਸ ਨੂੰ ਰੋਅ ਬਨਾਮ ਵੇਡ ਕੇਸ ਆਖਿਆ ਜਾਣ ਲੱਗ ਪਿਆ।

ਇਸ ਔਰਤ ਦਾ ਦਾਅਵਾ ਸੀ ਕਿ ਉਸ ਨਾਲ ਬਲਾਤਕਾਰ ਹੋਇਆ ਸੀ। ਕੇਸ ਦਰਜ ਕਰਵਾਉਣ ਵੇਲੇ ਉਹ ਤੀਜੇ ਬੱਚੇ ਨਾਲ ਗਰਭਵਤੀ ਸੀ। ਪਰ ਇਹ ਕੇਸ ਰੱਦ ਹੋ ਗਿਆ ਸੀ।

1973 ਵਿਚ ਇਹ ਮਾਮਲਾ ਅਮਰੀਕਾ ਦੀ ਸੁਪਰੀਮ ਕੋਰਟ ਪਹੁੰਚਿਆ ਅਤੇ ਇੱਕ ਹੋਰ ਔਰਤ ਦੇ ਮਾਮਲੇ ਦੇ ਨਾਲ ਰੋਅ ਦੇ ਮਾਮਲੇ ਦੀ ਵੀ ਸੁਣਵਾਈ ਹੋਈ। ਜੱਜਾਂ ਨੇ ਫ਼ੈਸਲਾ ਸੁਣਾਇਆ ਕਿ ਸਰਕਾਰਾਂ ਕੋਲ ਗਰਭਪਾਤ ‘ਤੇ ਪਾਬੰਦੀ ਲਗਾਉਣ ਦੇ ਇਖ਼ਤਿਆਰ ਨਹੀਂ ਹਨ ਅਤੇ ਟੈਕਸਸ ਅਤੇ ਹੋਰ ਸਟੇਟ ਦੇ ਕਾਨੂੰਨ ਅਮਰੀਕਾ ਦੇ ਸੰਵਿਧਾਨ ਦੇ ਖ਼ਿਲਾਫ਼ ਸਨ ਕਿਉਂਕੀ ਇਹ ਔਰਤਾਂ ਦੇ ਨਿੱਜਤਾ ਦੇ ਅਧਿਕਾਰ ਦੀ ਉਲੰਘਣਾ ਕਰ ਰਹੇ ਸਨ।

ਇਸ ਤਰ੍ਹਾਂ ਇਸ ਕੇਸ ਵਿਚ ਫ਼ੈਸਲਾ ਆਇਆ ਕਿ ਗਰਭਪਾਤ ਕਰਵਾਉਣ ਦਾ ਅਧਿਕਾਰ ਅਮਰੀਕਾ ਦੇ ਸੰਵਿਧਾਨ ਦੇ ਅਨੁਸਾਰ ਸੀ।

ਕੈਨੇਡਾ ਦਾ ਪ੍ਰਤੀਕਰਮ

ਅਮਰੀਕੀ ਸੁਪਰੀਮ ਕੋਰਟ ਦੇ ਲੀਕ ਹੋਏ ਦਸਤਾਵੇਜ਼ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਕਰਦਿਆਂ, ਮੰਗਲਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਟਵਿੱਟਰ ‘ਤੇ ਆਪਣਾ ਪ੍ਰਤੀਕਰਮ ਦੇਕੇ ਔਰਤਾਂ ਦੇ ਗਰਭ ਸਬੰਧੀ ਅਧਿਕਾਰਾਂ ਪ੍ਰਤੀ ਆਪਣੇ ਸਮਰਥਨ ਨੂੰ ਦੁਹਰਾਇਆ।

ਟ੍ਰੂਡੋ ਨੇ ਕਿਹਾ, “[ਗਰਭਪਾਤ ਦਾ] ਵਿਕਲਪ ਚੁਣਨ ਦਾ ਅਧਿਕਾਰ ਸਿਰਫ਼ ਅਤੇ ਸਿਰਫ਼ ਔਰਤਾਂ ਦਾ ਅਧਿਕਾਰ ਹੈ। ਕੈਨੇਡਾ ਵਿਚ ਹਰੇਕ ਔਰਤ ਨੂੰ ਸੁਰੱਖਿਅਤ ਅਤੇ ਕਾਨੂੰਨੀ ਗਰਭਪਾਤ ਦਾ ਅਧਿਕਾਰ ਹੈ। ਅਸੀਂ ਕੈਨੇਡਾ ਅਤੇ ਦੁਨੀਆ ਭਰ ਵਿਚ ਔਰਤਾਂ ਦੇ ਅਧਿਕਾਰਾਂ ਦੀ ਸੁਰੱਖਿਆ ਅਤੇ ਇਸ ਬਾਰੇ ਆਵਾਜ਼ ਉਠਾਉਣ ਤੋਂ ਪਿੱਛੇ ਨਹੀਂ ਹਟਾਂਗੇ"।

ਪਿਛਲੇ ਕੁਝ ਸਾਲਾਂ ਦੌਰਾਨ ਕਈ ਰਿਬਲੀਕਨ ਸਟੇਟਸ ਵਿਚ ਗਰਭਪਾਤ ‘ਤੇ ਰੋਕਾਂ ਲਗਾਉਣ ਸਬੰਧੀ ਮਤੇ ਪਾਸ ਕੀਤੇ ਗਏ ਹਨ ਅਤੇ ਜੇ ਸੁਪਰੀਮ ਕੋਰਟ ਰੋਅ ਬਨਾਮ ਵੇਡ ਨੂੰ ਰੱਦ ਕਰਦੀ ਹੈ ਤਾਂ ਉਕਤ ਸਟੇਟਾਂ ਵਿਚ ਖ਼ੁਦ-ਬ-ਖ਼ੁਦ ਗਰਭਪਾਤ ਗ਼ੈਰ-ਕਾਨੂੰਨੀ ਹੋ ਜਾਵੇਗਾ।

ਹਾਲਾਂਕਿ ਕੁਝ ਲਿਬਰਲ ਸਟੇਟਾਂ ਵਿਚ ਗਰਭਪਾਤ ਕਾਨੂੰਨੀ ਅਧਿਕਾਰ ਰਹੇਗਾ। ਅਜਿਹੀ ਬਹੁਤ ਸਾਰੀਆਂ ਸਟੇਟਸ ਹਨ ਜਿਹਨਾਂ ਨੇ ਗਰਭਪਾਤ ਦੇ ਅਧਿਕਾਰ ਨੂੰ ਕਾਨੂੰਨੀ ਮਾਨਤਾ ਦਿੱਤੀ ਹੋਈ ਹੈ।

ਕੈਲੀਫ਼ੋਰਨੀਆ ਸਟੇਟ ਦਾ ਕਹਿਣਾ ਹੈ ਕਿ ਉਹ ਬਾਕੀ ਸਟੇਟਾਂ ਤੋਂ ਗਰਭਪਾਤ ਕਰਾਉਣ ਲਈ ਆਉਣ ਵਾਲੀਆਂ ਔਰਤਾਂ ਨੂੰ ਇਹ ਸੇਵਾ ਪ੍ਰਦਾਨ ਕਰਨ ਲਈ ਰਾਹ ਤਲਾਸ਼ ਕਰੇਗੀ।

ਕੈਨੇਡੀਅਨ ਔਰਤਾਂ ‘ਤੇ ਪ੍ਰਭਾਵ

ਮਿਨਿਸਟਰ ਗੋਲਡ ਨੇ ਕਿਹਾ ਕਿ ਅਮਰੀਕੀ ਔਰਤਾਂ ਲਈ ਕੈਨੇਡਾ ਦੇ ਦਰਵਾਜ਼ੇ ਖੁੱਲ੍ਹੇ ਹਨ ਪਰ ਰੋਅ ਬਨਾਮ ਵੇਡ ਕੇਸ ਦਾ ਫ਼ੈਸਲਾ ਰੱਦ ਹੋਣ ਤੋਂ ਬਾਅਦ ਇਸਦੇ ਕੈਨੇਡੀਅਨ ਔਰਤਾਂ ‘ਤੇ ਸੰਭਾਵੀ ਪ੍ਰਭਾਵ ਨੂੰ ਲੈਕੇ ਉਹ ਫ਼ਿਕਰਮੰਦ ਹਨ।

ਉਹਨਾਂ ਕਿਹਾ ਕਿ ਅਜਿਹੀਆਂ ਬਹੁਤ ਸਾਰੀਆਂ ਔਰਤਾਂ ਹਨ ਜੋ ਕੈਨੇਡਾ ਦੇ ਕਿਸੇ ਵੱਡੇ ਸ਼ਹਿਰ ਦੇ ਨਜ਼ਦੀਕ ਨਹੀਂ ਰਹਿੰਦੀਆਂ ਅਤੇ ਉਹ ਅਜਿਹੀਆਂ ਸੇਵਾਵਾਂ ਲਈ ਸਰਹੱਦ ਪਾਰ ਅਮਰੀਕਾ ਚਲੀਆਂ ਜਾਂਦੀਆਂ ਹਨ। ਇਸ ਕਰਕੇ ਕੈਨੇਡੀਅਨ ਔਰਤਾਂ ‘ਤੇ ਵੀ ਅਮਰੀਕੀ ਕੋਰਟ ਦੇ ਫ਼ੈਸਲੇ ਦਾ ਅਸਰ ਪਵੇਗਾ।

ਗਰਭਪਾਤ ਦਾ ਮੁੱਦਾ ਕੈਨੇਡਾ ਦੇ ਸਿਆਸੀ ਹਲਕਿਆਂ ਵਿਚ ਬਹੁ-ਚਰਚਿਤ ਮੁੱਦਾ ਰਿਹਾ ਹੈ।

ਕੰਜ਼ਰਵੇਟਿਵ ਪਾਰਟੀ ਦੇ ਸਾਬਕਾ ਲੀਡਰਜ਼ ਐਂਡਰੂ ਸ਼ੀਅਰ, ਐਰਿਨ ਓ’ਟੂਲ ਅਤੇ ਸਾਬਕਾ ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ ਵੀ ਗਰਭਪਾਤ ਦੇ ਅਧਿਕਾਰ ‘ਤੇ ਕਾਨੂੰਨ ਬਣਾਏ ਜਾਣ ਦੇ ਮੁੱਦੇ ‘ਤੇ ਮੀਡੀਆ ਦੇ ਸਵਾਲਾਂ ਨੂੰ ਟਾਲ਼ਦੇ ਰਹੇ ਹਨ ਅਤੇ ਐਨਡੀਪੀ ਅਤੇ ਲਿਬਰਲਜ਼ ਕੰਜ਼ਰਵੇਟਿਵਜ਼ ਦੀ ਇਸ ਅਸਪਸ਼ਟਤਾ ਨੂੰ ਚੁਣਾਵੀ ਮੁੱਦਾ ਬਣਾਉਂਦੇ ਰਹੇ ਹਨ।

ਪੀਟਰ ਜ਼ਿਮੌਨਜਿਕ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ