- ਮੁੱਖ ਪੰਨਾ
- ਸਮਾਜ
- ਇਤਿਹਾਸ
ਕੈਨੇਡਾ ਵਿਚ ‘ਏਸ਼ੀਅਨ ਹੈਰੀਟੇਜ ਮੰਥ’ ਸ਼ੁਰੂ
ਹਰ ਸਾਲ ਮਈ ਮਹੀਨਾ ਏਸ਼ੀਅਨ ਲੋਕਾਂ ਦੀ ਵਿਰਾਸਤ ਅਤੇ ਸੱਭਿਆਚਾਰ ਨੂੰ ਸਮਰਪਿਤ ਹੁੰਦਾ ਹੈ

ਮਈ ਮਹੀਨਾ ਕੈਨੇਡਾ ਵਿਚ ਏਸ਼ੀਅਨ ਹੈਰੀਟੇਜ ਮੰਥ ਵੱਜੋਂ ਮਨਾਇਆ ਜਾਂਦਾ ਹੈ।
ਤਸਵੀਰ: Canada.ca/en/Canadian-Heritage
ਮਈ ਮਹੀਨੇ ਨੂੰ ਕੈਨੇਡਾ ਵਿਚ ਏਸ਼ੀਅਨ ਹਿਸਟਰੀ ਮੰਥ ਵੱਜੋਂ ਮਨਾਇਆ ਜਾਂਦਾ ਹੈ। ਏਸ਼ੀਅਨ ਮੂਲ ਦੇ ਕੈਨੇਡੀਅਨ ਲੋਕਾਂ ਵੱਲੋਂ ਕੈਨੇਡਾ ਦੇ ਸਮਾਜ, ਸੱਭਿਆਚਾਰ, ਆਰਥਿਕਤਾ ਅਤੇ ਇਤਿਹਾਸ ਵਿਚ ਪਾਏ ਵਢਮੁੱਲੇ ਯੋਗਦਾਨ ਨੂੰ ਸਨਮਾਨਿਤ ਕਰਨ ਅਤੇ ਏਸ਼ੀਅਨ ਭਾਈਚਾਰੇ ਦੀ ਵਿਰਾਸਤ ਅਤੇ ਕੈਨੇਡਾ ਵਿਚ ਇਸਦੀਂ ਹੋਂਦ ਦਾ ਜਸ਼ਨ ਮਨਾਉਣ ਲਈ ਏਸ਼ੀਅਨ ਹਿਸਟਰੀ ਮੰਥ ਦੀ ਸ਼ੁਰੂਆਤ ਕੀਤੀ ਗਈ ਸੀ।
ਇਤਿਹਾਸਕ ਪਿਛੋਕੜ
ਏਸ਼ੀਅਨ ਹੈਰੀਟੇਜ ਮੰਥ 1990 ਵਿਆਂ ਤੋਂ ਮਨਾਇਆ ਜਾ ਰਿਹਾ ਹੈ। ਦਸੰਬਰ 2001 ਵਿਚ ਕੈਨੇਡਾ ਦੀ ਸੈਨੇਟ ਨੇ ਸੈਨੇਟਰ ਡਾ ਵਿਵੀਐਨੇ ਪੋਏ ਵੱਲੋਂ ਮਈ ਮਹੀਨੇ ਨੂੰ ਏਸ਼ੀਅਨ ਹੈਰੀਟੇਜ ਮੰਥ ਵੱਜੋਂ ਮਨਾਉਣ ਬਾਬਤ ਪੇਸ਼ ਕੀਤੇ ਪ੍ਰਸਤਾਵ ਨੂੰ ਮੰਜ਼ੂਰ ਕੀਤਾ ਸੀ। ਡਾ ਪੋਏ ਕੈਨੇਡਾ ਦੀ ਸੈਨੇਟ ਦੀ ਮੈਂਬਰ ਬਣਨ ਵਾਲੀ ਏਸ਼ੀਅਨ ਮੂਲ ਦੇ ਪਹਿਲੇ ਸ਼ਖ਼ਸ ਸਨ।
ਮਈ 2002 ਵਿਚ, ਕੈਨੇਡਾ ਸਰਕਾਰ ਨੇ ਅਧਿਕਾਰਕ ਤੌਰ ‘ਤੇ ਮਈ ਮਹੀਨਾ ਏਸ਼ੀਅਨ ਹੈਰੀਟੇਜ ਮੰਥ ਵੱਜੋਂ ਘੋਸ਼ਿਤ ਕੀਤਾ ਸੀ।

ਡਾ ਵਿਵੀਐਨੇ ਪੋਏ ਕੈਨੇਡਾ ਦੀ ਸੈਨੇਟ ਦੇ ਮੈਂਬਰ ਬਣਨ ਵਾਲੀ ਏਸ਼ੀਅਨ ਮੂਲ ਦੀ ਪਹਿਲੀ ਸ਼ਖ਼ਸ ਸਨ।
ਤਸਵੀਰ: Encyclopédie canadienne
ਕੈਨੇਡਾ ਵਿਚ ਪਰਵਾਸੀ ਅਬਾਦੀ ਦਾ ਕਰੀਬ ਅੱਧਾ ਹਿੱਸਾ ਏਸ਼ੀਆਈ ਮੂਲ ਦਾ ਹੈ। 2016 ਵਿਚ 48 ਫ਼ੀਸਦੀ ਤੋਂ ਵੱਧ ਇਮੀਗ੍ਰੈਂਟਸ ਏਸ਼ੀਆ ਵਿਚ ਜੰਮੇ ਸਨ ਅਤੇ ਕੈਨੇਡਾ ਵਿਚ ਹੁਣ ਵੀ ਸਭ ਤੋਂ ਜ਼ਿਆਦਾ ਇਮੀਗ੍ਰੈਂਟਸ ਏਸ਼ੀਆ ਮਹਾਂਦੀਪ ਤੋਂ ਹੀ ਆਉਂਦੇ ਹਨ। 2017 ਤੋਂ 2019 ਦਰਮਿਆਨ ਕੈਨੇਡਾ ਆਉਣ ਵਾਲੇ ਨਵੇਂ ਇਮੀਗ੍ਰੈਂਟਸ ਵਿਚੋਂ 63.5 ਪਰਵਾਸੀ ਏਸ਼ੀਆ ਵਿਚ ਪੈਦਾ ਹੋਏ ਸਨ।
ਕੈਨੇਡਾ ਵਿਚ ਬਹੁ-ਸੱਭਿਆਚਾਰਵਾਦ ਅਤੇ ਕਦਰਾਂ-ਕੀਮਤਾਂ ਦੀ ਵੰਨ-ਸੁਵੰਨਤਾ ਨੂੰ ਅਹਿਮ ਮੁਕਾਮ ਹਾਸਲ ਹੈ। ਪਿਛਲੀਆਂ ਦੋ ਸ਼ਤਾਬਦੀਆਂ ਤੋਂ ਏਸ਼ੀਆਈ ਲੋਕ ਕੈਨੇਡਾ ਪਰਵਾਸ ਕਰਦੇ ਰਹੇ ਹਨ ਅਤੇ ਇਸ ਮੁਲਕ ਦੀ ਤਾਮੀਰ, ਤਰੱਕੀ, ਸਮਾਜ, ਭਾਸ਼ਾ ,ਆਰਥਿਕਤਾ ਅਤੇ ਤਕਰੀਬਨ ਹਰ ਪਹਿਲੂ ਵਿਚ ਹੀ ਪਰਵਾਸੀਆਂ ਨੇ ਵੱਢਮੁੱਲਾ ਯੋਗਦਾਨ ਪਾਇਆ ਹੈ।
ਏਸ਼ੀਅਨ ਪਿਛੋਕੜ ਵਿਚ ਕੌਣ-ਕੌਣ ਸ਼ਾਮਲ ਹਨ?
ਏਸ਼ੀਅਨ ਸ਼ਬਦ ਦੀ ਪਰਿਭਾਸ਼ਾ ਵਧੇਰੇ ਸ਼ਮੂਲੀਅਤ ਵਾਲੀ ਹੋ ਸਕਦੀ ਹੈ ਅਤੇ ਹੇਠਾਂ ਦਰਜ ਮੁਲਕਾਂ ਦੇ ਪਿਛੋਕੜ ਵਾਲੇ ਲੋਕਾਂ ‘ਤੇ ਲਾਗੂ ਹੋ ਸਕਦੀ ਹੈ :
ਪੂਰਬੀ ਏਸ਼ੀਆ (ਈਸਟ ਏਸ਼ੀਆ) : ਚੀਨ, ਜਪਾਨ, ਮੰਗੋਲੀਆ, ਉੱਤਰੀ ਕੋਈਆ, ਦੱਖਣੀ ਕੋਰੀਆ, ਤਾਏਵਾਨ
ਦੱਖਣੀ ਏਸ਼ੀਆ (ਸਾਊਥ ਏਸ਼ੀਆ) : ਬੰਗਲਾਦੇਸ਼, ਭੂਟਾਨ, ਭਾਰਤ, ਪਾਕਿਸਤਾਨ, ਸ੍ਰੀ ਲੰਕਾ, ਨੇਪਾਲ, ਮਾਲਡੀਵਜ਼
ਮੱਧ ਏਸ਼ੀਆ (ਸੈਂਟਰਲ ਏਸ਼ੀਆ) : ਅਫਗ਼ਾਨਿਸਤਾਨ, ਕਜ਼ਾਕਿਸਤਾਨ, ਕਿਰਗਿਸਤਾਨ, ਤਜੀਕਿਸਤਾਨ, ਤੁਰਕਮੇਨਿਸਤਾਨ, ਉਜ਼ਬੇਕਿਸਤਾਨ
ਦੱਖਣੀ-ਪੂਰਬੀ ਏਸ਼ੀਆ (ਸਾਊਥ-ਈਸਟ ਏਸ਼ੀਆ) : ਬਰੂਨੇਇ,ਕੰਬੋਡੀਆ, ਇੰਡੋਨੇਸ਼ੀਆ, ਲੇਓਸ, ਮਲੇਸ਼ੀਆ, ਮਿਆਂਮਾਰ, ਫ਼ਿਲਪੀਨਜ਼, ਸਿੰਗਾਪੋਰ, ਥਾਈਲੈਂਡ, ਵੀਅਤਨਾਮ
ਪੱਛਮੀ ਏਸ਼ੀਆ (ਵੈਸਟਰਨ ਏਸ਼ੀਆ) : ਅਰਮੇਨੀਆ, ਅਜ਼ਰਬਾਈਜਾਨ, ਬਹਿਰੇਨ, ਸਾਇਪਰਸ, ਜੌਰਜੀਆ, ਇਰਾਨ, ਇਰਾਕ, ਇਜ਼ਰਾਈਲ, ਜੌਰਡਨ, ਕੁਵੈਤ, ਲੈਬਨਾਨ, ਓਮਾਨ, ਫ਼ਿਲਸਤੀਨ, ਕਤਰ, ਸਾਊਦੀ ਅਰਬ, ਸੀਰੀਆ, ਤੁਰਕੀ, ਯੂ ਏ ਈ, ਯਮਨ
ਕੈਨੇਡਾ ਵਿਚ ਏਸ਼ੀਆਈ ਮੂਲ ਲੋਕਾਂ ਦਾ ਪਰਵਾਸ ਜ਼ਿਆਦਤੀ ਅਤੇ ਵਿਤਕਰੇ ਦਾ ਵੀ ਗਵਾਹ ਰਿਹਾ ਹੈ। ਚੀਨ, ਜਾਪਾਨ ਅਤੇ ਭਾਰਤ ਤੋਂ ਆਉਣ ਵਾਲੇ ਲੋਕਾਂ ‘ਤੇ ਲੱਗੀਆਂ ਕਾਨੂੰਨੀ ਪਾਬੰਦੀਆਂ ਕੈਨੇਡਾ ਦੇ ਇਮੀਗ੍ਰੈਸ਼ਨ ਦੇ ਇਤਿਹਾਸ ਦੇ ਕਾਲੇ ਦੌਰ ਦੀ ਤਰਜਮਾਨੀ ਕਰਦੀਆਂ ਹਨ।
ਕੈਨੇਡੀਅਨ ਪਰਵਾਸ ਦੇ ਇਤਿਹਾਸ ਵਿਚ ਪੱਖਪਾਤ ਨਾਲ ਸਬੰਧਤ ਕੁਝ ਅਹਿਮ ਘਟਨਾਵਾਂ :
ਕਾਮਾਗਾਟਾਮਾਰੂ ਘਟਨਾ :
ਮਈ 1914 ਵਿੱਚ ਤਕਰੀਬਨ 400 ਸਾਊਥ ਏਸ਼ੀਅਨ ਇਮੀਗ੍ਰੈਂਟਸ ਕਾਮਾਗਾਟਾਮਾਰੂ ਜਹਾਜ਼ ਰਾਹੀਂ ਕੈਨੇਡਾ ਪਹੁੰਚੇ ਸਨ ਪਰ ਨਸਲਵਾਦੀ ਕਾਨੂੰਨਾਂ ਕਾਰਨ ਉਹਨਾਂ ਨੂੰ ਉਤਰਨ ਨਹੀਂ ਦਿੱਤਾ ਗਿਆ ਸੀ I ਇੰਨ੍ਹਾਂ ਵਿੱਚ ਵੱਡੀ ਗਿਣਤੀ ਪੰਜਾਬੀ ਮੂਲ ਦੇ ਵਿਅਕਤੀਆਂ ਦੀ ਸੀ I ਦੋ ਮਹੀਨਿਆਂ ਬਾਅਦ ਜਹਾਜ਼ ਵਿੱਚ ਸਵਾਰ ਸਾਰੇ ਲੋਕਾਂ ਨੂੰ ਭਾਰਤ ਵਾਪਸ ਪਰਤਣ ਲਈ ਮਜਬੂਰ ਕੀਤਾ ਗਿਆ I ਜਹਾਜ਼ ਵਿੱਚ 340 ਸਿੱਖ, 24 ਮੁਸਲਮਾਨ ਅਤੇ 12 ਹਿੰਦੂ ਵਿਅਕਤੀ ਸ਼ਾਮਲ ਸਨI ਇਹਨਾਂ ਵਿਅਕਤੀਆਂ ਕੋਲ ਕੋਈ ਵੀ ਡਾਕਟਰੀ ਸਹਾਇਤਾ, ਭੋਜਨ ਜਾਂ ਪਾਣੀ ਨਹੀਂ ਸੀ।

ਕਾਮਾਗਾਟਾਮਾਰੂ ਜਹਾਜ਼ ਦੀ ਫ਼ਾਈਲ ਫ਼ੋਟੋ I
ਤਸਵੀਰ: CBC
ਕਾਮਾਗਾਟਾਮਾਰੂ ਇੱਕ ਜਾਪਾਨੀ ਚਾਰਟਰ ਸਮੁੰਦਰੀ ਜਹਾਜ਼ ਸੀ, ਜਿਸਨੂੰ ਨਸਲਵਾਦੀ ਕਾਨੂੰਨਾਂ ਕਾਰਨ ਕੈਨੇਡਾ ਵਿੱਚ ਏਸ਼ੀਅਨ ਪ੍ਰਵਾਸ ਨੂੰ ਘਟਾਉਣ ਦੇ ਉਦੇਸ਼ ਨਾਲ ਵਾਪਸ ਮੁੜਨ ਲਈ ਮਜਬੂਰ ਕੀਤਾ ਗਿਆ ਸੀ I ਭਾਰਤ ਵਾਪਸ ਪਹੁੰਚਣ 'ਤੇ, 19 ਯਾਤਰੀਆਂ ਨੂੰ ਗੋਲੀ ਮਾਰ ਦਿੱਤੀ ਗਈ ਸੀ।
28 ਮਈ 2016 ਨੂੰ ਕੈਨੇਡਾ ਸਰਕਾਰ ਨੇ ਅਧਿਕਾਰਕ ਤੌਰ ‘ਤੇ ਕਾਮਾਗਾਟਾਮਾਰੂ ਘਟਨਾ ਲਈ ਹਾਊਸ ਔਫ਼ ਕੌਮਨਜ਼ ਵਿਚ ਮੁਆਫ਼ੀ ਮੰਗੀ ਸੀ।
ਚਾਈਨੀਜ਼ ਇਮੀਗ੍ਰੇਸ਼ਨ ਐਕਟ :
1885 ਦੇ ਚਾਈਨੀਜ਼ ਇਮੀਗ੍ਰੇਸ਼ਨ ਕਾਨੂੰਨ ਤਹਿਤ ਕੈਨੇਡਾ ਵਿਚ ਦਾਖ਼ਿਲ ਹੋਣ ਵਾਲੇ ਹਰੇਕ ਚੀਨੀ ਵਿਅਕਤੀ ਤੋਂ 50 ਡਾਲਰ ਟੈਕਸ ਵਸੂਲਿਆ ਜਾਂਦਾ ਸੀ। ਕੈਨੇਡਾ ਪੈਸਿਫ਼ਿਕ ਰੇਲਵੇ ਦੇ ਨਿਰਮਾਣ ਵੇਲੇ ਚੀਨੀ ਕਾਮੇ ਕੈਨੇਡਾ ਲਿਆਂਦੇ ਗਏ ਸਨ ਪਰ ਉਹਨਾਂ ਨੂੰ ਉਹਨਾਂ ਦੀ ਮੂਲ ਕੌਮੀਅਤ ਕਾਰਨ ਕੈਨੇਡੀਅਨ ਨਾਗਰਿਕਤਾ ਦਾ ਹੱਕਦਾਰ ਨ੍ਹੀਂ ਮੰਨਿਆ ਜਾਂਦਾ ਸੀ। ਇਸ ਦਾਖ਼ਲੇ ਟੈਕਸ ਨੂੰ ਵਧਾਇਆ ਜਾਂਦਾ ਰਿਹਾ ਅਤੇ 1903 ਵਿਚ ਇਹ ਟੈਕਸ 500 ਡਾਲਰ ਕਰ ਦਿੱਤਾ ਗਿਆ ਸੀ।
ਇਸ ਟੈਕਸ ਦੇ ਬਾਵਜੂਦ ਕੈਨੇਡਾ ਵਿਚ ਚੀਨੀ ਪਰਵਾਸੀਆਂ ਦੀ ਆਮਦ ਜਾਰੀ ਰਹੀ। 1923 ਵਿਚ ਕੈਨੇਡੀਅਨ ਪਾਰਲੀਮੈਂਟ ਨੇ ਚਾਈਨੀਜ਼ ਇਮੀਗ੍ਰੇਸ਼ਨ ਐਕਟ ਪਾਸ ਕੀਤਾ ਜਿਸ ਦਾ ਮਕਸਨ ਚੀਨੀ ਪਰਵਾਸ ਨੂੰ ਰੋਕਣਾ ਸੀ।
1947 ਵਿਚ ਇਹ ਕਾਨੂੰਨ ਖ਼ਤਮ ਕਰ ਦਿੱਤਾ ਗਿਆ ਸੀ। 24 ਸਾਲ ਦੇ ਇਸ ਅਰਸੇ ਦੌਰਾਨ ਸਿਰਫ਼ 50 ਚੀਨੀ ਪਰਵਾਸੀਆਂ ਨੂੰ ਕੈਨੇਡਾ ਆਉਣ ਦੀ ਆਗਿਆ ਦਿੱਤੀ ਗਈ ਸੀ।
22 ਜੂਨ, 2006 ਵਿਚ ਕੈਨੇਡਾ ਸਰਕਾਰ ਨੇ ਅਧਿਕਾਰਕ ਤੌਰ ‘ਤੇ ਉਕਤ ਕਾਨੂੰਨ ਤੋਂ ਪ੍ਰਭਾਵਿਤ ਹੋਏ ਚੀਨੀ ਲੋਕਾਂ ਦੇ ਪੂਰਵਜਾਂ ਅਤੇ ਸਮੁੁੱਚੇ ਚੀਨੀ-ਕੈਨੇਡੀਅਨ ਭਾਈਚਾਰੇ ਤੋਂ ਹਾਊਸ ਔਫ਼ ਕੌਮਨਜ਼ ਵਿਚ ਮੁਆਫ਼ੀ ਮੰਗੀ ਸੀ।
ਜਪਾਨੀ ਇੰਟਰਨਮੈਂਟ ਕੈਂਪ :
7 ਦਸੰਬਰ 1941 ਵਿਚ, ਦੂਸਰੇ ਵਿਸ਼ਵ ਯੁੱਧ ਵਿਚ ਜਪਾਨ ਦੇ ਸ਼ਾਮਲ ਹੋਣ ਤੋਂ ਬਾਅਦ, ਜਾਪਾਨੀ ਮੂਲ ਦੇ ਕੈਨੇਡੀਅਨ ਲੋਕਾਂ ਨੂੰ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ
ਕਰਾਰ ਦੇ ਦਿੱਤਾ ਗਿਆ ਸੀ। ਇਹਨਾਂ ਲੋਕਾਂ ਨੂੰ ਬਹੁਤ ਬੁਰੇ ਹਾਲਾਤ ਵਿਚ ਗੁਲਾਮਾਂ ਅਤੇ ਕੈਦੀਆਂ ਵਾਂਗ ਵਿਸ਼ੇਸ਼ ਕੈਂਪਾਂ ਵਿਚ ਰੱਖਿਆ ਗਿਆ ਸੀ। ਇਹਨਾਂ ਕੈਂਪਾਂ ਨੂੰ ਇੰਟਰਨਮੈਂਟ ਕੈਂਪ ਕਿਹਾ ਜਾਂਦਾ ਹੈ। ਸਰਕਾਰੀ ਨਿਰਦੇਸ਼ ਨਾ ਮੰਨਣ ਵਾਲਿਆਂ ਨੂੰ ਸਜ਼ਾ ਦਿੱਤੀ ਜਾਂਦੀ ਸੀ।
ਇਸ ਫ਼ੈਸਲੇ ਨਾਲ ਜਪਾਨੀ ਮੂਲ ਦੇ ਕਰੀਬ 21,000 ਕੈਨੇਡੀਅਨਜ਼ ਪ੍ਰਭਾਵਿਤ ਹੋਏ ਸਨ। ਜੰਗ ਤੋਂ ਬਾਅਦ ਜਾਪਾਨੀ ਮੂਲ ਦੇ ਕੈਨੇਡੀਅਨਜ਼ ਨੂੰ ਕੈਨੇਡਾ ਪ੍ਰਤੀ ਆਪਣੀ ਵਫ਼ਾਦਾਰੀ ਦਰਸਾਉਣ ਲਈ ਵੀ ਮਜਬੂਰ ਕੀਤਾ ਗਿਆ ਸੀ। 1946 ਵਿਚ ਕਰੀਬ 4,000 ਜਾਪਾਨੀ-ਕੈਨੇਡੀਅਨਜ਼ ਨੂੰ ਜਬਰਨ ਜਾਪਾਨ ਵਾਪਸ ਭੇਜ ਦਿੱਤਾ ਗਿਆ ਸੀ।
ਸਤੰਬਰ 1988 ਵਿਚ ਕੈਨੇਡਾ ਸਰਕਾਰ ਨੇ ਅਧਿਕਾਰਕ ਤੌਰ ‘ਤੇ ਇਸ ਵਰਤਾਰੇ ਲਈ ਸਮੁੁੱਚੇ ਜਾਪਾਨੀ-ਕੈਨੇਡੀਅਨ ਭਾਈਚਾਰੇ ਤੋਂ ਹਾਊਸ ਔਫ਼ ਕੌਮਨਜ਼ ਵਿਚ ਮੁਆਫ਼ੀ ਮੰਗੀ ਸੀ।
ਇਹ ਵੀ ਪੜ੍ਹੋ :
- ਵੈਨਕੂਵਰ ਦੇ ਕਾਮਾਗਾਟਾਮਾਰੂ ਮੈਮੋਰੀਅਲ ‘ਤੇ ਪੇਂਟ ਨਾਲ ਛੇੜਛਾੜ ਕਰਨ ਵਾਲਾ ਸ਼ੱਕੀ ਗ੍ਰਿਫ਼ਤਾਰ
- ਟੋਰੌਂਟੋ ਵਿਚ ਏਸ਼ੀਅਨ ਲੋਕਾਂ ਖ਼ਿਲਾਫ਼ ਨਫ਼ਰਤੀ ਅਪਰਾਧਾਂ ਵਿਚ ਵਾਧਾ : ਪੁਲਿਸ ਰਿਪੋਰਟ
- ਕੋਵਿਡ ਮਹਾਂਮਾਰੀ ਦੇ ਪਹਿਲੇ ਸਾਲ ਬੀਸੀ ਵਿਚ ਨਫ਼ਰਤੀ ਅਪਰਾਧਾਂ ਦੀ ਦਰ ਸਭ ਤੋਂ ਵੱਧ ਰਹੀ
ਏਸ਼ੀਅਨ ਹੈਰੀਟੇਜ ਮੰਥ 2022 ਦੀ ਥੀਮ, ਮਹਾਨਤਾ ਦੀ ਵਿਰਾਸਤ ਨੂੰ ਜਾਰੀ ਰੱਖਣਾ
(Continuing a legacy of greatness) ਹੈ। ਇਹ ਮਹੀਨਾ ਸਾਰੇ ਕੈਨੇਡੀਅਨਜ਼ ਲਈ ਏਸ਼ੀਅਨ-ਵਿਰੋਧੀ ਨਸਲਵਾਦ ਅਤੇ ਹਰ ਕਿਸਮ ਦੇ ਵਿਤਕਰੇ ਦਾ ਮੁਕਾਬਲਾ ਕਰਨ ਲਈ ਇਕੱਠੇ ਹੋਣ ਦੀ ਯਾਦ ਦਿਵਾਉਂਦਾ ਹੈ।