1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਇੱਕ ਚੌਥਾਈ ਕੈਨੇਡੀਅਨ ਲੋਕ ਔਨਲਾਈਨ ‘ਕਾਂਸਪੀਰੇਸੀ ਥਿਊਰੀਜ਼’ ਵਿਚ ਯਕੀਨ ਕਰਦੇ ਹਨ : ਮਾਹਰ

‘ਸੱਜੇ-ਪੱਖੀ ਕੱਟੜਵਾਦ ਵਿਕਸਿਤ ਹੋਇਆ ਹੈ’

12 ਸਤੰਬਰ 2021 ਨੂੰ ਕੈਲਗਰੀ ਡਾਊਨਟਾਊਨ ਵਿਚ ਕੋਵਿਡ ਵੈਕਸੀਨਾਂ ਦੇ ਵਿਰੋਧ ਵਿਚ ਕਰੀਬ 2,000 ਲੋਕਾਂ ਨੇ ਮੁਜ਼ਾਹਰੇ ਕੀਤੇ ਸਨ।

12 ਸਤੰਬਰ 2021 ਨੂੰ ਕੈਲਗਰੀ ਡਾਊਨਟਾਊਨ ਵਿਚ ਕੋਵਿਡ ਵੈਕਸੀਨਾਂ ਦੇ ਵਿਰੋਧ ਵਿਚ ਕਰੀਬ 2,000 ਲੋਕਾਂ ਨੇ ਮੁਜ਼ਾਹਰੇ ਕੀਤੇ ਸਨ।

ਤਸਵੀਰ: (Brooks DeCillia/CBC)

RCI

ਕੱਟੜਵਾਦ ਅਤੇ ਅੱਤਵਾਦ ਦੇ ਵਿਸ਼ੇ ਦੇ ਇੱਕ ਮਾਹਰ ਨੇ ਵੀਰਵਾਰ ਨੂੰ ਪਾਰਲੀਮੈਂਟਰੀ ਕਮੇਟੀ ਨੂੰ ਦੱਸਿਆ ਕਿ ਇੱਕ ਚੌਥਾਈ ਕੈਨੇਡੀਅਨ ਲੋਕ ਔਨਲਾਈਨ ਕਾਂਸਪੀਰੇਸੀ ਥਿਊਰੀਆਂ ਵਿਚ ਯਕੀਨ ਕਰਦੇ ਹਨ।

ਸ਼ੈਰਬਰੂਕ ਯੂਨੀਵਰਸਿਟੀ ਦੇ ਪ੍ਰੋਫ਼ੈਸਰ, ਡੇਵਿਡ ਮੋਰਿਨ ਨੇ ਕਿਹਾ ਕਿ ਉਹਨਾਂ ਵੱਲੋਂ ਕਿਊਬੈਕ ਸਰਕਾਰ ਲਈ ਤਿਆਰ ਕੀਤੀ ਜਾ ਰਹੀ ਇੱਕ ਰਿਪੋਰਟ ਲਈ ਕਰਵਾਏ ਗਏ ਇੱਕ ਪੋਲ ਵਿਚ ਸਾਹਮਣੇ ਆਇਆ, ਕਿ 9 ਤੋਂ 10 ਫ਼ੀਸਦੀ ਕੈਨੇਡੀਅਨਜ਼ ਕਾਂਸਪੀਰੇਸੀ ਥਿਊਰੀਾਆਂ ਵਿਚ ਪੱਕਾ ਵਿਸ਼ਵਾਸ ਰੱਖਦੇ ਹਨ ਅਤੇ 15 ਫ਼ੀਸਦੀ ਲੋਕਾਂ ਦਾ ਮੱਧਮ ਜਿਹਾ ਵਿਸ਼ਵਾਸ ਹੈ।

ਮੋਰਿਨ ਨੇ ਰਾਸ਼ਟਰੀ ਸੁਰੱਖਿਆ ਕਮੇਟੀ ਨੂੰ ਦੱਸਿਆ ਕਿ ਕਾਂਸਪੀਰੇਸੀ ਥਿਊਰੀਆਂ ਵਿਚ ਯਕੀਨ ਕਰਨ ਵਾਲੇ - ਸਾਰੇ ਨਹੀਂ ਪਰ ਕੁਝ ਲੋਕ - ਹਿੰਸਾ ਪ੍ਰਤੀ ਵੀ ਹਮਦਰਦੀ ਰੱਖਦੇ ਹਨ।

ਇਹ ਔਨਲਾਈਨ ਪੋਲ ਲੈਜਰ ਦੁਆਰਾ 19 ਮਈ ਤੋਂ 6 ਜੂਨ 2021 ਦੌਰਾਨ ਕਰਵਾਇਆ ਗਿਆ ਸੀ ਜਿਸ ਵਿਚ 14 ਸਾਲ ਤੋ ਵੱਧ ਉਮਰ ਦੇ 4500 ਲੋਕਾਂ ਨੇ ਸ਼ਮੂਲੀਅਤ ਕੀਤੀ ਸੀ। 

ਪੋਲ ਵਿਚ 33 ਸਵਾਲ ਪੁੱਛੇ ਗਏ ਸਨ ਜਿਹਨਾਂ ਵਿਚ ਮਹਾਂਮਾਰੀ ਨਾਲ ਸਬੰਧਤ ਕਾਂਸਪੀਰੇਸੀ ਥਿਊਰੀਆਂ ਨਾਲ ਮੁਤੱਲਕ ਸਵਾਲ ਵੀ ਸ਼ਾਮਲ ਸਨ।

ਇਹ ਰਿਪੋਰਟ ਆਉਂਦੇ ਕੁਝ ਹਫ਼ਤਿਆਂ ਵਿਚ ਕਿਊਬੈਕ ਸਰਕਾਰ ਨੂੰ ਪੇਸ਼ ਕੀਤੀ ਜਾਵੇਗੀ।

ਮੋਰਿਨ ਨੇ ਕਮੇਟੀ ਕੋਲ ਅਜਿਹੇ ਸਮੇਂ ਵਿਚ ਬਿਆਨ ਦਿੱਤਾ ਹੈ ਜਦੋਂ ਕਮੇਟੀ ਕੈਨੇਡਾ ਵਿਚ ਵਿਚਾਰਧਾਰਾ ਅਧਾਰਤ ਹਿੰਸਕ ਇੰਤਹਾਪਸੰਦੀ (IMVE) ਦਾ ਅਧੀਐਨ ਕਰ ਰਹੀ ਹੈ। 

ਨੁਕਸਾਨਦੇਹ ਔਨਲਾਈਨ ਸਮੱਗਰੀ ਨਾਲ ਨਜਿੱਠਣ ਦੇ ਨਿਯਮਾਂ ਬਾਬਤ ਪਿਛਲੇ ਮਹੀਨੇ ਫ਼ੈਡਰਲ ਸਰਕਾਰ ਦੇ ਐਡਵਾਈਜ਼ਰੀ ਗਰੁੱਪ ਵਿਚ ਮੋਰਿਨ ਨੂੰ ਸ਼ਾਮਲ ਕੀਤਾ ਗਿਆ ਸੀ। ਮੋਰਿਨ ਨੇ ਕਿਹਾ ਕਿ ਵਿਚਾਰਧਾਰਾ ਅਧਾਰਤ ਹਿੰਸਕ ਇੰਤਹਾਪਸੰਦੀ (IMVE) ਇੱਕ ਗੁੰਝਲਦਾਰ ਵਰਤਾਰਾ ਹੈ, ਜਿਸ ਵਿਚ ਕਈ ਕਾਰਕ ਮਿਲਦੇ ਅਤੇ ਵੱਖ ਹੁੰਦੇ ਰਹਿੰਦੇ ਹਨ। ਇਹਨਾਂ ਵਿਚ ਸੱਜੇ-ਪੱਖੀ ਇੰਤਹਾਪਸੰਦੀ, ਸਰਕਾਰ-ਵਿਰੋਧੀ ਅੰਦੋਲਨ, ਔਰਤਾਂ ਪ੍ਰਤੀ ਨਫ਼ਰਤ ਅਤੇ ਕਾਂਸਪੀਰੇਸੀ ਥਿਊਰੀਆਂ ਸ਼ਾਮਲ ਹਨ।

4 ਮਾਰਚ 2017 ਨੂੰ ਮੌਂਟਰੀਅਲ ਵਿਚ ਇੱਕ ਮੁਜ਼ਾਹਰੇ ਦੌਰਾਨ ਕੱਟੜ ਸੱਜੇ-ਪੱਖੀ ਪ੍ਰਦਸ਼ਨਕਾਰੀਆਂ ਨੂੰ ਰੋਕਦੀ ਪੁਲਿਸ।

4 ਮਾਰਚ 2017 ਨੂੰ ਮੌਂਟਰੀਅਲ ਵਿਚ ਇੱਕ ਮੁਜ਼ਾਹਰੇ ਦੌਰਾਨ ਕੱਟੜ ਸੱਜੇ-ਪੱਖੀ ਪ੍ਰਦਸ਼ਨਕਾਰੀਆਂ ਨੂੰ ਰੋਕਦੀ ਪੁਲਿਸ।

ਤਸਵੀਰ: (Graham Hughes/Canadian Press)

ਮੋਰਿਨ ਨੇ ਕਿਹਾ ਕਿ ਪੱਛਮੀ ਦੇਸ਼ਾਂ ਵਿੱਚ ਪਿਛਲੇ ਪੰਜ ਸਾਲਾਂ ਵਿੱਚ ਹਿੰਸਕ ਪ੍ਰਦਰਸ਼ਨਾਂ ਵਿੱਚ 250 ਫੀਸਦੀ ਵਾਧਾ ਹੋਇਆ ਹੈ। ਕੈਨੇਡਾ ਵਿੱਚ 2020 ਵਿੱਚ ਨਫ਼ਰਤੀ ਅਪਰਾਧਾਂ ਵਿੱਚ 25 ਫੀਸਦੀ ਵਾਧਾ ਹੋਇਆ ਹੈ।

ਸੱਜੇ-ਪੱਖੀ ਕੱਟੜਵਾਦ ਦੀ ਬਦਲਦੀ ਫ਼ਿਤਰਤ

ਮੋਰਿਨ ਨੇ ਕਿਹਾ ਕਿ ਧਰੁਵੀਕਰਨ ਵਿੱਚ ਵਾਧੇ ਦੇ ਕਈ ਕਾਰਨ ਹਨ : ਸੰਸਥਾਵਾਂ ਵਿੱਚ ਯਕੀਨ ਦੀ ਕਮੀ ਅਤੇ ਸੋਸ਼ਲ ਮੀਡੀਆ ਅਤੇ ਵਿਕਲਪਕ ਮੀਡੀਆ ਦੇ ਪ੍ਰਭਾਵ ਅਤੇ ਨਾਲ ਹੀ ਲੋਕਲ ਅਤੇ ਗਲੋਬਲ ਪ੍ਰਸੰਗ ਜਿਵੇਂ ਕਿ ਮਹਾਂਮਾਰੀ, ਆਰਥਿਕ ਸੰਕਟ, ਪਰਵਾਸੀ ਸੰਕਟ ਅਤੇ ਜਲਵਾਯੂ ਤਬਦੀਲੀ।

ਮੋਰਿਨ ਨੇ ਕਿਹਾ ਕਿ ਸਮੇਂ ਦੇ ਨਾਲ ਸੱਜੇ-ਪੱਖੀ ਕੱਟੜਵਾਦ ਦਾ ਸੁਭਾਅ ਵੀ ਬਦਲ ਗਿਆ ਹੈ। ਉਹਨਾਂ ਅੱਗੇ ਕਿਹਾ ਕਿ ਦਹਾਕਿਆਂ ਪਹਿਲਾਂ, ਸੱਜੇ-ਪੱਖੀ ਕੱਟੜਪੰਥੀ ਨਵ-ਨਾਜ਼ੀ ਹੋ ਸਕਦੇ ਸਨ।

ਮੋਰਿਨ ਨੇ ਕਿਹਾ, ਕੱਟੜ ਸੱਜੇ-ਪੱਖ ਵਿਚ ਵਿਕਾਸ ਹੋਇਆ ਹੈ। ਕੱਟੜ ਸੱਜੇ-ਪੱਖੀ ਹੁਣ ਸੂਟ ਅਤੇ ਟਾਈਆਂ ਵਾਲੇ ਲੋਕ ਵੀ ਹੋ ਸਕਦੇ ਹਨ

ਉਹਨਾਂ ਕਿਹ ਕਿ ਸੱਜੇ-ਪੱਖੀ ਕੱਟੜਵਾਦ ਨੇ ਵੀ ਇੱਕ ਲੋਕਪ੍ਰਿਅ ਸੁਰ ਅਪਣਾਇਆ ਹੈ ਅਤੇ ਉਹ ਆਪਣੇ ਆਪ ਨੂੰ ਕੁਲੀਨ ਵਰਗਾਂ ਤੋਂ ਆਮ ਲੋਕਾਂ ਦੀ ਰੱਖਿਆ ਕਰਨ ਵਾਲੀ ਇੱਕ ਲਹਿਰ ਵਜੋਂ ਪੇਸ਼ ਕਰਦਾ ਹੈ।

ਮੋਰਿਨ ਨੇ ਕਿਹਾ ਕਿ ਵਿਚਾਰਧਾਰਾ ਅਧਾਰਤ ਹਿੰਸਕ ਇੰਤਹਾਪਸੰਦੀ ਦੇ ਜੋਖਮ ਨੂੰ ਘੱਟ ਸਮਝਣਾ ਜਾਂ ਕੈਨੇਡੀਅਨ ਲੋਕਤੰਤਰ ਦੀ ਸਿਹਤ ਨੂੰ ਗੰਭੀਰਤਾ ਨਾਲ ਨਾ ਲੈਣਾ ਗ਼ਲਤੀ ਹੋਵੇਗੀ।

ਕੁਝ ਵੀ ਨਾ ਕਰਨਾ ਹੁਣ ਵਿਕਲਪ ਨਹੀਂ ਹੈ। ਕੀ ਕੀਤਾ ਜਾਵੇ ਇਹ ਇੱਕ ਹੋਰ ਸਮੱਸਿਆ ਹੈ। ਇਤਿਹਾਸ ਸਾਨੂੰ ਦੱਸਦਾ ਹੈ ਕਿ ਲੋਕਤੰਤਰੀ ਸ਼ਾਸਨਾਂ ਨੂੰ ਘੱਟ-ਗਿਣਤੀਆਂ ਨੇ ਨਹੀਂ ਸਗੋਂ ਬਹੁ-ਗਿਣਤੀਆਂ ਨੇ ਪਲਟਾਇਆ ਹੈ

ਮੋਰਿਨ ਨੇ ਇੰਤਹਾਪਸੰਦੀ ਦੇ ਜੋਖਮ ਨੂੰ ਸਿਆਸੀ ਫ਼ਾਇਦੇ ਦਾ ਜ਼ਰੀਆ ਬਣਾਉਣ ਅਤੇ ਅਜਿਹੀ ਵਿਚਾਰਧਾਰਾ ਦੀ ਹਿਮਾਇਤ ਕਰਨ ਵਾਲੇ ਸਿਆਸਤਦਾਨਾਂ ਨੂੰ ਵੀ ਆਗਾਹ ਕੀਤਾ ਹੈ।

ਉਹਨਾਂ ਕਿਹਾ, ਇਹ ਉਸ ਤਰ੍ਹਾਂ ਦੀ ਗੱਲ ਹੈ ਜਿਵੇਂ ਡਾਈਨਾਮਾਈਟ ਦੇ ਵੇਅਰਹਾਊਸ ਵਿਚ ਤੁਸੀਂ ਮਾਚਿਸ ਲੈਕੇ ਤੁਰ ਰਹੇ ਹੋਵੋ

ਇੰਟੈਲੀਜੈਂਸ ਏਜੰਸੀਆਂ ਦੀ ਭੂਮਿਕਾ

ਮੋਰਿਨ ਨੇ ਕਿਹਾ ਕਿ ਗ਼ਲਤ ਅਤੇ ਝੂਠੀ ਜਾਣਕਾਰੀ ਵੱਡੀਆਂ ਸਮੱਸਿਆਵਾਂ ਹਨ ਅਤੇ ਦੇਸ਼ ਸੋਸ਼ਲ ਮੀਡੀਆ ਰਾਹੀਂ ਆਪਣੇ ਦੁਸ਼ਮਨ ਦੇਸ਼ਾਂ ਦੇ ਸਮਾਜ ਵਿਚ ਪਹਿਲਾਂ ਤੋਂ ਹੀ ਮੌਜੂਦ ਪਾੜਿਆਂ ਨੂੰ ਹੋਰ ਗਹਿਰਾ ਕਰਨ ਲਈ ਦਖ਼ਲਅੰਦਾਜ਼ੀ ਕਰ ਰਹੇ ਹਨ।

ਉਹਨਾਂ ਕਿਹਾ ਕਿ ਭਾਵੇਂ ਚੋਣਾਂ ਦੌਰਾਨ ਸੰਭਾਵਿਤ ਵਿਦੇਸ਼ੀ ਦਖ਼ਲ ‘ਤੇ ਨਜ਼ਰ ਰੱਖੀ ਜਾਂਦੀ ਹੈ, ਪਰ ਇਸ ਚੌਕਸੀ ਦਾ ਦਾਇਰਾ ਵਧਾਇਆ ਜਾਣਾ ਚਾਹੀਦਾ ਹੈ ਅਤੇ ਕੈਨੇਡੀਅਨਜ਼ ਨੂੰ ਸਿੱਖਿਅਤ ਕਰਨ ਦੀ ਵੀ ਜ਼ਰੂਰਤ ਹੈ।

ਮੋਰਿਨ ਨੇ ਕੈਨੇਡੀਅਨ ਇੰਟੈਲੀਜੈਂਸ ਨੂੰ ਕੱਟੜ ਸੱਜੇ-ਪੱਖੀ ਸਮੂਹਾਂ ਦੀ ਪਕੜ ਕਰਨ ਲਈ ਪੁਨਰ-ਨਿਵੇਸ਼ ਕਰਨ ਦੀ ਸਿਫ਼ਾਰਿਸ਼ ਕੀਤੀ ਹੈ।

ਸਾਈਮਨ ਫ਼ਰੇਜ਼ਰ ਯੂਨੀਵਰਸਿਟੀ ਦੀ ਇੱਕ ਪੋਸਟ-ਡੌਕਟਰੇਟ ਫ਼ੈਲੋ, ਕਾਰਮਨ ਸਿਲੈਸਟਿਨੀ ਨੇ ਕਮੇਟੀ ਨੂੰ ਦੱਸਿਆ ਕਿ ਕਾਂਸਪੀਰੇਸੀ ਥਿਊਰੀਆਂ ਸਮਾਜਿਕ ਰਾਜਨੀਤਕ ਅੰਦੋਲਨਾਂ ਅਤੇ ਕੱਟੜਵਾਦ ਦੇ ਪਸਾਰ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ।

ਉਹਨਾਂ ਕਿਹਾ, QAnon ਇੱਕ ਔਨਲਾਈਨ ਦੁਨੀਆ ਤੋਂ ਅਸਲ ਦੁਨੀਆ ਵਿਚ ਹਿੰਸਾ ਦਾ ਕਾਰਨ ਬਣਿਆ ਹੈ, ਅਤੇ ਮੌਜੂਦਾ ਸਮੇਂ ਵਿਚ ਇਹ ਇੱਕ ਗਲੋਬਲ ਵਰਤਾਰਾ ਹੈ

QAnon ਅਮਰੀਕਾ ਤੋਂ ਸ਼ੁਰੂ ਹੋਈ ਇੱਕ ਸਿਆਸੀ ਕਾਂਸਪੀਰੇਸੀ ਥਿਊਰੀ ‘ਤੇ ਅਧਾਰਤ ਕੱਟੜ ਸੱਜੇ-ਪੱਖੀ ਵਿਚਾਰਧਾਰਾ ਹੈ।

ਕਾਰਮਨ ਨੇ ਕਿਹਾ ਕਿ ਇਹ ਕਾਂਸਪੀਰੇਸੀ ਮੁੱਖ ਤੌਰ ‘ਤੇ ਸੋਸ਼ਲ ਮੀਡੀਆ ਰਾਹੀਂ ਫੈਲੀ ਹੈ ਅਤੇ ਇਸਨੂੰ ਮੰਨਣ ਵਾਲੇ ਕਿਸੇ ਇੱਕ ਭੂਗੋਲਿਕ ਖ਼ਿੱਤੇ ਤੱਕ ਸੀਮਤ ਨਹੀਂ ਸਗੋ ਦੁਨੀਆ ਭਰ ਵਿਚ ਮੌਜੂਦ ਹਨ ਜਿਸ ਵਿਚ ਕੈਨੇਡਾ ਵੀ ਸ਼ਾਮਲ ਹੈ।

ਐਲੀਜ਼ਾਬੈਥ ਥੌਮਪਸਨ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ