1. ਮੁੱਖ ਪੰਨਾ
  2. ਸਿਹਤ
  3. ਐਲ.ਜੀ.ਬੀ.ਟੀ.ਕਿਊ.+ (LGBTQ+) ਭਾਈਚਾਰਾ

ਕੈਨੇਡੀਅਨ ਬਲੱਡ ਸਰਵਿਸੇਜ਼ ਸਮਲਿੰਗੀ ਮਰਦਾਂ ਦੇ ਖ਼ੂਨਦਾਨ ‘ਤੇ ਲੱਗੀ ਪਾਬੰਦੀ ਖ਼ਤਮ ਕਰੇਗਾ

ਹੈਲਥ ਕੈਨੇਡਾ ਨੇ ਪਾਬੰਦੀ ਹਟਾਉਣ ਦੀ ਅਰਜ਼ੀ ਪ੍ਰਵਾਨ ਕੀਤੀ

ਕੈਨੇਡੀਅਨ ਬਲੱਡ ਸਰਵਿਸੇਜ਼

30 ਸਤੰਬਰ ਤੋਂ ਬਾਅਦ, ਕੈਨੇਡੀਅਨ ਬਲੱਡ ਸਰਵਿਸੇਜ਼ ਵੱਲੋਂ ਡੋਨਰਾਂ ਨੂੰ ਸਵਾਲ ਪੁੱਛਿਆ ਜਾਵੇਗਾ ਕਿ ਉਹਨਾਂ ਨੇ ਬੀਤੇ ਤਿੰਨ ਮਹੀਨਿਆਂ ਵਿਚ ਇੱਕ ਜਾਂ ਇੱਕ ਤੋਂ ਵੱਧ ਵਿਅਕਤੀਆਂ ਨਾਲ ਜਿਨਸੀ ਸਬੰਧ ਬਣਾਏ ਹਨ ਜਾਂ ਨਹੀਂ, ਭਾਵੇਂ ਉਹਨਾਂ ਦਾ ਲਿੰਗ ਜਾਂ ਜਿਨਸੀ ਝੁਕਾਅ ਕੋਈ ਵੀ ਹੋਵੇ।

ਤਸਵੀਰ: (Canadian Blood Services)

RCI

ਕੈਨੇਡੀਅਨ ਬਲੱਡ ਸਰਵਿਸੇਜ਼ ਅਨੁਸਾਰ ਹੈਲਥ ਕੈਨੇਡਾ ਨੇ ਸਮਲਿੰਗੀ ਮਰਦਾਂ ਦੇ ਖ਼ੂਨਦਾਨ ਕਰਨ ‘ਤੇ ਲੱਗੀ ਪਾਬੰਦੀ ਨੂੰ ਖ਼ਤਮ ਕਰਨ ਦੀ ਅਰਜ਼ੀ ਪ੍ਰਵਾਨ ਕਰ ਦਿੱਤੀ ਹੈ। ਇਸ ਪ੍ਰਵਾਨਗੀ ਨਾਲ ਲੰਘੇ ਤਿੰਨ ਮਹੀਨਿਆਂ ਦੌਰਾਨ ਕਿਸੇ ਮਰਦ ਨਾਲ ਜਿਸਮਾਨੀ ਸਬੰਧ ਬਣਾਉਣ ਵਾਲੇ ਮਰਦ ਉੱਪਰ ਖ਼ੂਨਦਾਨ ਕਰਨ ‘ਤੇ ਬੰਦਿਸ਼ ਲਗਾਉਣ ਵਾਲੀ ਨੀਤੀ ਸਮਾਪਤ ਹੋ ਰਹੀ ਹੈ।

ਕੈਨੇਡੀਅਨ ਬਲੱਡ ਸਰਵਿਸੇਜ਼ ਨੇ ਹੈਲਥ ਕੈਨੇਡਾ ਨੂੰ ਮੰਗ ਕੀਤੀ ਸੀ ਕਿ ਡੋਨਰਾਂ ਦੇ ਲਿੰਗ ਅਤੇ ਜਿਨਸੀ ਝੁਕਾਅ ਬਾਰੇ ਸਵਾਲਾਂ ਦੀ ਬਜਾਏ, ਸਕ੍ਰੀਨਿੰਗ ਪ੍ਰਕਿਰਿਆ ਜਿਨਸੀ ਵਿਵਹਾਰ, ਜਿਵੇਂ ਕਿ ਏਨਲ ਸੈਕਸ ਵਰਗੇ ਵੱਧ ਜੋਖਮ ਜਿਨਸੀ ਵਿਵਹਾਰ, ‘ਤੇ ਅਧਾਰਤ ਹੋਣੀ ਚਾਹੀਦੀ ਹੈ।

ਏਜੰਸੀ ਮੁਤਾਬਕ, 30 ਸਤੰਬਰ ਤੋਂ ਬਾਅਦ, ਸੰਭਾਵਿਤ ਡੋਨਰਾਂ ਨੂੰ ਸਵਾਲ ਪੁੱਛਿਆ ਜਾਵੇਗਾ ਕਿ ਉਹਨਾਂ ਨੇ ਬੀਤੇ ਤਿੰਨ ਮਹੀਨਿਆਂ ਵਿਚ ਇੱਕ ਜਾਂ ਇੱਕ ਤੋਂ ਵੱਧ ਵਿਅਕਤੀਆਂ ਨਾਲ ਜਿਨਸੀ ਸਬੰਧ ਬਣਾਏ ਹਨ ਜਾਂ ਨਹੀਂ, ਭਾਵੇਂ ਉਹਨਾਂ ਦਾ ਲਿੰਗ ਜਾਂ ਜਿਨਸੀ ਝੁਕਾਅ ਕੋਈ ਵੀ ਹੋਵੇ।

ਇਸ ਤੋਂ ਬਾਅਦ ਉਹਨਾਂ ਨੂੰ ਆਪਣੇ ਪਾਰਟਨਰ ਨਾਲ ਏਨਲ ਸੈਕਸ ਕੀਤੇ ਹੋਣ ਬਾਰੇ ਸਵਾਲ ਪੁੱਛਿਆ ਜਾਵੇਗਾ, ਅਤੇ ਇਸਦਾ ਜਵਾਬ ਹਾਂ ਵਿਚ ਦੇਣ ਵਾਲਿਆਂ ਨੂੰ ਖ਼ੂਨਦਾਨ ਕਰਨ ਤੋਂ ਪਹਿਲਾਂ ਤਿੰਨ ਮਹੀਨਿਆਂ ਦੀ ਉਡੀਕ ਕਰਨ ਦੀ ਜ਼ਰੂਰਤ ਹੋਵੇਗੀ।

ਏਜੰਸੀ ਦਾ ਕਹਿਣਾ ਹੈ ਕਿ ਜਿਨਸੀ ਝੁਕਾਅ ਦੀ ਬਜਾਏ, ਜਿਨਸੀ ਵਿਵਹਾਰ ਬਾਰੇ ਸਵਾਲ ਪੁੱਛੇ ਜਾਣ ਨਾਲ, ਐਚਆਈਵੀ (HIV) ਵਰਗੀ ਬਿਮਾਰੀ ਫ਼ੈਲਣ ਦੇ ਜੋਖਮ ਦੀ ਜ਼ਿਆਦਾ ਭਰੋਸੇਮੰਦ ਤਰੀਕੇ ਨਾਲ ਸਮੀਖਿਆ ਕੀਤੀ ਜਾ ਸਕੇਗੀ।

ਪਿਛਲੇ ਸਾਲ ਅਕਤੂਬਰ ਵਿਚ ਪਹਿਲੀ ਵਾਰੀ ਕੈਨੇਡੀਅਨ ਬਲੱਡ ਸਰਵਿਸੇਜ਼ ਵੱਲੋਂ ਕੈਲਗਰੀ ਅਤੇ ਲੰਡਨ ਚ ਕੁਝ ਸਮਲਿੰਗੀ ਮਰਦਾਂ ਨੂੰ ਪਲਾਜ਼ਮਾ ਦਾਨ ਦੀ ਇਜਾਜ਼ਤ ਦਿੱਤੀ ਗਈ ਸੀ।

ਪਿਛਲੇ ਸਾਲ ਅਕਤੂਬਰ ਵਿਚ ਪਹਿਲੀ ਵਾਰੀ ਕੈਨੇਡੀਅਨ ਬਲੱਡ ਸਰਵਿਸੇਜ਼ ਵੱਲੋਂ ਕੈਲਗਰੀ ਅਤੇ ਲੰਡਨ ਚ ਕੁਝ ਸਮਲਿੰਗੀ ਮਰਦਾਂ ਨੂੰ ਪਲਾਜ਼ਮਾ ਦਾਨ ਦੀ ਇਜਾਜ਼ਤ ਦਿੱਤੀ ਗਈ ਸੀ।

ਖ਼ੂਨ ਵਿਚੋਂ ਬਲੱਡ ਸੈੱਲ ਕੱਢੇ ਜਾਣ ਤੋਂ ਬਾਅਦ ਬਚੇ ਹਲਕੇ ਪੀਲੇ ਰੰਗ ਦੇ ਤਰਲ ਨੂੰ ਪਲਾਜ਼ਮਾ ਕਹਿੰਦੇ ਹਨ। ਪਲਾਜ਼ਮਾ ਵਿਚ ਪੌਸ਼ਟਿਕ ਤੱਥ ਅਤੇ ਐਨਟੀਬੌਡੀਜ਼ ਵਰਗੇ ਅਣੂ ਹੁੰਦੇ ਹਨ ਅਤੇ ਪਲਾਜ਼ਮਾ ਦਾਨ ਖ਼ੂਨਦਾਨ ਨਾਲੋਂ ਜਲਦੀ ਵਕਫ਼ੇ ਵਿਚ ਕੀਤਾ ਜਾ ਸਕਦਾ ਹੈ।

ਦੇਖੋ। ਕੰਜ਼ਰਵੇਟਿਵ ਐਮਪੀ ਵੱਲੋਂ ਖ਼ੂਨਦਾਨ ਬੈਨ ਹਟਾਉਣ ਦੀ ਮੰਗ :

ਕੰਜ਼ਰਵੇਟਿਵ ਐਮਪੀ ਐਰਿਕ ਡੰਕਨ ਨੇ ਲਿਬਰਲ ਸਰਕਾਰ ਤੋਂ ਸਮਲਿੰਗੀ ਮਰਦਾਂ ਦੇ ਖ਼ੂਨਦਾਨ ਕਰਨ 'ਤੇ ਲੱਗੀ ਪਾਬੰਦੀ ਹਟਾਉਣ ਦੀ ਮੰਗ ਕਰਨ ਲਈ ਇੱਕ ਪ੍ਰਾਈਵੇਟ ਮੈਂਬਰ ਬਿਲ ਵੀ ਪੇਸ਼ ਕੀਤਾ ਸੀ।

ਕੈਨੇਡਾ ਨੇ 1992 ਵਿਚ ਗੇਅ ਮਰਦਾਂ (ਸਮਲਿੰਗੀ) ਵੱਲੋਂ ਖ਼ੂਨਦਾਨ ਕਰਨ 'ਤੇ ਜੀਵਨ ਭਰ ਦਾ ਬੈਨ ਲਗਾ ਦਿੱਤਾ ਸੀ। 2013 ਵਿਚ, ਉਹਨਾਂ ਮਰਦਾਂ ਨੂੰ ਖ਼ੂਨਦਾਨ ਦੀ ਇਜਾਜ਼ਤ ਮਿਲ ਗਈ ਸੀ ਜਿਹਨਾਂ ਨੂੰ ਕਿਸੇ ਹੋਰ ਮਰਦ ਨਾਲ ਜਿਨਸੀ ਸਬੰਧ ਬਣਾਏ ਨੂੰ ਘੱਟੋ ਘੱਟ ਪੰਜ ਸਾਲ ਹੋ ਗਏ ਹੋਣ। ਉਸਤੋਂ ਬਾਅਦ ਇਸ ਮਿਆਦ ਨੂੰ ਇੱਕ ਸਾਲ ਕਰ ਦਿੱਤਾ ਗਿਆ ਸੀ ਅਤੇ 2019 ਵਿਚ ਇਹ ਤਿੰਨ ਮਹੀਨੇ ਦੀ ਰਹਿ ਗਈ ਸੀ।

ਕੈਨੇਡੀਅਨ ਬਲੱਡ ਸਰਵਿਸੇਜ਼ ਦਾ ਕਹਿਣਾ ਹੈ ਕਿ ਨਵੀਂ ਤਬਦੀਲੀ ਪਿਛਲੇ ਲੰਬੇ ਸਮੇਂ ਤੋਂ ਐਲ.ਜੀ.ਬੀ.ਟੀ.ਕਿਊ. ਭਾਈਚਾਰੇ ਅਤੇ ਸਮਲਿੰਗੀ ਹੱਕਾਂ ਦੇ ਪੈਰੋਕਾਰਾਂ ਦੀ ਅਣਥੱਕ ਮਿਹਨਤ ਤੋਂ ਬਾਅਦ ਲਿਆਂਦੀ ਗਈ ਹੈ।

ਦ ਕੈਨੇਡੀਅਨ ਪ੍ਰੈੱਸ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ