1. ਮੁੱਖ ਪੰਨਾ
  2. ਸਮਾਜ
  3. ਨਫ਼ਰਤ ਅਧਾਰਤ ਅਪਰਾਧ

ਟੋਰੌਂਟੋ ਵਿਚ ਏਸ਼ੀਅਨ ਲੋਕਾਂ ਖ਼ਿਲਾਫ਼ ਨਫ਼ਰਤੀ ਅਪਰਾਧਾਂ ਵਿਚ ਵਾਧਾ : ਪੁਲਿਸ ਰਿਪੋਰਟ

ਅਗਲੇ ਹਫ਼ਤੇ ਟੋਰੌਂਟੋ ਪੁਲਿਸ ਸਰਵਿਸ ਬੋਰਡ ਵਿਚ ਰਿਪੋਰਟ ਪੇਸ਼ ਕੀਤੀ ਜਾਵੇਗੀ

ਪਿਛਲੇ ਸਾਲ ਮਾਰਚ ਵਿਚ ਅਟਲਾਂਟਾ ਵਿਚ ਵਾਪਰੀ ਸਮੂਹਿਕ ਗੋਲੀਬਾਰੀ ਤੋ ਬਾਅਦ ਐਂਟੀ-ਏਸ਼ੀਅਨ ਨਸਲਵਾਦ ਖ਼ਿਲਾਫ਼ ਹੁੰਦੀ ਰੈਲੀ ਦੀ ਤਸਵੀਰ।

ਪਿਛਲੇ ਸਾਲ ਮਾਰਚ ਵਿਚ ਅਟਲਾਂਟਾ ਵਿਚ ਵਾਪਰੀ ਸਮੂਹਿਕ ਗੋਲੀਬਾਰੀ ਤੋ ਬਾਅਦ ਐਂਟੀ-ਏਸ਼ੀਅਨ ਨਸਲਵਾਦ ਖ਼ਿਲਾਫ਼ ਹੁੰਦੀ ਰੈਲੀ ਦੀ ਤਸਵੀਰ।

ਤਸਵੀਰ:  (Darryl Dyck/The Canadian Press)

RCI

ਟੋਰੌਂਟੋ ਪੁਲਿਸ ਦੇ ਨਵੇਂ ਅੰਕੜੇ ਦਰਸਾਉਂਦੇ ਹਨ ਕਿ ਕੋਵਿਡ ਮਹਾਾਂਮਾਰੀ ਦੇ ਦੋ ਸਾਲ ਬਾਅਦ ਵੀ ਏਸ਼ੀਆਈ ਲੋਕਾਂ ਖ਼ਿਲਾਫ਼ ਨਫ਼ਰਤੀ ਅਪਰਾਧਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ।

ਟੋਰੌਂਟੋ ਪੁਲਿਸ ਵੱਲੋਂ ਜਾਰੀ ਇੱਕ ਰਿਪੋਰਟ ਅਨੁਸਾਰ ਸਾਲ 2021 ਵਿਚ ਵੀ ਏਸ਼ੀਅਨ, ਬਲੈਕ, ਯਹੂਦੀ ਅਤੇ ਮੁਸਲਿਮ ਭਾਈਚਾਰਿਆਂ ਖ਼ਿਲਾਫ਼ ਸਰੀਰਕ ਹਮਲਿਆਂ, ਭੰਨ-ਤੋੜ ਅਤੇ ਜ਼ਬਾਨੀ ਧਮਕੀਆਂ ਦੀਆਂ ਘਟਨਾਵਾਂ ਵਿਚ ਵਾਧਾ ਹੋਇਆ ਹੈ।

2021 ਵਿਚ ਪੁਲਿਸ ਕੋਲ ਨਫ਼ਰਤ ਅਧਾਰਤ 257 ਮਾਮਲੇ ਰਿਪੋਰਟ ਕੀਤੇ ਗਏ, ਜੋਕਿ 2020 ਵਿਚ ਰਿਪੋਰਟ ਕੀਤੇ 210 ਮਾਮਲਿਆਂ ਵਿਚ 22 ਫ਼ੀਸਦੀ ਦਾ ਵਾਧਾ ਹੈ।

ਚਾਈਨੀਜ਼ ਕੈਨੇਡੀਅਨ ਨੈਸ਼ਨਲ ਕੌਂਸਲ ਫ਼ੌਰ ਸੋਸ਼ਲ ਜਸਟਿਸ ਨਾਲ ਜੁੜੇ ਰਾਇਨ ਚੈਨ ਨੇ ਕਿਹਾ ਕਿ ਪੁਲਿਸ ਦੇ ਅੰਕੜੇ ਦਰਸਾਉਂਦੇ ਹਨ ਕਿ ਇਸ ਤਰ੍ਹਾਂ ਦੇ ਸਾਰੇ ਮਾਮਲੇ ਅਜੇ ਵੀ ਪੁਲਿਸ ਕੋਲ ਰਿਪੋਰਟ ਨਹੀਂ ਕੀਤੇ ਜਾ ਰਹੇ। ਚੈਨ ਨੇ ਕਿਹਾ ਕਿ ਨਫ਼ਰਤੀ ਅਪਰਾਧਾਂ ਵਿਚ ਵਾਧਾ ਬੇਹੱਦ ਚਿੰਤਾਜਨਕ ਹੈ ਅਤੇ ਇਸ ਬਾਬਤ ਕਾਫ਼ੀ ਕੰਮ ਕੀਤਾ ਜਾਣਾ ਚਾਹੀਦਾ ਹੈ।

2020 ਦੀ ਤੁਲਨਾ ਵਿਚ 2021 ਵਿਚ ਨਫ਼ਰਤੀ ਅਪਰਾਧ ਦੇ ਵਧੇਰੇ ਮਾਮਲੇ ਰਿਪੋਰਟ ਕੀਤੇ ਗਏ।

ਪੁਲਿਸ ਦੇ ਅੰਕੜਿਆਂ ਅਨੁਸਾਰ 2020 ਦੀ ਤੁਲਨਾ ਵਿਚ 2021 ਵਿਚ ਨਫ਼ਰਤੀ ਅਪਰਾਧ ਦੇ ਵਧੇਰੇ ਮਾਮਲੇ ਰਿਪੋਰਟ ਕੀਤੇ ਗਏ।

ਤਸਵੀਰ: CBC

ਪੁਲਿਸ ਰਿਪੋਰਟ ਅਨੁਸਾਰ ਜਦੋਂ ਪੀੜਤਾਂ ਨੂੰ ਉਹਨਾਂ ਦੀ ਨਸਲ, ਸੱਭਿਆਚਾਰ ਅਤੇ ਕਦਰਾਂ-ਕੀਮਤਾਂ, ਜਾਂ ਉਹਨਾਂ ਦੇ ਪਿਛੋਕੜ ਅਤੇ ਕੌਮੀ ਮੂਲ ਕਾਰਨ ਨਿਸ਼ਾਨਾ ਬਣਾਇਆ ਜਾਂਦਾ ਹੈ ਤਾਂ ਇਸਨੂੰ ਨਫ਼ਰਤ-ਅਧਾਰਤ ਅਪਰਾਧਾਂ ਦੀ ਗਿਣਤੀ ਵਿਚ ਸ਼ਾਮਲ ਕੀਤਾ ਜਾਂਦਾ ਹੈ।

ਰਿਪੋਰਟ ਅਨੁਸਾਰ 2021 ਵਿਚ ਸਾਹਮਣੇ ਆਏ ਨਫ਼ਰਤ-ਅਧਾਰਤ ਅਪਰਾਧਾਂ ਦਾ ਮੁੱਖ ਅਧਾਰ ਧਾਰਮਿਕ ਪਛਾਣ, ਨਸਲ ਜਾਂ ਕੌਮੀ ਮੂਲ ਰਿਹਾ।

ਜ਼ਿਆਦਾਤਰ ਮਾਮਲਿਆਂ ਵਿਚ ਸੰਪਤੀ ਨੂੰ ਨੁਕਸਾਨ ਪਹੁੰਚਾਉਣਾ, ਹਮਲਾ ਕਰਨਾ ਅਤੇ ਧਮਕੀਆਂ ਦੇਣਾ ਸ਼ਾਮਲ ਸੀ। 6 ਮਈ ਨੂੰ ਉਕਤ ਰਿਪੋਰਟ ਟੋਰੌਂਟੋ ਪੁਲਿਸ ਸਰਵਿਸ ਬੋਰਡ ਸਾਹਮਣੇ ਪੇਸ਼ ਕੀਤੀ ਜਾਵੇਗੀ।

ਈਸਟ ਅਤੇ ਸਾਊਥਈਸਟ ਏਸ਼ੀਅਨ ਭਾਈਚਾਰਾ ਵਧੇਰੇ ਪ੍ਰਭਾਵਿਤ

ਨਸਲੀ ਜਾਂ ਕੌਮੀ ਮੂਲ ਦੀ ਸ਼੍ਰੇਣੀ ਵਿਚ ਈਸਟ ਅਤੇ ਸਾਊਥਈਸਟ ਏਸ਼ੀਅਨ ਭਾਈਚਾਰਾ ਸਭ ਤੋਂ ਵੱਧ ਪੀੜਤ ਗਰੁੱਪ ਰਿਹਾ। ਕੌਮੀਅਤ ਅਤੇ ਨਸਲ ਅਧਾਰਤ ਨਫ਼ਰਤੀ ਅਪਰਾਧਾਂ ਦੇ 57 ਮਾਮਲਿਆਂ ਵਿਚੋਂ 41 ਮਾਮਲੇ ਇਸੇ ਭਾਈਚਾਰੇ ਨਾਲ ਵਾਪਰੇ। 2021 ਵਿਚ ਉਕਤ ਭਾਈਚਾਰੇ ਖ਼ਿਲਾਫ਼ ਹੋਣ ਵਾਲੇ ਨਫ਼ਰਤੀ ਅਪਰਾਧਾਂ ਵਿਚ 16 ਫ਼ੀਸਦੀ ਵਾਧਾ ਦਰਜ ਹੋਇਆ।

ਰਿਪੋਰਟ ਅਨੁਸਾਰ 2021 ਵਿਚ ਕਰੋਨਾਵਾਇਰਸ ਹੈਲਥ ਸੰਕਟ ਅਤੇ ਭੂ-ਰਾਜਨੀਤਕ ਸਿਲਸਿਲੇ ਨੂੰ ਨਫ਼ਰਤ ਅਧਾਰਤ ਅਪਰਾਧਾਂ ਵਿਚ ਵਾਧਾ ਕਰਨ ਦਾ ਕਾਰਨ ਮੰਨਿਆ ਗਿਆ ਹੈ।

ਪੁਲਿਸ ਮੁਤਾਬਕ ਚਾਰ ਨਫ਼ਰਤ-ਅਧਾਰਤ ਹਮਲਿਆਂ ਵਿਚ, ਸ਼ੱਕੀਆਂ ਨੇ ਕੋਵਿਡ-19 ਮਹਾਮਾਂਰੀ ਦਾ ਇਲਜ਼ਾਮ ਚੀਨ ਉੱਪਰ ਲਗਾਇਆ ਸੀ।

ਦੋ ਲੜਕੀਆਂ ਦੀ ਤਸਵੀਰ

ਟੋਰੌਂਟੋ ਦੇ ਚਾਈਨਾਟਾਊਨ ਇਲਾਕੇ ਵਿਚ ਮੌਜੂਦ ਕੁਝ ਲੋਕਾਂ ਦੀ ਮਾਰਚ 2021 ਦੀ ਤਸਵੀਰ। ਪੁਲਿਸ ਅਨੁਸਾਰ ਨਫ਼ਰਤੀ ਅਪਰਾਧਾਂ ਦੀ ਨਸਲੀ ਜਾਂ ਕੌਮੀ ਮੂਲ ਦੀ ਸ਼੍ਰੇਣੀ ਵਿਚ ਈਸਟ ਅਤੇ ਸਾਊਥਈਸਟ ਏਸ਼ੀਅਨ ਭਾਈਚਾਰਾ ਸਭ ਤੋਂ ਵੱਧ ਪੀੜਤ ਗਰੁੱਪ ਰਿਹਾ।

ਤਸਵੀਰ:  (Evan Mitsui/CBC)

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 2021 ਦੇ ਮਾਰਚ ਵਿੱਚ ਏਸ਼ੀਅਨ ਵਿਰੋਧੀ ਨਫਰਤੀ ਅਪਰਾਧਾਂ ਵਿੱਚ ਕਾਫ਼ੀ ਵਾਧਾ ਹੋਇਆ। ਇਹ ਉਹੀ ਸਮਾਂ ਹੈ ਜਦੋਂ ਅਟਲਾਂਟਾ ਵਿਚ ਇੱਕ ਮਸਾਜ ਪਾਰਲਰ ਵਿਚ ਸਮੂਹਿਕ ਗੋਲੀਬਾਰੀ ਦੀ ਘਟਨਾ ਵਾਪਰੀ ਸੀ ਜਿਸ ਵਿਚ ਏਸ਼ੀਅਨ ਮੂਲ ਦੀਆਂ ਛੇ ਔਰਤਾਂ ਅਤੇ ਦੋ ਮਰਦਾਂ ਦੀ ਮੌਤ ਹੋ ਗਈ ਸੀ।

ਪੁਲਿਸ ਨੇ ਦੱਸਿਆ ਕਿ ਦਰਜ ਹੋਣ ਵਾਲੇ ਸਾਰੇ ਮਾਮਲਿਆਂ ਵਿਚ ਪੀੜਤਾਂ ਨੂੰ ਜਾਂ ਤਾਂ ਮੁੱਕਾ ਮਾਰਿਆ ਗਿਆ, ਧੱਕਾ ਦਿੱਤਾ ਗਿਆ, ਉਹਨਾਂ ਉੱਪਰ ਥੁੱਕਿਆ ਗਿਆ ਜਾਂ ਉਹਨਾਂ ਵਿਰੱਧ ਅਪਮਾਨਜਨਕ ਟਿੱਪਣੀਆਂ ਕੀਤੀਆਂ ਗਈਆਂ।

ਯਹੂਦੀ ਅਤੇ ਮੁਸਲਮਾਨ ਸਭ ਤੋਂ ਵੱਧ ਟਾਰਗੇਟ ਕੀਤੇ ਗਏ ਧਾਰਮਿਕ ਸਮੂਹ

ਰਿਪੋਰਟ ਅਨੁਸਾਰ 2021 ਵਿਚ ਯਹੂਦੀ ਅਤੇ ਮੁਸਲਮਾਨ ਸਭ ਤੋਂ ਵੱਧ ਟਾਰਗੇਟ ਕੀਤੇ ਗਏ ਧਾਰਮਿਕ ਸਮੂਹ ਰਹੇ। ਕੁਲ ਨਫ਼ਰਤੀ ਅਪਰਾਧਾਂ ਵਿਚੋਂ 59 ਫ਼ੀਸਦੀ ਮਾਮਲੇ ਯਹੂਦੀ-ਵਿਰੋਧੀ ਅਪਰਾਧਾਂ ਦੇ ਸਨ।

75 ਨਫ਼ਰਤੀ ਅਪਰਾਧਾਂ ਵਿਚੋਂ 56 ਧਰਮ ਨਾਲ ਸਬੰਧਤ ਸਨ ਜਿਹਨਾਂ ਦੇ ਪੀੜਤ ਯਹੂਦੀ ਸਨ। 75 ਨਫ਼ਰਤੀ ਅਪਰਾਧਾਂ ਵਿਚੋਂ 14 ਘਟਨਾਵਾਂ ਵਿਚ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ।

ਉਕਤ 75 ਨਫ਼ਰਤੀ ਅਪਰਾਧਾਂ ਵਿਚੋਂ ਧਰਮ ਸਬੰਧਤ 42 ਅਪਰਾਧਕ ਘਟਨਾਵਾਂ ਵਿਚ ਸੰਪਤੀ ਨੂੰ ਨੁਕਸਾਨ ਪਹੁੰਚਾਇਆ ਗਿਆ ਜਾਂ ਕੰਧਾਂ ਉੱਪਰ ਗ੍ਰਫੀਟੀ ਬਣਾਈ ਗਈ।

ਰਿਪੋਰਟ ਵਿਚ ਇਸ ਗੱਲ ਲਈ ਵੀ ਚਿੰਤਾ ਜ਼ਾਹਰ ਕੀਤੀ ਗਈ ਹੈ ਕਿ ਬਹੁਤ ਸਾਰੇ ਮਾਮਲੇ ਰਿਪੋਰਟ ਵੀ ਨਹੀਂ ਕੀਤੇ ਜਾ ਰਹੇ ਹਨ ਜਿਸ ਕਰਕੇ ਭਾਈਚਾਰਿਆਂ ਵਿਚ ਇਹਨਾਂ ਘਟਨਾਵਾਂ ਨੂੰ ਰੋਕਣ ਵਿਚ ਚੁਣੌਤੀ ਪੈਦਾ ਹੁੰਦੀ ਹੈ।

ਬਲੈਕ ਭਾਈਚਾਰਾ ਸਭ ਤੋਂ ਵੱਧ ਨਿਸ਼ਾਨਾ ਬਣਾਏ ਜਾਣ ਵਾਲਾ ਗਰੁੱਪ ਰਿਹਾ। 54 ਚੋਂ 47 ਘਟਨਾਵਾਂ ਬਲੈਕ ਭਾਈਚਾਰੇ ਨਾਲ ਵਾਪਰੀਆਂ।

257 ਨਫ਼ਰਤੀ-ਅਪਰਾਧਾਂ ਵਿਚੋਂ 33 ਵਿਚ ਐਲ ਜੀ ਬੀ ਟੀ ਕਿਊ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਗਿਆ।

ਵਿਜੀਲ ਦੀ ਤਸਵੀਰ

ਪਿਛਲੇ ਸਾਲ ਜੂਨ ਵਿਚ ਓਨਟੇਰਿਓ ਦੇ ਲੰਡਨ ਵਿਚ ਇੱਕ ਮੁਸਲਿਮ ਪਰਿਵਾਰ ਨੂੰ ਗੱਡੀ ਥੱਲੇ ਦਰੜ ਕੇ ਮਾਰਨ ਦੀ ਘਟਨਾ ਤੋਂ ਬਾਅਦ ਮ੍ਰਿਤਕਾਂ ਦੀ ਯਾਦ ਵਿਚ ਆਯੋਜਿਤ ਕੀਤੇ ਗਏ ਵਿਜਿਲ ਵਿਚ ਹਜ਼ਾਰਾਂ ਲੋਕਾਂ ਨੇ ਸ਼ਿਰਕਤ ਕੀਤੀ ਸੀ। ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਇਸ ਹਮਲੇ ਨੂੰ ਅੱਤਵਾਦੀ ਹਮਲਾ ਆਖਿਆ ਸੀ।

ਤਸਵੀਰ:  (Evan Mitsui/CBC)

ਟੋਰੌਂਟੋ ਦੀ ਵਕੀਲ ਤਾਨਿਆ ਵਾਕਰ ਨੇ ਕਿਹਾ ਕਿ ਨਫ਼ਰਤੀ ਅਪਰਾਧ ਲਈ ਕਿਸੇ ਵਿਅਕਤੀ ਨੂੰ ਦੋਸ਼ੀ ਠਹਿਰਾਉਣਾ ਚੁਣੌਤੀਪੂਰਨ ਹੋ ਸਕਦਾ ਹੈ, ਇਸ ਕਰਕੇ ਵੀ ਲੋਕ ਹਮਲੇ ਦੀ ਰਿਪੋਰਟ ਕਰਨ ਤੋਂ ਝਿਜਕਦੇ ਹੋ ਸਕਦੇ ਹਨ।

ਤਾਨਿਆ ਨੇ ਕਿਹਾ ਕਿ ਲੋਕ ਬਾਅਦ ਦੇ ਪ੍ਰਤੀਕਰਮਾਂ ਕਾਰਨ ਝਿਜਕਦੇ ਹੋ ਸਕਦੇ ਹਨ। ਜੇਕਰ ਕੋਈ ਕੰਮਕਾਜ ਵਾਲੀ ਥਾਂ ’ਤੇ ਨਫ਼ਰਤੀ ਅਪਰਾਧ ਦਾ ਮਾਮਲਾ ਹੋਵੇ ਤਾਂ ਉਹਨਾਂ ਨੂੰ ਹੋਰ ਨਫ਼ਰਤ ਜਾਂ ਤਣਾਅ ਝੱਲਣ ਦਾ ਖ਼ਦਸ਼ਾ ਹੁੰਦਾ ਹੈ।

ਅਦਾਲਤ ਵਿਚ ਵੀ ਅਪਰਾਧ ਦੇ ਨਫ਼ਰਤ-ਅਧਾਰਤ ਹੋਣ ਨੂੰ ਸਾਬਤ ਕਰਨ ਦਾ ਭਾਰ ਪੀੜਤ ‘ਤੇ ਹੀ ਹੁੰਦਾ ਹੈ। 

ਤਾਨਿਆ ਨੇ ਕਿਹਾ, ਨਫ਼ਰਤੀ ਅਪਰਾਧ ਦੇ ਮਾਮਲੇ ਵਿਚ ਇਰਾਦਾ ਬਹੁਤ ਅਹਿਮ ਨੁਕਤਾ ਹੁੰਦਾ ਹੈ ਅਤੇ ਕਿਸੇ ਦੇ ਦਿਮਾਗ਼ ਵਿਚ ਕੀ ਹੈ ਇਹ ਸਾਬਤ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ

ਤਾਨਿਆ ਦਾ ਕਹਿਣਾ ਹੈ ਕਿ ਪੀੜਤ ਦੀ ਬਜਾਏ ਇਹ ਮੁਲਜ਼ਿਮ ਦੀ ਜਿੰਮੇਵਾਰੀ ਹੋਣੀ ਚਾਹੀਦੀ ਹੈ ਕਿ ਉਹ ਸਾਬਤ ਕਰੇ ਕਿ ਉਸਦੀ ਹਰਕਤ ਨਫ਼ਰਤ ਅਧਾਰਤ ਕਿਉਂ ਨਹੀ ਮੰਨੀ ਜਾਣੀ ਚਾਹੀਦੀ।

ਚੈਨ ਨੇ ਕਿਹਾ ਕਿ ਐਂਟੀ-ਏਸ਼ੀਅਨ ਨਫ਼ਰਤੀ ਅਪਰਾਧਾਂ ਵਿਚ ਵਾਧਾ ਉਹਨਾਂ ਲਈ ਹੈਰਾਨੀਜਨਕ ਨਹੀਂ ਹੈ।

ਬਿਨਾ ਸ਼ੱਕ ਇਹ ਬਹੁਤ ਹੀ ਪ੍ਰੇਸ਼ਾਨਕੁੰਨ ਹੈ, ਪਰ ਬਦਕਿਸਮਤੀ ਨਾਲ ਇਸ ‘ਤੇ ਹੈਰਾਨੀ ਨਹੀਂ ਹੁੰਦੀ

ਪਿਛਲੇ ਮਹੀਨੇ ਚਾਈਨੀਜ਼ ਕੈਨੇਡੀਅਨ ਨੈਸ਼ਨਲ ਕੌਂਸਲ ਦੇ ਟੋਰੌਂਟੋ ਚੈਪਟਰ ਅਤੇ ਇੱਕ ਹੋਰ ਸੰਸਥਾ ਦੇ ਪ੍ਰੌਜੈਕਟ 1907 ਵਿਚ, ਕੈਨੇਡਾ ਭਰ ਵਿਚ 2021 ਦੌਰਾਨ ਨਸਲੀ ਘਟਨਾਵਾਂ ਵਿਚ 47 ਫ਼ੀਸਦੀ ਵਾਧਾ (ਨਵੀਂ ਵਿੰਡੋ) ਹੋਣ ਦਾ ਜ਼ਿਕਰ ਕੀਤਾ ਸੀ। ਜ਼ਿਆਦਾਤਰ ਘਟਨਾਵਾਂ ਔਰਤਾਂ ਨੇ ਰਿਪੋਰਟ ਕੀਤੀਆਂ ਸਨ ਪਰ ਬੱਚਿਆਂ ਅਤੇ ਨੌਜਵਾਨਾਂ ਵੱਲੋਂ ਰਿਪੋਰਟ ਕੀਤੇ ਮਾਮਲਿਆਂ ਵਿਚ 286 ਫ਼ੀਸਦੀ ਵਾਧਾ ਦਰਸਾਇਆ ਗਿਆ ਸੀ।

ਚੈਨ ਨੇ ਕਿਹਾ, ਇੱਦਾਂ ਲੱਗਦਾ ਹੈ ਕਿ ਬਹੁਤ ਸਾਰਾ ਨਸਲਵਾਦ ਅਜੇ ਵੀ ਕੋਵਿਡ-19 ਨਾਲ ਜੁੜਿਆ ਹੈ

ਸਾਰਾ ਜਬਾਖਾਨਜੀ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ