1. ਮੁੱਖ ਪੰਨਾ
  2. ਰਾਜਨੀਤੀ
  3. ਮੂਲਨਿਵਾਸੀ

ਰੈਜ਼ੀਡੈਂਸ਼ੀਅਲ ਸਕੂਲਾਂ ਵਿਚ ਹੋਈਆਂ ’ਅਫ਼ਸੋਸਨਾਕ ਬਦਸਲੂਕੀਆਂ’ ਲਈ ਪੋਪ ਫ਼੍ਰਾਸਿਸ ਨੇ ਮੁਆਫ਼ੀ ਮੰਗੀ

ਫ਼ਸਟ ਨੇਸ਼ਨਜ਼, ਇਨੁਇਟ ਅਤੇ ਮੇਟਿਸ ਨਾਲ ਇਤਿਹਾਸ ਮੁਲਾਕਾਤ ਸਮਾਪਤ

ਸ਼ੱਕਰਵਾਰ ਨੂੰ ਪੋਪ ਫ਼੍ਰਾਂਸਿਸ ਦੇ ਜਨਤਕ ਸੰਬੋਧਨ ਤੋਂ ਪਹਿਲਾਂ ਹੁੰਦੀ ਪ੍ਰਾਰਥਨਾ ਦੀ ਤਸਵੀਰ। ਪੋਪ ਫ਼੍ਰਾਂਸਿਸ ਨੇ ਕੈਨੇਡਾ ਦੇ ਰੈਜ਼ੀਡੈਂਸ਼ੀਅਲ ਸਕੂਲਾਂ ਵਿਚ ਮੂਲਨਿਵਾਸੀ ਬੱਚਿਆਂ ਨਾਲ ਹੋਈਆਂ ਬਦਸਲੂਕੀਆਂ ਲਈ ਮੁਆਫ਼ੀ ਮੰਗੀ ਹੈ।

ਸ਼ੱਕਰਵਾਰ ਨੂੰ ਪੋਪ ਫ਼੍ਰਾਂਸਿਸ ਦੇ ਜਨਤਕ ਸੰਬੋਧਨ ਤੋਂ ਪਹਿਲਾਂ ਹੁੰਦੀ ਪ੍ਰਾਰਥਨਾ ਦੀ ਤਸਵੀਰ। ਪੋਪ ਫ਼੍ਰਾਂਸਿਸ ਨੇ ਕੈਨੇਡਾ ਦੇ ਰੈਜ਼ੀਡੈਂਸ਼ੀਅਲ ਸਕੂਲਾਂ ਵਿਚ ਮੂਲਨਿਵਾਸੀ ਬੱਚਿਆਂ ਨਾਲ ਹੋਈਆਂ ਬਦਸਲੂਕੀਆਂ ਲਈ ਮੁਆਫ਼ੀ ਮੰਗੀ ਹੈ।

ਤਸਵੀਰ:  (Delegate/Supplied)

RCI

ਕੈਨੇਡਾ ਦੇ ਰੈਜ਼ੀਡੈਂਸ਼ੀਅਲ ਸਕੂਲ ਸਿਸਟਮ ਵਿਚ ਰੋਮਨ ਕੈਥਲਿਕ ਚਰਚ ਦੇ ਕੁਝ ਮੈਂਬਰਾਂ ਵੱਲੋਂ ਕੀਤੇ ਗਏ ਅਫ਼ਸੋਸਨਾਕ ਦੁਰਵਿਹਾਰ ਲਈ ਪੋਪ ਫ਼੍ਰਾਂਸਿਸ ਨੇ ਮੂਲਨਿਵਾਸੀ ਵਫ਼ਦ ਤੋਂ ਮੁਆਫ਼ੀ ਮੰਗੀ ਹੈ। ਫ਼ਸਟ ਨੇਸ਼ਨਜ਼, ਇਨੁਇਟ ਅਤੇ ਮੇਟਿਸ ਮੂਲਨਿਵਾਸੀਆਂ ਦੀ ਨੁਮਾਿੲੰਦਗੀ ਕਰਦਾ 32 ਮੈਂਬਰੀ ਵਫ਼ਦ ਪੋਪ ਨਾਲ ਮੁਲਾਕਾਤ ਕਰਨ ਲਈ ਵੈਟੀਕਨ ਪਹੁੰਚਿਆ ਸੀ।

ਸ਼ੁੱਕਰਵਾਰ ਨੂੰ ਪੋਪ ਫ਼੍ਰਾਸਿਸ ਨੇ ਵੈਟੀਕਨ ਵਿਚ ਜਨਤਕ ਸੰਬੋਧਨ ਦੌਰਾਨ ਕਿਹਾ ਕਿ ਰੈਜ਼ੀਡੈਂਸ਼ੀਅਲ ਸਕੂਲ ਚਲਾਉਣ ਵਾਲਿਆਂ ਦੇ ਵਿਹਾਰ ਨੂੰ ਲੈਕੇ ਉਹ ‘ਦੁੱਖ ਅਤੇ ਸ਼ਰਮ’ ਮਹਿਸੂਸ ਕਰਦੇ ਹਨ।

ਮੈਂ ਸ਼ਰਮ…..ਦੁੱਖ ਅਤੇ ਸ਼ਰਮਿੰਦਗੀ ਮਹਿਸੂਸ ਕਰਦਾ ਹਾਂ ਕਿ ਬਹੁਤ ਸਾਰੇ ਕੈਥਲਿਕ, ਖ਼ਾਸ ਤੌਰ ‘ਤੇ ਵਿਦਿਅਕ ਜ਼ਿੰਮੇਵਾਰੀਆਂ ਵਾਲੇ ਕੈਥਲਿਕਸ ਨੇ ਤੁਹਾਨੂੰ ਜ਼ਖ਼ਮ ਦੇਣ, ਤੁਹਾਡੇ ਨਾਲ ਦੁਰਵਿਹਾਰ ਕਰਨ, ਤੁਹਾਡੀ ਪਛਾਣ, ਤੁਹਾਡੇ ਸੱਭਿਆਚਾਰ ਇੱਥੋਂ ਤੱਕ ਕਿ ਤੁਹਾਡੀਆਂ ਅਧਿਆਤਮਕ ਕਦਰਾਂ-ਕੀਮਤਾਂ ਪ੍ਰਤੀ ਅਪਮਾਨਜਨਕ ਹੋਣ ਵਿਚ ਭੂਮਿਕਾ ਨਿਭਾਈ ਹੈ

ਕੈਥੋਲਿਕ ਚਰਚ ਦੇ ਇਹਨਾਂ ਮੈਂਬਰਾਂ ਦੇ ਘਿਣਾਉਣੇ ਆਚਰਣ ਲਈ, ਮੈਂ ਪ੍ਰਮਾਤਮਾ ਤੋਂ ਮੁਆਫ਼ੀ ਮੰਗਦਾ ਹਾਂ ਅਤੇ ਮੈਂ ਤੁਹਾਨੂੰ ਦਿਲੋਂ ਕਹਿਣਾ ਚਾਹੁੰਦਾ ਹਾਂ ਕਿ ਮੈਂ ਮੁਆਫ਼ੀ ਚਾਹੁੰਦਾ ਹਾਂ। ਅਤੇ ਮੈਂ ਆਪਣੇ ਭਰਾਵਾਂ, ਕੈਨੇਡੀਅਨ ਬਿਸ਼ਪਾਂ ਨਾਲ ਤੁਹਾਡੀ ਕੋਲੋਂ ਮਾਫੀ ਮੰਗਣ ਵਿੱਚ ਸ਼ਾਮਲ ਹਾਂ

ਦੇਖੋ। ਮੈਂ ਮੁਆਫ਼ੀ ਚਾਹੁੰਦਾ ਹਾਂ : ਪੋਪ ਫ਼੍ਰਾਂਸਿਸ

ਪੋਪ ਨੇ ਜਲਦੀ ਹੀ ਕੈਨੇਡਾ ਆਉਣ ਦੀ ਵੀ ਉਮੀਦ ਜਤਾਈ। ਪੋਪ ਨੇ ਸੰਕੇਤ ਦਿੱਤੇ ਹਨ ਕਿ ਉਹ 26 ਜੁਲਾਈ ਦੇ ਆਸਪਾਸ ਫ਼ੀਸਟ ਔਫ਼ ਸੇਂਟ ਐਨੇ ਦੇ ਦਿਨਾਂ ਵਿਚ ਉਹ ਕੈਨੇਡਾ ਆਉਣਗੇ।

ਫ਼ਸਟ ਨੇਸ਼ਨਜ਼ ਵਫ਼ਦ ਦੀ ਅਗਵਾਈ ਕਰਨ ਵਾਲੇ ਡੀਨ ਨੈਸ਼ਨਲ ਚੀਫ਼ ਜੇਰਾਲਡ ਐਂਟੋਇਨ ਨੇ ਕਿਹਾ ਕਿ ਮੂਲਨਿਵਾਸੀ ਲੀਡਰਾਂ ਨੂੰ ਪੋਪ ਦੇ ਦੌਰੇ ਦੀ ਯੋਜਨਾ ਦਾ ਹਿੱਸਾ ਬਣਨਾ ਚਾਹੀਦਾ ਹੈ।

ਅੱਜ ਉਹ ਦਿਨ ਹੈ ਜਿਸ ਦੀ ਸਾਨੂੰ ਕਿੰਨੇ ਚਿਰ ਤੋਂ ਉਡੀਕ ਸੀ

ਇਹ ਇੱਕ ਇਤਿਹਾਸਕ ਪਹਿਲਾ ਕਦਮ ਹੈ। ਪਰ ਸਿਰਫ਼ ਪਹਿਲਾ ਕਦਮ ਹੈ। ਅਗਲਾ ਕਦਮ ਹੈ ਕਿ ਹੋਲੀ ਫ਼ਾਦਰ ਸਾਡੇ ਘਰਾਂ ਵਿਚ ਆਕੇ ਸਾਡੇ ਪਰਿਵਾਰਾਂ ਤੋਂ ਵੀ ਮੁਆਫ਼ੀ ਮੰਗਣ। ਅਸੀਂ ਉਹਨਾਂ ਦੇ ਸ਼ਬਦ ਸੁਣਨਾ ਚਾਹੁੰਦੇ ਹਾਂ। ਉਹ [ਪਰਿਵਾਰ] ਵੀ ਘਰ ਆਕੇ ਮੁਆਫ਼ੀ ਦੇ ਲਫ਼ਜ਼ ਸੁਣਨਾ ਚਾਹੁੰਦੇ ਹਨ

ਕੈਨੇਡਾ ਦੇ ਰੈਜ਼ੀਡੈਂਸ਼ੀਅਲ ਸਕੂਲ ਸਿਸਟਮ ਵਿਚ ਕੈਥਲਿਕ ਚਰਚ ਦੀ ਭੂਮਿਕਾ ਬਾਬਤ ਮੂਲਨਿਵਾਸੀ ਭਾਈਚਾਰਿਆਂ ਅਤੇ ਪੋਪ ਫ਼੍ਰਾਸਿਸ ਦਰਮਿਆਨ ਇੱਕ ਹਫ਼ਤੇ ਦੀਆਂ ਨਿੱਜੀ ਮੁਲਾਕਾਤਾਂ ਦੀ ਸਮਾਪਤੀ ‘ਤੇ ਪੋਪ ਵੱਲੋਂ ਮੁਆਫ਼ੀ ਮੰਗੀ ਗਈ ਹੈ।

ਇਨੁਇਟ ਵਫ਼ਦ ਚਰਚ ਨੂੰ 6 ਸੈਕਸ ਅਪਰਾਧਾਂ ਲਈ ਕੈਨੇਡਾ ਵਿਚ ਵਾਂਟੇਡ ਅਤੇ ਭਗੌੜੇ ਹੋਏ ਓਬਲੇਟ ਪਾਦਰੀ ਦੇ ਮਾਮਲੇ ਵਿਚ ਦਖ਼ਲ ਦੇਣ ਲਈ ਜ਼ੋਰ ਦੇ ਰਿਹਾ ਸੀ ਅਤੇ ਫ਼ਸਟ ਨੇਸ਼ਨਜ਼ ਡੈਲੀਗੇਸ਼ਨ ਨੇ ਪੋਪ ਨੂੰ ਸਦੀਆਂ ਪੁਰਾਣੇ ਪੋਪ ਦੇ ਫ਼ਰਮਾਨਾਂ ਨੂੰ ਰੱਦ ਕਰਨ ਦੀ ਅਪੀਲ ਕੀਤੀ ਸੀ ਜੋਕਿ ਬਸਤੀਵਾਦੀ ਮੁਲਕਾਂ ਦੁਆਰਾ ਅਮਰੀਕਾ ਵਿੱਚ ਮੂਲਨਿਵਾਸੀ ਜ਼ਮੀਨਾਂ ਦੇ ਜ਼ਬਤ ਕਰਨ ਨੂੰ ਜਾਇਜ਼ ਠਹਿਰਾਉਣ ਲਈ ਵਰਤੇ ਗਏ ਸਨ।

ਇਹ ਵੀ ਪੜ੍ਹੋ:

1870 ਅਤੇ 1996 ਦੇ ਵਿਚਕਾਰ 150,000 ਤੋਂ ਵੱਧ ਫਸਟ ਨੇਸ਼ਨਜ਼, ਮੈਟਿਸ ਅਤੇ ਇਨੁਇਟ ਮੂਲਨਿਵਾਸੀ ਭਾਈਚਾਰੇ ਦੇ ਬੱਚਿਆਂ ਨੂੰ ਰੈਜ਼ੀਡੈਂਸ਼ੀਅਲ ਸਕੂਲਾਂ ਵਿੱਚ ਰੱਖਿਆ ਗਿਆ ਸੀ ਅਤੇ ਇਹਨਾਂ ਵਿਚੋਂ 60 ਫ਼ੀਸਦੀ ਤੋਂ ਵੱਧ ਸਕੂਲ ਕੈਥਲਿਕ ਚਰਚ ਵੱਲੋਂ ਚਲਾਏ ਗਏ ਸਨ।

ਟ੍ਰੁਥ ਐਂਡ ਰੀਕਨਸੀਲੀਏਸ਼ਨ ਕਮਿਸ਼ਨ ਨੇ 2015 ਚ ਰਿਪੋਰਟ ਜਾਰੀ ਕੀਤੀ ਸੀ ਜਿਸ ਵਿਚ ਰੈਜ਼ੀਡੈਂਸ਼ੀਅਲ ਸਕੂਲ ਸਿਸਟਮ ਵਿਚ ਬੱਚਿਆਂ ਦੇ ਸਰੀਰਕ ਸ਼ੋਸ਼ਣ ਅਤੇੇ ਜ਼ੁਲਮ ਦੀ ਦਾਸਤਾਨ ਨੂੰ ਉਜਾਗਰ ਕਰਦਿਆਂ ਕੁਝ ਅਹਿਮ ਸਿਫ਼ਾਰਸ਼ਾਂ ਕੀਤੀਆਂ ਗਈਆਂ ਸਨ। ਇਸ ਕਮੀਸ਼ਨ ਨੇ 94 ਸਿਫ਼ਾਰਸ਼ਾਂ ਕੀਤੀਆਂ ਸਨ (ਨਵੀਂ ਵਿੰਡੋ) ਜਿਹਨਾਂ ਵਿਚੋਂ ਇੱਕ ਸਿਫ਼ਾਰਿਸ਼ ਵਿਚ ਸਾਰੇ ਧਾਰਮਿਕ ਅਤੇ ਵਿਸ਼ਵਾਸ ਸਮੂਹਾਂ ਨੂੰ ਮੂਲਨਿਵਾਸੀ ਜ਼ਮੀਨਾਂ ਅਤੇ ਲੋਕਾਂ ਉੱਤੇ ਯੂਰਪੀਅਨ ਪ੍ਰਭੂਸੱਤਾ ਨੂੰ ਜਾਇਜ਼ ਠਹਿਰਾਉਣ ਲਈ ਵਰਤੀਆਂ ਜਾਂਦੀਆਂ ਧਾਰਨਾਵਾਂ ਨੂੰ ਰੱਦ ਕਰਨ ਦੀ ਅਪੀਲ ਵੀ ਸ਼ਾਮਲ ਹੈ।

ਓਲੀਵੀਆ ਸਟੀਫ਼ਨੋਵਿਕ (ਨਵੀਂ ਵਿੰਡੋ) - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ