1. ਮੁੱਖ ਪੰਨਾ
  2. ਸਮਾਜ
  3. ਜੰਗ ਦੇ ਅਪਰਾਧ

[ ਰਿਪੋਰਟ ] ਯੂਕਰੇਨ ਸੰਕਟ : ਪੀੜਤਾਂ ਦੀ ਮਦਦ ਲਈ ਪੋਲੈਂਡ ਰਵਾਨਾ ਹੋਣਗੇ ਪੰਜਾਬੀ ਮੂਲ ਦੇ ਨੌਜਵਾਨ

ਖਾਲਸਾ ਏਡ ਨਾਲ ਜੁੜੇ ਹੋਏ ਹਨ ਨੌਜਵਾਨ

ਕੈਂਪ ਵਿੱਚ ਲੰਗਰ ਤਿਆਰ ਕਰਦੇ ਹੋਏ ਖਾਲਸਾ ਏਡ ਦੇ ਵਲੰਟੀਅਰ

ਕੈਂਪ ਵਿੱਚ ਲੰਗਰ ਤਿਆਰ ਕਰਦੇ ਹੋਏ ਖਾਲਸਾ ਏਡ ਦੇ ਵਲੰਟੀਅਰ

ਤਸਵੀਰ: ਧੰਨਵਾਦ ਸਹਿਤ ਖਾਲਸਾ ਏਡ ਫ਼ੇਸਬੁੱਕ ਪੇਜ਼

Sarbmeet Singh

ਰੂਸ ਵੱਲੋਂ ਯੂਕਰੇਨ 'ਤੇ ਕੀਤੇ ਗਏ ਹਮਲੇ ਤੋਂ ਬਾਅਦ ਪੀੜਤਾਂ ਦੀ ਮਦਦ ਲਈ ਕੈਨੇਡਾ ਤੋਂ ਪੰਜਾਬੀ ਮੂਲ ਦੇ 6 ਨੌਜਵਾਨ ਪੋਲੈਂਡ ਜਾ ਰਹੇ ਹਨ I ਇਹ ਨੌਵਜਾਨ ਖਾਲਸਾ ਏਡ ਨਾਲ ਜੁੜੇ ਹੋਏ ਹਨ I ਇਸ ਟੀਮ ਵਿੱਚ 4 ਮੈਂਬਰ ਓਨਟੇਰੀਓ , ਇਕ ਮੈਨੀਟੋਬਾ ਅਤੇ ਇਕ ਬ੍ਰਿਟਿਸ਼ ਕੋਲੰਬੀਆ ਤੋਂ ਹੈ I

ਯੂਕਰੇਨ 'ਤੇ ਹੋਏ ਹਮਲੇ ਤੋਂ ਬਾਅਦ ਬਹੁਤ ਸਾਰੇ ਪੀੜਤ ਪੌਲੈਂਡ ਅਤੇ ਰੋਮਾਨੀਆ ਸਮੇਤ ਆਸ ਪਾਸ ਦੇ ਦੇਸ਼ਾਂ ਵਿੱਚ ਜਾ ਰਹੇ ਹਨ I ਇਹ ਟੀਮ 26 ਮਾਰਚ ਨੂੰ ਕੈਨੇਡਾ ਤੋਂ ਪੌਲੈਂਡ ਲਈ ਰਵਾਨਾ ਹੋਵੇਗੀ I

ਪ੍ਰਾਪਤ ਜਾਣਕਾਰੀ ਅਨੁਸਾਰ ਖਾਲਸਾ ਏਡ ਦੀ ਇਕ ਟੀਮ ਇੰਗਲੈਂਡ ਤੋਂ ਪੋਲੈਂਡ ਆ ਕੇ ਇਕ ਮਹੀਨੇ ਤੱਕ ਸੇਵਾ ਨਿਭਾ ਚੁੱਕੀ ਹੈ ਅਤੇ ਹੁਣ ਹੋਰਨਾਂ ਦੇਸ਼ਾਂ ਤੋਂ ਵੀ ਖਾਲਸਾ ਏਡ ਦੀਆਂ ਟੀਮਾਂ ਪੋਲੈਂਡ ਜਾ ਰਹੀਆਂ ਹਨ I ਖਾਲਸਾ ਏਡ ਦੀ ਕੈਨੇਡਾ ਦੀ ਇਹ ਟੀਮ ਕਰੀਬ ਇਕ ਹਫ਼ਤਾ ਪੌਲੈਂਡ ਰੁਕੇਗੀ I

ਦੱਸਣਯੋਗ ਹੈ ਕਿ ਖ਼ਾਲਸਾ ਏਡ ਨਿਰਸਵਾਰਥ ਸੇਵਾ ਦੇ ਉਦੇਸ਼ ‘ਤੇ ਅਧਾਰਿਤ ਅੰਤਰਰਾਸ਼ਟਰੀ ਸਹਾਇਤਾ ਅਤੇ ਰਾਹਤ ਸੰਗਠਨ ਹੈ ਜੋ ਕਿ ਸਮੇਂ ਸਮੇਂ 'ਤੇ ਲੋੜਵੰਦਾਂ ਦੀ ਮਦਦ ਕਰਦਾ ਰਹਿੰਦਾ ਹੈ I

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਨੌਜਵਾਨ ਕੈਨੇਡੀਅਨ ਨਾਗਰਿਕ ਹਨ I ਕੈਨੇਡੀਅਨਜ਼ ਨੂੰ ਪੌਲੈਂਡ ਜਾਣ ਲਈ ਕੋਈ ਵੀਜ਼ਾ ਨਹੀਂ ਚਾਹੀਦਾ I

ਇੱਕੋ ਪਰਿਵਾਰ ਦੇ 2 ਮੈਂਬਰ

ਇਸ ਟੀਮ ਵਿੱਚ ਬ੍ਰੈਂਪਟਨ ਦੇ ਭੈਣ ਭਰਾ , ਗੁਰਪ੍ਰਤਾਪ ਅਤੇ ਸਿਮਰਨ ਵੀ ਸ਼ਾਮਿਲ ਹਨ I ਬ੍ਰੈਂਪਟਨ ਵਸਨੀਕ ਗੁਰਪ੍ਰਤਾਪ ਸਿੰਘ ਨੇ ਕਿਹਾ ਖਾਲਸਾ ਏਡ ਦੀ ਟੀਮ ਵੱਲੋਂ ਪੌਲੈਂਡ ਜਾਣ ਦੇ ਚਾਹਵਾਨਾਂ ਤੋਂ ਪੁੱਛਿਆ ਗਿਆ ਤਾਂ ਮੈਂ ਅਤੇ ਮੇਰੀ ਭੈਣ ਦੋਵਾਂ ਨੇ ਜਾਣ ਦੀ ਇੱਛਾ ਜ਼ਾਹਰ ਕੀਤੀ ਪਰ ਅਸੀਂ ਇਕ ਦੂਜੇ ਨਾਲ ਇਸ ਬਾਰੇ ਵਿਚਾਰ ਨਹੀਂ ਕੀਤਾ ਸੀI

ਗੁਰਪ੍ਰਤਾਪ ਦਾ ਵਿਆਹ ਤੈਅ ਹੋ ਚੁੱਕਾ ਹੈ I ਗੁਰਪ੍ਰਤਾਪ ਨੇ ਕਿਹਾ ਮੇਰੀ ਹੋਣ ਵਾਲੀ ਪਤਨੀ ਵੀ ਸਾਡੇ ਨਾਲ ਜਾਣਾ ਚਾਹੁੰਦੀ ਸੀ ਪਰ ਛੁੱਟੀ ਨਾ ਮਿਲਣ ਕਰਕੇ ਉਹ ਸਾਡੇ ਨਾਲ ਨਹੀਂ ਜਾ ਸਕੀ I

ਗੁਰਪ੍ਰਤਾਪ ਸਿੰਘ ਦੀ ਫ਼ਾਈਲ ਫ਼ੋਟੋਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਗੁਰਪ੍ਰਤਾਪ ਸਿੰਘ ਦੀ ਫ਼ਾਈਲ ਫ਼ੋਟੋ

ਤਸਵੀਰ: ਧੰਨਵਾਦ ਸਹਿਤ ਗੁਰਪ੍ਰਤਾਪ ਸਿੰਘ

ਪਰਿਵਾਰਿਕ ਸਹਿਮਤੀ ਬਾਰੇ ਇਕ ਸਵਾਲ ਪੁੱਛੇ ਜਾਣ 'ਤੇ ਗੁਰਪ੍ਰਤਾਪ ਨੇ ਕਿਹਾ ਜਦੋਂ ਮੈਂ ਆਪਣੇ ਇਸ ਫ਼ੈਸਲੇ ਬਾਰੇ ਆਪਣੇ ਘਰਦਿਆਂ ਨੂੰ ਦੱਸਿਆ ਤਾਂ ਉਹ ਥੋੜੇ ਪ੍ਰੇਸ਼ਾਨ ਤਾਂ ਹੋਏ ਪਰ ਉਹਨਾਂ ਨੇ ਸਾਨੂੰ ਜਾਣ ਦੀ ਆਗਿਆ ਦੇ ਦਿੱਤੀ I

ਇਕ ਸਵਾਲ ਦੇ ਜਵਾਬ ਵਿੱਚ ਗੁਰਪ੍ਰਤਾਪ ਨੇ ਕਿਹਾ ਕਿ ਉਹ ਇਸ ਸਮੇਂ ਪੌਲੈਂਡ ਜਾਣ ਦੇ ਖ਼ਤਰੇ ਨੂੰ ਸਮਝਦੇ ਹਨ ਪਰ ਇਸ ਸਮੇਂ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ I ਗੁਰਪ੍ਰਤਾਪ ਨੇ ਕਿਹਾ ਮਨੁੱਖਾਂ ਵਿੱਚ ਡਰ ਹੋਣਾ ਸੁਭਾਵਿਕ ਹੈ ਅਤੇ ਇਸਦਾ ਸਾਹਮਣਾ ਕਰਨ ਦੀ ਹਿੰਮਤ ਸਾਨੂੰ ਸਾਡੇ ਧਰਮ ਤੋਂ ਮਿਲਦੀ ਹੈ I

ਗੁਰਪ੍ਰਤਾਪ ਦੀ ਵੱਡੀ ਭੈਣ ਸਿਮਰਨ ਕੌਰ ਜੋ ਕਿ ਇਸ ਟੀਮ ਨਾਲ ਪੌਲੈਂਡ ਜਾ ਰਹੀ ਹੈ ਦਾ ਕਹਿਣਾ ਹੈ ਕਿ ਉਹ ਲੰਬੇ ਸਮੇਂ ਤੋਂ ਖਾਲਸਾ ਏਡ ਨਾਲ ਜੁੜੇ ਹੋਏ ਹਨ I ਸਿਮਰਨ ਨੇ ਦੱਸਿਆ ਕਿ ਉਹ ਕੁਝ ਸਮਾਂ ਇੰਗਲੈਂਡ ਵਿੱਚ ਰਹਿ ਚੁੱਕੇ ਹਨ ਅਤੇ ਉੱਥੇ ਵੀ ਖਾਲਸਾ ਏਡ ਨਾਲ ਜੁੜੇ ਰਹੇ ਹਨ I

ਸਿਮਰਨ ਨੇ ਦੱਸਿਆ ਕਿ ਉਸਨੂੰ ਵੀ ਪਰਿਵਾਰਿਕ ਮੈਂਬਰਾਂ ਤੋਂ ਪੂਰਾ ਸਹਿਯੋਗ ਮਿਲਿਆ I ਸਿਮਰਨ ਨੇ ਕਿਹਾ ਸਾਡਾ ਸਾਰਾ ਪਰਿਵਾਰ ਸਿੱਖੀ ਦੀ ਸੇਵਾ ਨਾਲ ਜੁੜਿਆ ਹੋਇਆ ਹੈ I ਉਹਨਾਂ ਨੇ ਸਾਨੂੰ ਜਾਣ ਲਈ ਹੋਰ ਹੌਂਸਲਾ ਦਿੱਤਾ I

ਲੰਗਰ ਦੀ ਸੇਵਾ

ਇਹਨਾਂ ਨੌਜਵਾਨਾਂ ਨੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਹ ਉੱਥੇ ਭੋਜਨ ਆਦਿ ਦੀ ਜ਼ਿਮੇਵਾਰੀ ਸਾਂਭਣਗੇ I ਗੁਰਪ੍ਰਤਾਪ ਨੇ ਕਿਹਾ ਯੂਕਰੇਨ ਤੋਂ ਬਹੁਤ ਸਾਰੇ ਰਫ਼ਿਊਜੀ ਹੁਣ ਪੌਲੈਂਡ ਪਹੁੰਚ ਰਹੇ ਹਨ I ਖਾਲਸਾ ਏਡ ਵੱਲੋਂ ਪੌਲੈਂਡ ਦੀ ਰਾਜਧਾਨੀ ਵੋਰਸਾ ਵਿੱਚ ਫ਼ੂਡ ਬੈਂਕ ਸਥਾਪਿਤ ਕੀਤਾ ਗਿਆ ਹੈ I ਅਸੀਂ ਉੱਥੇ ਜਾ ਕੇ ਲੋੜਵੰਦਾਂ ਤੱਕ ਰਸਦ ਪਹੁੰਚਾਉਣ ਦੀ ਸੇਵਾ ਕਰਾਂਗੇ I

ਇਸ ਟੀਮ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਵਿਕਟੋਰੀਆ ਦੀ ਉਪਨੀਤ ਬਾਸੀ ਵੀ ਸ਼ਾਮਿਲ ਹੈ I ਰੇਡੀਓ ਕੈਨੇਡਾ ਇੰਟਰਨੈਸ਼ਨਲ ਨਾਲ ਗੱਲਬਾਤ ਦੌਰਾਨ ਉਪਨੀਤ ਬਾਸੀ ਨੇ ਦੱਸਿਆ ਕਿ ਉਹ ਐਜੂਕੇਸ਼ਨ ਕਾਊਂਸਲਿੰਗ ਵਿੱਚ ਆਪਣੀ ਮਾਸਟਰ ਡਿਗਰੀ ਕਰ ਰਹੀ ਹੈ I

ਇਹ ਵੀ ਪੜੋ :

ਉਪਨੀਤ ਨੇ ਕਿਹਾ ਮੈਂ ਕੁਝ ਹਫ਼ਤੇ ਪਹਿਲਾਂ ਖਾਲਸਾ ਏਡ ਦੇ ਸੰਚਾਲਕਾਂ ਨੂੰ ਯੂਕਰੇਨ ਜਾ ਕੇ ਸੇਵਾ ਕਰਨ ਬਾਰੇ ਪੁੱਛਿਆ ਸੀ I ਕੁਝ ਦਿਨ ਪਹਿਲਾਂ ਜਦੋਂ ਮੈਨੂੰ ਖਾਲਸਾ ਏਡ ਦੇ ਜਤਿੰਦਰ ਸਿੰਘ ਨੇ ਇਸ ਮੌਕੇ ਬਾਰੇ ਦੱਸਿਆ ਤਾਂ ਮੈਂ ਝੱਟ ਹਾਂ ਕਰ ਦਿੱਤੀ I ਇਸ ਸਮੇਂ ਮੇਰੀ ਪੜਾਈ ਨਹੀਂ ਚੱਲ ਰਹੀ ਅਤੇ ਮੈਨੂੰ ਕੁਝ ਸਮੇਂ ਦੀਆਂ ਛੁੱਟੀਆਂ ਹਨ I

ਉਪਨੀਤ ਨੇ ਦੱਸਿਆ ਕਿ ਉਸਦਾ ਪਰਿਵਾਰ ਸ਼ੁਰੂ ਤੋਂ ਹੀ ਸੇਵਾ ਭਾਵਨਾ ਨਾਲ ਜੁੜਿਆ ਹੋਇਆ ਹੈ ਅਤੇ ਪੌਲੈਂਡ ਦੇ ਇਸ ਦੌਰੇ ਨੂੰ ਲੈ ਕੇ ਉਸਦੇ ਮਨ ਵਿੱਚ ਕੋਈ ਡਰ ਨਹੀਂ ਹੈ I ਉਪਨੀਤ ਨੇ ਕਿਹਾ ਮੇਰੇ ਬਚਪਨ ਵਿੱਚ ਰੋਜ਼ਾਨਾ ਮੇਰੇ ਪਿਤਾ ਜੀ ਮੇਰੇ ਵੱਲੋਂ ਗੁਰੂਦੁਆਰੇ ਵਿੱਚ ਕੀਤੀ ਗਈ ਸੇਵਾ ਬਾਰੇ ਪੁੱਛਦੇ ਹੁੰਦੇ ਸਨ I ਜਦੋਂ ਮੈਂ ਉਹਨਾਂ ਨੂੰ ਪੌਲੈਂਡ ਜਾਣ ਬਾਰੇ ਦੱਸਿਆ ਤਾਂ ਉਹ ਬਹੁਤ ਖੁਸ਼ ਹੋਏ I

ਉਪਨੀਤ ਬਾਸੀ ਦੀ ਫ਼ਾਈਲ ਫ਼ੋਟੋਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਉਪਨੀਤ ਬਾਸੀ ਦੀ ਫ਼ਾਈਲ ਫ਼ੋਟੋ

ਤਸਵੀਰ: ਧੰਨਵਾਦ ਸਹਿਤ ਉਪਨੀਤ ਬਾਸੀ

ਉਪਨੀਤ ਨੇ ਦੱਸਿਆ ਕਿ ਉਸਦਾ ਰਿਸ਼ਤਾ ਤੈਅ ਹੋ ਚੁੱਕਾ ਹੈ I ਉਪਨੀਤ ਨੇ ਕਿਹਾ ਇਸ ਸਾਲ ਸਤੰਬਰ ਦੌਰਾਨ ਮੇਰਾ ਵਿਆਹ ਹੋਣਾ ਹੈI ਜਦੋਂ ਮੈਂ ਆਪਣੇ ਇਸ ਫ਼ੈਸਲੇ ਬਾਰੇ ਆਪਣੇ ਮੰਗੇਤਰ ਨੂੰ ਦੱਸਿਆ ਤਾਂ ਉਸਨੇ ਕੋਈ ਇਤਰਾਜ਼ ਨਹੀਂ ਜਤਾਇਆ I ਮੇਰੇ ਸੁਭਾਅ ਬਾਰੇ ਜਾਣਦੇ ਹੋਣ ਕਰਕੇ ਉਸਨੂੰ ਕੋਈ ਹੈਰਾਨੀ ਵੀ ਨਹੀਂ ਹੋਈ I

ਉਪਨੀਤ ਨੇ ਦੱਸਿਆ ਕਿ ਪੌਲੈਂਡ ਵਿੱਚ ਕੰਮ ਕਰ ਰਹੀ ਖਾਲਸਾ ਏਡ ਦੀ ਮੌਜੂਦਾ ਟੀਮ ਨਾਲ ਗੱਲਬਾਤ ਕਰਕੇ ਉਸਨੇ ਉਸ ਹਿਸਾਬ ਨਾਲ ਆਪਣੇ ਕੱਪੜੇ ਚੱਕ ਲਏ ਹਨ I ਉਪਨੀਤ ਨੇ ਕਿਹਾ ਮੈਨੂੰ ਪਤਾ ਲੱਗਾ ਹੈ ਕਿ ਇਸ ਸਮੇਂ ਪੌਲੈਂਡ ਵਿੱਚ ਕਾਫ਼ੀ ਠੰਡ ਹੈ I ਮੈਂ ਆਪਣੇ ਸਰਦੀਆਂ ਵਾਲੇ ਕੱਪੜੇ ਨਾਲ ਲੈ ਕੇ ਜਾ ਰਹੀ ਹਾਂI

ਕੈਨੇਡਾ ਵਿੱਚ ਖਾਲਸਾ ਏਡ ਦੇ ਡਾਇਰੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ 6 ਨੌਜਵਾਨਾਂ ਦੀ ਇਹ ਟੀਮ 26 ਮਾਰਚ ਨੂੰ ਪੌਲੈਂਡ ਲਈ ਰਵਾਨਾ ਹੋ ਕੇ 2 ਅਪ੍ਰੈਲ ਨੂੰ ਵਾਪਿਸ ਆਵੇਗੀ I ਜਤਿੰਦਰ ਸਿੰਘ ਨੇ ਕਿਹਾ ਜਦੋਂ ਤੋਂ ਹੀ ਯੂਕਰੇਨ 'ਤੇ ਇਹ ਸੰਕਟ ਆਇਆ ਹੈ ਖਾਲਸਾ ਏਡ ਉਦੋਂ ਤੋਂ ਹੀ ਉਥੇ ਜੁੱਟੀ ਹੋਈ ਹੈ I

Sarbmeet Singh

ਸੁਰਖੀਆਂ