1. ਮੁੱਖ ਪੰਨਾ
  2. ਸਮਾਜ
  3. ਨਫ਼ਰਤ ਅਧਾਰਤ ਅਪਰਾਧ

ਕੋਵਿਡ ਮਹਾਂਮਾਰੀ ਦੇ ਪਹਿਲੇ ਸਾਲ ਬੀਸੀ ਵਿਚ ਨਫ਼ਰਤੀ ਅਪਰਾਧਾਂ ਦੀ ਦਰ ਸਭ ਤੋਂ ਵੱਧ ਰਹੀ

ਸਟੈਟਿਸਟਿਕਸ ਕੈਨੇਡਾ ਅਨੁਸਾਰ 2020 ਦੌਰਾਨ ਦੇਸ਼ ਭਰ ਵਿਚ ਨਸਲ ਅਧਾਰਤ ਨਫ਼ਰਤੀ ਅਪਰਾਧ ਦੁੱਗਣੇ ਹੋਏ

ਮਾਰਚ 2021 ਵਿਚ ਏਸ਼ੀਅਨ ਲੋਕਾਂ ਖ਼ਿਲਾਫ਼ ਵਧੀ ਨਫ਼ਰਤ ਖ਼ਿਲਾਫ਼ ਵੈਨਕੂਵਰ ਆਰਟ ਗੈਲਰੀ ਦੇ ਬਾਹਰ ਮੁਜ਼ਾਹਰਾ ਕਰਦੇ ਲੋਕ।

ਮਾਰਚ 2021 ਵਿਚ ਏਸ਼ੀਅਨ ਲੋਕਾਂ ਖ਼ਿਲਾਫ਼ ਵਧੀ ਨਫ਼ਰਤ ਖ਼ਿਲਾਫ਼ ਵੈਨਕੂਵਰ ਆਰਟ ਗੈਲਰੀ ਦੇ ਬਾਹਰ ਮੁਜ਼ਾਹਰਾ ਕਰਦੇ ਲੋਕ।

ਤਸਵੀਰ:  CBC / Jon Hernandez

RCI

ਨਵੇਂ ਅੰਕੜੇ ਦਰਸਾਉਂਦੇ ਹਨ ਕਿ ਕੋਵਿਡ ਮਹਾਂਮਾਰੀ ਦੇ ਪਹਿਲੇ ਸਾਲ ਕੈਨੇਡਾ ਭਰ ਵਿਚ ਨਫ਼ਰਤੀ ਅਪਰਾਧਾਂ ਵਿਚ ਜ਼ਬਰਦਸਤ ਵਾਧਾ ਹੋਇਆ ਅਤੇ ਇਸਦੀ ਸਭ ਤੋਂ ਵੱਧ ਦਰ ਬੀਸੀ ਸੂਬੇ ਵਿਚ ਦਰਜ ਹੋਈ।

ਸਟੈਟਿਸਟਿਕਸ ਕੈਨੇਡਾ ਦੇ 2020 ਅੰਕੜਿਆਂ ਦੇ ਤਫ਼ਸੀਲੀ ਵਿਸ਼ਲੇਸ਼ਣ (ਨਵੀਂ ਵਿੰਡੋ) ਵਿਚ ਸਾਹਮਣੇ ਆਇਆ ਹੈ ਕਿ 2019 ਦੇ ਮੁਕਾਬਲੇ ਨਫ਼ਰਤੀ ਅਪਰਾਧਾਂ ਵਿਚ 37 ਫ਼ੀਸਦੀ ਵਾਧਾ ਹੋਇਆ ਅਤੇ ਪੁਲਿਸ ਕੋਲ 2,669 ਮਾਮਲੇ ਰਿਪੋਰਟ ਕੀਤੇ ਗਏ। ਬੀਸੀ ਵਿਚ ਇਹਨਾਂ ਨਫ਼ਰਤੀ ਅਪਰਾਧਾਂ ਵਿਚ 60 ਫ਼ੀਸਦੀ ਵਾਧਾ ਹੋਇਆ ਅਤੇ ਜੇ ਅੰਕੜਿਆਂ ਨੂੰ ਆਬਾਦੀ ਦੇ ਅਨੁਕੂਲ ਕੀਤਾ ਜਾਵੇ ਤਾਂ ਸਾਰੇ ਸੂਬਿਆਂ ਵਿਚ ਅਪਰਾਧਾਂ ਦੀ ਦਰ ਵਿਚ ਸਭ ਤੋਂ ਵੱਧ ਵਾਧਾ ਬੀਸੀ ਵਿਚ ਦਰਜ ਹੋਇਆ ਨਜ਼ਰ ਆਉਂਦਾ ਹੈ।

ਬੀਸੀ ਵਿਚ ਸਾਲ 2020 ਵਿਚ 198 ਨਫ਼ਰਤੀ ਅਪਰਾਧ ਦੇ ਮਾਮਲੇ ਦਰਜ ਹੋਏ ਜਿਸ ਮੁਤਾਬਕ ਹਰ ਇੱਕ ਲੱਖ ਦੀ ਆਬਾਦੀ ਪਿੱਛੇ 10 ਮਾਮਲੇ ਵਾਪਰੇ ਹਨ। ਦੂਸਰਾ ਨੰਬਰ ਓਨਟੇਰਿਓ ਦਾ ਹੈ ਜਿੱਥੇ ਇਹ ਦਰ 100,000 ਦੀ ਆਬਾਦੀ ਪਿੱਛੇ 7.9 ਦਰਜ ਹੋਈ।

2009 ਤੋਂ ਤੁਲਾਨਤਮਕ ਡਾਟਾ ਉਪਲਬਧ ਹੋਣ ਤੋਂ ਬਾਅਦ, 2020 ਵਿਚ ਪੁਲਿਸ ਨੂੰ ਰਿਪੋਰਟ ਕੀਤੇ ਗਏ ਨਫ਼ਰਤੀ ਅਪਰਾਧਾਂ ਦੀ ਗਿਣਤੀ ਸਭ ਤੋਂ ਵੱਧ ਹੈ। ਡਾਟਾ ਅਨੁਸਾਰ 2019 ਦੇ ਮੁਕਾਬਲੇ 2020 ਵਿਚ ਨਸਲੀ ਅਪਰਾਧਾਂ ਦੇ ਮਾਮਲਿਆਂ ਵਿਚ ਤਕਰੀਬਨ ਦੁਗਣਾ ਵਾਧਾ ਹੋਇਆ ਹੈ।

ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਮਹਾਂਮਾਰੀ ਨੇ ਕੈਨੇਡਾ ਵਿੱਚ ਭਾਈਚਾਰਕ ਸੁਰੱਖਿਆ ਅਤੇ ਵਿਤਕਰੇ ਨਾਲ ਸਬੰਧਤ ਮੁੱਦਿਆਂ ਨੂੰ ਹੋਰ ਉਜਾਗਰ ਕੀਤਾ ਹੈ, ਜਿਸ ਵਿੱਚ ਨਫ਼ਰਤੀ ਅਪਰਾਧ ਵੀ ਸ਼ਾਮਲ ਹੈ।

ਮਹਾਂਮਾਰੀ ਦੀ ਸ਼ੁਰੂਆਤ ਵਿਚ ਕਰਵਾਏ ਗਏ ਸਰਵੇਖਣ ਅਨੁਸਾਰ (ਨਵੀਂ ਵਿੰਡੋ), ਘੱਟ-ਗਿਣਤੀ ਸਮੂਹਾਂ ਨੂੰ ਬਾਕੀ ਆਬਾਦੀ ਦੇ ਮੁਕਾਬਲੇ ਨਸਲ-ਅਧਾਰਤ ਪਰੇਸ਼ਾਨੀ ਜਾਂ ਹਮਲਿਆਂ ਵਿਚ ਵਾਧਾ ਹੋਣ ਦੀ ਸੰਭਾਵਨਾ ਤਿੰਨ ਗੁਣਾ ਜ਼ਿਆਦਾ ਸੀ। ਏਸ਼ੀਅਨ ਮੂਲ ਦੇ ਲੋਕਾਂ ਨੇ ਸਭ ਤੋਂ ਵੱਧ ਖ਼ਤਰਾ ਮਹਿਸੂਸ ਕੀਤਾ ਸੀ।

ਜੁਲਾਈ 2021 ਵਿੱਚ, ਐਂਗਸ ਰੀਡ ਇੰਸਟੀਟਿਊਟ ਦੁਆਰਾ ਕਰਵਾਏ ਗਏ ਸਰਵੇਖਣ ਵਿਚ ਅੱਧੇ ਤੋਂ ਵੱਧ ਏਸ਼ੀਅਨ ਕੈਨੇਡੀਅਨਾਂ ਨੇ ਪਿਛਲੇ ਸਾਲ ਦੌਰਾਨ ਵਿਤਕਰੇ ਦਾ ਸਾਹਮਣਾ ਕਰਨ ਦੀ ਗੱਲ ਆਖੀ ਸੀ। ਵੈਨਕੂਵਰ ਪੁਲਿਸ ਨੇ ਕਿਹਾ ਸੀ ਕਿ ਕੋਵਿਡ-19 ਮਹਾਂਮਾਰੀ ਦੇ ਪਹਿਲੇ ਸਾਲ ਦੌਰਾਨ ਏਸ਼ੀਅਨ ਵਿਰੋਧੀ ਨਫ਼ਰਤੀ ਅਪਰਾਧਾਂ ਵਿੱਚ 717 ਫ਼ੀਸਦੀ ਵਾਧਾ ਹੋਇਆ ਹੈ।

27 ਮਾਰਚ 2021 ਨੂੰ ਵਿਨੀਪੈਗ ਸਥਿਤ ਕੈਨੇਡੀਅਨ ਮਿਊਜ਼ੀਅਮ ਫ਼ੌਰ ਹਿਊਮਨ ਰਾਈਟਸ ਦੇ ਬਾਹਰ ਏਸ਼ੀਅਨ ਲੋਕਾਂ ਖ਼ਿਲਾਫ਼ ਵਧੀ ਨਫ਼ਰਤ ਖ਼ਿਲਾਫ਼ ਮੁਜ਼ਾਹਰਾ ਕਰਦੇ ਲੋਕ।

27 ਮਾਰਚ 2021 ਨੂੰ ਵਿਨੀਪੈਗ ਸਥਿਤ ਕੈਨੇਡੀਅਨ ਮਿਊਜ਼ੀਅਮ ਫ਼ੌਰ ਹਿਊਮਨ ਰਾਈਟਸ ਦੇ ਬਾਹਰ ਏਸ਼ੀਅਨ ਲੋਕਾਂ ਖ਼ਿਲਾਫ਼ ਵਧੀ ਨਫ਼ਰਤ ਖ਼ਿਲਾਫ਼ ਮੁਜ਼ਾਹਰਾ ਕਰਦੇ ਲੋਕ।

ਤਸਵੀਰ: (Tyson Koschik/CBC)

ਇਹ ਵਾਧਾ ਇੱਕਦਮ ਨਹੀਂ ਹੋਇਆ। ਅੰਕੜੇ ਦਰਸਾਉਂਦੇ ਹਨ ਕਿ ਸ਼ੁਰੂਆਤੀ ਲੌਕਡਾਊਨਜ਼ ਦੇ ਦੌਰ ਵਿਚ ਮਹਾਂਮਾਰੀ ਦੇ ਪਹਿਲੇ ਡੇਢ਼ ਮਹੀਨੇ ਮਾਮਲਿਆਂ ਦੀ ਸੰਖਿਆ 2019 ਨਾਲੋਂ ਘੱਟ ਸੀ। ਪਰ ਮਈ ਅਤੇ ਦਸੰਬਰ ਦਰਮਿਆਨ ਨਫ਼ਰਤੀ ਅਪਰਾਧ ਦੇ ਮਾਮਲੇ ਤੇਜ਼ੀ ਨਾਲ ਵਧੇ ਜਿਹਨਾਂ ਵਿਚੋਂ 43 ਫ਼ੀਸਦੀ ਮਾਮਲੇ ਹਿੰਸਕ ਸਨ।

ਦੇਸ਼ ਭਰ ਵਿਚ ਮੂਲਨਿਵਾਸੀ ਲੋਕਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਨਫ਼ਰਤੀ ਅਪਰਾਧਾਂ ਵਿਚ ਦੁਗਣਾ ਵਾਧਾ ਹੋਇਆ ਪਰ ਕੈਨੇਡਾ ਭਰ ਵਿਚ ਪੁਲਿਸ ਨੂੰ ਰਿਪੋਰਟ ਕੀਤੇ ਗਏ ਅਪਰਾਧਾਂ ਦਾ ਇਹ 3 ਫ਼ੀਸਦੀ ਹਨ।

ਸਟੈਟਿਸਟਿਕਸ ਕੈਨੇਡਾ ਅਨੁਸਾਰ, ਸਵੈ-ਰਿਪੋਰਟ ਕੀਤੇ ਅੰਕੜੇ ਦਰਸਾਉਂਦੇ ਹਨ ਕਿ ਮੂਲਨਿਵਾਸੀ ਲੋਕਾਂ ਵਿੱਚ ਹਿੰਸਕ ਜ਼ੁਲਮ ਦੀ ਦਰ ਗੈ਼ਰ-ਮੂਲਨਿਵਾਸੀ ਲੋਕਾਂ ਨਾਲੋਂ ਦੁੱਗਣੀ ਤੋਂ ਵੱਧ ਸੀ, ਪਰ ਅੰਕੜੇ ਨਾਲ ਇਹ ਵੀ ਜ਼ਾਹਰ ਕਰਦੇ ਹਨ ਕਿ ਮੂਲਨਿਵਾਸੀ ਲੋਕਾਂ ਦਾ ਪੁਲਿਸ, ਨਿਆਂ ਪ੍ਰਣਾਲੀ ਅਤੇ ਹੋਰ ਸੰਸਥਾਵਾਂ ਵਿੱਚ ਗ਼ੈਰ-ਮੂਲਨਿਵਾਸੀ ਲੋਕਾਂ ਨਾਲੋਂ ਘੱਟ ਭਰੋਸਾ ਹੈ।

ਧਰਮ ਆਧਾਰਤ ਨਫ਼ਰਤੀ ਅਪਰਾਧਾਂ ਵਿਚ 16 ਫ਼ੀਸਦੀ ਕਮੀ ਦਰਜ ਹੋਈ। ਇਹ ਕਮੀ ਮੁੱਖ ਤੌਰ ‘ਤੇ ਇਸ ਲਈ ਸੀ ਕਿਉਂਕਿ ਕੈਨੇਡਾ ਭਰ ਵਿਚ ਮੁਸਲਿਮ ਆਬਾਦੀ ਨੂੰ ਨਿਸ਼ਾਨਾ ਬਣਾਉਣ ਵਾਲੇ ਨਫ਼ਰਤੀ ਅਪਰਾਧਾਂ ਵਿਚ 55 ਫ਼ੀਸਦੀ ਕਮੀ ਆਈ ਅਤੇ 2019 ਵਿਚ ਵਾਪਰੀਆਂ 182 ਘਟਨਾਵਾਂ ਦੇ ਮੁਕਾਬਲੇ 2020 ਵਿਚ 82 ਘਟਨਾਵਾਂ ਵਾਪਰੀਆਂ। ਇਸ ਦੇ ਉਲਟ ਯਹੂਦੀ ਲੋਕਾਂ ਖ਼ਿਲਾਫ਼ ਅਪਰਾਧਾਂ ਵਿਚ 5 ਫ਼ੀਸਦੀ ਵਾਧਾ ਹੋਇਆ।

ਕਿਸੇ ਵਿਅਕਤੀ ਨੂੰ ਉਸ ਦੇ ਜਿਨਸੀ ਝੁਕਾਅ ਕਾਰਨ ਨਿਸ਼ਾਨਾ ਬਣਾਉਣ ਵਾਲੇ ਅਪਰਾਧਾਂ ਵਿੱਚ 2 ਫ਼ੀਸਦੀ ਕਮੀ ਆਈ ਹੈ। 

ਹਾਲਾਂਕਿ, ਜਿਨਸੀ ਝੁਕਾਅ ਨੂੰ ਨਿਸ਼ਾਨਾ ਬਣਾਉਣ ਵਾਲੇ ਨਫ਼ਰਤੀ ਅਪਰਾਧਾਂ ਵਿਚੋਂ 58 ਫ਼ੀਸਦੀ ਮਾਮਲੇ ਹਿੰਸਕ ਸਨ, ਜਦਕਿ ਧਰਮ ਨੂੰ ਨਿਸ਼ਾਨਾ ਬਣਾਉਣ ਵਾਲੇ ਨਫ਼ਰਤੀ ਅਪਰਾਧ ਦੇ ਮਾਮਲਿਆਂ ਵਿਚੋਂ 20 ਫ਼ੀਸਦੀ ਹਿੰਸਕ ਅਤੇ ਕਿਸੇ ਨਸਲ ਖ਼ਿਲਾਫ਼ ਹੋਏ ਨਫ਼ਰਤੀ ਅਪਰਾਧਾਂ ਵਿਚੋਂ 47 ਫ਼ੀਸਦੀ ਮਾਮਲੇ ਹਿੰਸਕ ਦਰਜ ਹੋਏ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ