- ਮੁੱਖ ਪੰਨਾ
- ਰਾਜਨੀਤੀ
- ਫ਼ੈਡਰਲ ਰਾਜਨੀਤੀ
ਟਰੱਕ ਕਾਫ਼ਲਾ ਔਟਵਾ ਪਹੁੰਚਣਾ ਸ਼ੁਰੂ, ਹੈਲਥ ਮਿਨਿਸਟਰ ਨੇ ਕਿਹਾ ਵੈਕਸੀਨਾਂ “ਦੁਸ਼ਮਨ” ਨਹੀਂ
ਆਯੋਜਕਾਂ ਅਨੁਸਾਰ ਕਾਫ਼ਲੇ ‘ਚ ਸ਼ਾਮਲ ਜ਼ਿਆਦਾਤਰ ਲੋਕ ਸ਼ਨੀਵਾਰ ਸਵੇਰ ਨੂੰ ਔਟਵਾ ਪਹੁੰਚ ਜਾਣਗੇ

28 ਜਨਵਰੀ 2022 ਨੂੰ ਔਟਵਾ ਵਿਚ ਪਾਰਲੀਮੈਂਟ ਹਿੱਲ ਦੇ ਬਾਹਰ ਵਲਿੰਗਟਨ ਸਟ੍ਰੀਟ 'ਤੇ ਪਾਰਕ ਹੋਏ ਟਰੱਕਾਂ ਦੀ ਕਤਾਰ। ਸ਼ਨੀਵਾਰ ਸਵੇਰ ਤੱਕ ਤਕਰੀਬਨ ਸਾਰੇ ਕਾਫ਼ਲੇ ਦੇ ਔਟਵਾ ਪਹੁੰਚ ਜਾਣ ਦੀ ਸੰਭਾਵਨਾ ਹੈ।
ਤਸਵੀਰ: Radio-Canada / Felix Desroches
ਫ਼ੈਡਰਲ ਸਰਕਾਰ ਵੱਲੋਂ ਲਾਜ਼ਮੀ ਵੈਕਸੀਨੇਸ਼ਨ ਦੇ ਨਿਯਮਾਂ ਦੇ ਵਿਰੋਧ ਵਿਚ ਚੱਲਿਆ ਟਰੱਕ ਡਰਾਈਵਰਾਂ ਦਾ ਰੋਸ ਕਾਫ਼ਲਾ ਇਸ ਵੀਕੈਂਡ ਔਟਵਾ ਪਹੁੰਚ ਜਾਵੇਗਾ।
ਸ਼ੁੱਕਰਵਾਰ ਨੂੰ ਫ਼ੈਡਰਲ ਹੈਲਥ ਮਿਨਿਸਟਰ ਯੌਂ-ਈਵ ਡਿਉਕਲੋ ਨੇ ਆਪਣੀ ਸਰਕਾਰ ਵੱਲੋਂ ਟਰੱਕਰਜ਼ ਲਈ ਵੈਕਸੀਨੇਸ਼ਨ ਦੀ ਸ਼ਰਤ ਦਾ ਬਚਾਅ ਕੀਤਾ।
ਮਿਨਿਸਟਰ ਡਿਉਕਲੋ ਨੇ ਕਿਹਾ, ਵੈਕਸੀਨੇਸ਼ਨ ਦੁਸ਼ਮਨ ਨਹੀਂ ਹੈ। ਦੁਸ਼ਮਨ ਕੋਵਿਡ-19 ਹੈ ਅਤੇ ਇਸ ਦੁਸ਼ਮਨ ਨਾਲ ਲੜ੍ਹਨ ਦਾ ਸਭ ਤੋਂ ਉੱਤਮ ਸੰਦ ਵੈਕਸੀਨੇਸ਼ਨ ਹੈ
।
ਅਸੀਂ ਸਮਝਦੇ ਹਾਂ ਕਿ ਹੁਣ ਕੋਵਿਡ-19 ਨੂੰ ਲੈਕੇ ਲੋਕਾਂ ਵਿਚ ਅਕੇਵਾਂ ਅਤੇ ਪ੍ਰੇਸ਼ਾਨੀ ਹੈ, ਪਰ ਅਸੀਂ ਇਹ ਵੀ ਜਾਣਦੇ ਹਾਂ ਕਿ ਕੋਵਿਡ-19 ਚੋਂ ਨਿਕਲਣ ਦਾ ਇੱਕੋ ਇੱਕ ਤਰੀਕਾ ਵੈਕਸੀਨ ਲਗਵਾਉਣਾ ਹੈ
।

ਮੰਗਲਵਾਰ ਨੂੰ ਵਿਨਿਪੈਗ ਨਜ਼ਦੀਕ ਟ੍ਰਾਂਸ-ਕੈਨੇਡਾ ਹਾਈਵੇ 'ਤੇ ਜਾਂਦੇ ਟਰੱਕ ਕਾਫ਼ਲੇ ਨੂੰ ਹੁਲਾਰਾ ਦਿੰਦੇ ਪ੍ਰਦਰਸ਼ਨਕਾਰੀ।
ਤਸਵੀਰ: (David Lipnowski/The Canadian Press)
ਸ਼ੁਰੂਆਤ ਵਿਚ ਇਹ ਮੁਜ਼ਾਹਰਾ ਸਰਕਾਰ ਦੇ ਨਵੇਂ ਵੈਕਸੀਨੇਸ਼ਨ ਨਿਯਮਾਂ ਦਾ ਵਿਰੋਧ ਕਰਨ ਵਾਲੇ ਕੈਨੇਡੀਅਨ ਟਰੱਕ ਡਰਾਈਵਰਾਂ ਦਾ ਮੰਨਿਆ ਜਾ ਰਿਹਾ ਸੀ - ਪਰ ਹੌਲੀ ਹੌਲੀ, ਸਰਕਾਰ ਦੇ ਕੋਵਿਡ-19 ਨਾਲ ਨਜਿੱਠਣ ਅਤੇ ਪਬਲਿਕ ਹੈਲਥ ਨਿਰਦੇਸ਼ਾਂ ਦਾ ਵਿਰੋਧ ਕਰਨ ਵਾਲੇ ਸਮੂਹ ਵੀ ਇਸ ਮੁਹਿੰਮ ਵਿਚ ਸ਼ਾਮਲ ਹੋ ਗਏ।
ਇਸ ਰੋਹ ਪ੍ਰਦਰਸ਼ਨ ਨਾਲ ਜੁੜੇ ਕੁਝ ਲੋਕਾਂ ਦੀ ਮੰਗ ਹੈ ਕਿ ਜਦੋਂ ਤੱਕ ਹਰ ਕਿਸਮ ਦੀ ਲਾਜ਼ਮੀ ਕੋਵਿਡ ਵੈਕਸੀਨ ਨੀਤੀ ਰੱਦ ਨਹੀਂ ਹੁੰਦੀ ਜਾਂ ਜਦੋਂ ਤੱਕ ਸਰਕਾਰ ਕਿਸੇ ਤਰੀਕੇ ਅਸਤੀਫ਼ਾ ਨਹੀਂ ਦਿੰਦੀ, ਤਦ ਤੱਕ ਇਹ ਲੋਕ ਮੁਜ਼ਾਹਰਾ ਕਰਦੇ ਰਹਿਣਗੇ।

ਬੁੱਧਵਾਰ ਨੂੰ ਓਨਟੇਰਿਓ ਦੇ ਥੰਡਰ ਬੇਅਅ ਇਲਾਕੇ ਵਿਚ ਕਾਕਾਬੇਕਾ ਫ਼ੌਲਜ਼ ਨਜ਼ਦੀਕ ਟਰੱਕ ਕਾਫ਼ਲੇ ਦਾ ਉਤਸਾਹ ਵਧਾਉਂਦੇ ਸਮਰਥਕ।
ਤਸਵੀਰ: (David Jackson/The Canadian Press)
ਸ਼ੁੱਕਰਵਾਰ ਨੂੰ ਕਾਫ਼ਲੇ ਵਿਚ ਸ਼ਾਮਲ ਕਈ ਟਰੱਕਾਂ ਦੀ ਔਟਵਾ ਦੇ ਪਾਰਲੀਮੈਂਟ ਹਿਲ ਇਲਾਕੇ ਦੇ ਨਜ਼ਦੀਕ ਸੜਕਾਂ ਤੇ ਕਤਾਰ ਲੱਗਣੀ ਸ਼ੁਰੂ ਹੋ ਗਈ ਹੈ ਅਤੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਸ਼ਨੀਵਾਰ ਸਵੇਰ ਤੱਕ ਕਾਫ਼ਲੇ ਦਾ ਬਹੁਤਾ ਹਿੱਸਾ ਔਟਵਾ ਪਹੁੰਚ ਜਾਵੇਗਾ।
ਔਟਵਾ ਪੁਲਿਸ ਨੂੰ ਨਹੀਂ ਪਤਾ ਕਿ ਇਸ ਵੀਕੈਂਡ ਕਿੰਨੇ ਲੋਕ ਇਹਨਾਂ ਮੁਜ਼ਾਹਰਿਆਂ ਵਿਚ ਸ਼ਾਮਲ ਹੋ ਰਹੇ ਹਨ ਅਤੇ ਉਹਨਾਂ ਦੀ ਇੱਥੇ ਕਦੋਂ ਤੀਕਰ ਰੁਕੇ ਰਹਿਣ ਦੀ ਯੋਜਨਾ ਹੈ।
ਔਟਵਾ ਪੁਲਿਸ ਚੀਫ਼ ਪੀਟਰ ਸਲੋਲੀ ਨੇ ਕਿਹਾ ਕਿ ਕੈਨੇਡੀਅਨਜ਼ ਨੂੰ ਸ਼ਾਂਤੀਪੂਰਵਕ ਵਿਰੋਧ ਕਰਨ ਦਾ ਅਧਿਕਾਰ ਹੈ ਪਰ ਉਹਨਾਂ ਨੇ ਲੋਕਾਂ ਨੂੰ ਅਸਮਾਜਿਕ ਤੱਤਾਂ ਤੋਂ ਸਾਵਧਾਨ ਰਹਿਣ ਦੀ ਚਿਤਾਵਨੀ ਦਿੱਤੀ ਹੈ।
ਉਹਨਾਂ ਕਿਹਾ ਕਿ ਇਹ ਸਥਿਤੀ ਆਪਣੇ ਆਪ ਵਿਚ ਵਿਲੱਖਣ ਪਰ ਜੋਖਮ ਵਾਲੀ
ਵੀ ਹੈ, ਅਤੇ ਪੂਰੇ ਇਲਾਕੇ ਵਿਚ ਪੁਲਿਸ ਬੰਦੋਬਸਤ ਦੇ ਨਾਲ ਨਾਲ ਕੈਮਰੇ ਵੀ ਲਗਾ ਦਿਤੇ ਗਏ ਹਨ।
ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਅਸੀਂ ਜਾਂਚ ਕਰਨ, ਲੋੜ ਪੈਣ ‘ਤੇ ਗ੍ਰਿਫ਼ਤਾਰ ਕਰਨ, ਪ੍ਰਦਰਸ਼ਨਾਂ ਦੌਰਾਨ ਹਿੰਸਕ ਕਾਰਵਾਈ ਕਰਨ ਜਾਂ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਨੂੰ ਚਾਰਜ ਕਰਕੇ ਮੁਕੱਦਮਾ ਚਲਾਉਣ ਲਈ ਤਿਆਰ ਹਾਂ।

ਵੀਰਵਾਰ ਨੂੰ ਓਨਟੇਰਿਓ ਦੇ ਲੰਡਨ ਸ਼ਹਿਰ ਵਿਚ ਵੀਰਵਾਰ ਨੂੰ ਟਰੱਕ ਰੈਲੀ ਦੇ ਸਮਰਥਕ ਅਤੇ ਵੈਕਸੀਨ ਨਿਯਮਾਂ ਦੇ ਵਿਰੋਧੀ ਹਾਈਵੇ 401 ਕੋਲ ਜਮ੍ਹਾਂ ਹੋਏ।
ਤਸਵੀਰ: (Kate Dubinski/CBC)
ਮੁਜ਼ਾਹਰਾਕਾਰੀਆਂ ਨੂੰ ਮਿਲਣਗੇ ਓ’ਟੂਲ
ਕੰਜ਼ਰਵੇਟਿਵ ਲੀਡਰ ਐਰਿਨ ਓ’ਟੂਲ ਨੇ ਕਿਹਾ ਕਿ ਉਹ ਕਾਫ਼ਲੇ ਦੇ ਮੈਂਬਰਾਂ ਨਾਲ ਮੁਲਾਕਾਤ ਕਰਨ ਦੀ ਯੋਜਨਾ ਬਣਾ ਰਹੇ ਹਨ, ਪਰ ਉਹਨਾਂ ਕਿਹਾ ਕਿ ਇਸ ਰੈਲੀ ਦੇ ਮੂਲ ਆਯੋਜਕਾਂ ਨਾਲ ਮਿਲਣ ਦੀ ਉਹਨਾਂ ਦੀ ਕੋਈ ਯੋਜਨਾ ਨ੍ਹੀਂ ਹੈ।
ਓ’ਟੂਲ ਨੇ ਕਿਹਾ, ਮੈਂ ਟਰੱਕਰਜ਼ ਨੂੰ ਮਿਲਾਂਗਾ, ਮੈਂ ਕਾਫ਼ਲੇ ਦੇ ਹਿੱਸੇ ਨੂੰ ਮਿਲਾਂਗਾ। ਮੈਂ ਉਹਨਾਂ ਨੂੰ ਪਾਰਲੀਮੈਂਟ ਹਿੱਲ ਦੇ ਬਾਹਰ ਮਿਲਾਂਗਾ ਤਾਂ ਕਿ ਇਹ ਬਿਹਤਰ ਤਰੀਕੇ ਨਾਲ ਹੋ ਸਕੇ
।

ਓਨਟੇਰਿਓ ਦੇ ਵੌਨ ਇਲਾਕੇ ਵਿਚ ਟਰੱਕ ਕਾਫ਼ਲੇ ਦੇ ਸਮਰਥਨ ਵਿਚ ਸੜਕਾਂ 'ਤੇ ਪਹੁੰਚੇ ਲੋਕ।
ਤਸਵੀਰ: (Patrick Morrell/CBC)
ਕੰਜ਼ਰਵੇਟਿਵ ਲੀਡਰ ਨੇ ਇਹ ਵੀ ਕਿਹਾ ਕਿ ਸਰਕਾਰ ਵੱਲੋਂ ਵੈਕਸੀਨੇਸ਼ਨ ਲਾਜ਼ਮੀ ਕੀਤੇ ਜਾਣ ਦੀ ਜ਼ਿਦ ਕਰਕੇ ਲੋਕਾਂ ਨੇ ਆਪਣੀਆਂ ਨੌਕਰੀਆਂ ਵੀ ਗੁਆਈਆਂ ਹਨ।
ਇਹ ਵੀ ਪੜ੍ਹੋ:
- ਜਗਮੀਤ ਸਿੰਘ ਵੱਲੋਂ ਟਰੱਕਰਜ਼ ਰੈਲੀ ਦੀ ਨਿਖੇਧੀ, ਰਿਸ਼ਤੇਦਾਰ ਵੱਲੋਂ ਕਾਫ਼ਲੇ ਨੂੰ ਡੋਨੇਸ਼ਨ ਦੇਣ ‘ਤੇ ਅਸਿਹਮਤ
- ਲਾਜ਼ਮੀ ਵੈਕਸੀਨੇਸ਼ਨ ਖ਼ਿਲਾਫ਼ ਹਜ਼ਾਰਾਂ ਟਰੱਕ ਡਰਾਈਵਰਾਂ ਨੇ ਸ਼ੁਰੂ ਕੀਤੀ ਫ਼ਰੀਡਮ ਰੈਲੀ
- ਟਰੱਕ ਡਰਾਈਵਰਾਂ ਲਈ ਵੈਕਸੀਨ ਪ੍ਰਮਾਣ ਨੀਤੀ ‘ਤੇ ਸਰਕਾਰ ਮੁੜ ਵਿਚਾਰ ਕਰੇ : ਟਰੱਕਿੰਗ ਇੰਡਸਟਰੀ
ਵੀਰਵਾਰ ਰਾਤ ਨੂੰ ਇੱਕ ਟਵੀਟ ਵਿਚ ਓ’ਟੂਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਅਤੇ ਲਿਬਰਲਜ਼, ਟਰੱਕਰਜ਼ ਨੂੰ ਬਦਨਾਮ
ਕਰ ਰਹੇ ਹਨ।
ਜਸਟਿਨ ਟ੍ਰੂਡੋ ਪ੍ਰਦਰਸ਼ਨਾਰੀਆਂ ਨੂੰ ‘ਮੁੱਠੀ ਭਰ ਘੱਟ-ਗਿਣਤੀ’ ਆਖ ਚੁੱਕੇ ਹਨ।
ਐਨਡੀਪੀ ਲੀਡਰ ਜਗਮੀਤ ਸਿੰਘ ਨੇ ਵੀ ਇਸ ਕਾਫ਼ਲੇ ਦਾ ਵਿਰੋਧ ਕਰਦਿਆਂ ਇਸ ਦੇ ਪ੍ਰਬੰਧਕਾਂ ‘ਤੇ ਭੜਕਾਊ, ਵੰਡੀਆਂ ਪਾਉਣ ਵਾਲੀਆਂ ਅਤੇ ਨਫ਼ਰਤ ਭਰੀਆਂ ਟਿੱਪਣੀਆਂ ਕਰਨ ਦਾ ਇਲਜ਼ਾਮ ਲਗਾਇਆ ਹੈ।
ਕੈਥਰੀਨ ਟਨੀ (ਨਵੀਂ ਵਿੰਡੋ)- ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ