- ਮੁੱਖ ਪੰਨਾ
- ਸਮਾਜ
- ਕਾਰੋਬਾਰ
ਸਨਵਿੰਗ ਫ਼ਲਾਈਟ ਵਿਚ ਹੋਈ ‘ਪਾਰਟੀ’ ਦੇ ਆਯੋਜਕ ਨੇ ਮੰਗੀ ਮੁਆਫ਼ੀ, ਪਰ ਏਅਰਲਾਈਨ ‘ਤੇ ਠੋਕਣਗੇ ਮੁਕੱਦਮਾ
ਜੇਮਜ਼ ਵਿਲਿਅਮ ਅਵਡ ਨੂੰ, ਵਿਵਾਦ ਦੇ ਬਾਵਜੂਦ, ਪਾਰਟੀ ਹੋਸਟ ਕਰਨ ਦਾ ਕੋਈ ਪਛਤਾਵਾ ਨਹੀਂ

30 ਦਸੰਬਰ ਨੂੰ ਸਨਵਿੰਗ ਏਅਰਲਾਈਨ ਵਿਚ ਕੀਤੀ ਗਈ ਇੱਕ ਪਾਰਟੀ ਦੀ ਵੀਡਿਓ ਵਾਇਰਲ ਹੋਈ ਸੀ ਜਿਸ ਵਿਚ ਯਾਤਰੀਆਂ ਨੇ ਮਾਸਕ ਅਤੇ ਬਾਕੀ ਕੋਵਿਡ ਨਿਯਮਾਂ ਦੀ ਉਲੰਘਣਾ ਕੀਤੀ ਸੀ।
ਤਸਵੀਰ: Getty Images / Lukas Wunderlich
ਮੌਂਟਰੀਅਲ ਤੋਂ ਮੈਕਸੀਕੋ ਦੀ ਸਨਵਿੰਗ ਏਅਰਲਾਈਨ ਦੀ ਫ਼ਲਾਈਟ ਵਿਚ ਹੋਈ ਪਾਰਟੀ ਦੇ ਔਰਗੇਨਾਈਜ਼ਰ ਦਾ ਕਹਿਣਾ ਹੈ ਕਿ ਉਹ ਏਅਰਲਾਈਨ ‘ਤੇ ਮੁਕੱਦਮਾ ਦਾਇਰ ਕਰਨ ਦੀ ਯੋਜਨਾ ਬਣਾ ਰਹੇ ਹਨ, ਕਿਉਂਕਿ ਏਅਰਲਾਈਨ ਨੇ ਇਸ ਗਰੁੱਪ ਨੂੰ ਮੈਕਸੀਕੋ ਤੋਂ ਵਾਪਸ ਕੈਨੇਡਾ ਲਿਆਉਣ ਤੋਂ ਇਨਕਾਰ ਕੀਤਾ ਸੀ।
ਵੀਰਵਾਰ ਨੂੰ ਇੱਕ ਨਿਊਜ਼ ਕਾਨਫ਼ਰੰਸ ਦੌਰਾਨ ਗੱਲ ਕਰਦਿਆਂ ਜੇਮਜ਼ ਵਿਲਿਅਮ ਅਵਡ ਨੇ ਕਿਹਾ ਕਿ ਸਨਵਿੰਗ ਏਅਰਲਾਈਨਜ਼ ਨੇ ਕਿਊਬੈਕ ਦੇ ਗਰੁੱਪ ਨੂੰ ਵਿਦੇਸ਼ ਵਿਚ ਛੱਡ
ਦਿੱਤਾ ਸੀ, ਅਤੇ ਇਸ ਨੇ ਆਪਣੇ ਅਗਰੀਮੈਂਟ ਦੀ ਪਾਲਣਾ ਨਹੀਂ ਕੀਤੀ।
ਸੋਸ਼ਲ ਮੀਡੀਆ ‘ਤੇ ਸਾਂਝੀ ਹੋਈ 30 ਦਸੰਬਰ ਦੀ ਸਨਵਿੰਗ ਏਅਰਲਾਈਨਜ਼ ਦੀ ਫ਼ਲਾਈਟ ਦੀ ਵੀਡਿਓ ਵਿਚ ਕੁਝ ਸਵਾਰੀਆਂ ਨੇ ਮਾਸਕ ਵੀ ਨਹੀਂ ਪਹਿਨਿਆ ਹੋਇਆ ਸੀ ਅਤੇ ਲੋਕ ਸੀਟਾਂ ਤੇ ਆਇਲਜ਼ ਵਿਚ ਨੱਚਦਿਆਂ ਇੱਕ ਦੂਸਰੇ ਦੇ ਕਾਫ਼ੀ ਨਜ਼ਦੀਕ ਖੜੇ ਨਜ਼ਰ ਆ ਰਹੇ ਸਨ। ਇੱਕ ਵੀਡਿਓ ਵਿਚ ਯਾਤਰੀ ਵੌਡਕਾ (ਸ਼ਰਾਬ) ਦੀ ਇੱਕ ਵੱਡੀ ਬੋਤਲ ਇੱਕ ਦੂਸਰੇ ਨਾਲ ਸਾਂਝੀ ਕਰਦੇ ਵੀ ਦੇਖੇ ਜਾ ਸਕਦੇ ਸਨ। ਵੀਡਿਓ ਵਿਚ ਕੁਝ ਯਾਤਰੀ ਜਹਾਜ਼ ਵਿਚ ਧੂਮ੍ਰਪਾਨ ਕਰਦੇ ਵੀ ਨਜ਼ਰ ਆਏ ਸਨ।

ਜੇਮਜ਼ ਵਿਲਿਅਮ ਅਵਡ ਨੇ ਵੀਰਵਾਰ ਨੂੰ ਪੱਤਰਕਾਰਾਂ ਨਾਲ ਗਤਲ ਕਰਦਿਆਂ ਕਿਹਾ ਕਿ ਉਹ ਏਅਰਲਾਈਨ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਯੋਜਨਾ ਬਣਾ ਰਹੇ ਹਨ।
ਤਸਵੀਰ: Radio-Canada / Ivanoh Demer
ਜਹਾਜ਼ ਨੂੰ ਚਾਰਟਰ ਕੀਤਾ ਗਿਆ ਸੀ ਅਤੇ ਯਾਤਰੀ ਕੁਝ ਸੋਸ਼ਲ ਮੀਡੀਆ ਇਨਫ਼ਲੂਐਂਸਰ ਅਤੇ ਕੁਝ ਕਿਊਬਿਕ ਰਿਐਲਿਟੀ ਟੈਲੀਵਿਜ਼ਨ ਸ਼ੋਅ ਦੇ ਮੈਂਬਰ ਸਨ।
ਸਨਵਿੰਗ ਨੇ ਇਸ ਗਰੁੱਪ ਦੀ ਕੈਨੇਡਾ ਵਾਪਸੀ ਦੀ ਫ਼ਲਾਈਟ ਇਹ ਕਹਿੰਦਿਆਂ ਰੱਦ ਕਰ ਦਿੱਤੀ ਸੀ ਕਿ ਗਰੁੱਪ ਲਈ ਵਾਪਸੀ ਦੀ ਫ਼ਲਾਈਟ ਦੀਆਂ ਸ਼ਰਤਾਂ ਤੈਅ ਕੀਤੀਆਂ ਗਈਆਂ ਸਨ, ਪਰ ਉਹਨਾਂ ਨੇ ਸ਼ਰਤਾਂ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਏਅਰ ਕੈਨੇਡਾ ਅਤੇ ਏਅਰ ਟ੍ਰਾਂਜ਼ੈਟ ਨੇ ਵੀ ਇਹੀ ਰਵੱਈਆ ਅਪਨਾਉਂਦਿਆਂ ਕਿਹਾ ਸੀ ਕਿ ਉਹ ਸਨਵਿੰਗ ਫ਼ਲਾਈਟ ਪਾਰਟੀ ਵਿਚ ਸ਼ਾਮਲ ਕਿਸੇ ਸ਼ਖ਼ਸ ਨੂੰ ਵਾਪਸ ਨਹੀਂ ਲਿਆਉਣਗੇ।
ਅਵਡ ਨੇ ਕਿਹਾ, ਹਾਂ, ਅਸੀਂ ਵੀਡਿਓ ਦੇਖੀ ਸੀ, ਕੁਝ ਲੋਕ ਫ਼ਲਾਈਟ ਵਿਚ ਪਾਰਟੀ ਕਰ ਰਹੇ ਸਨ
।
ਪਰ ਹੋਇਆ ਕੀ ਕਿ ਏਅਰਲਾਈਨ ਨੇ ਸਭ ਨੂੰ ਇਕੋ ਕਿਸ਼ਤੀ ਵਿਚ ਸਵਾਰ ਮੰਨ ਲਿਆ
।
ਸੀਬੀਸੀ ਨਿਊਜ਼ ਨੇ ਸਨਵਿੰਗ ਤੋਂ ਵੀ ਇਸ ਮਾਮਲੇ ਵਿਚ ਟਿੱਪਣੀ ਮੰਗੀ ਪਰ ਫ਼ਿਲਹਾਲ ਕੋਈ ਜਵਾਬ ਨਹੀਂ ਆਇਆ ਹੈ। ਅਵਡ ਨੇ ਕਿਹਾ ਕਿ ਉਹ ਏਅਰ ਕੈਨੇਡਾ ਅਤੇ ਏਅਰ ਟ੍ਰਾਂਜ਼ੈਟ ਵਿਰੁੱਧ ਵੀ ਵਾਧੂ ਕਾਰਵਾਈ ਕੀਤੇ ਜਾਣ ‘ਤੇ ਵਿਚਾਰ ਕਰਨਗੇ।
ਮੁਆਫ਼ੀ, ਪਰ ਪਛਤਾਵਾ ਨਹੀਂ
ਅਵਡ ਨੇ ਕਿਹਾ ਕਿ ਉਹਨਾਂ ਨੂੰ ਇਸ ਆਯੋਜਨ ਦਾ ਕੋਈ ਪਛਤਾਵਾ ਨਹੀਂ, ਪਰ ਵੀਡਿਓ ਵਿਚ ਸਾਹਮਣੇ ਆਏ ਵਰਤਾਰੇ ਲਈ ਉਹਨਾਂ ਨੇ ਮੁਆਫ਼ੀ ਮੰਗੀ।
ਮੇਰਾ ਮਕਸਦ , ਸੁਰੱਖਿਆ ਉਪਾਵਾਂ ਦਾ ਸਤਿਕਾਰ ਕਰਦਿਆਂ, ਸਾਰੇ ਗਰੁੱਪ ਨੂੰ ਮਜ਼ੇ ਕਰਵਾਉਣਾ ਸੀ। ਬੇਸ਼ੱਕ ਮੈਨੂੰ ਅਫ਼ਸੋਸ ਹੈ ਕਿ ਕੁਝ ਲੋਕਾਂ ਨੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ
।
ਉਹਨਾਂ ਕਿਹਾ ਕਿ ਉਹ ਸਮਝ ਸਕਦੇ ਹਨ ਕਿ ਵੀਡਿਓ ਦੇਖਣ ਤੋਂ ਬਾਅਦ ਲੋਕ ਨਾਰਾਜ਼ ਹੋਏ ਅਤੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਵੀ ਵੀਡਿਓ ਨੂੰ ਮੂੰਹ ‘ਤੇ ਚਪੇੜ
ਆਖਿਆ।
ਦੇਖੋ। ਬਿਨਾ ਮਾਸਕ ਦੇ ਮੁਸਾਫ਼ਰ ਜਹਾਜ਼ ਵਿਚ ਪਾਰਟੀ ਕਰਦੇ ਹੋਏ:
ਅਵਡ ਦਾ ਕਹਿਣਾ ਹੈ ਕਿ ਉਕਤ ਪਾਰਟੀ ਕੁਝ ਮਿੰਟ ਹੀ ਚੱਲੀ ਸੀ। ਉਹਨਾਂ ਕਿਹਾ ਕਿ ਜੇ ਇਹ ਪਾਰਟੀ ਬਹੁਤੀ ਦੇਰ ਚੱਲੀ ਹੁੰਦੀ ਤਾਂ ਜਹਾਜ਼ ਦੇ ਪਾਇਲਟ ਨੇ ਹੀ ਜਹਾਜ਼ ਲੈਂਡ ਕਰ ਦੇਣਾ ਸੀ। ਉਹਨਾਂ ਦੱਸਿਆ ਕਿ ਨਿਯਮ ਤੋੜਨ ਵਾਲਿਆਂ ਨੂੰ ਉਹਨਾਂ ਦੀ ਕੰਪਨੀ, ਪ੍ਰਾਈਵੇਟ ਕਲੱਬ 111, ਤੋਂ ਬਾਹਰ ਕੱਢ ਦਿੱਤਾ ਗਿਆ ਹੈ।
ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ, ਆਯੋਜਕ ਹੋਣ ਦੇ ਨਾਤੇ, ਉਹਨਾਂ ਨੇ ਇਸ ਬੇਲਗਾਮ ਵਰਤਾਰੇ ਨੂੰ ਰੋਕਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਤਾਂ ਉਹਨਾਂ ਕਿਹਾ ਕਿ ਸਾਰੇ ਯਾਤਰੀ ਬਾਲਗ਼ ਸਨ ਜੋ ਆਪਣੇ ਕਾਰਨਾਮਿਆਂ ਦੀ ਜ਼ਿੰਮੇਵਾਰੀ ਲੈ ਸਕਦੇ ਸਨ।
- ਮੈਕਸਿਕੋ ਜਾ ਰਹੀ ਫ਼ਲਾਈਟ ਚ ਹੋਈ ‘ਪਾਰਟੀ’ ਦੀ ਜਾਂਚ ਕਰੇਗਾ ਟ੍ਰਾਂਸਪੋਰਟ ਕੈਨੇਡਾ
- 2021 ਦੌਰਾਨ ਸੈਂਕੜੇ ਹਵਾਈ ਯਾਤਰੀਆਂ ਨੇ ਕੀਤੀ ਫ਼ਲਾਈਟਸ ਵਿਚ ਮਾਸਕ ਨਿਯਮਾਂ ਦੀ ਉਲੰਘਣਾ
ਜਾਅਲੀ ਪੀਸੀਆਰ ਟੈਸਟ ਅਤੇ ਜੁਰਮਾਨਿਆਂ ਤੋਂ ਇਨਕਾਰ
ਅਵਡ ਨੇ ਦੱਸਿਆ ਕਿ ਫ਼ਲਾਈਟ ਰੋਕ ਦੇ ਬਾਵਜੂਦ, ਸਾਰੇ ਯਾਤਰੀ ਆਪਣੀ ਪੁਰਾਣੀ ਘਰ ਵਾਪਸੀ ਦੀ ਤਾਰੀਖ਼ ਤੋਂ ਕਰੀਬ ਇੱਕ ਹਫ਼ਤੇ ਬਾਅਦ ਕੈਨੇਡਾ ਵਾਪਸ ਪਹੁੰਚ ਗਏ ਸਨ। ਪਰ ਕੁਝ ਨੂੰ ਅਮਰੀਕਾ ਅਤੇ ਪਨਾਮਾ ਵਿਚੋਂ ਫ਼ਲਾਈਟਾਂ ਲੈਂਦਿਆਂ ਪਹੁੰਚਣਿਆ ਪਿਆ।
ਅਵਡ ਦੀ ਜਾਣਕਾਰੀ ਮੁਤਾਬਕ, ਕਿਸੇ ਨੂੰ ਫ਼ਿਲਹਾਲ ਕੋਈ ਜੁਰਮਾਨਾ ਜਾਂ ਚਾਰਜ ਨਹੀਂ ਕੀਤਾ ਗਿਆ ਹੈ, ਪਰ ਉਹਨਾਂ ਕਿਹਾ ਕਿ ‘ਆਉਂਦੇ ਦਿਨਾਂ ਵਿਚ ਇਹ ਬਦਲ’ ਵੀ ਸਕਦਾ ਹੈ।
ਫ਼ੈਡਰਲ ਸਰਕਾਰ ਦੇ ਟ੍ਰਾਂਸਪੋਰਟ, ਪਬਲਿਕ ਸੇਫ਼ਟੀ ਅਤੇ ਹੈਲਥ ਵਿਭਾਗਾਂ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੇਖੋ। ਸਨਵਿੰਗ ਫ਼ਲਾਈਟ ਪਾਰਟੀ ਦੇ ਆਯੋਜਕ ਨੇ ਮੁਆਫ਼ੀ ਮੰਗੀ :
ਫ਼ੈਡਰਲ ਹੈਲਥ ਮਿਨਿਸਟਰ ਯੌਂ-ਈਵ ਡਿਉਕਲੋ ਨੇ ਜਨਵਰੀ ਦੇ ਸ਼ੁਰੂ ਵਿਚ ਕਿਹਾ ਸੀ ਕਿ ਸਰਕਾਰ ਨੇ ਕਿਊਬੈਕ ਦੇ ਪਬਲਿਕ ਪ੍ਰੌਸੀਕਿਊਸ਼ਨ ਔਫ਼ਿਸ, Directeur des poursuites criminelles et pénales du Québec (ਡੀਪੀਸੀਪੀ) ਨੂੰ ਇਹਨਾਂ ਯਾਤਰੀਆਂ ਦੀ ਫ਼ਾਈਲ ਭੇਜੀ ਹੈ। ਸੀਬੀਸੀ ਵੱਲੋਂ ਇਸ ਫ਼ਾਈਲ ‘ਤੇ ਅਪਡੇਟ ਬਾਰੇ ਫ਼ਿਲਹਾਲ ਡੀਪੀਸੀਪੀ ਨੇ ਜਵਾਬ ਨਹੀਂ ਦਿੱਤਾ ਹੈ।
ਟ੍ਰਾਂਸਪੋਰਟ ਕੈਨੇਡਾ ਅਨੁਸਾਰ ਜਹਾਜ਼ ਵਿੱਚ ਅੰਜਾਮ ਦਿੱਤੇ ਗਏ ਹਰੇਕ ਅਪਰਾਧ ਲਈ ਯਾਤਰੀਆਂ ਨੂੰ 5,000 ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ।
ਜੇਕਰ ਮੁਸਾਫ਼ਰਾਂ ਵੱਲੋਂ ਦੂਸਰਿਆਂ ਨੂੰ ਖ਼ਤਰੇ ਵਿਚ ਪਾਉਣ ਜਾਂ ਕੈਨੇਡਾ ਵਾਪਸੀ ਲਈ ਝੂਠੀ ਜਾਣਕਾਰੀ ਪ੍ਰਦਾਨ ਕਰਨਾ ਸਾਹਮਣੇ ਆਉਂਦਾ ਹੈ ਤਾਂ ਵਾਧੂ ਜੁਰਮਾਨੇ ਵੀ ਹੋ ਸਕਦੇ ਹਨ ਅਤੇ ਜੇਲ ਤੱਕ ਹੋ ਸਕਦੀ ਹੈ।
ਜਦੋਂ ਉਨ੍ਹਾਂ ਦੀ ਗਰੁੱਪ ਚੈਟ ਤੋਂ ਲੀਕ ਹੋਏ ਸਕ੍ਰੀਨਸ਼ੌਟਸ, ਜਿਸ ਵਿਚ ਪੀਸੀਆਰ ਟੈਸਟ ਦੇ ਨੈਗਟਿਵ ਨਤੀਜੇ ਨੂੰ ਯਕੀਨੀ ਬਣਾਉਣ ਲਈ ਯਾਤਰੀਆਂ ਨੂੰ ਆਪਣੇ ਨੱਕ ਵਿੱਚ ਵੈਸਲੀਨ ਪਾਉਣ ਦੀ ਗੱਲ ਆਖੀ ਗਈ ਸੀ, ਬਾਰੇ ਅਵਡ ਨੂੰ ਸਵਾਲ ਪੁੱਛਿਆ ਤਾਂ ਉਹਨਾਂ ਕਿਹਾ ਕਿ ਇਹ ਕੋਈ ਗੰਭੀਰ ਸੁਝਾਅ ਨਹੀਂ ਸੀ।
ਮੈਨੂੰ ਨਹੀਂ ਪਤਾ ਕਿ ਇਹ ਮਜ਼ਾਖ ਸੀ ਜਾਂ ਕੀ ਸੀ, ਪਰ ਕਿਸੇ ਨੇ ਇਸਨੂੰ ਗੰਭੀਰਤਾ ਨਾਲ ਨਹੀਂ ਲਿਆ। ਮੈਨੂੰ ਜਾਣਕਾਰੀ ਨਹੀਂ ਹੈ ਕਿ ਗਰੁੱਪ ਵਿਚ ਕਿਸੇ ਨੇ ਵੈਸਲੀਨ ਦੀ ਵਰਤੋਂ ਕੀਤੀ ਸੀ
।
ਲੌਰਾ ਮੈਰਸ਼ੈਂਡ (ਨਵੀਂ ਵਿੰਡੋ)- ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ