1. ਮੁੱਖ ਪੰਨਾ
  2. ਸਮਾਜ
  3. ਇਮੀਗ੍ਰੇਸ਼ਨ

ਕੈਨੇਡਾ-ਯੂ ਐਸ ਬਾਰਡਰ ‘ਤੇ ਲੱਭੇ ਮ੍ਰਿਤਕਾਂ ਦੀ ਭਾਰਤੀ ਹਾਈ ਕਮੀਸ਼ਨ ਨੇ ਪਛਾਣ ਕੀਤੀ

ਕੈਨੇਡੀਅਨ ਅਧਿਕਾਰੀਆਂ ਨੂੰ ਠੰਡ ਨਾਲ ਜੰਮੀਆਂ ਲਾਸ਼ਾਂ ਬਰਾਮਦ ਹੋਈਆਂ ਸਨ

ਕੈਨੇਡਾ-ਯੂ ਐਸ ਬਾਰਡਰ ਨਜ਼ਦੀਕ ਮ੍ਰਿਤਕ ਪਾਏ ਗਏ ਪਰਿਵਾਰ ਦੀ ਪਛਾਣ 39 ਸਾਲ ਦੇ ਜਗਦੀਸ਼ ਬਲਦੇਵਭਾਈ ਪਟੇਲ, 37 ਸਾਲ ਦੀ ਵੈਸ਼ਾਲੀਬੇਨ ਜਗਦੀਸ਼ਕੁਮਾਰ ਪਟੇਲ, 11 ਸਾਲ ਦੀ ਵਿਹਾਂਗੀ ਜਗਦੀਸ਼ਕੁਮਾਰ ਪਟੇਲ ਅਤੇ ਤਿੰਨ ਸਾਲ ਦੇ ਧਾਰਮਿਕ ਜਗਦੀਸ਼ਕੁਮਾਰ ਪਟੇਲ ਵੱਜੋਂ ਕੀਤੀ ਗਈ ਹੈ।

ਕੈਨੇਡਾ-ਯੂ ਐਸ ਬਾਰਡਰ ਨਜ਼ਦੀਕ ਮ੍ਰਿਤਕ ਪਾਏ ਗਏ ਪਰਿਵਾਰ ਦੀ ਪਛਾਣ 39 ਸਾਲ ਦੇ ਜਗਦੀਸ਼ ਬਲਦੇਵਭਾਈ ਪਟੇਲ, 37 ਸਾਲ ਦੀ ਵੈਸ਼ਾਲੀਬੇਨ ਜਗਦੀਸ਼ਕੁਮਾਰ ਪਟੇਲ, 11 ਸਾਲ ਦੀ ਵਿਹਾਂਗੀ ਜਗਦੀਸ਼ਕੁਮਾਰ ਪਟੇਲ ਅਤੇ ਤਿੰਨ ਸਾਲ ਦੇ ਧਾਰਮਿਕ ਜਗਦੀਸ਼ਕੁਮਾਰ ਪਟੇਲ ਵੱਜੋਂ ਕੀਤੀ ਗਈ ਹੈ।

ਤਸਵੀਰ: (Amritbhai Vakil/The Canadian Press)

RCI

ਪਿਛਲੇ ਹਫ਼ਤੇ ਮੈਨੀਟੋਬਾ ਸੂਬੇ ਵਿਚ ਕੈਨੇਡਾ-ਯੂ ਐਸ ਬਾਰਡ ਨਜ਼ਦੀਕ ਮ੍ਰਿਤਕ ਪਾਏ ਗਏ ਚਾਰ ਜੀਆਂ ਦੀ ਪਛਾਣ ਦੀ ਔਟਵਾ ਸਥਿਤ ਭਾਰਤੀ ਹਾਈ ਕਮੀਸ਼ਨ ਨੇ ਪੁਸ਼ਟੀ ਕਰ ਦਿੱਤੀ ਹੈ।

ਆਰਸੀਐਮਪੀ ਨੇ ਸ਼ੁਰੂਆਤ ਵਿਚ ਮ੍ਰਿਤਕਾਂ ਦੀ ਪਛਾਣ ਇੱਕ ਮਰਦ, ਇੱਕ ਔਰਤ, ਇੱਕ ਟੀਨੇਜਰ ਲੜਕੇ ਅਤੇ ਇੱਕ ਛੋਟੇ ਬੱਚੇ ਵੱਜੋਂ ਕੀਤੀ ਸੀ। ਪਰ ਹਾਈ ਕਮੀਸ਼ਨ ਨੇ ਇੱਕ ਨਿਊਜ਼ ਰਿਲੀਜ਼ ਵਿਚ ਕਿਹਾ ਕਿ ਮਰਨ ਵਾਲੇ ਦੋ ਬੱਚਿਆਂ ਵਿਚ ਇੱਕ ਲੜਕੀ ਸੀ ਅਤੇ ਇਕ ਛੋਟਾ ਬੱਚਾ ਸੀ।

ਮ੍ਰਿਤਕਾਂ ਦੀ ਪਛਾਣ 39 ਸਾਲ ਦੇ ਮਰਦ ਜਗਦੀਸ਼ ਬਲਦੇਵਭਾਈ ਪਟੇਲ, 37 ਸਾਲ ਦੀ ਔਰਤ ਵੈਸ਼ਾਲੀਬੇਨ ਜਗਦੀਸ਼ਕੁਮਾਰ ਪਟੇਲ, 11 ਸਾਲ ਦੀ ਲੜਕੀ ਵਿਹਾਂਗੀ ਜਗਦੀਸ਼ਕੁਮਾਰ ਪਟੇਲ ਅਤੇ ਤਿੰਨ ਸਾਲ ਦੇ ਲੜਕੇ ਧਾਰਮਿਕ ਜਗਦੀਸ਼ਕੁਮਾਰ ਪਟੇਲ ਵੱਜੋਂ ਹੋਈ ਹੈ।

ਇਹ ਵੀ ਪੜ੍ਹੋ:

ਰਿਲੀਜ਼ ਅਨੁਸਾਰ, ਚਾਰੇ ਮ੍ਰਿਤਕਾਂ ਦੀ ਪੋਸਟਮਾਰਟਮ ਰਿਪੋਰਟ ਵਿਚ ਮੌਤ ਦਾ ਕਾਰਨ ‘ਬਾਹਰੀ ਤੱਤਾਂ ਦਾ ਐਕਸਪੋਜ਼ਰ’ ਭਾਵ ਭਿਆਨਕ ਠੰਡ ਨੂੰ ਹੀ ਦੱਸਿਆ ਗਿਆ ਹੈ।

ਟੋਰੌਂਟੋ ਵਿਚ ਸਥਿਤ ਭਾਰਤੀ ਕੌਂਸੁਲੇਟ ਪੀੜਤਾਂ ਦੇ ਪਰਿਵਾਰ ਨਾਲ ਸੰਪਰਕ ਵਿਚ ਹੈ ਅਤੇ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ।

ਅਧਿਕਾਰੀਆਂ ਦਾ ਮੰਨਣਾ ਹੈ ਕਿ ਚਾਰ ਜਿਆਂ ਦਾ ਇਹ ਪਰਿਵਾਰ ਕੈਨੇਡਾ ਤੋਂ ਯੂ ਐਸ ਜਾਣ ਦੀ ਕੋਸ਼ਿਸ਼ ਵਿਚ ਸੀ।

ਇਹ ਲਾਸ਼ਾਂ ਮਿਲਣ ਤੋਂ ਕੁਝ ਦੇਰ ਪਹਿਲਾਂ, ਸੱਤ ਹੋਰ ਭਾਰਤੀ ਨਾਗਰਿਕਾਂ ਨੂੰ ਯੂ ਐਸ ਬਾਰਡਰ ਅਧਿਕਾਰੀਆਂ ਨੇ ਹਿਰਾਸਤ ਵਿਚ ਲਿਆ ਗਿਆ ਸੀ। ਮੰਨਿਆ ਜਾ ਰਿਹਾ ਹੈ ਕਿ ਉਹ ਸੱਤ ਜਣੇ ਅਤੇ ਚਾਰ ਜੀਆਂ ਦਾ ਇਹ ਪਰਿਵਾਰ, ਇੱਕੋ ਗਰੁੱਪ ਦਾ ਹਿੱਸਾ ਸਨ, ਪਰ ਰਸਤੇ ਵਿਚ ਇਹ ਕਿਤੇ ਵਿੱਛੜ ਗਏ ਸਨ।

ਰਿਲੀਜ਼ ਮੁਤਾਬਕ ਔਟਵਾ ਵਿਚ ਭਾਰਤੀ ਹਾਈ ਕਮੀਸ਼ਨ ਅਤੇ ਟੋਰੌਂਟੋ ਵਿਚ ਭਾਰਤੀ ਕੌਂਸੁਲੇਟ ਇਸ ਮਾਮਲੇ ਦੀ ਜਾਂਚ ਵਿਚ ਕੈਨੇਡੀਅਨ ਅਥੌਰਟੀਜ਼ ਨਾਲ ਸਹਿਯੋਗ ਕਰ ਰਹੇ ਹਨ।

ਇੱਕ ਸੀਨੀਅਰ ਕੌਂਸੁਲਰ ਅਫ਼ਸਰ ਦੀ ਅਗਵਾਈ ਵਾਲੀ ਇੱਕ ਟੀਮ, ਇਸ ਮਾਮਲੇ ਦੀ ਜਾਂਚ ਅਤੇ ਪੀੜਤਾਂ ਨੂੰ ਕੌਂਸੁਲਰ ਸੇਵਾਵਾਂ ਪ੍ਰਦਾਨ ਕਰਨ ਲਈ ਮੈਨੀਟੋਬਾ ਪਹੁੰਚੀ ਹੈ।

ਨਿਊਜ਼ ਰਿਲੀਜ਼ ਮੁਤਾਬਕ, ਭਾਰਤੀ ਪ੍ਰਵਾਸੀਆਂ ਅਤੇ ਵਿਦਿਆਰਥੀਆਂ ਲਈ ਕੈਨੇਡਾ ਪਸੰਦੀਦਾ ਦੇਸ਼ਾਂ ਵਿਚ ਇੱਕ ਹੈ, ਅਤੇ ਦੋਵੇਂ ਮੁਲਕ ਭਾਰਤੀ ਪ੍ਰਵਾਸੀਆਂ ਦੀ ਭਲਾਈ ਅਤੇ ਸੁਰੱਖਿਆ ਸੁਨਿਸ਼ਚਿਤ ਕਰਨ ਲਈ ਮਿਲਕੇ ਕੰਮ ਕਰਦੇ ਹਨ।

ਪਿਛਲੇ ਹਫ਼ਤੇ ਕੈਨੇਡੀਅਨ ਬਾਰਡਰ ‘ਤੇ ਚਾਰ ਭਾਰਤੀ ਨਾਗਰਿਕਾਂ ਦੀ ਜੰਮੀਆਂ ਹੋਇਆਂ ਲਾਸ਼ਾਂ ਮਿਲਣ ਦੀ ਘਟਨਾ ਨੇ, ਦੋਵਾਂ ਦੇਸ਼ਾਂ ਵਿਚਕਾਰ ਪ੍ਰਵਾਸ ਅਤੇ ਆਵਾਗੌਣ ਨੂੰ ਸੁਰੱਖਿਅਤ ਅਤੇ ਕਾਨੂੰਨੀ ਤੌਰ ‘ਤੇ ਠੀਕ ਹੋਣ ਨੂੰ ਯਕੀਨੀ ਬਣਾਉਣ ਦੀ ਲੋੜ ਨੂੰ ਉਜਾਗਰ ਕੀਤਾ ਹੈ। 

ਰਿਲੀਜ਼ ਅਨੁਸਾਰ, ਦੋਵੇਂ ਦੇਸ਼ਾਂ ਵਿਚਕਾਰ ਅਨਿਯਮਿਤ ਪ੍ਰਵਾਸ ਅਤੇ ਮਨੁੱਖੀ ਤਸਕਰੀ ਨੂੰ ਰੋਕਣ ਦੇ ਕਈ ਤਰੀਕਿਆਂ ‘ਤੇ ਚਰਚਾ ਕੀਤੀ ਜਾ ਰਹੀ ਹੈ। ਇਸ ਵਿਚ ਇੱਕ ਵਿਆਪਕ ਪ੍ਰਵਾਸ ਅਤੇ ਆਵਾਗੌਣ ਪਾਰਟਰਨਸ਼ਿਪ ਅਗਰੀਮੈਂਟ ਵੀ ਸ਼ਾਮਲ ਹੈ ਅਤੇ ਰਿਲੀਜ਼ ਅਨੁਸਾਰ ਇਹ ਸਮਝੌਤਾ ਕੈਨੇਡੀਅਨ ਸਰਕਾਰ ਦੇ ਵਿਚਾਰ ਅਧੀਨ ਹੈ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ