1. ਮੁੱਖ ਪੰਨਾ
  2. ਸਮਾਜ
  3. ਮੂਲਨਿਵਾਸੀ

ਬੀਸੀ ਦੇ ਸਾਬਕਾ ਰੈਜ਼ੀਡੈਂਸ਼ੀਅਲ ਸਕੂਲ ਨਜ਼ਦੀਕ ਮਿਲੀਆਂ 93 ਸੰਭਾਵੀ ਕਬਰਾਂ

ਸੇਂਟ ਜੋਜ਼ੇਫ਼ ਮਿਸ਼ਨ ਰੈਜ਼ੀਡੈਂਸ਼ੀਅਲ ਸਕੂਲ ਦੇ ਸਰਵੇਖਣ ਵਿਚ ਕਬਰਾਂ ਦੀ ਹੋਂਦ ਸਾਹਮਣੇ ਆਈ

ਪੁਰਾਣੀ ਤਸਵੀਰ

ਬੀਸੀ ਦੇ ਵਿਲੀਅਮਜ਼ ਲੇਕ ਫ਼ਸਟ ਨੇਸ਼ਨ ਨਜ਼ਦੀਕ ਸੇਂਟ ਜੋਜ਼ੇਫ਼ ਮਿਸ਼ਨ ਰੈਜ਼ੀਡੈਂਸ਼ੀਅਲ ਸਕੂਲ ਦੇ ਨਜ਼ਦੀਕ 93 ਕਬਰਾਂ ਖੋਜੀਆਂ ਗਈਆਂ ਹਨ।

ਤਸਵੀਰ: Indian Residential School Resources

RCI

ਬੀ.ਸੀ ਦੇ ਇੱਕ ਸਾਬਕਾ ਰੈਜ਼ੀਡੈਂਸ਼ੀਅਲ ਸਕੂਲ ਦੇ ਆਲੇ-ਦੁਆਲੇ ਦੀ ਜ਼ਮੀਨ ਦੇ ਇੱਕ ਸਰਵੇਖਣ ਵਿਚ 93 ਸੰਭਾਵੀ ਕਬਰਾਂ ਦਾ ਪਤਾ ਲੱਗਾ ਹੈ। ਵਿਲੀਅਮਜ਼ ਲੇਕ ਫ਼ਸਟ ਨੇਸ਼ਨ ਦੇ ਚੀਫ਼ ਅਤੇ ਕੌਂਸਲ ਨੇ, ਮੰਗਲਵਾਰ ਨੂੰ ਸੇਂਟ ਜੋਜ਼ੇਫ਼ ਮਿਸ਼ਨ ਰੈਜ਼ੀਡੈਂਸ਼ੀਅਲ ਸਕੂਲ ਨਜ਼ਦੀਕ ਚਲ ਰਹੀ ਜਾਂਚ ਦੇ ਸ਼ੁਰੂਆਤੀ ਨਤੀਜਿਆਂ ਵਿਚ ਇਹਨਾਂ ਸੰਭਾਵੀ ਕਬਰਾਂ ਦੀ ਹੋਂਦ ਬਾਬਤ ਐਲਾਨ ਕੀਤਾ।

ਸੇਂਟ ਜੋਜ਼ੇਫ਼ ਮਿਸ਼ਨ ਰੈਜ਼ੀਡੈਂਸ਼ੀਅਲ ਸਕੂਲ ਅਤੇ ਨਜ਼ਦੀਕੀ ਔਨਵਰਡ ਰੈਂਚ ਦੇ 470 ਹੈਕਟੇਅਰ ਦੇ ਇਲਾਕੇ ਦੀ ਜਾਂਚ ਜਾਰੀ ਹੈ, ਜਿਸ ਵਿਚੋਂ ਅਜੇ 14 ਹੈਕਟੇਅਰ ਇਲਾਕੇ ਨੂੰ ਹੀ ਛਾਣਿਆ ਗਿਆ ਹੈ।

ਇਸ ਤਫ਼ਤੀਸ਼ ਦੀ ਅਗਵਾਈ ਕਰਨ ਵਾਲੇ, ਵਿਟਨੀ ਸਪੀਅਰਿੰਗ ਨੇ ਦੱਸਿਆ ਕਿ ਜ਼ਮੀਨ ਦੇ ਹੇਠਾਂ ਤੱਕ ਜਾਣ ਵਾਲੀ ਰਡਾਰ ਅਤੇ ਹੋਰ ਤਕਨੀਕੀ ਯੰਤਰਾਂ ਰਾਹੀਂ ਇਹਨਾਂ 93 ਸੰਭਾਵੀ ਕਬਰਾਂ ਦਾ ਪਤਾ ਲੱਗਿਆ। ਉਹਨਾਂ ਕਿਹਾ ਕਿ ਇਹਨਾਂ ਵਿਚੋਂ ਕੁਝ ਦਾ ਸਬੰਧ ਕਿਸੇ ਇਤਿਹਾਸਕ ਕਬਰਸਤਾਨ ਨਾਲ ਹੋ ਸਕਦਾ ਹੈ, ਪਰ ਇਹਨਾਂ ਵਿਚੋਂ 50 ਕਬਰਾਂ ਦਾ ਇਸ ਨਾਲ ਕੋਈ ਸਬੰਧ ਪ੍ਰਤੀਤ ਨਹੀਂ ਹੋ ਰਿਹਾ।

ਸਪੀਅਰਿੰਗ ਨੇ ਕਿਹਾ ਕਿ 93 ਸਾਈਟਸ ਦੇ ‘ਮਨੁੱਖੀ ਕਬਰਾਂ’ ਹੋਣ ਦੇ ਸੰਕੇਤ ਹਨ, ਪਰ ਖੁਦਾਈ ਤੋਂ ਬਾਅਦ ਹੀ ਇਸ ਦੀ ਮੁਕੰਮਲ ਪੁਸ਼ਟੀ ਕੀਤੀ ਜਾ ਸਕਦੀ ਹੈ।

ਵਿਲੀਅਮਜ਼ ਲੇਕ ਫ਼ਸਟ ਨੇਸ਼ਨ ਚੀਫ਼, ਵਿਲੀ ਸੈਲਰਜ਼ ਨੇ ਕਿਹਾ ਕਿ ਇਹ ਘਟਨਾ ਰੈਜ਼ੀਡੈਂਸ਼ੀਅਲ ਸਕੂਲ ਸਿਸਟਮ ਦੇ ਤਸ਼ੱਦਦ ਅਤੇ ਮੂਲਨਿਵਾਸੀ ਲੋਕਾਂ ਪ੍ਰਤੀ ‘ਪੁਨਰਜਾਗਰਣ’ ਦੇ ਸਿਲਸਿਲੇ ਦਾ ਹੀ ਹਿੱਸਾ ਹੈ।

ਦੇਖੋ। ਬੀਸੀ ਦੇ ਇੱਕ ਸਾਬਕਾ ਰੈਜ਼ੀਡੈਂਸ਼ੀਅਲ ਸਕੂਲ ਨਜ਼ਦੀਕ ਮਿਲੀਆਂ 93 ਕਬਰਾਂ :

ਪਿਛਲੇ ਸਾਲ ਬੀ.ਸੀ ਦੇ ਕੈਮਲੂਪਸ ਵਿਚ ਸਥਿਤ ਇੱਕ ਸਾਬਕਾ ਰੈਜ਼ੀਡੈਂਸ਼ੀਅਲ ਸਕੂਲ ਦੇ ਵਿਹੜੇ ਚੋਂ ਸੈਂਕੜੇ ਬੇਨਿਸ਼ਾਨ ਕਬਰਾਂ ਮਿਲਣ ਤੋਂ ਬਾਅਦ ਵਿਲਿਅਮਜ਼ ਲੇਕ ਫ਼ਸਟ ਨੇਸ਼ਨ ਨੇ ਇਹ ਸਰਵੇਖਣ ਸ਼ੁਰੂ ਕੀਤਾ ਸੀ।

ਸੈਲਰਜ਼ ਨੇ ਕਿਹਾ ਕਿ ਕਬਰਾਂ ਦੀ ਖੋਜ ਨੇ ਕੈਨੇਡੀਅਨਜ਼ ਨੂੰ ਰੈਜ਼ੀਡੈਂਸ਼ੀਅਲ ਸਕੂਲਾਂ ਦੀ ਅਸਲੀਅਤ ਸਵੀਕਾਰ ਕਰਨ ਲਈ ਮਜਬੂਰ ਕੀਤਾ ਸੀ ਅਤੇ ਕੈਨੈਡੀਅਨ ਸਰਕਾਰ, ਚਰਚਾਂ ਅਤੇ ਆਰਸੀਐਮਪੀ ਦੇ ਸਮਰਥਨ ਵਾਲੇ ਸੰਸਥਾਗਤ ਸ਼ੋਸ਼ਣ ਬਾਰੇ ਸੱਚ ਉਜਾਗਰ ਕਰਨ ਦੇ ਯਤਨਾਂ ਪ੍ਰਤੀ ਬੇਮਿਸਾਲ ਹਿਮਾਇਤ ਪੈਦਾ ਕੀਤੀ ਸੀ।

ਸੈਲਰ ਨੇ ਕਿਹਾ, ਸੱਚਾਈ ਬਾਹਰ ਆਉਣ ਤੋਂ ਪਹਿਲਾਂ ਸੁਲ੍ਹਾ-ਸਫ਼ਾਈ ਨਹੀਂ ਹੋ ਸਕਦੀ

ਬਚਪਨ ਵਿਚ ਸੇਂਟ ਜੋਜ਼ੇਫ਼ ਰੈਜ਼ੀਡੈਂਸ਼ੀਅਲ ਸਕੂਲ ਵਿਚ ਪੜ੍ਹਨ ਵਾਲੀ, ਫ਼ਿਲੀਸ ਵੈਬਸਟੈਡ ਨੇ ਨਵੀਆਂ ਖੋਜਾਂ ਨੂੰ ਬੇਹੱਦ ਦੁਖਦਾਈ ਦੱਸਦਿਆਂ ਇਸਨੂੰ ਪ੍ਰਮਾਣਿਤ ਕੀਤਾ ਹੈ।

ਮੈਂ ਅਕਸਰ ਇਸ ਦਿਨ ਬਾਰੇ ਸੋਚਿਆ ਸੀ। ਸਾਡੇ ਪਰਿਵਾਰ ਅਤੇ ਭਾਈਚਾਰੇ, ਅੱਜ ਅਤੇ ਆਉਣ ਵਾਲੇ ਦਿਨਾਂ ਅਤੇ ਸਾਲਾਂ ਵਿਚ, ਇਸ ਚੋਂ ਕਿਵੇਂ ਨਿਕਲ ਪਾਉਣਗੇ ? ਮੈਂ ਉਹਨਾਂ ਸਭ ਲਈ ਸੋਗਵਾਰ ਹਾਂ - ਜੋ ਬੱਚੇ ਕਦੇ ਵਾਪਸ ਨਹੀਂ ਆਏ, ਉਹਨਾਂ ਪੀੜਤਾਂ ਅਤੇ ਪਰਿਵਾਰਾਂ ਲਈ ਜੋ ਇਸ ਦਰਦ ਨੂੰ ਬਰਦਾਸ਼ਤ ਨਹੀਂ ਕਰ ਸਕੇ

ਮਨੁੱਖੀ ਵਿਵਹਾਰ ਦਾ ਸਭ ਤੋਂ ਕਾਲਾ ਦੌਰ

ਵਿਲੀਅਮਜ਼ ਲੇਕ ਫ਼ਸਟ ਨੇਸ਼ਨ ਦੇ ਕਈ ਮੈਂਬਰਾਂ ਨੂੰ ਜਬਰਨ ਸੇਂਟ ਜੋਜ਼ੇਫ਼ ਵਿਚ ਭਰਤੀ ਕੀਤਾ ਗਿਆ ਸੀ। ਇਹ ਸਕੂਲ 1891 ਤੋਂ 1981 ਤੱਕ ਚਲਾਇਆ ਗਿਆ ਸੀ।

4 ਦਹਾਕਿਆਂ ਪਹਿਲਾਂ ਸਕੂਲ ਨੂੰ ਬੰਦ ਕੀਤੇ ਜਾਣ ਤੋਂ ਬਾਅਦ ਇਸ ਦੀ ਬਹੁਤੀ ਇਮਾਰਤ ਹੁਣ ਢਹਿ ਚੁੱਕੀ ਹੈ।

ਸੈਲਰਜ਼ ਨੇ ਦੱਸਿਆ ਕਿ ਪਿਛਲੇ 9 ਮਹੀਨਿਆਂ ਤੋਂ ਫ਼ਸਟ ਨੇਸ਼ਨ ਦੀ ਤਫ਼ਤੀਸ਼ ਵਿਚ, ਜ਼ਮੀਨੀ ਜਾਂਚ ਦੇ ਨਾਲ ਨਾਲ ਪੁਰਾਤਣ ਰਿਸਰਚ ਅਤੇ ਸਰਵਾਈਵਰਜ਼ ਨਾਲ ਕੀਤੇ ਇੰਟਰਵਿਊ ਸ਼ਾਮਲ ਹਨ।

ਵਿਲੀਅਮਜ਼ ਲੇਕ ਫ਼ਸਟ ਨੇਸ਼ਨ ਚੀਫ਼, ਵਿਲੀ ਸੈਲਰਜ਼

30 ਅਗਸਤ, 2021 ਨੂੰ ਸਾਬਕਾ ਰੈਜ਼ੀਡੈਂਸ਼ੀਅਲ ਸਕੂਲ ਅਹਾਤਿਆਂ ਦਾ ਸਰਵੇਖਣ ਸ਼ੁਰੂ ਕੀਤੇ ਜਾਣ ਵੇਲੇ ਵਿਲੀਅਮਜ਼ ਲੇਕ ਫ਼ਸਟ ਨੇਸ਼ਨ ਚੀਫ਼, ਵਿਲੀ ਸੈਲਰਜ਼ ਦੀ ਤਸਵੀਰ।

ਤਸਵੀਰ: Laureen Carruthers

ਉਹਨਾਂ ਕਿਹਾ ਕਿ ਇਸ ਜਾਂਚ ਨੇ ਉਹਨਾਂ ਦੀ ਟੀਮ ਨੂੰ ਮਨੁੱਖੀ ਵਿਵਹਾਰ ਦੇ ਸਭ ਤੋਂ ਕਾਲੇ ਅਤੇ ਅੰਧਕਾਰ ਦੇ ਦੌਰ ਤੋਂ ਜਾਣੂ ਕਰਵਾਇਆ ਹੈ।

ਸੈਲਰਜ਼ ਮੁਤਾਬਕ ਟੀਮ ਨੇ ਬੱਚਿਆਂ ਦੇ ਕਤਲ, ਬਲਾਤਕਾਰ, ਸੰਸਥਾਗਤ ਤਸ਼ੱਦਦ, ਗਾਇਬ ਹੋਣ ਅਤੇ ਉਹਨਾਂ ਨੂੰ ਭੁੱਖਾ ਰੱਖੇ ਜਾਣ ਦੀਆਂ ਬਹੁਤ ਕਹਾਣੀਆਂ ਸੁਣੀਆਂ। ਉਹਨਾਂ ਅਜਿਹੀਆਂ ਕਹਾਣੀਆਂ ਵੀ ਸੁਣੀਆਂ ਜਿਸ ਵਿਚ ਪਾਦਰੀਆਂ ਦੁਆਰਾ ਪੈਦਾ ਮੂਲਨਿਵਾਸੀਆਂ ਦੇ ਨਵਜੰਮੇ ਬੱਚਿਆਂ ਨੂੰ ਸਕੂਲ ਦੀ ਭੱਠੀ ਵਿਚ ਸੁੱਟ ਦਿੱਤਾ ਜਾਂਦਾ ਸੀ।

ਚਰਚ ਦੇ ਕੁਝ ਮੈਂਬਰ, ਜਿਸ ਵਿਚ ਫਾਦਰ ਹੈਰੋਲਡ ਮੈਕਲੰਟੀ ਵੀ ਸ਼ਾਮਲ ਹੈ, ਨੂੰ ਵਿਦਿਆਰਥੀਆਂ ਦਾ ਸਰੀਰਕ ਸ਼ੋਸ਼ਣ ਕਰਨ ਦੇ ਮਾਮਲੇ ਵਿਚ ਚਾਰਜ ਕੀਤਾ ਗਿਆ ਸੀ।

ਸੈਲਰਜ਼ ਨੇ ਕਿਹਾ ਕਿ ਸਕੂਲ ਦੇ ਚਾਲੂ ਰਹਿਣ ਦੇ ਸਮਿਆਂ ਦੌਰਾਨ ਵੀ ਬੱਚਿਆਂ ਦੇ ਲਾਪਤਾ ਹੋਣ ਦੀਆਂ ਕਈ ਰਿਪੋਰਟਾਂ ਸਨ, ਪਰ ਇਹਨਾਂ ਰਿਪੋਰਟਾਂ ਨੂੰ ਜਾਣ-ਬੁਝ ਕੇ ਦਬਾਇਆ ਗਿਆ ਅਤੇ ਚਰਚ, ਪੁਲਿਸ ਅਤੇ ਸਰਕਾਰ ਦੀ ਮਿਲੀਭੁਗਤ ਨਾਲ ਸਰਕਾਰੀ ਰਿਕਾਰਡਾਂ ਨੂੰ ਨਸ਼ਟ ਕੀਤਾ ਗਿਆ।

ਸੈਲਰਜ਼ ਨੇ ਡੰਕਨ ਸਟਿਕਸ ਦੀ ਕਹਾਣੀ ਦਾ ਵੀ ਜ਼ਿਕਰ ਕੀਤਾ, ਜੋ 1902 ਵਿਚ ਸੇਂਟ ਜੋਜ਼ੇਫ਼ ਤੋਂ ਭੱਜਣ ਦੀ ਕੋਸ਼ਿਸ਼ ਕਰਦਿਆਂ ਠੰਡ ਨਾਲ ਜੰਮਣ ਕਰਕੇ ਮਰ ਗਿਆ ਸੀ। ਡੰਕਨ 8 ਸਾਲ ਦਾ ਬੱਚਾ ਸੀ।

ਦੇਖੋ। ਜਾਣੋ ਜ਼ਮੀਨ ਦੇ ਹੇਠਾਂ ਤੱਕ ਜਾਣ ਵਾਲੀ ਰਡਾਰ ਬਾਰੇ:

ਅਭੁੱਲ ਤਸ਼ੱਦਦ

ਟ੍ਰੁੱਥ ਐਂਡ ਰੀਕਨਸੀਲੀਏਸ਼ਨ ਕਮੀਸ਼ਨ ਔਫ਼ ਕੈਨੇਡਾ ਨੇ ਸੇਂਟ ਜੋਜ਼ੇਫ਼ ਦੇ ਵਿਦਿਆਰਥੀਆਂ ਦੇ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਤਸ਼ੱਦਦ ਨੂੰ ਦਸਤਾਵੇਜ਼ਬੱਧ ਕੀਤਾ ਹੈ।

ਬੈਵ ਸੈਲਰਜ਼, 1962 ਤੋਂ 1967 ਤੱਕ ਇਸ ਸਕੂਲ ਵਿਚ ਵਿਦਿਆਰਥਣ ਸੀ। ਉਸਦੀ ਮਾਂ ਅਤੇ ਦਾਦੀ ਨੂੰ ਵੀ ਜਬਰਨ ਇਸ ਸਕੂਲ ਵਿਚ ਭਰਤੀ ਕੀਤਾ ਗਿਆ ਸੀ।

ਉਸਨੇ ਕਿਹਾ ਕਿ ਉਹਨਾਂ ਪੰਜ ਸਾਲਾਂ ਵਿਚ ਉਸ ਕੋਲੋਂ ਉਸਦੀ ਭਾਸ਼ਾ, ਉਸਦਾ ਸੱਭਿਆਚਾਰ ਅਤੇ ਪਰਿਵਾਰ ਸਭ ਖੋਹ ਲਿਆ ਗਿਆ ਸੀ ਅਤੇ ਇਹ ਬੇਹੱਦ ਤਕਲੀਫ਼ਦੇਹ ਸੀ।

ਉਹ ਮੈਨੂੰ ਉੱਥੇ ਲੈ ਗਏ ਅਤੇ ਮੈਨੂੰ ਉਹ ਬਣਾਉਣ ਦੀ ਕੋਸ਼ਿਸ਼ ਕੀਤੀ ਜੋ ਮੈਂ ਸੀ ਹੀ ਨ੍ਹੀਂ

ਬੈਵ ਸੈਲਰਜ਼

ਬੈਵ ਸੈਲਰਜ਼ 1960ਵਿਆਂ ਵਿਚ ਸੇਂਟ ਜੋਜ਼ੇਫ਼ ਸਕੂਲ ਦੀ ਵਿਦਿਆਰਥਣ ਸੀ।

ਤਸਵੀਰ:  CBC / Andrew Lee

ਬੈਵ ਨੇ ਕਿਹਾ ਕਿ ਕੈਨੇਡੀਅਨਜ਼ ਨੂੰ ਇਹ ਅਸਲੀਅਤ ਪਤਾ ਹੋਣੀ ਚਾਹੀਦੀ ਹੈ ਕਿ ਰੈਜ਼ੀਡੈਂਸ਼ੀਅਲ ਸਕੂਲਾਂ ਵਿਚ ਕੀ ਹੁੰਦਾ ਸੀ।

ਮੰਗਲਵਾਰ ਦੀ ਖ਼ਬਰ ਤੋਂ ਬਾਅਦ, ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਸਰਵਾਈਵਰਜ਼ ਸੁਸਾਇਟੀ ਨੇ ਕਿਹਾ ਕਿ ਉਹਨਾਂ ਨੇ ਹੋਰ ਸਟਾਫ਼ ਮੁਹੱਈਆ ਕੀਤਾ ਹੈ ਜੋ ਸਰਵਾਈਵਰਜ਼ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਦਿਨ ਰਾਤ ਕੰਮ ਕਰੇਗਾ।

ਦਸ ਦਈਏ ਕਿ 1870 ਅਤੇ 1996 ਦੇ ਵਿਚਕਾਰ 150,000 ਤੋਂ ਵੱਧ ਫਸਟ ਨੇਸ਼ਨਜ਼, ਮੈਟਿਸ ਅਤੇ ਇਨੁਇਟ ਮੂਲਨਿਵਾਸੀ ਭਾਈਚਾਰੇ ਦੇ ਬੱਚਿਆਂ ਨੂੰ ਕੈਨੇਡਾ ਦੇ ਰੈਜ਼ੀਡੈਂਸ਼ੀਅਲ ਸਕੂਲਾਂ ਵਿੱਚ ਰੱਖਿਆ ਗਿਆ ਸੀ। ਟ੍ਰੁਥ ਐਂਡ ਰੀਕਨਸੀਲੀਏਸ਼ਨ ਕਮੀਸ਼ਨ ਨੇ 2015 ਚ ਰਿਪੋਰਟ ਜਾਰੀ ਕੀਤੀ ਸੀ ਜਿਸ ਵਿਚ ਇਹਨਾਂ ਬੱਚਿਆਂ ਦੇ ਸਰੀਰਕ ਸ਼ੋਸ਼ਣ ਅਤੇੇ ਜ਼ੁਲਮ ਦੀ ਦਾਸਤਾਨ ਨੂੰ ਉਜਾਗਰ ਕਰਦਿਆਂ ਕੁਝ ਅਹਿਮ ਸਿਫ਼ਾਰਸ਼ਾਂ ਕੀਤੀਆਂ ਗਈਆਂ ਸਨ। ਇਨ੍ਹਾਂ ਸਕੂਲਾਂ ਵਿੱਚ ਘੱਟੋ ਘੱਟ 4,100 ਬੱਚਿਆਂ ਦੀ ਮੌਤ ਹੋਈ ਸੀ।

ਕੈਨੇਡਾ ਦੇ ਕ੍ਰਾਊਨ-ਇੰਡਿਜਿਨਸ ਰਿਲੇਸ਼ਨਜ਼ ਮਿਨਿਸਟਰ ਮਾਰਕ ਮਿਲਰ ਨੇ ਪਿਛਲੇ ਹਫ਼ਤੇ ਦੱਸਿਆ ਸੀ ਕਿ ਫ਼ੈਡਰਲ ਸਰਕਾਰ ਅਤੇ ਨੈਸ਼ਨਲ ਸੈਂਟਰ ਫ਼ੌਰ ਟ੍ਰੁੱਥ ਐਂਡ ਰੀਕਨਸੀਲੀਏਸ਼ਨ ਦਰਮਿਆਨ, ਰੈਜ਼ੀਡੈਂਸ਼ੀਅਲ ਸਕੂ਼ਲਾਂ ਨਾਲ ਸਬੰਧਤ ਹਜ਼ਾਰਾਂ ਦਸਤਾਵੇਜ਼ ਸੌਂਪਣ ਬਾਬਤ ਸਮਝੌਤਾ ਹੋਇਆ ਹੈ। 

ਬੈਥਨੀ ਲਿੰਡਸੇ (ਨਵੀਂ ਵਿੰਡੋ), ਬ੍ਰਿਜੇਟ ਵੌਟਸਨ (ਨਵੀਂ ਵਿੰਡੋ) - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ