1. ਮੁੱਖ ਪੰਨਾ
  2. ਅਰਥ-ਵਿਵਸਥਾ
  3. ਆਵਾਜਾਈ ਸਾਧਨ

ਕੀ ਸੱਚਮੁੱਚ ਗ੍ਰੋਸਰੀ ਸਟੋਰਾਂ ਵਿਚ ਖਾਣ-ਪੀਣ ਦੀਆਂ ਵਸਤਾਂ ਦੀ ਘਾਟ ਹੋ ਰਹੀ ਹੈ?

ਸਰਦੀਆਂ, ਓਮੀਕਰੌਨ ਅਤੇ ਟਰੱਕ ਡਰਾਈਵਰਾਂ ਦੀ ਵੈਕਸੀਨੇਸ਼ਨ ਦੀ ਸ਼ਰਤ ਨੇ ਮੁਸ਼ਕਿਲ ਪੈਦਾ ਕਰ ਦਿੱਤੀ ਹੈ

ਵੈਨਕੂਵਰ ਦੇ ਇਸ Save-On Foods ਸਟੋਰ ਵਿਚ ਕਈ ਆਈਟਮ ਸਟੌਕ ਵਿਚ ਨਹੀਂ ਹਨ, ਪਰ ਲੋਕਾਂ ਵਿਚ ਘਬਰਾਹਟ ਵਾਲੀ ਖ਼ਰੀਦਦਾਰੀ ਦੇ ਬਹੁਤੇ ਸੰਕੇਤ ਨਹੀਂ ਮਿਲੇ ਹਨ।

ਵੈਨਕੂਵਰ ਦੇ ਇਸ Save-On Foods ਸਟੋਰ ਵਿਚ ਕਈ ਆਈਟਮ ਸਟੌਕ ਵਿਚ ਨਹੀਂ ਹਨ, ਪਰ ਲੋਕਾਂ ਵਿਚ ਘਬਰਾਹਟ ਵਾਲੀ ਖ਼ਰੀਦਦਾਰੀ ਦੇ ਬਹੁਤੇ ਸੰਕੇਤ ਵੀ ਨਹੀਂ ਮਿਲੇ ਹਨ।

ਤਸਵੀਰ: (Sophia Harris/CBC)

RCI

ਗ੍ਰੋਸਰੀ ਸਟੋਰਾਂ ਵਿਚ ਚੀਜ਼ਾਂ ਦੀ ਉਪਲਬਧਤਾ ਅਤੇ ਫ਼ੂਡ-ਸਪਲਾਈ ਦੇ ਕਿਸੇ ਸੰਭਾਵੀ ਸੰਕਟ ਦੀ ਚਰਚਾ ਅੱਜਕੱਲ੍ਹ ਆਮ ਚਰਚਾ ਦਾ ਵਿਸ਼ਾ ਹੋ ਗਈ ਹੈ।

ਸੂਬਾਈ ਪ੍ਰੀਮੀਅਰਾਂ (ਨਵੀਂ ਵਿੰਡੋ), ਫ਼ੈਡਰਲ ਐਮਪੀਜ਼ (ਨਵੀਂ ਵਿੰਡੋ), ਵਿਰੋਧੀ ਧਿਰ  (ਨਵੀਂ ਵਿੰਡੋ)ਦੇ ਮੈਂਬਰਾਂ ਅਤੇ ਇੱਥੋਂ ਤੱਕ ਕਿ ਕੈਨੇਡਾ ਦੀ ਸੈਨੇਟ ਦੇ ਕੁਝ ਮੈਂਬਰਾਂ (ਨਵੀਂ ਵਿੰਡੋ) ਨੇ ਵੀ ਆਪਣੇ ਲੋਕਲ ਗ੍ਰੋਸਰੀ ਸਟੋਰਾਂ ਦੀਆਂ ਤਸਵੀਰਾਂ ਖਿੱਚ ਕੇ ਇਸ ਮਾਮਲੇ ਦੇ ਗੰਭੀਰ ਹੋਣ ਦਾ ਇਜ਼ਹਾਰ ਕੀਤਾ ਹੈ। 

ਹਾਲਾਂਕਿ ਕੋਈ ਵੀ ਇਹ ਜ਼ਾਹਰ ਕਰਨ ਦੀ ਕੋਸ਼ਿਸ਼ ਨਹੀਂ ਕਰ ਸਕਦਾ ਕਿ ਗ੍ਰੋਸਰੀ ਸਟੋਰਾਂ ਵਿਚ ਸ਼ੈਲਵਜ਼ ਖ਼ਾਲੀ ਨਹੀਂ ਪਈਆਂ ਹਨ, ਭਾਵ ਕੁਝ ਵਸਤਾਂ ਦੀ ਕਮੀ ਨਹੀਂ ਹੈ, ਪਰ ਇਹ ਕਹਿਣਾ ਵੀ ਸਹੀ ਨਹੀਂ ਹੋਵੇਗਾ ਕਿ ਮੁਲਕ ਵਿਚ ਹੌਲੀ ਹੌਲੀ ਕਾਲ ਦੀ ਸਥਿਤੀ ਪੈਦਾ ਹੋ ਰਹੀ ਹੈ।

ਪੇਚੀਦਾ ਮਸਲਾ

ਇੰਡਸਟਰੀ ਦੇ ਮਾਹਰਾਂ ਦਾ ਕਹਿਣਾ ਹੈ ਕਿ ਮੁਲਕ ਦੀ ਫ਼ੂਡ ਸਪਲਾਈ ਢਹਿ-ਢੇਰੀ ਹੋਣ ਦੀ ਕਗਾਰ ‘ਤੇ ਬਿਲਕੁਲ ਨਹੀਂ ਹੈ।

ਯੂਨੀਵਰਸਿਟੀ ਔਫ਼ ਗੁਐਲਫ਼ ਵਿਚ ਫ਼ੂਡ ਇੰਡਸਟਰੀ ਅਧਿਐਨ ਦੇ ਪ੍ਰੋਫ਼ੈਸਰ, ਸਾਈਮਨ ਸੋਮੋਗੀ ਨੇ ਕਿਹਾ, ਮੈਨੂੰ ਨਹੀਂ ਲੱਗਦਾ ਕਿ ਸਾਡੇ ਗ੍ਰੋਸਰੀ ਸਟੋਰਾਂ ਵਿਚ ਖਾਣ-ਪੀਣ ਦੀਆਂ ਵਸਤਾਂ ਦੀ ਕਮੀ ਪੇਸ਼ ਆ ਰਹੀ ਹੈ

ਸਾਈਮਨ ਨੇ ਕਿਹਾ ਕਿ ਕੈਨੇਡਾ ਦੀ ਫ਼ੂਡ ਸਪਲਾਈ ਚੇਨ ਵਿਚ ਸੰਤੁਲਨ ਬਣਾਉਣਾ ਸ਼ੁਰੂ ਤੋਂ ਇੱਕ ਨਾਜ਼ੁਕ ਮਾਮਲਾ ਰਿਹਾ ਹੈ। ਖੇਤੀ ਲਈ ਸੀਮਤ ਸਮਾਂ ਅਤੇ ਲੰਬੀਆਂ ਦੂਰੀਆਂ, ਆਮ ਸਮਿਆਂ ਵਿਚ ਵੀ ਫ਼ੂਡ ਸਪਲਾਈ ਨੂੰ ਠੀਕ ਪੱਧਰ ‘ਤੇ ਬਰਕਰਾਰ ਰੱਖਣ ਵਿਚ ਮੁਸ਼ਿਕਲ ਪੈਦਾ ਕਰਦੇ ਹਨ।

ਮੌਜੂਦਾ ਸਥਿਤੀ ਨੇ ਚੁਣੌਤੀਆਂ ਨੂੰ ਵਧਾ ਦਿੱਤਾ ਹੈ।

ਕੋਵਿਡ ਦੀ ਓਮੀਕਰੌਨ ਵੇਵ ਨੇ ਫ਼ੂਡ ਇੰਡਸਟਰੀ ਨੂੰ ਵੱਡੀ ਢਾਹ ਲਾਈ ਹੈ। ਕਾਮਿਆਂ ਦੇ ਬਿਮਾਰ ਹੋਣ, ਜਾਂ ਵਾਇਰਸ ਪ੍ਰਭਾਵਿਤ ਸ਼ਖ਼ਸ ਦੇ ਸੰਪਰਕ ਵਿਚ ਆਉਣ ਕਰਕੇ ਕੁਆਰੰਟੀਨ ਹੋਣ ਕਾਰਨ, ਲੇਬਰ ਦੀ ਘਾਟ ਦੀ ਸਮੱਸਿਆ ਨੇ ਵੱਡੀਆਂ ਪਰੇਸ਼ਾਨੀਆਂ ਪੈਦਾ ਕੀਤੀਆਂ ਹਨ। ਕਾਮਿਆਂ ਦੀ ਘਾਟ ਕਰਕੇ ਗ੍ਰੋਸਰੀ ਸਟੋਰਾਂ ਵਿਚ ਖਾਣ-ਪੀਣ ਦੀਆਂ ਵਸਤਾਂ ਪੂਰੇ ਤਰੀਕੇ ਨਾਲ ਉਪਲਬਧ ਕਰਵਾਉਣਾ ਪਹਿਲਾਂ ਇੱਕ ਚੁਣੌਤੀ ਬਣਿਆ ਹੋਇਆ ਸੀ, ਉੱਤੋਂਸਰਹੱਦ ਪਾਰ ਆਉਣ-ਜਾਣ ਵਾਲੇ ਟਰੱਕ ਡਰਾਈਵਰਜ਼ ਲਈ ਵੈਕਸੀਨੇਸ਼ਨ ਕਰਵਾਉਣ ਦੀ ਸ਼ਰਤ ਨੇ ਮੁਸ਼ਕਲਾਂ ਵਧਾ ਦਿੱਤੀਆਂ ਹਨ।

ਸਾਈਮਨ ਨੇ ਕਿਹਾ, ਕੈਨੇਡਾ ਦਾ ਫ਼ੂਡ ਸਿਸਟਮ ਟਰੱਕਾਂ ’ਤੇ ਬਹੁਤ ਨਿਰਭਰ ਕਰਦਾ ਹੈ, ਖ਼ਾਸ ਤੌਰ ‘ਤੇ ਸਾਲ ਦੇ ਇਸ ਸੀਜ਼ਨ ਵਿਚ, ਜਦੋਂ ਠੰਡ ਕਾਰਨ ਸਾਨੂੰ ਜ਼ਿਆਦਾਤਰ ਸਬਜ਼ੀਆਂ ਅਤੇ ਫਲਾਂ ਵਰਗੀਆਂ ਖਾਣ-ਪੀਣ ਦੀਆਂ ਵਸਤਾਂ ਬਾਹਰੋਂ ਮੰਗਵਾਉਣੀਆਂ ਪੈਂਦੀਆਂ ਹਨ

ਦੇਖੋ। ਕਿਉਂ ਕੁਝ ਲੋਕ ਖ਼ਾਲੀ ਸ਼ੈਲਵਜ਼ ਦਾ ਕਾਰਨ ਟਰੱਕਰਜ਼ ਲਈ ਵੈਕਸੀਨੇਸ਼ਨ ਦੀ ਸ਼ਰਤ ਨੂੰ ਦੱਸ ਰਹੇ ਹਨ :

ਕੈਨੇਡੀਅਨ ਫ਼ੈਡਰੇਸ਼ਨ ਔਫ਼ ਇੰਡੀਪੈਂਡੈਂਟ ਗ੍ਰੋਸਰਜ਼ ਨਾਲ ਜੁੜੇ, ਗੈਰੀ ਸੈਂਡਜ਼ ਦਾ ਕਹਿਣਾ ਹੈ ਕਿ ਕੁਝ ਇਲਾਕਿਆਂ ਵਿਚ ਕੁਝ ਸਮਾਨ ਦੀ ਕਮੀ ਜ਼ਰੂਰ ਹੋ ਗਈ ਹੈ। ਪਰ ਇਹ ਕਮੀ ਆਰਜ਼ੀ ਜਾਪਦੀ ਹੈ, ਅਤੇ ਮੁਲਕ ਦੇ ਓਮੀਕਰੌਨ ਦੀ ਲਪੇਟ ਚੋਂ ਬਾਹਰ ਹੋਣ ਤੋਂ ਬਾਅਦ ਹਾਲਾਤ ਸੁਧਰ ਜਾਣਗੇ।

ਉਹਨਾਂ ਕਿਹਾ ਕਿ ਇਹਨਾਂ ਦਿਨਾਂ ਵਿਚ ਵੱਡੀ ਗਿਣਤੀ ਵਿਚ ਫਲ ਅਤੇ ਸਬਜ਼ੀਆਂ ਅਮਰੀਕਾ ਤੋਂ ਇੰਪੋਰਟ ਕੀਤੀਆਂ ਜਾਂਦੀਆਂ ਹਨ ਅਤੇ ਇਹਨਾਂ ਦੀ ਉਪਲਬਧਤਾ ਵਿਚ ਕਮੀ ਸਾਫ਼ ਨਜ਼ਰ ਆਉਣੀ ਸ਼ੁਰੂ ਹੋ ਗਈ ਹੈ।

ਸੈਂਡਜ਼ ਨੇ ਕਿਹਾ, ਇਸਦਾ ਇਹ ਮਤਲਬ ਨਹੀਂ ਕਿ ਸਟੋਰਾਂ ਵਿਚ ਸ਼ੈਲਵਜ਼ ਉੱਪਰ ਸਮਾਨ ਮਿਲ ਹੀ ਨਹੀਂ ਰਿਹਾ। ਪਰ ਕੁਝ ਉਤਪਾਦਾਂ ਦੇ ਆਉਣ ਵਿਚ ਜਾਂ ਤਾਂ ਦੇਰੀ ਹੋ ਰਹੀ ਹੈ, ਜਾਂ ਫ਼ਿਰ ਉਹ ਉੰਨੀ ਮਾਤਰਾ ਵਿਚ ਉਪਲਪਬਧ ਨਹੀਂ ਹਨ

ਅਜਿਹੀ ਸਥਿਤੀ ਨਹੀਂ ਹੈ, ਕਿ ਬਾਰਡਰ ਉਪੱਰ ਖਾਣ-ਪੀਣ ਦੀਆਂ ਵਸਤਾਂ ਦਾ ਢੇਰ ਲੱਗ ਰਿਹਾ ਹੋਵੇ, ਅਤੇ ਇਸਨੂੰ ਬਾਰਡਰ ਪਾਰ ਪਹੁੰਚਾਉਣ ਲਈ ਵੈਕਸੀਨ ਪ੍ਰਾਪਤ ਟਰੱਕ ਡਰਾਈਵਰਾਂ ਦੀ ਉਡੀਕ ਕੀਤੀ ਜਾ ਰਹੀ ਹੋਵੇ।

ਡਲਹਾਊਜ਼ੀ ਯੂਨੀਵਰਸਿਟੀ ਵਿਚ ਫੂਡ ਡਿਸਟ੍ਰਿਬਿਊਸ਼ਨ ਦੇ ਪ੍ਰੋਫ਼ੈਸਰ, ਸਿਲਵੇਨ ਸ਼ਾਰਲੇਬੋਏ ਨੇ ਕਿਹਾ ਕਿ ਭਾਵੇਂ ਕੈਨੇਡਾ ਵਿਚ ਕਈ ਕਾਰਨਾਂ ਕਰਕੇ ਇਹ ਮਸਲਾ ਜ਼ਿਆਦਾ ਗੰਭੀਰ ਲੱਗ ਰਿਹਾ ਹੈ - ਪਰ ਯੂ ਐਸ ਦੀ ਸਪਲਾਈ ਚੇਨ ਵੀ ਇਸ ਸਮੇਂ ਇਸੇ ਕਿਸਮ ਦੇ ਦਬਾਅ ਦਾ ਸਾਹਮਣਾ ਕਰ ਰਹੀ ਹੈ।

ਉਹਨਾਂ ਕਿਹਾ,ਖ਼ਾਲੀ ਸ਼ੈਲਵਜ਼ ਅਸੀਂ ਯੂ ਐਸ ਵਿਚ ਵੀ ਦੇਖੀਆਂ ਹਨ, ਇਸ ਕਰਕੇ ਇਹ ਇਕੱਲਾ ਕੈਨੇਡੀਅਨ ਮਸਲਾ ਨਹੀਂ ਹੈ

ਸਾਈਮਨ ਨੇ ਕਿਹਾ ਕਿ ਸਰਹੱਦ ਪਾਰ ਕਰਨ ਵਾਲੇ ਟਰੱਕਰਜ਼ ਦੇ ਵੈਕਸੀਨੇਸ਼ਨ ਨਿਯਮ ਮੁੱਖ ਮੁੱਦਾ ਨਹੀਂ ਹੈ, ਪਰ ਫ਼ੂਡ ਸਪਲਾਈ ਅਤੇ ਵਸਤਾਂ ਦੀਆਂ ਕੀਮਤਾਂ ਨੂੰ ਪ੍ਰਭਾਵਿਤ ਕਰਨ ਵਾਲੇ ਅਹਿਮ ਕਾਰਨਾਂ ਵਿਚੋਂ ਇੱਕ ਜ਼ਰੂਰ ਹੈ

ਉਹਨਾਂ ਕਿਹਾ ਕਿ ਬਹੁਤ ਦੂਰੋਂ ਆਉਣ ਵਾਲੇ ਕੁਝ ਉਤਪਾਦਾਂ ਵਿਚ ਕਮੀ ਆ ਸਕਦੀ ਹੈ, ਪਰ ਉਦੋਂ ਵਿਕਲਪ ਵੀ ਮੌਜੂਦ ਹੋਣਗੇ।

ਸੈਂਡਜ਼ ਨੇ ਕਿਹਾ ਕਿ ਪੱਛਮੀ ਕੈਨੇਡਾ ਵਿਚ ਸੀਰੀਅਲਜ਼, ਸੂਪ ਅਤੇ ਮਸਾਲਿਆਂ ਦੀ ਕਮੀ ਆਉਣੀ ਸ਼ੁਰੂ ਹੋ ਗਈ ਹੈ ਅਤੇ ਸ਼ਾਰਲੇਬੋਏ ਮੁਤਾਬਕ ਐਟਲਾਂਟਿਕ ਕੈਨੇਡਾ ਤੇ ਉੱਤਰੀ ਓਨਟੇਰਿਓ ਵਿਚ ਫ਼ਲ-ਸਬਜ਼ੀਆਂ ਵੱਡੀ ਪ੍ਰੇਸ਼ਾਨੀ ਬਣ ਰਹੀਆਂ ਹਨ।

ਪਰ ਦੋਵੇਂ ਮਾਹਰਾਂ ਦਾ ਸੁਨੇਹਾ ਇਕੋ ਹੈ : ਇਹ ਸਮਾਂ ਵੀ ਲੰਘ ਜਾਵੇਗਾ !

ਸੈਂਡਜ਼ ਨੇ ਕਿਹਾ, ਇਸ ਸਮੇਂ ਜੋ ਘਾਟ ਅਸੀਂ ਮਹਿਸੂਸ ਕਰ ਰਹੇ ਹਾਂ…ਇਹ ਆਰਜ਼ੀ ਹੈ, ਅਤੇ ਮੈਂ ਇਸ ਤੋਂ ਵੱਧ ਜ਼ੋਰ ਦੇ ਕੇ ਨਹੀਂ ਕਹਿ ਸਕਦਾ ਕਿ ਅਸੀਂ ਦੁਬਾਰਾ ਹਫ਼ੜਾ-ਦਫ਼ੜੀ ਵਾਲੀ ਖ਼ਰੀਦਦਾਰੀ ਸ਼ੁਰੂਆਤ ਨਹੀਂ ਦੇਖਣਾ ਚਾਹੁੰਦੇ। ਇਸ ਨਾਲ ਕਿਸੇ ਦਾ ਭਲਾ ਨਹੀਂ ਹੁੰਦਾ ਅਤੇ ਸਭ ਦਾ ਨੁਕਸਾਨ ਹੁੰਦਾ ਹੈ

Remember this? Product shortages today have almost nothing in common with what caused the surge in demand for things like toilet paper back in March 2020, according to food distribution expert Sylvain Charlebois.

ਯਾਦ ਹੈ ਇਹ ? ਮਹਾਮਰੀ ਦੀ ਸ਼ੁਰੂਆਤ ਵੇਲੇ ਮਾਰਚ 2020 ਵਿਚ ਲੋਕਾਂ ਵਿਚ ਘਬਰਾਹਟ ਵਿਚ ਖ਼ਰੀਦਦਾਰੀ ਦਾ ਰੁਝਾਨ ਇੰਨਾ ਜ਼ਿਆਦਾ ਨਜ਼ਰ ਆਇਆ ਸੀ, ਕਿ ਕਈ ਥਾਂਵਾਂ 'ਤੇਟ ਟੋਇਲਟ ਪੇਪਰ ਤੱਕ ਦੀ ਕਮੀ ਹੋ ਗਈ ਸੀ।

ਤਸਵੀਰ: (Richard Vogel/The Associated Press)

ਮਹਾਮਾਰੀ ਦੇ ਸ਼ੁਰੂਆਤੀ ਦੌਰ, ਮਾਰਚ 2020 ਵਿਚ ਵੀ ਸਟੋਰਾਂ ਦੀ ਸ਼ੈਲਵਜ਼ ਖ਼ਾਲੀ ਹੋ ਗਈਆਂ ਸਨ, ਅਤੇ ਸਮਾਨ ਦੀ ਘਾਟ ਵੀ ਹੋ ਗਈ ਸੀ, ਪਰ ਮਾਹਰਾਂ ਦਾ ਕਹਿਣਾ ਹੈ ਕਿ ਉਦੋਂ ਕਮੀ ਮੰਗ ਵਧਣ ਕਰਕੇ ਹੋਈ ਸੀ, ਕਿਉਂਕਿ ਲੋਕਾਂ ਨੇ ਘਬਰਾਹਟ ਵਿਚ ਵੱਧ ਵਸਤਾਂ ਖ਼ਰੀਦਣੀਆਂ ਸ਼ੁਰੂ ਕਰ ਦਿੱਤੀਆਂ ਸਨ (ਨਵੀਂ ਵਿੰਡੋ)

ਸ਼ਾਰਲੇਬੋਏ ਦਾ ਕਹਿਣਾ ਹੈ ਕਿ ਇਸ ਸਮੇਂ ਇਹ ਕਮੀ ਸਪਲਾਈ ਚੇਨ ਕਾਰਨਾਂ ਕਰਕੇ ਹੈ ਅਤੇ ਇਸ ਨਾਲ ਨਜਿੱਠਿਆ ਜਾ ਸਕਦਾ ਹੈ। ਉਹਨਾਂ ਕਿਹਾ, ਮੈਨੂੰ ਨਹੀਂ ਲੱਗਦਾ ਕਿ ਕੈਨੇਡੀਅਨਜ਼ ਨੂੰ ਉਹਨਾਂ ਦੀ ਜ਼ਰੂਰਤ ਦੀਆਂ ਵਸਤਾਂ ਵਿਚ ਥੋੜ੍ਹ ਹੋਵੇਗੀ

ਘਬਰਾਉਣ ਦੀ ਲੋੜ ਨਹੀਂ

ਭਾਵੇਂ ਕੈਨੇਡਾ ਭਰ ਵਿਚ ਸਟੋਰਾਂ ਦੀਆਂ ਕੁਝ ਸ਼ੈਲਵਜ਼ ਖ਼ਾਲੀ ਜ਼ਰੂਰ ਹਨ, ਪਰ ਲੋਕਾਂ ਵਿਚ ਘਬਰਾਹਟ ਵਾਲੀ ਖ਼ਰੀਦਦਾਰੀ ਕਰਨ ਦੇ ਬਹੁਤੇ ਸੰਕੇ ਨਹੀਂ ਮਿਲੇ। ਵੈਨਕੂਵਰ ਦੇ Save-On Foods ਸਟੋਰ ਦਾ ਇੱਕ ਸੀਬੀਸੀ ਰਿਪੋਰਟਰ ਨੇ ਜਾਇਜ਼ਾ ਲਿਆ।

ਖ਼ਰੀਦਦਾਰੀ ਕਰ ਰਹੇ ਥੌਮਸ ਮਾਰਕੀਸ ਨੇ ਕਿਹਾ, ਇੱਥੇ ਕੁਝ ਸ਼ੈਲਵਜ਼ ਖ਼ਾਲੀ ਜ਼ਰੂਰ ਹਨ, ਪਰ ਉੰਨਾ ਬੁਰਾ ਹਾਲ ਨਹੀਂ ਹੈ

ਥੌਮਸ ਨੇ ਖ਼ਾਲੀ ਸ਼ੈਲਵਜ਼ ਦੇ ਗੰਭੀਰ ਹੋਣ ਨੂੰ 1 ਤੋਂ 10 ਦੇ ਪੈਮਾਨੇ ‘ਤੇ 2 ਅੰਕ ਦਿੰਦਿਆਂ ਕਿਹਾ ਕਿ ਉਸਨੂੰ ਤਕਰੀਬਨ ਉਹ ਸਾਰਾ ਸਮਾਨ ਮਿਲ ਗਿਆ ਜੋ ਉਹ ਲੈਣ ਆਇਆ ਸੀ, ਪਰ ਸਾਫ਼ ਸਫ਼ਾਈ ਦੇ ਕੁਝ ਉਤਪਾਦ ਨਹੀਂ ਮਿਲੇ।

ਟੌਮ ਸਾਅਰੇ ਨੇ ਸੀਬੀਸੀ ਨਿਊਜ਼ ਨੂੰ ਦੱਸਿਆ ਕਿ ਉਸਨੂੰ ਸਾਰਾ ਸਮਾਨ ਮਿਲ ਗਿਆ, ਪਰ ਅਕਸਰ ਅਜਿਹਾ ਨਹੀਂ ਹੁੰਦਾ।

ਅੱਜ ਦਾ ਦਿਨ ਬੁਰਾ ਨਹੀਂ ਹੈ, ਪਰ ਕੁਝ ਦਿਨ ਪਹਿਲਾਂ, ਜੋ ਮੈਂ ਲੈਣ ਆਇਆ ਸੀ, ਅਜਿਹੀਆਂ ਕਈ ਵਸਤਾਂ ਨਹੀਂ ਸਨ। ਸਾਨੂੰ ਬਹੁਤ ਵਾਰੀ ਅਜਿਹੀ ਸੂਚਨਾ ਮਿਲੀ ਕਿ ਆਉਣ ਵਾਲੇ ਸਮੇਂ ਵਿਚ ਕਮੀ ਹੋ ਸਕਦੀ ਹੈ, ਇਸ ਕਰਕੇ ਅਸੀਂ ਇਸ ਦੇ ਅਨੁਕੂਲ ਹੀ ਪਲਾਨ ਕਰਦੇ ਹਾਂ

ਦੇਖੋ। ਵੈਨਕੂਵਰਜ਼ ਦੇ ਖ਼ਰੀਦਦਾਰਾਂ ਵੱਲੋਂ ਖ਼ਾਲੀ ਸ਼ੈਲਵਜ਼ ਦੀ ਹਾਲ ਬਿਆਨੀ :

ਸਾਈਮਨ ਨੇ ਕਿਹਾ ਕਿ ਇਹ ਸਭ ਲਈ ਚੰਗੀ ਸਲਾਹ ਹੈ।

ਉਹਨਾਂ ਕਿਹਾ, ਸਭ ਤੋਂ ਅਹਿਮ ਹੈ ਕਿ ਘਬਰਾਉਣ ਦੀ ਲੋੜ ਨਹੀਂ। ਫ਼ੂਡ ਸਪਲਾਈ ਚੇਨ ਬਹੁਤ ਜਲਦੀ ਰਿਕਵਰ ਹੁੰਦੀ ਹੈ। ਇਹ ਘਾਟ ਸੰਭਾਵੀ ਤੌਰ ‘ਤੇ ਆਰਜ਼ੀ ਹੈ ਅਤੇ ਵਸਤਾਂ ਵਾਪਸ ਸ਼ੈਲਵਜ਼ ਵਿਚ ਪਹੁੰਚਣਗੀਆਂ

ਸ਼ਰਲੇਬੋਏ ਨੇ ਸਹਿਮਤੀ ਪ੍ਰਗਟਾਉਂਦਿਆਂ ਕਿਹਾ ਕਿ ਫ਼ੂਡ ਸਪਲਾਈ ਚੇਨ ਲਈ ਸੱਚਮੁੱਚ ਚੁਣੌਤੀਆਂ ਦਰਪੇਸ਼ ਹਨ, ਪਰ ਇਹਨਾਂ ਚੁਣੌਤੀਆਂ ਚੋਂ ਕੋਈ ਵੀ ਮੁਲਕ ਵਿਚ ਵਿਆਪਕ ਫ਼ੂਡ ਸੁਰੱਖਿਆ ਲਈ ਖ਼ਤਰਾ ਨਹੀਂ ਹੈ।

ਪੀਟ ਇਵੈਨਸ  (ਨਵੀਂ ਵਿੰਡੋ)- ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ