1. ਮੁੱਖ ਪੰਨਾ
  2. ਸਮਾਜ
  3. ਫ਼ੈਡਰਲ ਚੋਣਾਂ

ਕੈਲਗਰੀ ਤੋਂ ਲਿਬਰਲ ਐਮਪੀ ਜੌਰਜ ਚਾਹਲ ਨੂੰ ਜੁੁਰਮਾਨਾ

ਚੋਣਾਂ ਦੌਰਾਨ ਵਿਰੋਧੀ ਉਮੀਦਵਾਰ ਦਾ ਫ਼ਲਾਇਰ ਹਟਾਉਣ ਤੋਂ ਬਾਅਦ ਸ਼ੁਰੂ ਹੋਇਆ ਸੀ ਵਿਵਾਦ

ਜੌਰਜ ਚਾਹਲ

ਕੈਲਗਰੀ-ਸਕਾਈਵਿਊ ਤੋਂ ਲਿਬਰਲ ਐਮ ਪੀ ਜੌਰਜ ਚਾਹਲ ਦੁਆਰਾ ਵਿਰੋਧੀ ਉਮੀਦਵਾਰ ਜੈਗ ਸਹੋਤਾ ਦੇ ਕੈਂਪੇਨ ਫ਼ਲਾਇਰ ਹਟਾਏ ਜਾਣ ਦੀ ਵੀਡਿਉ,ਇੱਕ ਘਰ ਦੇ ਬਾਹਰ ਲੱਗੇ ਸਿਕਿਊਰਟੀ ਕੈਮਰੇ ਵਿਚ ਕੈਦ ਹੋ ਗਈ ਸੀ।

ਤਸਵੀਰ: (Submitted by Glenn Pennett)

RCI

ਕੈਲਗਰੀ ਤੋਂ ਲਿਬਰਲ ਪਾਰਟੀ ਦੇ ਇਕਲੌਤੇ ਮੈਂਬਰ ਪਾਰਲੀਮੈਂਟ, ਜੌਰਜ ਚਾਹਲ ਨੂੰ ਚੋਣਾਂ ਦੌਰਾਨ ਆਪਣੇ ਵਿਰੋਧੀ ਉਮੀਦਵਾਰ ਦਾ ਇਲੈਕਸ਼ਨ ਫ਼ਲਾਇਰ ਹਟਾਕੇ ਉਸਦੀ ਜਗ੍ਹਾ ਆਪਣਾ ਫ਼ਲਾਇਰ ਲਗਾਉਣ ਦੇ ਮਾਮਲੇ ਵਿਚ ਜੁਰਮਾਨਾ ਹੋਇਆ ਹੈ। 

ਜੌਰਜ ਚਾਹਲ ਕੈਲਗਰੀ ਸਕਾਈਵਿਊ ਰਾਈਡਿੰਗ ਤੋਂ ਐਮਪੀ ਹਨ।

19 ਸਤੰਬਰ ਨੂੰ ਇੱਕ ਘਰ ਦੇ ਬਾਹਰ ਲੱਗੇ ਸਿਕਿਓਰਟੀ ਕੈਮਰੇ ਨੇ ਜੌਰਜ ਚਾਹਲ ਨੂੰ ਕੰਜ਼ਰਵੇਟਿਵ ਉਮੀਦਵਾਰ ਜੈਗ ਸਹੋਤਾ ਦੇ ਕੈਂਪੇਨ ਫ਼ਲਾਇਰ ਨੂੰ ਹਟਾ ਕੇ ਆਪਣੇ ਚੋਣ ਫ਼ਲਾਇਰ ਨਾਲ ਬਦਲਦਿਆਂ ਦੀ ਤਸਵੀਰ ਕੈਦ ਕਰ ਲਈ ਸੀ।

ਕੰਜ਼ਰਵੇਟਿਵ ਉਮੀਦਵਾਰ ਦੀ ਕੈਂਪੇਨ ਟੀਮ ਵੱਲੋਂ ਲਗਾਏ ਗਏ ਫ਼ਲਾਇਰ ਵਿਚ ਵੋਟ ਪਾਉਣ ਅਤੇ ਪੋਲਿੰਗ ਸਟੇਸ਼ਨ ਬਾਰੇ ਜਾਣਕਾਰੀ ਦਰਜ ਸੀ।

ਹਾਲਾਂਕਿ ਇਸ ਮਾਮਲੇ ਵਿਚ ਕੈਲਗਰੀ ਪੁਲਿਸ ਨੇ ਕੋਈ ਅਪਰਾਧਕ ਜਾਂਚ ਸ਼ੁਰੂ ਨਹੀਂ ਕੀਤੀ ਸੀ, ਪਰ ਸਤੰਬਰ ਦੇ ਅਖ਼ੀਰ ਵਿਚ ਕੈਨੇਡਾ ਦੇ ਇਲੈਕਸ਼ਨ ਕਮਿਸ਼ਨਰ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਸੀ।

ਮੰਗਲਵਾਰ ਨੂੰ, ਚਾਹਲ ਨੇ ਟਵੀਟ ਕੀਤਾ ਕਿ ਉਹਨਾਂ ਨੇ 500 ਡਾਲਰ ਦਾ ਪ੍ਰਸ਼ਾਸਨਿਕ ਜੁਰਮਾਨਾ ਸਵੀਕਾਰ ਕਰਦਿਆਂ ਇਸ ਦਾ ਭੁਗਤਾਨ ਕਰ ਦਿੱਤਾ ਹੈ।

ਟਵੀਟ ਵਿਚ ਚਾਹਲ ਨੇ ਲਿਖਿਆ, ਮੈਂ ਇੱਕ ਵਾਰ ਫ਼ੇਰ ਤੋਂ ਆਪਣੀ ਗ਼ਲਤੀ ਮੰਨਦਿਆਂ ਇਸ ਲਈ ਮੁਆਫ਼ੀ ਮੰਗਦਾ ਹਾਂ

ਚਾਹਲ ਨੇ ਮੰਗਲਵਾਰ ਨੂੰ ਕਿਹਾ ਕਿ ਇਲੈਕਸ਼ਨ ਕਮੀਸ਼ਨ ਨੇ ਉਹਨਾਂ ਦੇ ਜੁਰਮਾਨੇ ਦੀ ਸਮੀਖਿਆ ਕੀਤੀ ਹੈ। ਪਰ ਕਮਿਸ਼ਨਰ ਔਫ਼ ਕੈਨੇਡਾ ਇਲੈਕਸ਼ਨਜ਼ (ਸੀਸੀਈ) ਦੇ ਦਫ਼ਤਰ ਨੇ ਸਪਸ਼ਟੀਕਰਨ ਦਿੰਦਿਆਂ ਕਿਹਾ, ਕਿ ਇਲੈਕਸ਼ਨਜ਼ ਕੈਨੇਡਾ ਵੱਲੋਂ ਸਮੀਖਿਆ ਨਹੀਂ ਸਗੋਂ ਚਾਹਲ ਨੂੰ ਉਲੰਘਣਾ ਨੋਟਿਸ ਜਾਰੀ ਕੀਤਾ ਗਿਆ ਸੀ ਅਤੇ ਪ੍ਰਸ਼ਾਸਨਿਕ ਜੁਰਮਾਨਾ (Administrative Monetary Penalty) ਲਗਾਇਆ ਗਿਆ ਸੀ।

ਸੀਸੀਈ ਨਾਲ ਜੁੜੀ ਵੈਰੋਨਿਕ ਓਪਰਾਏ ਨੇ ਕਿਹਾ, ਚੋਣ ਪ੍ਰਚਾਰ ਵਿਚ ਰੁਕਾਵਟ ਪੈਦਾ ਕਰਨ ਵਰਗੀਆਂ ਉਲੰਘਣਾਵਾਂ ਦੇ ਨਿਪਟਾਰੇ ਲਈ ਪ੍ਰਸ਼ਾਸਨਿਕ ਜੁਰਮਾਨਾ ਕੀਤਾ ਜਾਂਦਾ ਹੈ ਅਤੇ ਇਹ 500 ਡਾਲਰ ਸੀ

ਪੋਲਿੰਸ ਸਟੇਸ਼ਨ ਦੀ ਗ਼ਲਤ ਜਾਣਕਾਰੀ

ਸੀਸੀਈ ਨੇ ਸੀਬੀਸੀ ਨਿਊਜ਼ ਨੂੰ ਸਤੰਬਰ ਵਿਚ ਦੱਸਿਆ ਸੀ ਕਿ ਕੈਨੇਡਾ ਇਲੈਕਸ਼ਨਜ਼ ਐਕਟ ਦਾ ਇੱਕ ਹਿੱਸਾ ਚੋਣ ਸਮੱਗਰੀ, ਚਿੰਨ੍ਹਾਂ ਅਤੇ ਹੋਰ ਪ੍ਰਚਾਰ ਸਮੱਗਰੀ ਨੂੰ ਹਟਾਉਣ ਜਾਂ ਨੁਕਸਾਨ ਪਹੁੰਚਾਉਣ ਦੇ ਮਾਮਲਿਆਂ ਨਾਲ ਸਬੰਧਤ ਹੈ।

ਐਕਟ ਵਿਚ ਦਰਜ ਸਜ਼ਾਵਾਂ ਵਿਚ 5,000 ਤੱਕ ਦਾ ਜੁਰਮਾਨਾ ਅਤੇ 6 ਮਹੀਨਿਆਂ ਤੱਕ ਦੀ ਕੈਦ ਹੋਣ ਦੀ ਸੰਭਾਵਨਾ ਵੀ ਸ਼ਾਮਲ ਹੈ। ਕਮਿਸ਼ਨਰ ਸ਼ਿਕਾਇਤ ਦੇ ਨਿਪਟਾਰੇ ਲਈ ਗ਼ੈਰ-ਰਸਮੀ ਤਰੀਕੇ ਜਿਵੇਂ ਕੋਈ ਚਿਤਾਵਨੀ ਜਾਂ ਜਾਣਕਾਰੀ ਪੱਤਰ ਵੀ ਜਾਰੀ ਕਰ ਸਕਦਾ ਹੈ।

ਗਲੈਨ ਪੈਨੇਟ ਮੁਤਾਬਕ, ਜੌਰਜ ਚਾਹਲ ਦੇ (ਖੱਬੇ) ਫ਼ਲਾਇਰ ਵਿਚ ਪੋਲਿੰਗ ਸਟੇਸ਼ਨ ਦੀ ਗ਼ਲਤ ਜਾਣਕਾਰੀ ਸੀ। ਚਾਹਲ ਨੇ ਕਿਹਾ ਸੀ ਕਿ ਉਹਨਾਂ ਨੇ ਜੈਗ ਸਹੋਤਾ ਦਾ ਫ਼਼ਲਾਇਰ ਤਾਂ ਹਟਾਇਆ ਸੀ ਕਿਉਂਕਿ ਉਸ ਵਿਚ ਦਰਜ ਪੋਲਿੰਗ ਸਟੇਸ਼ਨ ਦੀ ਜਾਣਕਾਰੀ ਸਹੀ ਨ੍ਹੀਂ ਸੀ।

ਗਲੈਨ ਪੈਨੇਟ ਮੁਤਾਬਕ, ਜੌਰਜ ਚਾਹਲ ਦੇ (ਖੱਬੇ) ਫ਼ਲਾਇਰ ਵਿਚ ਪੋਲਿੰਗ ਸਟੇਸ਼ਨ ਦੀ ਗ਼ਲਤ ਜਾਣਕਾਰੀ ਸੀ। ਚਾਹਲ ਨੇ ਕਿਹਾ ਸੀ ਕਿ ਉਹਨਾਂ ਨੇ ਜੈਗ ਸਹੋਤਾ ਦਾ ਫ਼਼ਲਾਇਰ ਤਾਂ ਹਟਾਇਆ ਸੀ ਕਿਉਂਕਿ ਉਸ ਵਿਚ ਦਰਜ ਪੋਲਿੰਗ ਸਟੇਸ਼ਨ ਦੀ ਜਾਣਕਾਰੀ ਸਹੀ ਨ੍ਹੀਂ ਸੀ।

ਤਸਵੀਰ: (Guardian Law Group )

ਚੋਣਾਂ ਤੋਂ ਬਾਅਦ ਫ਼ਲਾਇਰ ਹਟਾਉਣ ਦੀ ਵੀਡਿਓ ਵਾਇਰਲ ਹੋਣ ਤੋਂ ਬਾਅਦ, ਚਾਹਲ ਦੀ ਕੈਂਪੇਨ ਟੀਮ ਨੇ ਕਿਹਾ ਸੀ ਕਿ ਜੈਗ ਸਹੋਤਾ ਦਾ ਚੋਣ ਫ਼ਲਾਇਰ ਤਾਂ ਹਟਾਇਆ ਗਿਆ ਸੀ ਕਿਉਂਕਿ ਉਸ ‘ਤੇ ਪੋਲਿੰਗ ਸਟੇਸ਼ਨ ਦੀ ਗਲਤ ਜਾਣਕਾਰੀ ਦਰਜ ਸੀ। 

ਰਿਟਾਇਰਡ ਪੁਲਿਸ ਔਫ਼ਿਸਰ, ਗਲੈਨ ਪੈਨੇਟ, ਉਹ ਸ਼ਖ਼ਸ ਹਨ ਜਿਹਨਾਂ ਦੇ ਘਰ ਦੇ ਬਾਹਰੋਂ ਉਕਤ ਫ਼ਲਾਇਰ ਹਟਾਇਆ ਗਿਆ ਸੀ ਅਤੇ ਕੈਮਰੇ ਵਿਚ ਇਹ ਘਟਨਾ ਰਿਕਾਰਡ ਹੋਈ ਸੀ। ਗਲੈਨ ਦਾ ਕਹਿਣਾ ਹੈ ਕਿ ਦਰਅਸਲ ਗ਼ਲਤ ਜਾਣਕਾਰੀ ਤਾਂ ਚਾਹਲ ਦੇ ਫ਼ਲਾਇਰ ਵਿਚ ਸੀ। ਸੀਬੀਸੀ ਨਾਲ ਸਾਂਝੇ ਕੀਤੇ ਫ਼ਲਾਇਰ ਵਿਚ ਗਲੈਨ ਨੇ ਦੱਸਿਆ ਕਿ ਜਿੱਥੇ ਵੋਟਰ ਨੇ ਵੋਟ ਦੇਣ ਜਾਣਾ ਸੀ, ਫ਼ਲਾਇਰ ਵਿਚ ਉਸ ਸਟੇਸ਼ਨ ਦੀ ਬਜਾਏ 16 ਕਿਲੋਮੀਟਰ ਦੂਰ ਪੈਂਦੇ ਕਿਸੇ ਹੋਰ ਪੋਲਿੰਗ ਸਟੇਸ਼ਨ ਦਾ ਪਤਾ ਦਰਜ ਸੀ।

ਸਹੋਤਾ ਦੇ ਵਕੀਲ, ਕਾਈਲ ਸ਼ੂਚੁਕ ਨੇ ਸੀਬੀਸੀ ਨਿਊਜ਼ ਨਾਲ ਇੱਕ ਫ਼ਲਾਇਰ ਸਾਂਝਾ ਕੀਤਾ, ਜੋ ਕਿ ਉਹਨਾਂ ਮੁਤਾਬਕ ਚਾਹਲ ਵੱਲੋਂ ਹਟਾਏ ਗਏ ਫ਼ਲਾਇਰ ਨਾਲ ਮਿਲਦਾ ਹੈ। ਇਸ ਫ਼ਲਾਇਰ ਵਿਚ ਪੋਲਿੰਗ ਸਟੇਸ਼ਨ ਬਾਰੇ ਸਹੀ ਜਾਣਕਾਰੀ ਸ਼ਾਮਲ ਹੈ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਡੈਨ ਮਕਗਾਰਵੀ ਅਤੇ ਮੇਘਨ ਗ੍ਰੈਂਟ ਵੱਲੋਂ ਪ੍ਰਾਪਤ ਜਾਣਕਾਰੀ ਸਹਿਤ

ਸੁਰਖੀਆਂ