1. ਮੁੱਖ ਪੰਨਾ
  2. ਸਿਹਤ
  3. ਜਨਤਕ ਸਿਹਤ

ਫ਼ਾਈਜ਼ਰ ਵੱਲੋਂ ਓਮੀਕਰੌਨ-ਕੇਂਦਰਤ ਵਿਸ਼ੇਸ਼ ਕੋਵਿਡ ਵੈਕਸੀਨ ਦਾ ਟ੍ਰਾਇਲ ਸ਼ੁਰੂ

ਪ੍ਰੀਖਣ ਵਿਚ 1,400 ਤੋਂ ਵੱਧ ਵੁਲੰਟੀਅਰ ਸ਼ਾਮਲ

ਫ਼ਾਈਜ਼ਰ ਵੈਕਸੀਨ

ਫ਼ਾਈਜ਼ਰ-ਬਾਇਓਐਨਟੈਕ ਨੇ ਮੰਗਲਵਾਰ ਨੂੰ ਦੱਸਿਆ ਕਿ ਉਹਨਾਂ ਨੇ ਕੋਵਿਡ-19 ਦੀ ਇੱਕ ਵਿਸ਼ੇਸ਼ ਵੈਕਸੀਨ ਦਾ ਪ੍ਰੀਖਣ ਸ਼ੁਰੂ ਕੀਤਾ ਹੈ ਜੋ ਕਿ ਓਮੀਕਰੌਨ ਵੇਰੀਐਂਟ ਨੂੰ ਖ਼ਾਸ ਤੌਰ ਤੇ ਟਾਰਗੇਟ ਕਰਨ ਲਈ ਤਿਆਰ ਕੀਤੀ ਗਈ ਹੈ।

ਤਸਵੀਰ: Getty Images / Luke Dray

RCI

ਫ਼ਾਈਜ਼ਰ-ਬਾਇਓਐਨਟੈਕ ਨੇ ਮੰਗਲਵਾਰ ਨੂੰ ਦੱਸਿਆ ਕਿ ਉਹਨਾਂ ਨੇ ਕੋਵਿਡ-19 ਦੀ ਇੱਕ ਵਿਸ਼ੇਸ਼ ਵੈਕਸੀਨ ਦਾ ਪ੍ਰੀਖਣ ਸ਼ੁਰੂ ਕੀਤਾ ਹੈ ਜੋ ਕਿ ਓਮੀਕਰੌਨ ਵੇਰੀਐਂਟ ਨੂੰ ਖ਼ਾਸ ਤੌਰ ਤੇ ਟਾਰਗੇਟ ਕਰਨ ਲਈ ਤਿਆਰ ਕੀਤੀ ਗਈ ਹੈ। ਵੈਕਸੀਨ ਦੀਆਂ ਆਮ ਦੋ ਖ਼ੁਰਾਕਾਂ ਤੋਂ ਓਮੀਕਰੌਨ ਵੇਰੀਐਂਟ ਦੇ ਕੁਝ ਹੱਦ ਤੱਕ ਬਚ ਸਕਣ ਦੀ ਸਮਰੱਥਾ ਕਰਕੇ ਇਹ ਵਿਸ਼ੇਸ਼ ਵੈਕਸੀਨ ਤਿਆਰ ਕਰਨ ਦਾ ਕਾਰਜ ਸ਼ੁਰੂ ਕੀਤਾ ਗਿਆ ਸੀ।

ਇਸ ਕਲੀਨਿਕਲ ਟ੍ਰਾਇਲ ਵਿਚ ਯੂ ਐਸ ਦੇ ਕਈ ਵੁਲੰਟੀਅਰ ਸ਼ਾਮਲ ਹੋ ਰਹੇ ਹਨ। ਟ੍ਰਾਇਲ ਦੌਰਾਨ ਬਗ਼ੈਰ ਵੈਕਸੀਨ ਪ੍ਰਾਪਤ ਲੋਕਾਂ ਨੂੰ ਓਮੀਕਰੌਨ ਕੇਂਦਰਤ ਵੈਕਸੀਨ ਦੀਆਂ ਤਿੰਨ ਡੋਜ਼ਾਂ ਅਤੇ ਦੋ ਡੋਜ਼ਾਂ ਪ੍ਰਾਪਤ ਕਰ ਚੁੱਕੇ ਲੋਕਾਂ ਨੂੰ ਇਸ ਖ਼ਾਸ ਵੈਕਸੀਨ ਦੀ ਬੂਸਟਰ ਡੋਜ਼ ਦੇਣ ਤੋਂ ਬਾਅਦ, ਇਹਨਾਂ ਦੇ ਇਮਿਊਨ ਰਿਸਪੌਂਸ ਦੀ ਸਮੀਖਿਆ ਕੀਤੀ ਜਾਵੇਗੀ।

ਤਿੰਨ ਤੋਂ ਛੇ ਮਹੀਨੇ ਪਹਿਲਾਂ ਤੀਸਰੀ ਡੋਜ਼ ਪ੍ਰਾਪਤ ਕਰ ਚੁੱਕੇ ਲੋਕਾਂ ਵਿਚ, ਚੌਥੀ ਡੋਜ਼ ਦੇ ਮੁਕਾਬਲੇ ਓਮੀਕਰੌਨ ਕੇਂਦਰਤ ਵੈਕਸੀਨ ਦੀ ਚੌਥੀ ਡੋਜ਼ ਦੇ ਨਤੀਜਿਆਂ ਦਾ ਵੀ ਟੈਸਟ ਕੀਤਾ ਜਾ ਰਿਹਾ ਹੈ।

ਇਸ ਕਲੀਨਿਕਲ ਟ੍ਰਾਇਲ ਵਿਚ 1,400 ਤੋਂ ਵੱਧ ਲੋਕਾਂ ਵਿਚ, ਵੈਕਸੀਨ ਦੀ ਸੁਰੱਖਿਆ ਅਤੇ ਇਸਨੂੰ ਬਰਦਾਸ਼ਤ ਕਰਨ ਦੀ ਸਮਰੱਥਾ ਦੀ ਜਾਂਚ ਕੀਤੀ ਜਾਵੇਗੀ।

ਤਿਆਰੀ ਦੀ ਜ਼ਰੂਰਤ

ਫ਼ਾਈਜ਼ਰ ਦੀ ਵੈਕਸੀਨ ਰਿਸਰਚ ਐਂਡ ਡਿਵੈਲਪਮੈਂਟ ਹੈਡ, ਕੈਥਰੀਨ ਜੈਨਸਨ ਨੇ ਕਿਹਾ, ਭਾਵੇਂ ਕਿ ਮੌਜੂਦਾ ਡਾਟਾ ਅਤੇ ਅੰਕੜੇ ਦਰਸਾਉਂਦੇ ਹਨ ਕਿ ਬੂਸਟਰ ਡੋਜ਼, ਓਮੀਕਰੌਨ ਸਬੰਧੀ ਗੰਭੀਰ ਬਿਮਾਰੀ ਜਾਂ ਹਸਪਤਾਲ ਦਾਖ਼ਲਿਆਂ ਵਿਰੁੱਧ ਮਜ਼ਬੂਤ ਸੁਰੱਖਿਆ ਪ੍ਰਦਾਨ ਕਰਦੀ ਹੈ, ਪਰ ਭਵਿੱਖ ਵਿਚ ਇਸ ਸੁਰੱਖਿਆ ਦੇ ਕਮਜ਼ੋਰ ਹੋਣ ਦੀ ਸਥਿਤੀ ਜਾਂ ਨਵੇਂ ਵੇਰੀਐਂਟਸ ਦਾ ਮੁਕਾਬਲਾ ਕਰਨ ਲਈ ਸਾਨੂੰ ਤਿਆਰ ਰਹਿਣ ਦੀ ਜ਼ਰੂਰਤ ਹੈ

ਕੰਪਨੀ ਮੁਤਾਬਕ, ਹੈਲਥ ਅਥੌਰਟੀਆਂ ਵੱਲੋਂ ਜ਼ਰੂਰੀ ਕੀਤੇ ਗਏ ਲੋੜੀਂਦੇ ਕਲੀਨਿਕਲ ਟ੍ਰਾਇਲ ਡਾਟਾ ਦੇ ਪੱਖ ਤੋਂ, ਮਾਰਚ ਮਹੀਨੇ ਦੇ ਅੰਤ ਤੱਕ ਓਮੀਕਰੌਨ-ਕੇਂਦਰਤ ਵੈਕਸੀਨ ਨੂੰ ਲੌਂਚ ਕੀਤੇ ਜਾਣ ਦੀ ਯੋਜਨਾ ਸੰਭਵ ਨਹੀਂ ਹੋਵੇਗੀ।

ਫ਼ਾਈਜ਼ਰ ਕਹਿ ਚੁੱਕੀ ਹੈ ਕਿ ਵੈਕਸੀਨ ਦੀਆਂ ਦੋ ਖ਼ੁਰਾਕਾਂ ਓਮੀਕਰੌਨ ਤੋਂ ਮੁਕੰਮਲ ਸੁਰੱਖਿਆ ਲਈ ਕਾਫ਼ੀ ਨਹੀਂ ਹੋਣਗੀਆਂ, ਅਤੇ ਸਮਾਂ ਬੀਤਣ ਨਾਲ ਇਹ ਸੁਰੱਖਿਆ ਕਵਚ ਕਮਜ਼ੋਰ ਹੋ ਸਕਦਾ ਹੈ।

ਪਰ ਯੂ ਐਸ ਦੇ ਸੈਂਟਰ ਫ਼ੌਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀਡੀਸੀ) ਦਾ ਕਹਿਣਾ ਹੈ, ਕਿ ਫ਼ਾਈਜ਼ਰ ਵਰਗੀ mRNA ਵੈਕਸੀਨ ਦੀ ਤੀਸਰੀ ਡੋਜ਼ ਨੇ ਕੋਵਿਡ ਸਬੰਧੀ ਹਸਤਪਾਲ ਦਾਖ਼ਲਿਆਂ ਬਾਬਤ 90 ਫ਼ੀਸਦੀ ਸੁਰੱਖਿਆ ਪ੍ਰਦਾਨ ਕੀਤੀ ਹੈ।

ਓਮੀਕਰੌਨ ਮੌਜੂਦਾ ਸੁਰੱਖਿਆ ਨੂੰ ਕਮਜ਼ੋਰ ਕਰ ਰਿਹਾ ਹੈ

ਕੁਝ ਦੇਸ਼ਾਂ ਨੇ ਵਾਧੂ ਬੂਸਟਰ ਡੋਜ਼ ਦੇਣੀ ਸ਼ੁਰੂ ਕਰ ਦਿੱਤੀ ਹੈ, ਪਰ ਇਜ਼ਰਾਈਲ ਵਿਚ ਹਾਲ ਵਿਚ ਕੀਤੀ ਗਈ ਇੱਕ ਸਟਡੀ ਵਿਚ ਸਾਹਮਣੇ ਆਇਆ ਹੈ ਕਿ mRNA ਵੈਕਸੀਨ ਦੀ ਚੌਥੀ ਡੋਜ਼ ਐਂਟੀਬੌਡੀਜ਼ ਦੇ ਪੱਧਰ ਵਿਚ ਇਜ਼ਾਫ਼ਾ ਤਾਂ ਕਰਦੀ ਹੈ, ਪਰ ਇਹ ਪੱਧਰ ਓਮੀਕਰੌਨ ਨਾਲ ਲੜਨ ਲਈ ਕਾਫ਼ੀ ਨਹੀਂ ਹੈ।

ਬਾਇਓਐਨਟੈਕ ਦੇ ਚੀਫ਼ ਐਗਜ਼ੈਕਟਿਵ ਉਗੁਰ ਸਾਹਿਨ ਨੇ ਨਵੰਬਰ ਵਿਚ ਕਿਹਾ ਸੀ ਕਿ ਸੰਭਵ ਹੈ ਕਿ ਹੈਲਥ ਰੈਗੂਲੇਟਰਜ਼ ਮਨੁੱਖਾਂ ਉੱਪਰ ਓਮੀਕਰੌਨ-ਕੇਂਦਰਤ ਵੈਕਸੀਨ ਦਾ ਡਾਟਾ ਨਹੀਂ ਮੰਗਣਗੇ, ਕਿਉਂਕਿ ਫ਼ਾਈਜ਼ਰ ਅਤੇ ਬਾਇਓਐਨਟੈਕ ਨੇ ਅਲਫ਼ਾ ਅਤੇ ਡੈਲਟਾ ਵੇਰੀਐਂਟ ਨੂੰ ਟਾਰਗੇਟ ਕਰਨ ਵਾਸਤੇ ਵੈਕਸੀਨ ਦੇ ਵਿਸ਼ੇਸ਼ ਰੂਪ ਤਿਆਰ ਕੀਤੇ ਸਨ ਅਤੇ ਕਲੀਨਿਕਲ ਪ੍ਰੀਖਣ ਜਾਰੀ ਰੱਖੇ ਸਨ।

ਪਰ ਯੂਰਪੀਅਨ ਮੈਡੀਸਨਜ਼ ਏਜੰਸੀ (ਈਐਮਏ) ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਅੰਤਰਰਾਸ਼ਟਰੀ ਰੈਗੂਲੇਟਰ ਨਵੀਂ ਵੈਕਸੀਨ ਨੂੰ ਮੰਜ਼ੂਰੀ ਦੇਣ ਤੋਂ ਪਹਿਲਾਂ ਕਲੀਨਿਕਲ ਸਟਡੀਜ਼ ਨੂੰ ਤਰਜੀਹ ਦੇ ਰਹੇ ਹਨ।

ਇਹਨਾਂ ਟ੍ਰਾਇਲ ਨਤੀਜਿਆਂ ਵਿਚ ਇਹ ਸਪਸ਼ਟ ਹੋਣਾ ਚਾਹੀਦਾ ਹੈ ਕਿ ਵਿਸ਼ੇਸ਼ ਵੈਕਸੀਨਾਂ ਪ੍ਰਾਪਤ ਕਰਨ ਵਾਲਿਆਂ ਦੇ ਖ਼ੂਨ ਸੈਂਪਲਾਂ ਵਿਚ, ਮੌਜੂਦਾ ਵੈਕਸੀਨਾਂ ਦੇ ਮੁਕਾਬਲੇ ਬਿਹਤਰ ਐਂਟੀਬੌਡੀਜ਼ ਹਨ। ਈਐਮਏ ਦੀ ਇਹ ਵੀ ਇੱਛਾ ਹੈ ਕਿ ਨਵੀਂ ਵੈਕਸੀਨ ਬਾਕੀ ਚਿੰਤਾਜਨਕ ਵੇਰੀਐਂਟਸ (variants of concern) ਖ਼ਿਲਾਫ਼ ਸੁਰੱਖਿਆ ਪ੍ਰਦਾਨ ਕਰਨ ਵਿਚ ਸਮਰੱਥ ਹੋਣੀ ਚਾਹੀਦੀ ਹੈ। 

ਦੇਖੋ। ਓਮੀਕਰੌਨ ਨੂੰ ਆਖ਼ਰੀ ਵੇਰੀਐਂਟ ਨਾ ਸਮਝਿਆ ਜਾਵੇ : ਡਬਲਿਊ ਐਚ ਓ

ਬਾਇਓਐਨਟੈਕ ਨੇ ਇਸ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਉਸਨੂੰ ਰੈਗੂਲੇਟਰਾਂ ਕੋਲ ਕਿਸ ਕਿਸਮ ਦਾ ਡਾਟਾ ਫ਼ਾਈਲ ਕਰਨ ਲਈ ਕਿਹਾ ਗਿਆ ਸੀ।

ਕੰਪਨੀ ਨੇ ਕਿਹਾ ਕਿ ਓਮੀਕਰੌਨ-ਟਾਰਗੇਟੇਡ ਬੂਸਟਰ ਡੋਜ਼ ਤੋਂ ਬਾਅਦ ਐਂਟੀਬੌਡੀਜ਼ ਦਾ ਵਿਸ਼ਲੇਸ਼ਣ ਕਰਕੇ ਇਸ ਗੱਲ ਦਾ ਜਵਾਬ ਲੱਭਣ ਵਿਚ ਮਦਦ ਮਿਲੇਗੀ ਕਿ ਇੱਕ ਸਮੇਂ ‘ਤੇ ਇੱਕ ਤੋਂ ਵੱਧ ਵੇਰੀਐਂਟਸ ਨਾਲ ਨਜਿੱਠਣ ਵਾਲੀਆਂ ਡੋਜ਼ਾਂ ਦੀ ਜ਼ਰੂਰਤ ਪਵੇਗੀ ਜਾਂ ਨਹੀਂ। ਕੰਪਨੀ ਨੂੰ ਉਮੀਦ ਹੈ ਕਿ ਐਂਟੌਬੌਡੀਜ਼ ਕਈ ਤਰ੍ਹਾਂ ਦੇ ਵੇਰੀਐਂਟਸ ‘ਤੇ ਕਾਰਗਰ ਹੋਣਗੀਆਂ।

ਯੂਰਪੀਅਨ ਰੈਗੂਲੇਟਰ ਨੇ ਫ਼ਰਮਾ ਕੰਪਨੀਆਂ ਨੂੰ ਓਮੀਕਰੌਨ-ਕੇਂਦਰਤ ਵੈਕਸੀਨ ਦੀਆਂ ਇੱਕ ਤੋਂ ਵੱਧ ਕਿਸਮਾਂ ਤਿਆਰ ਕਰਨ ਦੀ ਅਪੀਲ ਕੀਤੀ ਹੈ, ਜੋ ਕਿ ਕਈ ਵੇਰੀਐਂਟਸ ਦੇ ਸਮੂਹ ਨਾਲ ਨਜਿੱਠਣ ਵਿਚ ਵੀ ਪ੍ਰਭਾਵਸ਼ਾਲੀ ਹੋਣ।

ਹਾਲ ਹੀ ਵਿਚ ਕੁਝ ਦੇਸ਼ਾਂ ਵਿਚ ਓਮੀਕਰੌਨ ਦੇ ਇੱਕ ਸਬ-ਵੇਰੀਐਂਟ, BA.2, ਦੇ ਕਈ ਮਾਮਲੇ ਸਾਹਮਣੇ ਆਏ ਹਨ। ਫ਼ਿਲਹਾਲ ਇਹ ਸਪਸ਼ਟ ਨਹੀਂ ਹੈ ਕਿ ਇਹ ਵੇਰੀਐਂਟ ਮੌਜੂਦਾ ਕੋਵਿਡ ਸੰਕਟ ਨੂੰ ਕਿਸ ਦਿਸ਼ਾ ਵੱਲ ਲਿਜਾ ਸਕਦਾ ਹੈ, ਪਰ ਸ਼ੁਰੂਆਤੀ ਸੰਕੇਤਾਂ ਵਿਚ ਇਸਨੂੰ ਓਮੀਕਰੌਨ ਦੇ ਮੂਲ ਵੇਰੀਐਂਟ ਨਾਲੋਂ ਵਧੇਰੇ ਤੇਜ਼ੀ ਨਾਲ ਫ਼ੈਲਣ ਵਾਲਾ ਮੰਨਿਆ ਜਾ ਰਿਹਾ ਹੈ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

thomson reuters ਵੱਲੋਂ ਜਾਣਕਾਰੀ ਸਹਿਤ।

ਸੁਰਖੀਆਂ