- ਮੁੱਖ ਪੰਨਾ
- ਰਾਜਨੀਤੀ
- ਫ਼ੈਡਰਲ ਰਾਜਨੀਤੀ
ਯੂਕਰੇਨ ‘ਚ ਤਣਾਅ ਵਧਣ ਕਾਰਨ ਕੈਨੇਡਾ ਵੱਲੋਂ ਡਿਪਲੋਮੈਟਿਕ ਸਟਾਫ਼ ਦੇ ਪਰਿਵਾਰਾਂ ਨੂੰ ਵਾਪਸ ਬੁਲਾਉਣ ਦਾ ਫ਼ੈਸਲਾ
ਰੂਸ ਵੱਲੋਂ ਪਿਛਲੇ ਕੁਝ ਹਫ਼ਤਿਆਂ ਵਿਚ ਹੀ ਯੂਕਰੇਨ ਦੀ ਸਰਹੱਦ ਨਜ਼ਦੀਕ 100,000 ਤੋਂ ਵੱਧ ਸੈਨਿਕ ਤੈਨਾਤ ਕੀਤੇ ਜਾ ਚੁੱਕੇ ਹਨ

18 ਜਨਵਰੀ 2022 ਨੂੰ ਰੂਸੀ ਫ਼ੌਜਾਂ ਦਾ ਇੱਕ ਕਾਫ਼ਲਾ ਕ੍ਰੀਮੀਆ ਦੇ ਹਾਈਵੇ 'ਤੇ ਜਾਂਦਾ ਹੋਇਆ। ਯੂਕਰੇਨ ਦੀ ਸਰਹੱਦ ਨਜ਼ਦੀਕ ਰੂਸ ਆਪਣੇ ਇੱਕ ਲੱਖ ਤੋਂ ਵੱਧ ਫ਼ੌਜੀ ਤੈਨਾਤ ਕਰ ਚੁੱਕਾ ਹੈ।
ਤਸਵੀਰ: Associated Press
ਰੂਸ ਵੱਲੋਂ ਯੂਕਰੇਨ ‘ਤੇ ਹਮਲਾ ਕੀਤੇ ਜਾਣ ਦੇ ਆਸਾਰ ਦੇ ਵਧਦਿਆਂ, ਕੈਨੇਡਾ ਨੇ ਯੂਕਰੇਨ ਚੋਂ ਆਪਣੇ ਡਿਪਲੋੋਮੈਟਿਕ ਸਟਾਫ਼ ਦੇ ਪਰਿਵਾਰਾਂ ਨੂੰ ਉੱਥੋਂ ਵਾਪਸ ਬੁਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ।
ਗਲੋਬਲ ਅਫ਼ੇਅਰਜ਼ ਕੈਨੇਡਾ ਨੇ ਇੱਕ ਬਿਆਨ ਵਿਚ ਕਿਹਾ, ਕੈਨੇਡੀਅਨਜ਼, ਸਾਡੇ ਸਟਾਫ਼ ਅਤੇ ਉਹਨਾਂ ਦੇ ਪਰਿਵਾਰਾਂ ਦੀ ਸੁਰੱਖਿਆ ਸਾਡੀ ਪ੍ਰਮੁੱਖ ਤਰਜੀਹ ਹੈ
।
ਰੂਸੀ ਫ਼ੌਜ ਦੇ ਲਗਾਤਾਰ ਜਮਾਂ ਹੋਣ ਅਤੇ ਯੂਕਰੇਨ ਦੇ ਆਲੇ ਦੁਆਲੇ ਦੇ ਇਲਾਕੇ ਵਿਚ ਅਸਿਥਰਤਾ ਵਾਲੀਆਂ ਗਤੀਵਿਧੀਆਂ ਦੇ ਮੱਦੇਨਜ਼ਰ, ਅਸੀਂ ਕੈਨੇਡੀਅਨ ਦੂਤਾਵਾਸ ਦੇ ਸਟਾਫ਼ ਦੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ ਪਰਿਵਾਰਕ ਮੈਂਬਰਾਂ ਨੂੰ ਅਸਥਾਈ ਤੌਰ ‘ਤੇ ਵਾਪਸ ਬੁਲਾਉਣ ਦਾ ਫ਼ੈਸਲਾ ਲਿਆ ਹੈ
।
ਕੁਝ ਦਿਨ ਪਹਿਲਾਂ ਯੂ ਐਸ ਅਤੇ ਯੂ ਕੇ ਨੇ ਵੀ ਆਪਣੇ ਯੂਕਰੇਨ ਵਿਚ ਦੂਤਾਵਾਸ ਦੇ ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰਾਂ ਨੂੰ ਵਾਪਸ ਬੁਲਾ ਲਿਆ ਸੀ।
ਰੂਸ ਵੱਲੋਂ ਹਮਲਾ ਕਰਨ ਦੀ ਯੋਜਨਾ ਤੋਂ ਇਨਕਾਰ ਕੀਤਾ ਗਿਆ ਹੈ, ਪਰ ਪਿਛਲੇ ਕੁਝ ਹਫ਼ਤਿਆਂ ਵਿਚ ਹੀ ਯੂਕਰੇਨ ਦੀ ਸਰਹੱਦ ਨਜ਼ਦੀਕ 100,000 ਤੋਂ ਵੱਧ ਰੂਸੀ ਸੈਨਿਕ ਤੈਨਾਤ ਕੀਤੇ ਜਾ ਚੁੱਕੇ ਹਨ।
'ਰੂਸੀ ਹਮਲੇ ਦੀ ਸੰਭਾਵਨਾ ਤੋਂ ਬੇਹੱਦ ਫ਼ਿਕਰਮੰਦ'
ਸੋਮਵਾਰ ਨੂੰ ਇੱਕ ਨਿਊਜ਼ ਕਾਨਫ਼੍ਰੰਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੂੰ ਐਮਬੈਸੀ ਦੇ ਸਟਾਫ਼ ਅਤੇ ਉਹਨਾਂ ਦੇ ਪਰਿਵਾਰਾਂ ਬਾਰੇ ਸਵਾਲ ਪੁੱਛੇ ਜਾਣ ‘ਤੇ ਉਹਨਾਂ ਕਿਹਾ ਸੀ ਕਿ ਸਰਕਾਰ ਦੇ 'ਐਮਰਜੈਂਸੀ ਪਲਾਨ ਤਿਆਰ ਹਨ'।
ਉਹਨਾਂ ਕਿਹਾ, ਅਸੀਂ ਰੂਸ ਦੇ ਹਮਲਾਵਰ ਰਵੱਈਏ ਅਤੇ ਯੂਕਰੇਨ ‘ਤੇ ਹਮਲਾ ਹੋਣ ਦੇ ਖ਼ਤਰੇ ਬਾਰੇ ਬੇਹੱਦ ਫ਼ਿਕਰਮੰਦ ਹਾਂ
।
ਕੈਨੇਡੀਅਨ ਡਿਪਲੋਮੈਟਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੁਰੱਖਿਆ, ਬਿਨਾ ਸ਼ੱਕ ਸਭ ਤੋਂ ਅਹਿਮ ਹੈ ;ਅਸੀਂ ਯੂਕਰੇਨ ਦੀ ਮਦਦ ਕਰਨਾ ਜਾਰੀ ਰੱਖਾਂਗੇ ਅਤੇ ਕੈਨੇਡੀਅਨਜ਼ ਤੇ ਯੂਕਰੇਨੀਅਨਜ਼ ਦੀ ਸੁਰੱਖਿਆ ਸੁਨਿਸ਼ਚਿਤ ਕਰਾਂਗੇ
।
ਯੂਕਰੇਨ ਦੇ ਲੀਡਰ ਹਮਲਾ ਹੋਣ ਦੇ ਡਰ ਨੂੰ ਦੂਰ ਕਰਨ ਅਤੇ ਸ਼ਾਂਤੀ ਜ਼ਾਹਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਯੂ ਐਸ ਅਤੇ ਨਾਟੋ ਭਾਈਵਾਲਾਂ ਨੇ ਹਮਲੇ ਦੇ ਸਬੰਧ ਵਿਚ ਤਿਆਰੀ ਸ਼ੁਰੂ ਕਰ ਦਿੱਤੀ ਹੈ।
ਸੋਮਵਾਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜ਼ੈਲੈਂਸਕੀ ਨੇ ਕਿਹਾ ਸੀ ਕਿ ਸਥਿਤੀ ‘ਨਿਯੰਤਰਣ ਚ’ ਹੈ ਅਤੇ ਰੱਖਿਆ ਮੰਤਰੀ ਓਲੈਕਸੀ ਰੈਜ਼ਨੀਕੋਵ ਨੇ ਕਿਹਾ ਸੀ ਕਿ ਰੂਸੀ ਫ਼ੌਜਾਂ ਨੇ ‘ਯੁੱਧ ਦੇ ਗਰੁੱਪ’ ਤਿਆਰ ਨਹੀਂ ਕੀਤੇ ਹਨ, ਜੋਕਿ ਇੱਕ ਸੰਕੇਤ ਹੁੰਦਾ ਕਿ ਉਹ ਹਮਲਾ ਕਰਨ ਲਈ ਤਿਆਰ ਹਨ
।
ਇਸ ਦੌਰਾਨ ਨਾਟੋ ਨੇ ਕਈ ਸਮੁੰਦਰੀ ਜਹਾਜ਼ਾਂ ਅਤੇ ਸੈਨਿਕਾਂ ਦੀ ਮੁੜ ਤੈਨਾਤੀ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ, ਜਿਸ ਵਿਚ ਯੂ ਐਸ ਨੇ 8,500 ਸੈਨਿਕਾਂ ਨੂੰ ਐਲਰਟ ‘ਤੇ ਰਹਿਣ ਦੇ ਨਿਰਦੇਸ਼ ਦਿੱਤੇ ਹਨ।
ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ