1. ਮੁੱਖ ਪੰਨਾ
  2. ਰਾਜਨੀਤੀ
  3. ਪ੍ਰਾਂਤਿਕ ਰਾਜਨੀਤੀ

ਫ਼ੈਡਰਲ ਸਰਕਾਰ ਨਾਲ ਚਾਈਲਡ ਕੇਅਰ ਸਮਝੌਤੇ ‘ਤੇ ਦਸਤਖ਼ਤ ਨਾ ਕਰਨ ਵਾਲਾ ਹੁਣ ਓਨਟੇਰਿਓ ਇਕੱਲਾ ਸੂਬਾ

ਸੋਮਵਾਰ ਨੂੰ ਨੂਨਾਵੂਟ ਵੱਲੋਂ ਚਾਈਲਡ-ਕੇਅਰ ਸਮਝੌਤੇ ‘ਤੇ ਮੋਹਰ ਲਾਉਣ ਤੋਂ ਬਾਅਦ, ਹੁਣ ਸਿਰਫ਼ ਓਨਟੇਰਿਓ ਹੀ ਬਚਿਆ ਹੈ

ਚਾਈਲਡ ਕੇਅਰ ਵਿਚ ਖੇਡਦੇ ਬੱਚੇ

ਓਨਟੇਰਿਓ ਸਰਕਾਰ ਦਾ ਕਹਿਣਾ ਹੈ ਕਿ 10 ਡਾਲਰ ਪ੍ਰਤੀ ਦਿਨ ਚਾਈਲਡ ਕੇਅਰ ਬਾਬਤ ਸਮਝੌਤੇ 'ਤੇ ਅਜੇ ਵੀ ਫ਼ੈਡਰਲ ਸਰਕਾਰ ਨਾਲ ਗੱਲਬਾਤ ਜਾਰੀ ਹੈ।

ਤਸਵੀਰ: (Katerina Georgieva/CBC)

RCI

ਓਨਟੇਰਿਓ ਲਿਬਰਲ ਲੀਡਰ ਸਟੀਵਨ ਡੈਲ ਡੂਕਾ ਨੇ ਕਿਹਾ ਕਿ ਇਹ ਬੜੀ “ਸ਼ਰਮਨਾਕ” ਗੱਲ ਹੈ ਕਿ ਓਨਟੇਰਿਓ ਨੇ ਅਜੇ ਤੱਕ ਵੀ ਫ਼ੈਡਰਲ ਸਰਕਾਰ ਨਾਲ 10 ਡਾਲਰ ਪ੍ਰਤੀ ਦਿਨ ਦੇ ਚਾਈਲਡ ਕੇਅਰ ਪ੍ਰੋਗਰਾਮ ‘ਤੇ ਸਮਝੌਤਾ ਨਹੀਂ ਕੀਤਾ ਹੈ। ਸੋਮਵਾਰ ਨੂੰ ਨੂਨਾਵੂਟ ਸਰਕਾਰ ਵੱਲੋਂ ਵੀ ਫ਼ੈਡਰਲ ਸਰਕਾਰ ਦੇ ਚਾਈਲਡ ਕੇਅਰ ਪ੍ਰੋਗਰਾਮ ਬਾਬਤ ਸਮਝੌਤੇ ‘ਤੇ ਮੋਹਰ ਲਗਾਉਣ ਤੋਂ ਬਾਅਦ, ਹੁਣ ਓਨਟੇਰਿਓ ਹੀ ਇਕੱਲਾ ਸੂਬਾ ਬਚਿਆ ਹੈ ਜਿਸਨੇ ਇਹ ਫ਼ੈਡਰਲ ਡੀਲ ਨਹੀਂ ਅਪਣਾਈ ਹੈ।

ਡੈਲ ਡੂਕਾ ਨੇ ਕਿਹਾ ਕਿ ਜੇ ਜੂਨ ਦੀਆਂ ਸੂਬਾਈ ਚੋਣਾਂ ਵਿਚ ਉਹਨਾਂ ਦੀ ਸਰਕਾਰ ਬਣਦੀ ਹੈ, ਤਾਂ ਉਹ ਫ਼ੈਡਰਲ ਸਰਕਾਰ ਨਾਲ ਸਮਝੌਤੇ ‘ਤੇ ਦਸਤਖ਼ਤ ਕਰਨਗੇ। ਪਰ ਉਹਨਾਂ ਕਿਹਾ ਕਿ ਓਨਟੇਰਿਓ ਪ੍ਰੀਮੀਅਰ ਡਗ ਫ਼ੋਰਡ ਨੂੰ ਵੀ ਜਲਦੀ ਤੋਂ ਜਲਦੀ ਇਸ ਡੀਲ ‘ਤੇ ਦਸਤਖ਼ਤ ਕਰਨੇ ਚਾਹੀਦੇ ਹਨ, ਕਿਉਂਕਿ ਇਹ ਇੱਕ ਬੇਹੱਦ ਜ਼ਰੂਰੀ ਮਾਮਲਾ ਹੈ।

ਡੈਲ ਡੂਕਾ ਨੇ ਕਿਹਾ ਕਿ ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਫ਼ੋਰਡ ਸਾਡੇ ਬੱਚਿਆਂ ਨੂੰ ਸਰਬੋਤਮ ਸ਼ੁਰੂਆਤ ਨਹੀਂ ਦੇਣਾ ਚਾਹੁੰਦੇ ਅਤੇ ਇਹ ਬਹੁਤ ਜ਼ਾਲਿਮਾਨਾ ਗੱਲ ਹੈ ਕਿ ਓਨਟੇਰਿਓ ਦੇ ਮਿਹਨਤੀ ਪਰਿਵਾਰਾਂ ਨੂੰ ਆਪਣੇ ਖ਼ਰਚੇ ਘੱਟ ਕਰਨ ਦਾ ਜ਼ਰੂਰੀ ਵਿਕਲਪ ਮੁਹੱਈਆ ਨਹੀਂ ਕਰਵਾਇਆ ਜਾ ਰਿਹਾ। ਉਹਨਾਂ ਕਿਹਾ ਕਿ ਇਸ ਸਮਝੋਤੇ ਨਾਲ ਮਾਪਿਆਂ ਨੂੰ ਬਹੁਤ ਵੱਡੀ ਮਦਦ ਮਿਲੇਗੀ।

ਡੈਲ ਡੂਕਾ ਨੇ ਕਿਹਾ, ਇਹ ਬੇਹੱਦ ਨਿਰਾਸ਼ਾਜਨਕ ਹੈ ਕਿ ਉਹ ਇਸ ‘ਤੇ ਕੋਈ ਕਾਰਵਾਈ ਨਹੀਂ ਕਰ ਰਹੇ

ਸੋਮਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਨੂਨਾਵੂਟ ਸਰਕਾਰ ਨਾਲ ਚਾਈਲਡ ਕੇਅਰ ਸਮਝੌਤੇ ਦਾ ਐਲਾਨ ਕੀਤਾ ਹੈ ਜਿਸ ਅਧੀਨ ਅਗਲੇ ਪੰਜ ਸਾਲਾਂ ਵਿਚ 66 ਮਿਲੀਅਨ ਡਾਲਰ ਖ਼ਰਚੇ ਜਾਣਗੇ।

ਨੂਨਾਵੂਟ ਦੇ ਪ੍ਰੀਮੀਅਰ ਡੇਵਿਡ ਅਕੀਗੌਕ ਨੇ ਕਿਹਾ, ਇਹ ਫ਼ੰਡਿੰਗ ਨੂਨਾਵੂਟ ਦੇ ਬੱਚਿਆਂ ਅਤੇ ਪਰਿਵਾਰਾਂ ਵਿਚ ਇੱਕ ਮਹੱਤਵਪੂਰਨ ਨਿਵੇਸ਼ ਹੈ

ਟ੍ਰੂਡੋ ਨੇ ਕਿਹਾ ਕਿ ਇਸ ਸਮਜੌਤੇ ਦਾ ਮਤਲਬ ਹੈ ਕਿ ਇਸ ਸਾਲ ਦੇ ਅਖ਼ੀਰ ਤੱਕ ਨੂਨਾਵੂਟ ਵਿਚ ਡੇਅ-ਕੇਅਰ ਫ਼ੀਸ ਵਿਚ ਅੱਧ ਤੱਕ ਕਟੌਤੀ ਹੋ ਜਾਵੇਗੀ ਅਤੇ ਮਾਰਚ 2024 ਤੱਕ ਇਹ ਫ਼ੀਸ 10 ਡਾਲਰ ਪ੍ਰਤੀ ਦਿਨ ਹੋ ਜਾਵੇਗੀ। ਉਹਨਾਂ ਕਿਹਾ ਕਿ ਨੂਨਾਵੂਟ ਦੀ ਰਾਜਧਾਨੀ ਇਕਾਲੁਇਟ ਵਿਚ ਰਹਿੰਦੇ ਪਰਿਵਾਰ ਨੂੰ, ਹਰ ਸਾਲ ਅੰਦਾਜ਼ਨ 14,000 ਡਾਲਰ ਦੀ ਬੱਚਤ ਹੋਵੇਗੀ।

ਇਹ ਸਮਝੌਤਾ ਲਿਬਰਲ ਸਰਕਾਰ ਦੇ ਨੈਸ਼ਨਲ ਚਾਈਲਡ-ਕੇਅਰ ਪ੍ਰੋਗਰਾਮ ਲਈ ਪੰਜ ਸਾਲਾਂ ਵਿੱਚ 30 ਬਿਲੀਅਨ ਡਾਲਰ ਖ਼ਰਚ ਕਰਨ ਅਤੇ ਡੇਅ-ਕੇਅਰ ਫੀਸਾਂ ਵਿੱਚ ਕਟੌਤੀ ਕਰਕੇ ਇਸਨੂੰ 10 ਡਾਲਰ ਪ੍ਰਤੀ ਦਿਨ ਕਰਨ ਦੇ ਵਾਅਦੇ ਦਾ ਹਿੱਸਾ ਹੈ।

ਫ਼ੋਰਡ ਦੇ ਇਨਕਾਰ ਦੀ ਕੀਮਤ ਮਾਪੇ ਚੁਕਾ ਰਹੇ ਹਨ - ਐਨਡੀਪੀ

ਓਨਟੇਰਿਓ ਦੀ ਐਨਡੀਪੀ ਲੀਡਰ ਐਂਡਰੀਆ ਹੌਰਵੈਥ ਅਤੇ ਚਾਈਲਡ ਕੇਅਰ ਕ੍ਰਿਟਿਕ ਭੂਟਿਲਾ ਕਾਰਪੋਚੇ ਨੇ ਇੱਕ ਸਾਂਝੇ ਬਿਆਨ ਵਿਚ ਕਿਹਾ ਕਿ ਚਾਈਲਡ ਕੇਅਰ ਸਮਝੌਤੇ ‘ਤੇ ਫ਼ੋਰਡ ਦਾ ਇਨਕਾਰੀ ਹੋਣਾ ਓਨਟੇਰਿਓ ਦੇ ਮਿਹਨਤਕਸ਼ ਪਰਿਵਾਰਾਂ ਨੂੰ ਮਹਿੰਗਾ ਪੈ ਰਿਹਾ ਹੈ।

ਉਹਨਾਂ ਕਿਹਾ, ਓਨਟੇਰਿਓ ਦੇ ਪਰਿਵਾਰ ਸੂਬੇ ਦੀਆਂ ਉੱਚੀਆਂ ਚਾਈਲਡ-ਕੇਅਰ ਫ਼ੀਸਾਂ ਹੇਠ ਰਗੜੇ ਜਾ ਰਹੇ ਹਨ। ਹਰ ਚੀਜ਼ ਦੀ ਕੀਮਤ ਵਧ ਰਹੀ ਹੈ, ਅਤੇ ਓੁਨਟੇਰਿਓ ਵਿਚ ਮਾਪੇ ਮੌਰਗੇਜ ਦੇ ਪੱਧਰ ਦੀ ਚਾਈਲਡ-ਕੇਅਰ ਫ਼ੀਸ ਦੇਣ ਲਈ ਮਜਬੂਰ ਹਨ

ਡਗ ਫੋਰਡ ਵੱਲੋਂ ਮਾਪਿਆਂ ਅਤੇ ਨੌਜਵਾਨ ਪਰਿਵਾਰਾਂ ਨੂੰ ਤਰਜੀਹ ਦੇਣ ਤੋਂ ਇਨਕਾਰ ਕਰਨ ਦਾ ਮਤਲਬ ਹੈ ਕਿ ਮਾਪੇ 2,000 ਡਾਲਰ ਪ੍ਰਤੀ ਮਹੀਨਾ ਜਾਂ ਇਸ ਤੋਂ ਵੱਧ ਫੀਸਾਂ ਦਾ ਭੁਗਤਾਨ ਕਰ ਰਹੇ ਹਨ, ਜਦ ਕਿ ਦੇਸ਼ ਵਿੱਚ ਹਰ ਦੂਜੇ ਸੂਬੇ ਵਿੱਚ ਪਰਿਵਾਰ 10 ਡਾਲਰ-ਪ੍ਰਤੀ ਦਿਨ ਅਦਾ ਕਰ ਰਹੇ ਹੋਣਗੇ

ਫ਼ੋਰਡ ਸਰਕਾਰ ਕੰਮ ਕਰਨ ਵਾਲੇ ਮਾਪਿਆਂ ਲਈ ਨਹੀਂ ਹੈ, ਅਤੇ ਮਾਪੇ ਇਸਦੀ ਕੀਮਤ ਚੁਕਾ ਰਹੇ ਹਨ

ਟ੍ਰੂਡੋ ਨੇ ਕਿਹਾ ਕਿ ਫ਼ੈਡਰਲ ਸਰਕਾਰ ਓਨਟੇਰਿਓ ਨਾਲ ਕਈ ਮਹੀਨਿਆਂ ਤੋਂ ਸਮਝੌਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਉਹਨਾਂ ਨੂੰ ਸਮਝੌਤਾ ਹੋਣ ਦੀ ਅਜੇ ਵੀ ਉਮੀਦ ਹੈ।

ਅਸੀਂ ਸਜੇ ਵੀ ਓਨਟੇਰਿਓ ਸਰਕਾਰ ਦਾ ਇੰਤਜ਼ਾਰ ਕਰ ਰਹੇ ਹਾਂ

ਓਨਟੇਰਿਓ ਦੇ ਐਜੂਕੇਸ਼ਨ ਮਿਨਿਸਟਰ ਸਟੀਫ਼ਨ ਲੈਚੇ ਨੇ ਸੋਮਵਾਰ ਨੂੰ ਕਿਹਾ ਸੀ ਕਿ ਸੂਬਾ ਸਰਕਾਰ ਅਜਿਹੀ ਡੀਲ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜੋ ਓਨਟੇਰਿਓ ਦੇ ਵਿੱਤ ਦੇ ਅਨੁਕੂਲ ਅਤੇ ਪਰਿਵਾਰਾਂ ਲਈ ਉਚਿਤ ਹੋਵੇ। ਉਹਨਾਂ ਕਿਹਾ ਕਿ ਇਸ ਵਿਸ਼ੇ ‘ਤੇ ਗੱਲਬਾਤ ਜਾਰੀ ਹੈ।

ਮਿਨਿਸਟਰ ਲੈਚੇ ਨੇ ਕਿਹਾ, ਅਸੀਂ ਓਨਟੇਰਿਓ ਦੇ ਪਰਿਵਾਰਾਂ ਲਈ ਇੱਕ ਵਾਜਬ ਡੀਲ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਕਰ ਰਹੇ ਹਾਂ ਕਿਉਂਕਿ ਅਸੀਂ ਜਾਣਦੇ ਹਾਂ ਕਿ ਚਾਈਲਡ ਕੇਅਰ ਬਹੁਤ ਮਹਿੰਗੀ ਹੈ। ਇਹ ਓਨਟੇਰਿਓ ਦੇ ਬਹੁਤ ਸਾਰੇ ਪਰਿਵਾਰਾਂ ਦੀ ਪਹੁੰਚ ਤੋਂ ਬਾਹਰ ਹੈ। ਇਹ ਅਸਵੀਕਾਰਨਯੋਗ ਹੈ

ਉਹਨਾਂ ਕਿਹਾ ਕਿ ਫ਼ੈਡਰਲ ਸਰਕਾਰ ਨਾਲ ਕਈ ਮਹਿਨਿਆਂ ਤੋਂ ਗੱਲਬਾਤ ਚਲ ਰਹੀ ਹੈ, ਅਤੇ ਸੂਬਾ ਸਰਕਾਰ ਫ਼ੈਡਰਲ ਸਰਕਾਰ ਕੋਲੋਂ ਲੰਬੇ ਸਮੇਂ ਦੇ ਨਿਵੇਸ਼ ਅਤੇ ਵਧੇਰੇ ਨਿਵੇਸ਼ ਦੀ ਅਪੀਲ ਕਰ ਰਹੀ ਹੈ।

ਮਿਊਰੀਏਲ ਦਰਾਇਸਮਾ  (ਨਵੀਂ ਵਿੰਡੋ)- ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ