1. ਮੁੱਖ ਪੰਨਾ
  2. ਰਾਜਨੀਤੀ
  3. ਪ੍ਰਾਂਤਿਕ ਰਾਜਨੀਤੀ

ਕਿਊਬੈਕ ਦੇ ਬਿਗ-ਬੌਕਸ ਸਟੋਰਾਂ ‘ਤੇ ਵੀ ਹੋਇਆ ਵੈਕਸੀਨ ਪਾਸਪੋਰਟ ਜ਼ਰੂਰੀ

1500 ਵਰਗ ਮੀਟਰ ਤੋਂ ਵੱਡੇ ਸਟੋਰ ਵਿਚ ਦਾਖ਼ਲ ਹੋਣ ਲਈ ਦਿਖਾਉਣਾ ਪਵੇਗਾ ਵੈਕਸੀਨ ਸਰਟੀਫ਼ਿਕੇਟ

ਕਿਊਬੈਕ ਪ੍ਰੀਮੀਅਰ ਫ਼੍ਰੈਂਸੁਆ ਲਿਗੋਅ

ਕਿਊਬੈਕ ਪ੍ਰੀਮੀਅਰ ਫ਼੍ਰੈਂਸੁਆ ਲਿਗੋਅ ਨੇ 24 ਜਨਵਰੀ ਤੋਂ ਕਿਊਬੈਕ ਦੇ ਵੱਡੇ ਸਟੋਰਾਂ ਵਿਚ ਦਾਖ਼ਲ ਹੋਣ ਲਈ ਵੈਕਸੀਨ ਪਾਸਪੋਰਟ ਜਰੂਰੀ ਕੀਤੇ ਜਾਣ ਦਾ ਐਲਾਨ ਕੀਤਾ ਸੀ।

ਤਸਵੀਰ: La Presse canadienne / Graham Hughes

RCI

ਕਿਊਬੈਕ ਵਿਚ ਸੋਮਵਾਰ 24 ਜਨਵਰੀ ਤੋਂ, ਜ਼ਰੂਰੀ ਸੇਵਾਵਾਂ ਦੇ ਦਾਇਰੇ ਵਿਚ ਆਉਂਦੇ ਗ੍ਰੋਸਰੀ ਸਟੋਰਾਂ ਅਤੇ ਫਾਰਮੇਸੀਆਂ ਨੂੰ ਛੱਡ ਕੇ, 1,500 ਵਰਗ ਮੀਟਰ ਜਾਂ ਇਸ ਤੋਂ ਵੱਧ ਦੇ ਵੱਡੇ ਸਟੋਰਾਂ 'ਤੇ ਖ਼ਰੀਦਦਾਰੀ ਕਰਨ ਲਈ ਗਾਹਕਾਂ ਨੂੰ ਆਪਣੇ ਵੈਕਸੀਨ ਪਾਸਪੋਰਟ ਦਿਖਾਉਣ ਦੀ ਲੋੜ ਹੋਵੇਗੀ।

ਕਿਊਬੈਕ ਸੂਬਾ ਸਰਕਾਰ ਦਾ ਕਹਿਣਾ ਹੈ ਕਿ ਓਮੀਕਰੌਨ ਵੇਰੀਐਂਟ ਦੇ ਫ਼ੈਲਾਅ ਨੂੰ ਰੋਕਣ ਅਤੇ ਵੈਕਸੀਨੇਸ਼ਨ ਦਰ ਵਿਚ ਵਾਧਾ ਕਰਨ ਦੇ ਮਕਸਦ ਲਈ ਉਕਤ ਕਦਮ ਚੁੱਕਿਆ ਗਿਆ ਹੈ।

13 ਜਨਵਰੀ ਨੂੰ ਪ੍ਰੀਮੀਅਰ ਫ਼੍ਰੈਂਸੁਆ ਲਿਗੋਅ ਨੇ ਐਲਾਨ ਕੀਤਾ ਸੀ ਕਿ ਬਿਗ-ਬੌਕਸ ਸਟੋਰਾਂ ਵਿਚ ਦਾਖ਼ਲ ਹੋਣ ਲਈ ਕੋਵਿਡ ਵੈਕਸੀਨ ਦੀਆਂ ਦੋ ਡੋਜ਼ਾਂ ਪ੍ਰਾਪਤ ਕੀਤੇ ਹੋਣਾ ਜ਼ਰੂਰੀ ਹੋਵੇਗਾ, ਅਤੇ ਸਮਾਂ ਆਉਣ ‘ਤੇ ਤਿੰਨ ਡੋਜ਼ਾਂ ਜ਼ਰੂਰੀ ਕਰ ਦਿੱਤੀਆਂ ਜਾਣਗੀਆਂ।

ਬਿਗ-ਬੌਕਸ ਸਟੋਰ ਉਹਨਾਂ ਵੱਡੇ ਰਿਟੇਲ ਸਟੋਰਾਂ ਨੂੰ ਕਿਹਾ ਜਾਂਦਾ ਹੈ ਜਿੱਥੇ ਗ੍ਰੋਸਰੀ ਤੋਂ ਇਲਾਵਾ ਕੱਪੜੇ, ਜੁੱਤੇ ਅਤੇ ਤਕਰੀਬਨ ਹਰ ਕਿਸਮ ਦਾ ਘਰੇਲੂ ਅਤੇ ਹੋਰ ਸਾਮਾਨ ਇੱਕ ਛੱਤ ਹੇਠਾਂ ਹੀ ਉਪਲਬਧ ਹੁੰਦਾ ਹੈ। 

ਜਿਹਨਾਂ ਸਟੋਰਾਂ ਨੂੰ ਐਤਵਾਰ ਨੂੰ ਬੰਦ ਰੱਖੇ ਜਾਣ ਦੇ ਹੁਕਮ ਦਿੱਤੇ ਗਏ ਸਨ, ਉਹਨਾਂ ਨੂੰ ਵੀ ਹੁਣ ਦੁਬਾਰਾ ਖੁੱਲੇ ਰਹਿਣ ਦੀ ਇਜਾਜ਼ਤ ਮਿਲ ਗਈ ਹੈ। ਇਹ ਕਦਮ ਵੀ ਓਮੀਕਰੌਨ ਕਾਰਨ ਹਸਪਤਾਲ ਦਾਖ਼ਲਿਆਂ ਵਿਚ ਹੋ ਰਹੇ ਵਾਧੇ ਨੂੰ ਰੋਕਣ ਲਈ ਚੁੱਕਿਆ ਗਿਆ ਸੀ।

ਦਸ ਦਿਨ ਪਹਿਲਾਂ ਪ੍ਰੀਮੀਅਰ ਲਿਗੋਅ ਨੇ ਆਉਣ ਵਾਲੇ ਕੁਝ ਹਫ਼ਤਿਆਂ ਵਿਚ ਰੈਸਟੋਰੈਂਟਾਂ, ਥੀਏਟਰਾਂ ਅਤੇ ਸਿਨੇਮਾ ਆਦਿ ਨੂੰ ਮੁੜ ਖੋਲੇ ਜਾ ਸਕਣ ਦੀ ਵੀ ਉਮੀਦ ਜਤਾਈ ਸੀ।

ਨਾਲ ਹੀ ਕਿਊਬੈਕ ਸਰਕਾਰ ਮੈਡੀਕਲ ਕਾਰਨਾਂ ਤੋਂ ਬਗ਼ੈਰ ਵੈਕਸੀਨ ਲਗਵਾਉਣ ਤੋਂ ਇਨਕਾਰ ਕਰਨ ਵਾਲੇ ਲੋਕਾਂ ਤੋਂ ਜੁਰਮਾਨਾ ਵਸੂਲਣ ‘ਤੇ ਵੀ ਵਿਚਾਰ ਕਰ ਰਹੀ ਹੈ। ਹਾਲਾਂਕਿ ਪ੍ਰੀਮੀਅਰ ਨੇ ਕਿਹਾ ਸੀ ਕਿ ਇਸ ਬਾਬਤ ਕੋਈ ਵੀ ਫ਼ੈਸਲਾ ਲਏ ਜਾਣ ਤੋਂ ਪਹਿਲਾਂ ਨੈਸ਼ਨਲ ਅਸੈਂਬਲੀ ਵਿਚ ਡਿਬੇਟ ਕੀਤੀ ਜਾਵੇਗੀ।

ਉਕਤ ਬਿਲ ਫ਼ਰਵਰੀ ਮਹੀਨੇ ਵਿਚ ਹੀ ਲਜਿਸਲੇਚਰ ਵਿਚ ਪੇਸ਼ ਕੀਤਾ ਜਾ ਸਕਦਾ ਹੈ।

ਸੀਬੀਸੀ ਨਿਊਜ਼ , ਦ ਕੈਨੇਡੀਅਨ ਪ੍ਰੈੱਸ
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ