1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਕੈਨੇਡਾ-ਯੂ ਐਸ ਬਾਰਡਰ ‘ਤੇ ਸਰਹੱਦੀ ਦਾਖ਼ਲਿਆਂ ਨੂੰ ਤੇਜ਼ ਕਰਨ ਲਈ ਤਕਨੀਕੀ ਸੁਧਾਰਾਂ ਦੀ ਯੋਜਨਾ

ਮਹਾਮਾਰੀ ਨੇ ਤਕਨੀਕੀ ਸੁਧਾਰਾਂ ਦੀ ਸਖ਼ਤ ਜ਼ਰੂਰਤ ਨੂੰ ਉਜਾਗਰ ਕੀਤਾ

16 ਦਸੰਬਰ 2021 ਨੂੰ ਟੋਰੌਂਟੋ ਦੇ ਪੀਅਰਸਨ ਏਅਰਪੋਰਟ  'ਤੇ ਮੌਜੂਦ ਯਾਤਰੀਆਂ ਦੀ ਤਸਵੀਰ।

16 ਦਸੰਬਰ 2021 ਨੂੰ ਟੋਰੌਂਟੋ ਦੇ ਪੀਅਰਸਨ ਏਅਰਪੋਰਟ 'ਤੇ ਮੌਜੂਦ ਯਾਤਰੀਆਂ ਦੀ ਤਸਵੀਰ।

ਤਸਵੀਰ:  (Evan Mitsui/CBC)

RCI

15 ਸਕਿੰਟਾਂ ਵਿਚ ਸਰਹੱਦ ਪਾਰ ਹੋਣਾ, ਇਲੈਕਟ੍ਰੌਨਿਕ ਗੇਟ ਖੋਲਣ ਲਈ ਏਅਰਪੋਰਟ ‘ਤੇ ਲੱਗੇ ਚਿਹਰੇ ਦੀ ਪਛਾਣ ਵਾਲੇ ਕੈਮਰੇ ਅਤੇ ਜਹਾਜ਼ ਚੜ੍ਹਨ ਤੋਂ ਪਹਿਲਾਂ ਹੀ ਕਸਟਮ ਨੂੰ ਆਪਣੇ ਸਮਾਨ ਦੀ ਜਾਣਕਾਰੀ ਦੇਣੀ। ਕੈਨੇਡਾ ਬਾਰਡਰ ਸਰਵਿਸੇਜ਼ ਏਜੰਸੀ (ਸੀਬੀਐਸਏ) ਵੱਲੋਂ ਸਰਹੱਦੀ ਦਾਖ਼ਲਆਂ ‘ਤੇ ਅਜਿਹੇ ਹੀ ਕੁਝ ਤਕਨੀਕੀ ਸੁਧਾਰਾਂ ‘ਤੇ ਕੰਮ ਕੀਤਾ ਜਾ ਰਿਹਾ ਹੈ।

ਸੀਬੀਐਸਏ ਦੀ ਯਾਤਰੀ ਸ਼ਾਖ਼ਾ ਦੇ ਵਾਈਸ-ਪ੍ਰੈਜ਼ੀਡੈਂਟ, ਡੈਨਿਸ ਵਿਨੈਟ ਮੁਤਾਬਕ, ਏਜੰਸੀ ਪਿਛਲੇ ਲੰਬੇ ਸਮੇਂ ਤੋਂ ਬਾਰਡਰ ‘ਤੇ ਤਕਨੀਕੀ ਸੁਧਾਰਾਂ ‘ਤੇ ਵਿਚਾਰ ਕਰ ਰਹੀ ਸੀ, ਪਰ ਕੋਵਿਡ-19 ਮਹਾਮਾਰੀ ਨੇ ਇਹਨਾਂ ਸੁਧਾਰਾਂ ਦੀ ਸਖ਼ਤ ਜ਼ਰੂਰਤ ਨੂੰ ਉਜਾਗਰ ਕੀਤਾ ਹੈ।

ਡੈਨਿਸ ਨੇ ਦੱਸਿਆ ਕਿ ਜਦੋਂ ਮਹਾਮਾਰੀ ਸ਼ੁਰੂ ਹੋਈ ਸੀ, ਉਦੋਂ ਬਾਰਡਰ ਅਧੀਕਾਰੀਆਂ ਕੋਲ ਬੜੀ ਵੱਡੀ ਚੁਣੌਤੀ ਸੀ ਕਿ ਉਹ ਯਾਤਰੀਆਂ ਦੀ ਜਾਣਕਾਰੀ ਅਤੇ ਪਬਲਿਕ ਹੈਲਥ ਏਜੰਸੀ ਵੱਲੋਂ ਜ਼ਰੂਰੀ ਕੀਤੀ ਗਈ ਯਾਤਰੀਆਂ ਦੀ ਮੈਡੀਕਲ ਜਾਣਕਾਰੀ ਦੇ ਦਸਤਾਵੇਜ਼ਾਂ ਦੇ ਢੇਰਾਂ ਨਾਲ ਕਿਵੇਂ ਨਜਿੱਠਣਗੇ?

ਉਹਨਾਂ ਕਿਹਾ ਕਿ ਇਸ ਮਸਲੇ ਦੇ ਹੱਲ ਲਈ ਇੰਟਰਨੈਟ ਅਧਾਰਤ ਅਰਾਈਵ ਕੈਨ (ArriveCan) ਐਪ ਤਿਆਰ ਕੀਤੀ ਗਈ।

ਡੈਨਿਸ ਨੇ ਦੱਸਿਆ ਕਿ ਅਰਾਈਵਕੈਨ ਐਪ ਨੇ ਯਾਤਰੀਆਂ ਦੀ ਜਾਣਕਾਰੀ ਨੂੰ ਨਿਵੇਕਲੇ ਅਤੇ ਬਿਹਤਰ ਢੰਗ ਨਾਲ ਤਰਤੀਬਬੱਧ ਕਰਨ ਅਤੇ ਇਸਨੂੰ ਪ੍ਰੋਸੈਸ ਕਰਨ ਵਿਚ ਬਹੁਤ ਮਦਦ ਕੀਤੀ।

ਇਸ ਦੇ ਨਾਲ ਹੀ ਅਰਾਈਵਕੈਨ ਐਪ ਨੇ ਕੁਝ ਅਗਲੇਰੇ ਤਕਨੀਕੀ ਸੁਧਾਰ ਕੀਤੇ ਜਾਣ ਦਾ ਵੀ ਰਾਹ ਪੱਧਰਾ ਕੀਤਾ, ਜਿਹੜੇ ਟੋਰੌਂਟੋ ਅਤੇ ਵੈਨਕੂਵਰ ਹਵਾਈ ਅੱਡਿਆਂ ‘ਤੇ ਸ਼ੁਰੂ ਵੀ ਕਰ ਦਿੱਤੇ ਗਏ ਹਨ। ਇਸ ਨਵੀਂ ਪ੍ਰਣਾਲੀ ਅਧੀਨ ਕੈਨੇਡਾ ਵਾਪਸ ਆ ਰਹੇ ਯਾਤਰੀ, ਆਪਣੇ ਜਹਾਜ਼ ਦੇ ਕੈਨੇਡਾ ਪਹੁੰਚਣ ਤੋਂ ਪਹਿਲਾਂ ਹੀ, ਸੀਬੀਐਸਏ ਨੂੰ ਆਪਣਾ ਕਸਟਮ ਘੋਸ਼ਣਾ ਪੱਤਰ ਪ੍ਰਦਾਨ ਕਰ ਸਕਦੇ ਹਨ।

ਡੈਨਿਸ ਨੇ ਦੱਸਿਆ, ਏਅਰਪੋਰਟ ਪਹੁੰਚਕੇ ਮੈਂ ਸਿਰਫ਼ ਆਪਣੀ ਸ਼ਨਾਖ਼ਤ ਅਤੇ ਆਪਣੇ ਪਹੁੰਚਣ ਦੀ ਤਸਦੀਕ ਕਰਨੀ ਹੈ। ਸੀਬੀਐਸਏ ਅਤੇ ਬਾਕੀ ਬਾਰਡਰ ਅਥੌਰਟੀਜ਼ ਮੇਰੇ ਪਹੁੰਚਣ ਤੋਂ ਪਹਿਲਾਂ ਹੀ ਮੇਰੇ ਨਾਲ ਕੋਈ ਗਤਲਬਾਤ ਕਰਨ ਜਾਂ ਨਾ ਕਰਨ ਦਾ ਫ਼ੈਸਲਾ ਲੈ ਚੁੱਕੀਆਂ ਹੋਣਗੀਆਂ

ਇਹ ਪ੍ਰਣਾਲੀ ਸ਼ੁਰੂ ਹੋਣ ਤੋਂ ਬਾਅਦ, ਸੀਬੀਐਸਏ ਨੂੰ ਕਸਟਮ ਦੀ ਐਡਵਾਂਸਡ ਘੋਸ਼ਣਾ ਅਤੇ ਡਿਜੀਟਲ ਯਾਤਰਾ ਦਸਤਾਵੇਜ਼ ਕੈਨੇਡਾ ਪਹੁੰਚਣ ਤੋਂ ਪਹਿਲਾਂ ਹੀ ਜਮ੍ਹਾਂ ਕਰਵਾਏ ਜਾ ਸਕਦੇ ਹਨ।

ਔਟਵਾ ਦੇ ਮੈਕਡੌਨਲਡਰ-ਕਾਰਟੀਏ ਇੰਟਰਨੈਸ਼ਨਲ ਏਅਰਪੋਰਟ ਦੇ ਸੀਬੀਐਸਏ ਕਾਇਸਕ 'ਤੇ ਪਹੁੰਚੀ ਇੱਕ ਯਾਤਰੀ ਦੀ 13 ਜਨਵਰੀ 2022 ਦੀ ਤਸਵੀਰ।

ਔਟਵਾ ਦੇ ਮੈਕਡੌਨਲਡਰ-ਕਾਰਟੀਏ ਇੰਟਰਨੈਸ਼ਨਲ ਏਅਰਪੋਰਟ ਦੇ ਸੀਬੀਐਸਏ ਕੀਆਸਕ 'ਤੇ ਪਹੁੰਚੀ ਇੱਕ ਯਾਤਰੀ ਦੀ 13 ਜਨਵਰੀ 2022 ਦੀ ਤਸਵੀਰ।

ਤਸਵੀਰ: (Pascal Quillé/CBSA)

ਉਹਨਾਂ ਕਿਹਾ, ਕੈਨੇਡਾ ਪਹੁੰਚਣ ਵਾਲੇ ਯਾਤਰੀ ਸਿਰਫ਼ ਮਸ਼ੀਨ (kiosk) ਕੋਲ ਜਾਕੇ, ਆਪਣੀ ਪਛਾਣ ਦੀ ਤਸਦੀਕ ਕਰਨਗੇ, ਆਪਣੇ ਬੈਗ ਚੁੱਕਣਗੇ ਅਤੇ ਆਪਣੇ ਆਪ ਨੂੰ ਸਵਾਲ ਪੁੱਛਣਗੇ - ਕੀ ਮੈਂ ਹੁਣੇ ਬਾਰਡਰ ਪਾਰ ਕਰਕੇ ਆਇਆ ਹਾਂ? ਕੀ ਮੈਂ ਬਾਰਡਰ ਅਧਿਕਾਰੀ ਨਾਲ ਗੱਲ ਕਰਨਾ ਭੁੱਲ ਗਿਆ?

ਉਹਨਾਂ ਕਿਹਾ ਕਿ ਸੀਬੀਐਸਏ ਇਸ ਪ੍ਰਣਾਲੀ ਦਾ ਹੋਰ ਹਵਾਈ ਅੱਡਿਆਂ ਤੱਕ ਵਿਸਤਾਰ ਕਰਨ ਅਤੇ ਅਰਾਈਵ ਕੈਨ ਐਪ ਵਿੱਚ ਐਡਵਾਂਸਡ ਘੋਸ਼ਣਾ ਸਿਸਟਮ ਨੂੰ ਸ਼ਾਮਲ ਕਰਨ ਦੀ ਯੋਜਨਾ ਬਣਾ ਰਿਹਾ ਹੈ ਤਾਂ ਜੋ ਯਾਤਰੀ ਇੱਕੋ ਸਮੇਂ ‘ਤੇ ਸਿਹਤ ਅਤੇ ਕਸਟਮ ਘੋਸ਼ਣਾ, ਦੋਵੇਂ ਜਮ੍ਹਾਂ ਕਰ ਸਕਣ।

ਸੀਬੀਐਸਏ ਕਰੂਜ਼ ਸ਼ਿੱਪ, ਰੇਲ ਰਾਹੀਂ ਯਾਤਰਾ ਕਰਨ ਵਾਲਿਆਂ ਅਤੇ ਜ਼ਮੀਨੀ ਸਰਹੱਦ ਰਾਹੀਂ ਪਹੁੰਚਣ ਵਾਲਿਆਂ ਲਈ ਵੀ ਉਕਤ ਐਡਵਾਂਸਡ ਘੋਸ਼ਣਾ ਪ੍ਰਣਾਲੀ ਸ਼ੁਰੂ ਕਰਨਾ ਚਾਹੁੰਦਾ ਹੈ।

ਡੈਨਿਸ ਨੇ ਦੱਸਿਆ ਕਿ, ਮਹਾਂਮਾਰੀ ਤੋਂ ਪਹਿਲਾਂ, ਸੀਬੀਐਸਏ ਨੇ ਜ਼ਮੀਨੀ ਸਰਹੱਦ 'ਤੇ ਕਸਟਮ ਅਧਿਕਾਰੀ ਨਾਲ ਗੱਲ ਕਰਨ ਵਿੱਚ ਬਿਤਾਏ ਔਸਤ ਸਮੇਂ ਨੂੰ ਔਸਤਨ 55 ਸਕਿੰਟਾਂ ਤੱਕ ਲਿਆਂਦਾ ਸੀ। ਹੁਣ ਉਹਨਾਂ ਕਿਹਾ ਕਿ ਕਿ ਏਜੰਸੀ ਉਸ ਔਸਤ ਸਮੇਂ ਨੂੰ 15 ਸਕਿੰਟਾਂ ਤੱਕ ਲਿਆਉਣ ਦੀ ਉਮੀਦ ਕਰ ਰਹੀ ਹੈ।

ਚਿਹਰੇ ਦੀ ਪਛਾਣ

ਨੈਕਸਸ ਟ੍ਰੈਵਲ ਕਾਰਡ ਵਾਲੇ ਕੈਨੇਡੀਅਨ ਅਤੇ ਅਮਰੀਕੀ ਯਾਤਰੀਆਂ ਨੂੰ ਬਾਕੀ ਯਾਤਰੀਆਂ ਦੇ ਮੁਕਾਬਲੇ ਕਸਟਮਜ਼ ਉਪੱਰ ਘਟ ਸਮਾਂ ਲੱਗਦਾ ਹੈ। ਸੀਬੀਐਸਏ ਵੱਲੋਂ ਨੈਕਸਸ ਕੀਆਸਕਸ (Kiosks) ਉੱਪਰ ਚਿਹਰੇ ਦੀ ਪਛਾਣ (Facial Recognition) ਸ਼ਾਮਲ ਕੀਤੇ ਜਾਣ ਦੀ ਯੋਜਨਾ ਬਣਾਈ ਜਾ ਰਹੀ ਹੈ।

ਨੈਕਸਸ ਟ੍ਰੈਵਲ ਕਾਰਡ ਕੈਨੇਡਾ ਬੌਰਡਰ ਸਰਵਿਸ ਏਜੰਸੀ ਅਤੇ ਯੂ ਐਸ ਦੇ ਕਸਟਮਜ਼ ਐਂਡ ਬੌਰਡਰ ਪ੍ਰੋਟੈਕਸ਼ਨ ਵਿਭਾਗ ਵੱਲੋਂ ਸਾਂਝੇ ਤੌਰ ਤੇ ਸ਼ੁਰੂ ਕੀਤਾ ਗਿਆ ਇੱਕ ਪ੍ਰੋਗਰਾਮ ਹੈ ਜਿਸ ਅਧੀਨ ਭਰੋਸੇਯੋਗ ਯਾਤਰੀ ਕੈਨੇਡਾ ਜਾਂ ਯੂ ਐਸ ਵਿਚ ਦਾਖ਼ਲ ਹੋਣ ਲੱਗਿਆਂ ਬੌਰਡਰ ਤੇ ਲੱਗੀਆਂ ਲੰਮੀਆਂ ਕਤਾਰਾਂ ਤੋਂ ਬਚ ਜਾਂਦੇ ਹਨ। ਜਿਹਨਾਂ ਯਾਤਰੀਆਂ ਕੋਲ ਨੈਕਸਸ ਕਾਰਡ ਹੁੰਦੇ ਹਨ ਉਹਨਾਂ ਲਈ ਏਅਰਪੋਰਟ ਅਤੇ ਕਸਟਮਜ਼ ਉੱਤੇ ਇੱਕ ਵੱਖਰੀ ਲੇਨ ਰਾਖਵੀਂ ਹੁੰਦੀ ਹੈ। 

ਡੈਨਿਸ ਨੇ ਕਿਹਾ, ਤੁਸੀਂ ਆਪਣਾ ਕਾਰਡ ਟੈਪ ਕਰੋਂਗੇ, ਫ਼ੇਰ ਤੁਹਾਡੀ ਫ਼ੋਟੋ ਖਿਚੀ ਜਾਵੇਗੀ ਅਤੇ ਫ਼ਾਇਲ ਵਿਚ ਮੌਜੂਦ ਤੁਹਾਡੀ ਪਾਸਪੋਰਟ ਵਾਲੀ ਤਸਵੀਰ ਨਾਲ ਇਸ ਫ਼ੋਟੋ ਦੀ ਤਸਦੀਕ ਹੋਵੇਗੀ। ਤੁਹਾਡੀ ਪਛਾਣ ਦੀ ਤਸਦੀਕ ਕਰਕੇ ਤੁਹਾਨੂੰ ਸਵਾਲ ਪੁੱਛਿਆ ਜਾਵੇਗਾ ਕਿ  - ਉਕਤ ਸਮਾਨ ਤੋਂ ਇਲਾਵਾ ਤੁਹਾਡੇ ਕੋਲ ਹੋਰ ਕੁਝ ਵੀ ਹੈ?

ਇੱਕ ਔਰਤ ਕੈਨੇਡੀਅਨ ਪਾਸਪੋਰਟ ਨਾਲ ਕਾਓਸਕ ਦੇ ਨਾਲ ਖੜੀ ਹੈ।

ਔਟਵਾ ਦੇ ਮੈਕਡੌਨਲਡ-ਕਾਰਟੀਏ ਇੰਟਰਨੈਸ਼ਨਲ ਏਅਰਪੋਰਟ ਦੇ ਅਰਾਈਵਲ ਟਰਮਿਨਲ ਦੀ 13 ਜਨਵਰੀ 2022 ਦੀ ਤਸਵੀਰ।

ਤਸਵੀਰ:  (Pascal Quillé/CBSA)

ਟੋਰੌਂਟੋ ਅਤੇ ਵਿਨੀਪੈਗ ਵਿਚ ਈ-ਗੇਟ ਲਗਾ ਦਿੱਤੇ ਗਏ ਹਨ, ਜੋ ਯਾਤਰੀ ਦੀ ਪਛਾਣ ਦੀ ਪੁਸ਼ਟੀ ਹੁੰਦਿਆਂ, ਆਪੇ ਹੀ ਖੁੱਲ ਜਾਂਦੇ ਹਨ।

ਡੈਨਿਸ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ਵਿਚ ਸ਼ਾਇਦ ਯਾਤਰੀ ਆਪਣੇ ਮੋਬਾਈਲ ਫ਼ੋਨ ਜਾਂ ਕਿਸੇ ਐਪ ਦੇ ਜ਼ਰੀਏ ਹੀ, ਫ਼ੋਨ ਤੋਂ ਭੁਗਤਾਨ ਕਰਨ ਵਰਗੀ ਸੇਵਾਵਾਂ ਵਾਂਗ ਬਾਰਡਰ ਪ੍ਰਕਿਰਿਆ ਚੋਂ ਵੀ ਲੰਘ ਸਕਿਆ ਕਰਨਗੇ।

ਡੈਨਿਸ ਨੇ ਦੱਸਿਆ ਕਿ ਨਵੀਂ ਪ੍ਰਣਾਲੀ ਤੋਂ ਬਾਅਦ ਵੀ, ਯਾਤਰੀਆਂ ਕੋਲ ਕਸਟਮ ਅਧੀਕਾਰੀ ਕੋਲ ਜਾਕੇ, ਰਿਵਾਇਤੀ ਤਰੀਕੇ ਨਾਲ ਸਾਰੀ ਪ੍ਰਕਿਰਿਆ ਪੂਰੀ ਕਰਨ ਦਾ ਵਿਕਲਪ ਬਰਕਰਾਰ ਰਹੇਗਾ।

ਕੁਝ ਤਕਨੀਕੀ ਸੁਧਾਰ ਆਮ ਲੋਕਾਂ ਦੀ ਨਜ਼ਰ ਵਿਚ ਨਹੀਂ ਆਉਣਗੇ।

ਏਜੰਸੀ  ਡਾਟਾ ਐਨਾਲਿਟਿਕਸ ਦੀ ਵਰਤੋਂ ਵੀ ਵਧਾਉਣਾ ਚਾਹੁੰਦੀ ਹੈ, ਤਾਂ ਕਿ ਅਕਸਰ ਸਰਹੱਦ ਪਾਰ ਕਰਨ ਵਾਲੇ ਲੋਕਾਂ ਚੋਂ, ਵੱਧ ਖ਼ਤਰੇ ਵਾਲੇ ਅਤੇ ਘੱਟ ਖ਼ਤਰੇ ਵਾਲੇ ਲੋਕਾਂ ਵਿਚ ਫ਼ਰਕ ਕੀਤਾ ਜਾ ਸਕੇ। ਏਜੰਸੀ ਨੂੰ ਉਮੀਦ ਹੈ ਕਿ ਡਾਟਾ ਐਨਾਲਿਟਿਕਸ ਦੀ ਮਦਦ ਨਾਲ ਬਾਰਡਰ ਪਾਰ ਜਾਣ ਵਾਲਿਆਂ ਦੇ ਰੁਝਾਨ ਅਤੇ ਤਰਤੀਬ ਨੂੰ ਸਮਝਣ ਵਿਚ ਮਦਦ ਮਿਲੇਗੀ ਜਿਸ ਨਾਲ ਕੈਨੇਡਾ ਵਚਿ ਨਸ਼ਾ ਜਾਂ ਬੰਦੂਕਾਂ ਦੀ ਤਸਕਰੀ ਨੂੰ ਰੋਕਣਾ ਆਸਾਨ ਹੋ ਜਾਵੇਗਾ।

ਪ੍ਰਾਈਵੇਸੀ ਦਾ ਮਾਮਲਾ

ਡੈਨਿਸ ਨੇ ਕਿਹਾ ਕਿ ਸੀਬੀਐਸਏ ਵੱਲੋਂ ਤਕਨੀਕੀ ਸੁਧਾਰਾਂ ਨੂੰ ਪ੍ਰਾਈਵੇਸੀ ਅਤੇ ਆਈ ਟੀ ਸੁਰੱਖਿਆ ਮਾਪਦੰਡਾਂ ਦੇ ਅਨੁਕੂਲ ਰੱਖਣ ਕਈ ਫ਼ੈਡਰਲ ਪ੍ਰਾਈਵੇਸੀ ਕਮਿਸ਼ਨਰ ਨਾਲ ਮਿਲਕੇ ਕੰਮ ਕੀਤਾ ਜਾ ਰਿਹਾ ਹੈ।

ਪ੍ਰਾਈਵੇਸੀ ਕਮਿਸ਼ਨਰ ਦੇ ਬੁਲਾਰੇ ਵੀਟੋ ਪਿਲੀਸੀ ਨੇ ਦੱਸਿਆ ਕਿ, ਉਹਨਾਂ ਨੂੰ ਅਰਾਈਵਕੈਨ ਐਪ ਬਾਬਤ ਮਸ਼ਵਰੇ ਲਈ ਸੰਪਰਕ ਕੀਤਾ ਗਿਆ ਹੈ ਅਤੇ ਦਫ਼ਤਰ ਵੱਲੋਂ ਸੀਬੀਐਸਏ ਦੇ ਐਡਵਾਂਸਡ ਡੈਕਲੇਰੇਸ਼ਨ ਸਿਸਟਮ ਦਾ ਰੀਵਿਊ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਨੈਕਸਸ ਮੈਂਬਰਾਂ ਲਈ ਚਿਹਰੇ ਦੀ ਪਛਾਣ ਦੀ ਤਸਦੀਕ ਅਤੇ ਡੈਟਾ ਐਨਾਲਿਟਿਕਸ ਦੀ ਵਰਤੋਂ ਵਧਾਇਆ ਜਾਣਾ ਵੀ ਵਿਚਾਰ ਅਧੀਨ ਹੈ।

ਓਨਟੇਰਿਓ ਦੇ ਸਾਬਕਾ ਪ੍ਰਾਈਵੇਸੀ ਕਮਿਸ਼ਨਰ, ਐਨ ਕਾਵੂਕੀਅਨ ਦਾ ਕਹਿਣਾ ਹੈ ਕਿ ਯਾਤਰੀਆਂ ਨੂੰ ਆਪਣੀ ਤਸਵੀਰ ਪ੍ਰਦਾਨ ਕਰਨ ਲਈ ਸਹਿਮਤੀ ਦੇਣਾ ਅਤੇ ਸਰਕਾਰ ਵੱਲੋਂ ਇਸ ਜਾਣਕਾਰੀ ਦੀ ਵਰਤੋਂ ਦੇ ਵੇਰਵੇ ਦੇਣਾ ਬਹੁਤ ਮਹੱਤਵਪੂਰਨ ਹੈ।

ਕਾਵੂਕੀਅਨ ਨੇ ਕਿਹਾ ਕਿ ਚਿਹਰੇ ਦੀ ਪਛਾਣ ਦੌਰਾਨ, 'ਇੱਕ ਫ਼ੋਟੋੋ ਨਾਲ ਇੱਕ ਫ਼ੋਟੋ' ਦੀ ਤਸਦੀਕ ਕਰਨੀ ਅਤੇ ਯੂਕੇ ਦੇ ਸਿਸਟਮ ਵਾਂਗੇ ਪੂਰੇ ਡਾਟਾਬੇਸ ਵਿਚ ਕਈ ਤਸਵੀਰਾਂ ਨਾਲ ਇਸਦੀ ਤਸਦੀਕ ਕਰਨ ਵਿਚ ਫ਼ਰਕ ਹੁੰਦਾ ਹੈ।

ਉਹਨਾਂ ਕਿਹਾ ਕਿ ਸੀਬੀਐਸਏ ਵੱਲੋਂ ਇਕੱਠੀ ਕੀਤੀ ਗਈ ਜਾਣਕਾਰੀ ਸੁਰੱਖਿਅਤ ਤਰੀਕੇ ਨਾਲ ਸਟੋਰ ਹੋਣੀ ਚਾਹੀਦੀ ਹੈ ਅਤੇ ਇਹ ਵੀ ਸਪਸ਼ਟ ਹੋਣਾ ਚਾਹੀਦਾ ਹੈ ਕਿ ਇਕੱਠੀ ਕੀਤੀ ਗਈ ਜਾਣਕਾਰੀ ਅਤੇ ਤਸਵੀਰਾਂ ਹੋਰ ਸਰਕਾਰਾਂ ਵੀ ਵਰਤ ਸਕਦੀਆਂ ਹਨ ਜਾਂ ਨ੍ਹੀਂ।

ਐਲੀਜ਼ਾਬੈਥ ਥੌਂਪਸਨ (ਨਵੀਂ ਵਿੰਡੋ) - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ