- ਮੁੱਖ ਪੰਨਾ
- ਅਰਥ-ਵਿਵਸਥਾ
- ਸੈਰ-ਸਪਾਟਾ
ਓਮੀਕਰੌਨ ਦੇ ਬਾਵਜਦੂ ਲੱਖਾਂ ਕੈਨੇਡੀਅਨਜ਼ ਕਰ ਰਹੇ ਹਨ ਵਿਦੇਸ਼ ਯਾਤਰਾਵਾਂ
ਦਸੰਬਰ ਵਿਚ 7 ਲੱਖ ਤੋਂ ਵੱਧ ਕੈਨੇਡੀਅਨਜ਼ ਵਿਦੇਸ਼ ਯਾਤਰਾ ਕਰਕੇ ਵਾਪਸ ਆਏ

ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ, ਦਸੰਬਰ ਮਹੀਨੇ ਵਿਚ 742,417 ਕੈਨੇਡੀਅਨ ਹਵਾਈ ਯਾਤਰੀ ਵਿਦੇਸ਼ ਯਾਤਰਾ ਤੋਂ ਕੈਨੇਡਾ ਪਹੁੰਚੇ ਹਨ।
ਤਸਵੀਰ: CBC / Sam Nar
ਦੁਨੀਆ ਭਰ ਵਿਚ ਓਮੀਕਰੌਨ ਵੇਰੀਐਂਟ ਦੇ ਪਸਾਰ ਦੇ ਬਾਵਜੂਦ, 28 ਨਵੰਬਰ ਨੂੰ ਸੈਂਡੀ ਲੌਂਗ ਆਪਣੇ ਪਤੀ ਨਾਲ 10 ਦਿਨਾਂ ਦੀ ਮੈਕਸੀਕੋ ਯਾਤਰਾ ‘ਤੇ ਨਿਕਲ ਗਈ ਸੀ।
ਲੌਂਗ ਨੇ ਕਿਹਾ ਕਿ ਉਹ ਆਪਣੇ ਸਫ਼ਰ ਨੂੰ ਲੈਕੇ ਫ਼ਿਕਰਮੰਦ ਨਹੀਂ ਸੀ, ਕਿਉਂਕਿ ਉਹ ਦੋਵੇਂ ਸਖ਼ਤੀ ਨਾਲ ਸਾਰੀਆਂ ਸੁਰੱਖਿਆ ਸਾਵਧਾਨੀਆਂ ਦੀ ਪਾਲਣਾ ਕਰ ਰਹੇ ਸਨ। ਮਹਾਮਾਰੀ ਕਾਰਨ ਪਿਛਲੇ ਦੋ ਸਾਲ ਤੋਂ ਇਹ ਜੋੜਾ ਵਿਦੇਸ਼ ਨਹੀਂ ਗਿਆ ਸੀ ਅਤੇ ਹੁਣ ਇਹਨਾਂ ਵਿਚ ਕਿਤੇ ਬਾਹਰ ਨਿਕਲਣ ਦੀ ਬੇਸਬਰੀ ਵਧ ਰਹੀ ਸੀ।
ਬੀਸੀ ਦੇ ਰਿਚਮੰਡ ਵਿਚ ਰਹਿਣ ਵਾਲੀ 58 ਸਾਲ ਦੀ ਲੌਂਗ ਨੇ ਕਿਹਾ, ਜ਼ਿੰਦਗੀ ਛੋਟੀ ਹੈ
।
ਸਾਨੂੰ ਨਿੱਘ ਦੀ ਜ਼ਰੂਰਤ ਮਹਿਸੂਸ ਹੋ ਰਹੀ ਸੀ ਅਤੇ ਸਾਨੂੰ ਮੈਕਸੀਕੋ ਬਹੁਤ ਯਾਦ ਆ ਰਿਹਾ ਸੀ
।
ਅਜਿਹਾ ਜਾਪਦਾ ਹੈ ਕਿ ਓਮੀਕਰੌਨ ਵੇਰੀਐਂਟ ਦੇ ਪਸਾਰ ਦੇ ਬਾਵਜੂਦ ਅੱਜਕੱਲ੍ਹ ਬਹੁਤੇ ਕੈਨੇਡੀਅਨਜ਼ ਦਾ ਯਾਤਰਾ ਪ੍ਰਤੀ ਇਹੀ ਰਵੱਈਆ ਹੈ, ਅਤੇ ਇਸੇ ਕਰਕੇ ਪਿਛਲੇ ਮਹੀਨੇ ਸਰਕਾਰ ਨੇ ਵੀ ਗ਼ੈਰ-ਜ਼ਰੂਰੀ ਯਾਤਰਾ ਨਾ ਕਰਨ ਦੀ ਐਡਵਾਈਜ਼ਰੀ (ਨਵੀਂ ਵਿੰਡੋ)ਨੂੰ ਅਪਡੇਟ ਕੀਤਾ ਸੀ।
ਸਟੈਟਿਸਟਿਕਸ ਕੈਨੇਡਾ (ਨਵੀਂ ਵਿੰਡੋ) ਮੁਤਾਬਕ, ਦਸੰਬਰ ਮਹੀਨੇ ਵਿਚ 742,417 ਕੈਨੇਡੀਅਨ ਹਵਾਈ ਯਾਤਰੀ ਵਿਦੇਸ਼ ਯਾਤਰਾ ਤੋਂ ਕੈਨੇਡਾ ਪਹੁੰਚੇ ਹਨ।
ਦਸੰਬਰ 2020 ਦੀ ਤੁਲਨਾ ਵਿਚ ਇਹ ਗਿਣਤੀ ਲੱਗਭੱਗ ਛੇ ਗੁਣਾ ਵੱਧ ਹੈ ਅਤੇ ਮਹਾਮਾਰੀ ਤੋਂ ਪਹਿਲਾਂ ਦਸੰਬਰ 2019 ਦੀ ਗਿਣਤੀ ਨਾਲੋਂ ਇਹ ਅੰਕੜੇ ਅੱਧ ਨਾਲੋਂ ਵੱਧ ਹਨ।
ਇਸ ਗਿਣਤੀ ਵਿਚ ਹੋਰ ਵਾਧਾ ਹੋਣ ਦਾ ਅਨੁਮਾਨ ਹੈ : ਕੈਨੇਡਾ ਬਾਰਡਰ ਸਰਵਿਸੇਜ਼ ਏਜੰਸੀ ਦੇ ਨਵੇਂ ਅੰਕੜਿਆਂ ਅਨੁਸਾਰ (ਨਵੀਂ ਵਿੰਡੋ), 3 ਜਨਵਰੀ ਤੋਂ 9 ਜਨਵਰੀ ਦੇ ਹਫ਼ਤੇ ਦੌਰਾਨ 216,752 ਕੈਨੇਡੀਅਨਜ਼ ਹਵਾਈ ਸਫ਼ਰ ਕਰਕੇ ਵਿਦੇਸ਼ਾਂ ਤੋਂ ਕੈਨੇਡਾ ਪਹੁੰਚੇ ਹਨ।

ਕੈਲਗਰੀ ਵਿਚ ਟ੍ਰੈਵਲ ਲੇਡੀ ਏਜੰਸੀ ਦੀ ਮਾਲਕ, ਲੈਜ਼਼ਲੀ ਕੀਟਰ ਦਾ ਕਹਿਣਾ ਹੈ ਕਿ ਓਮੀਕਰੌਨ ਦੇ ਬਾਵਜੂਦ ਯਾਤਰਾ ਲਈ ਬੁਕਿੰਗ ਕਰਵਾਉਣ ਵਾਲੇ ਗਾਹਕਾਂ ਦੀ ਗਿਣਤੀ 30 ਤੋਂ 40 ਫ਼ੀਸਦੀ ਵਧ ਗਈ ਹੈ।
ਤਸਵੀਰ: Lesley Keyter
ਟ੍ਰੈਵਲ ਏਜੰਸੀ ਚਲਾਉਣ ਵਾਲੀ ਲੈਜ਼ਲੀ ਕੀਟਰ ਦਾ ਕਹਿਣਾ ਹੈ ਕਿ ਯਾਤਰਾ ਲਈ ਬੁਕਿੰਗ ਕਰਵਾਉਣ ਵਾਲੇ ਗਾਹਕਾਂ ਦੀ ਗਿਣਤੀ, ਪਿਛਲੇ ਸਾਲ ਦੇ ਇਸੇ ਸਮੇਂ ਦੇ ਮੁਕਾਬਲੇ 30 ਤੋਂ 40 ਫ਼ੀਸਦੀ ਵਧ ਗਈ ਹੈ।
ਉਹਨਾਂ ਦੱਸਿਆ ਕਿ ਉਹਨਾਂ ਦੇ ਜ਼ਿਆਦਾਤਰ ਗਾਹਕਾਂ ਦੀ ਉਮਰ 50 ਸਾਲ ਤੋਂ ਵੱਧ ਹੈ ਅਤੇ ਸਭ ਤੋਂ ਵੱਧ ਬੁਕਿੰਗਜ਼ ਵੀ ਯੂਰਪ, ਮੈਕਸੀਕੋ ਅਤੇ ਕੋਸਟਾ ਰੀਕਾ ਲਈ ਹੋ ਰਹੀਆਂ ਹਨ। ਲੈਜ਼ਲੀ ਨੇ ਦੱਸਿਆ ਕਿ ਦਸੰਬਰ ਵਿਚ ਓਮੀਕਰੌਨ ਦੇ ਕੇਸਾਂ ਵਿਚ ਵਾਧਾ ਹੋਣ ਦੌਰਾਨ ਕੁਝ ਕੁ ਯਾਤਰੀਆਂ ਨੇ ਆਪਣੀਆਂ ਟ੍ਰਿਪਸ ਕੈਂਸਲ ਕੀਤੀਆਂ ਸਨ ਪਰ ਜ਼ਿਆਦਾਤਰ ਨੇ ਆਪਣੇ ਵਿਦੇਸ਼ ਯਾਤਰਾ ਦੇ ਪਲਾਨ ਬਰਕਰਾਰ ਰੱਖੇ ਸਨ।
ਲੈਜ਼ਲੀ ਨੇ ਕਿਹਾ, ਲੋਕ ਕਹਿੰਦੇ ਹਨ, ‘ਸਾਡੇ ਕੋਲ ਇਸ ਧਰਤੀ ‘ਤੇ ਸੀਮਤ ਸਮਾਂ ਹੀ ਹੈ…ਅਸੀਂ ਦੋ ਸਾਲ ਤੋਂ ਯਾਤਰਾ ਬੰਦ ਰੱਖੀ ਹੈ, ਪਰ ਹੁਣ ਅਸੀਂ ਇਸ ਨੂੰ ਹੋਰ ਟਾਲਣਾ ਨਹੀਂ ਚਾਹੁੰਦੇ
।
ਉਹਨਾਂ ਦੱਸਿਆ ਕਿ ਕੋਵਿਡ ਵੈਕਸੀਨ ਅਤੇ ਬੂਸਟਰ ਡੋਜ਼ ਕਰਕੇ ਯਾਤਰੀਆਂ ਵਿਚ ਸਫ਼ਰ ਕਰਨ ਦਾ ਆਤਮਵਿਸ਼ਵਾਸ ਵੀ ਪੈਦਾ ਹੋਇਆ ਹੈ। ਹਾਲਾਂਕਿ ਓਮੀਕਰੌਨ ਬਹੁਤ ਤੇਜ਼ੀ ਨਾਲ ਫ਼ੈਲਦਾ ਹੈ ਅਤੇ ਵੈਕਸੀਨਾਂ ਦੇ ਅਸਰ ਤੋਂ ਬਚਣ ‘ਚ ਵੀ ਸਮਰੱਥ ਹੋ ਸਕਦਾ। ਵੈਕਸੀਨੇਟੇਡ ਲੋਕ ਵੀ ਇਸ ਤੋਂ ਪ੍ਰਭਾਵਿਤ ਹੋ ਸਕਦੇ ਹਨ। ਹਾਲਾਂਕਿ, ਉਹਨਾਂ ਦੇ ਹਸਪਤਾਲ ਵਿਚ ਦਾਖ਼ਲ ਹੋਣ ਦੀ ਸੰਭਾਵਨਾ ਘੱਟ ਹੈ।
ਵਿਦੇਸ਼ ਵਿਚ ਕੋਵਿਡ ਪੌਜ਼ਿਟਿਵ ਹੋਣ ਦਾ ਖ਼ਤਰਾ
ਪਰ ਹਲਕੇ ਲੱਛਣਾਂ ਵਾਲੇ ਯਾਤਰੀਆਂ ਨੂੰ ਵੀ ਆਪਣੇ ਮੁਲਕ ਦਾਖ਼ਲ ਹੋਣ ਵੇਲੇ ਦਿੱਕਤ ਪੇਸ਼ ਆ ਸਕਦੀ ਹੈ।
ਕੈਨੇਡਾ ਦਾਖ਼ਲ ਹੋਣ ਲਈ, ਹਵਾਈ ਯਾਤਰੀਆਂ ਨੂੰ ਜਹਾਜ਼ ਚੜ੍ਹਨ ਤੋਂ 72 ਘੰਟਿਆਂ ਦੇ ਅੰਦਰ ਅੰਦਰ ਕਰਵਾਏ ਗਏ ਕੋਵਿਡ ਟੈਸਟ ਦੀ ਨੈਗਟਿਵ ਰਿਪੋਰਟ ਪ੍ਰਦਾਨ ਕਰਨਾ ਜ਼ਰੂਰੀ ਹੈ। ਜੇ ਯਾਤਰੀ ਦਾ ਟੈਸਟ ਪੌਜ਼ਿਟਿਵ ਆਉਂਦਾ ਹੈ, ਤਾਂ ਉਹਨਾਂ ਨੂੰ ਕੈਨੇਡਾ ਦੀ ਫ਼ਲਾਈਟ ਲੈਣ ਤੋਂ ਪਹਿਲਾਂ, 11 ਦਿਨ ਇੰਤਜ਼ਾਰ ਕਰਨਾ ਜ਼ਰੂਰੀ ਹੈ। (ਨਵੀਂ ਵਿੰਡੋ)
ਓਨਟੇਰਿਓ ਦੇ ਮਿਲਵਰਟਨ ਸ਼ਹਿਰ ਵਿਚ ਰਹਿਣ ਵਾਲੇ, 26 ਸਾਲ ਦੇ ਬ੍ਰੈਨਨ ਵਾਟਸਨ ਦਾ 28 ਦਸੰਬਰ ਨੂੰ ਉੱਤਰੀ ਆਇਰਲੈਂਡ ਦੀ ਯਾਤਰਾ ਦੌਰਾਨ ਕੋਵਿਡ ਟੈਸਟ ਪੌਜ਼ਿਟਿਵ ਆ ਗਿਆ ਸੀ।

ਬ੍ਰੈਨਨ ਵਾਟਸਨ ਦਾ 28 ਦਸੰਬਰ ਨੂੰ ਉੱਤਰੀ ਆਇਰਲੈਂਡ ਦੀ ਯਾਤਰਾ ਦੌਰਾਨ ਕੋਵਿਡ-19 ਟੈਸਟ ਪੌਜ਼ਿਟਿਵ ਆ ਗਿਆ ਸੀ।
ਤਸਵੀਰ: Brennan Watson
ਉਹਨਾਂ ਨੇ ਅਗਲੇ ਦਿਨ ਕੈਨੇਡਾ ਦੀ ਫ਼ਲਾਈਟ ਲੈਣੀ ਸੀ, ਪਰ ਇਸ ਦੇ ਬਜਾਏ ਉਹਨਾਂ ਨੂੰ ਬੈਲਫ਼ਾਸਟ ਵਿਚ ਇਕਾਂਤਵਾਸ ਵਿਚ ਜਾਣਾ ਪਿਆ। ਉਸ ਸਮੇਂ ਦੇ ਨਿਯਮਾਂ ਮੁਤਾਬਕ - ਜੋ ਕਿ ਹੁਣ ਬਦਲ ਗਏ ਹਨ - ਵਾਟਸਨ ਨੂੰ ਆਪਣੇ ਮੁਲਕ ਵਾਪਸ ਆਉਣ ਲਈ 15 ਦਿਨ ਇੰਤਜ਼ਾਰ ਕਰਨਾ ਪਿਆ।
ਬ੍ਰੈਨਨ ਨੇ ਦੱਸਿਆ ਕਿ ਇਹ ਸਭ ਉਹਨਾਂ ਨੂੰ ਕਾਫ਼ੀ ਮਹਿੰਗਾ ਪਿਆ। ਉਹਨਾਂ ਨੂੰ 11 ਦਿਨ ਆਪਣਾ ਕੰਮ ਛੱਡਣਾ ਪਿਆ ਅਤੇ ਉੱਥੇ ਵਾਧੂ ਦਿਨ ਰਹਿਣ ਅਤੇ ਨਵੇਂ ਸਿਰਿਓਂ ਜਹਾਜ਼ ਦੀ ਟਿਕਟ ਲੈਣ ਵਿਚ ਉਹਨਾਂ ਦਾ ਤਕਰੀਬਨ 2,000 ਡਾਲਰ ਖ਼ਰਚ ਹੋ ਗਿਆ।
ਦੇਖੋ। ਓਮੀਕਰੌਨ ਦੇ ਮੱਦੇਨਜ਼ਰ ਕੈਨੇਡੀਅਨਜ਼ ਨੂੰ ਗ਼ੈਰ-ਜ਼ਰੂਰੀ ਯਾਤਰਾ ਤੋਂ ਗੁਰੇਜ਼ ਕਰਨ ਦੀ ਚਿਤਾਵਨੀ :
ਟ੍ਰੈਵਲ ਇੰਸ਼ੋਰੈਂਸ ਬ੍ਰੋਕਰ ਮਾਰਟਿਨ ਫ਼ਾਇਰਸਟੋਨ ਦਾ ਕਹਿਣਾ ਹੈ ਕਿ ਟ੍ਰੈਵਲ ਇੰਸ਼ੋਰੈਂਸ ਨਾਲ ਯਾਤਰੀ ਅਜਿਹੇ ਅਣਚਾਹੇ ਖ਼ਰਚਿਆਂ ਤੋਂ ਬਚ ਸਕਦੇ ਹਨ। ਉਹਨਾਂ ਦੱਸਿਆ ਕਿ ਹੁਣ ਜ਼ਿਆਦਾਤਰ ਗਾਹਕ ਯਾਤਰਾ ਦੌਰਾਨ ਅਜਿਹੀ ਕਵਰੇਜ ਦੀ ਮੰਗ ਕਰ ਰਹੇ ਹਨ ਜਿਸ ਨਾਲ, ਉਹਨਾਂ ਦੇ ਕੋਵਿਡ ਪੌਜ਼ਿਟਿਵ ਆਉਣ ਅਤੇ ਟ੍ਰਿੱਪ ਦੀ ਮਿਆਦ ਵਧਣ ਕਾਰਨ ਆਈ ਵਾਧੂ ਲਾਗਤ ਦੀ ਭਰਪਾਈ ਹੋ ਸਕੇ।
ਫ਼ਲਾਈਟਾਂਂ ਰੱਦ
ਯਾਤਰੀਆਂ ਨੂੰ ਫ਼ਲਾਈਟਾਂ ਕੈਂਸਲ ਹੋਣ ਦੀ ਅਣਕਿਆਸੀ ਸਮੱਸਿਆ ਤੋਂ ਵੀ ਜੂਝਣਾ ਪੈ ਸਕਦਾ ਹੈ।
ਦਸੰਬਰ ਤੋਂ ਹੁਣ ਤੱਕ, ਕੈਨੇਡਾ ਅਤੇ ਯੂ ਐਸ ਵਿਚ ਮਹਾਮਾਰੀ ਸਬੰਧਤ ਕਾਰਨਾਂ ਕਰਕੇ, ਜਿਸ ਵਿਚ ਸਟਾਫ਼ ਦੀ ਘਾਟ ਵੀ ਸ਼ਾਮਲ ਹੈ, ਹਜ਼ਾਰਾਂ ਫ਼ਲਾਈਟਾਂ ਰੱਦ ਹੋ ਚੁੱਕੀਆਂ ਹਨ।
ਇਸ ਮਹੀਨੇ, ਏਅਰ ਕੈਨੇਡਾ ਵੇਕੇਸ਼ਨਜ਼ (ਨਵੀਂ ਵਿੰਡੋ) ਨੇ 24 ਜਨਵਰੀ ਤੋਂ 30 ਅਪ੍ਰੈਲ ਤੱਕ ਕਈ ਫ਼ਲਾਈਟਾਂ ਰੱਦ ਕਰਨ ਦਾ ਐਲਾਨ ਕੀਤਾ ਸੀ। ਜਨਵਰੀ ਵਿਚ 15 ਫ਼ੀਸਦੀ ਉਡਾਣਾਂ ਵਿਚ ਕਟੌਤੀ ਤੋਂ ਬਾਅਦ, ਵੈਸਟਜੈਟ ਨੇ ਫ਼ਰਵਰੀ ਮਹੀਨੇ ਵਿਚ 20 ਫ਼ੀਸਦੀ ਉਡਾਣਾਂ ਰੱਦ (ਨਵੀਂ ਵਿੰਡੋ) ਕਰਨ ਦਾ ਐਲਾਨ ਕੀਤਾ ਹੈ।
ਲੌਂਗ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਪਤੀ ਨਾਲ ਮੈਕਸੀਕੋ ਵਿਚ ਬਹੁਤ ਅੱਛਾ ਸਮਾਂ ਬਿਤਾਇਆ ਅਤੇ ਉਹ ਕੁਝ ਹੋਰ ਦਿਨ ਉੱਥੇ ਰੁਕਣ ਲਈ ਗਏ ਸਨ। ਪਰ ਫ਼ਲਾਈਟਾਂ ਕੈਂਸਲ ਹੋਣ ਦੇ ਖ਼ਦਸ਼ੇ ਕਾਰਨ ਉਹਨਾਂ ਨੇ ਆਪਣੀ ਯਾਤਰਾ ਵਿਚ ਕਟੌਤੀ ਕਰਕੇ ਵਾਪਸ ਘਰ ਪਹੁੰਚਣ ਦਾ ਫ਼ੈਸਲਾ ਲਿਆ।
ਉਹਨਾਂ ਕਿਹਾ, ਇਸ ਵੇਲੇ ਅਨਿਸ਼ਚਿਤਤਾ ਬਹੁਤ ਹੈ। ਮੈਂ ਨਹੀਂ ਚਾਹੁੰਦੀ ਸੀ ਕਿ ਅਸੀਂ ਉੱਥੇ ਅਟਕ ਜਾਈਏ
।
ਕੋਵਿਡ ਪੌਜ਼ਿਟਿਵ ਆਉਣ ਦੇ ਬਾਵਜੂਦ ਬ੍ਰੈਨਨ ਆਉਂਦੀਆਂ ਗਰਮੀਆਂ ਵਿਚ ਦੁਬਾਰਾ ਆਇਰਲੈਂਡ ਜਾਣ ਦੀ ਯੋਜਨਾ ਬਣਾ ਰਿਹਾ ਹੈ - ਭਾਵੇਂ ਉਦੋਂ ਤੱਕ ਕੋਵਿਡ ਖ਼ਤਮ ਨਾ ਵੀ ਹੋਵੇ।
ਮੈਂ ਆਪਣੇ ਪਰਿਵਾਰ, ਆਪਣੇ ਦੋਸਤਾਂ ਨੂੰ ਦੇਖੇ ਬਿਨਾ ਡੇਢ਼ ਸਾਲ ਕੱਢਿਆ ਹੈ। ਮੈਂ ਆਪਣੀ ਜ਼ਿੰਦਗੀ ਜਿਊਣਾ ਬੰਦ ਨਹੀਂ ਕਰ ਸਕਦਾ
।
ਸੋਫ਼ੀਆ ਹੈਰਿਸ (ਨਵੀਂ ਵਿੰਡੋ) - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ