- ਮੁੱਖ ਪੰਨਾ
- ਰਾਜਨੀਤੀ
- ਫ਼ੈਡਰਲ ਰਾਜਨੀਤੀ
‘ਹੋ ਸਕਦਾ ਹੈ’ ਕੈਨੇਡਾ ‘ਚ ਓਮੀਕਰੌਨ ਵੇਵ ਦਾ ਸਿੱਖਰ ਹੋ ਚੁੱਕਾ ਹੋਵੇ : ਚੀਫ਼ ਪਬਲਿਕ ਹੈਲਥ ਔਫ਼ਿਸਰ
ਹਸਪਤਾਲ ਦਾਖ਼ਲਿਆਂ ਵਿਚ ਵਾਧਾ ਜਾਰੀ
ਚੀਫ਼ ਪਬਲਿਕ ਹੈਲਥ ਔਫ਼ਿਸਰ ਡਾ ਟ੍ਰੀਜ਼ਾ ਟੈਮ ਅਨੁਸਾਰ ਕੈਨੇਡਾ ਵਿਚ ਓਮੀਕਰੌਨ ਵੇਵ ਸਿੱਖਰ ਪਾਰ ਕਰ ਚੁੱਕੀ ਹੋ ਸਕਦੀ ਹੈ।
ਤਸਵੀਰ: La Presse canadienne / Adrian Wyld
ਕੈਨੇਡਾ ਦੀ ਚੀਫ਼ ਪਬਲਿਕ ਹੈਲਥ ਔਫ਼ਿਸਰ, ਡਾ ਟ੍ਰੀਜ਼ਾ ਟੈਮ ਨੇ ਅੱਜ ਕਿਹਾ ਕਿ ‘ਹੋ ਸਕਦਾ ਹੈ’ ਕੈਨੇਡਾ ਕੋਵਿਡ ਦੀ ਓਮੀਕਰੌਨ ਲਹਿਰ ਦੇ ਸਿੱਖਰ ਚੋਂ ਲੰਘ ਗਿਆ ਹੋਵੇ।
ਡਾ ਟੈਮ ਨੇ ਕਿਹਾ, “ਮੌਡਲਿੰਗ ਅਪਡੇਟ ਤੋਂ ਬਾਅਦ ਕੁਝ ਹਫ਼ਤਿਆਂ ਵਿਚ ਹੀ, ਅਜਿਹੇ ਸੰਕੇਤ ਮਿਲੇ ਹਨ ਜੋ ਰਾਸ਼ਟਰੀ ਪੱਧਰ ‘ਤੇ ਵਾਇਰਸ ਇਨਫ਼ੈਕਸ਼ਨ , ਰੁਜ਼ਾਨਾ ਮਾਮਲਿਆਂ, ਟੈਸਟ ਪੌਜ਼ਿਟਿਵਿਟੀ ਰੇਟ, ਅਤੇ ਵਾਇਰਸ ਦੇ ਪਸਾਰ ਦੇ ਸੂਚਕ Rt ਦਾ ਸਿੱਖਰ ਦਰਸਾਉਂਦੇ ਹਨ”।
ਪਿਛਲੇ ਇੱਕ ਹਫ਼ਤੇ ਵਿਚ ਮੁਲਕ ਵਿਚ ਰੁਜ਼ਾਨਾ ਦੇ ਕੋਵਿਡ ਕੇਸਾਂ ਦੀ ਔਸਤ ਵਿਚ 28 ਫ਼ੀਸਦੀ ਦੀ ਕਮੀ ਆਈ ਹੈ। ਪਰ ਨਾਲ ਹੀ ਟੈਮ ਨੇ ਇਹ ਵੀ ਕਿਹਾ ਕਿ ਓਮੀਕਰੌਨ ਦੇ ਪਸਾਰ ਦੌਰਾਨ, ਲੈਬ ਟੈਸਟਿੰਗ ਵਿਚ ਮੁਕਾਬਲਤਨ ਘਾਟ ਹੋਣ ਕਾਰਨ, ਕੇਸਾਂ ਦੀ ਅਸਲ ਗਿਣਤੀ ਵਿਚ ਸਹੀ ਅਨੁਮਾਨ ਦੀ ਵੀ ਕਮੀ ਹੋ ਸਕਦੀ ਹੈ।
ਟੈਮ ਨੇ ਦੱਸਿਆ ਕਿ ਮੁਲਕ ਵਿਚ ਕੋਵਿਡ ਟੈਸਟ ਪੌਜ਼ਿਟਿਵਿਟੀ ਰੇਟ 22 ਫ਼ੀਸਦੀ ਹੈ ਅਤੇ ਸੱਤ ਦਿਨਾਂ ਦੀ ਰੁਜ਼ਾਨਾ ਕੋਵਿਡ ਕੇਸਾਂ ਦੀ ਔਸਤ ਕਰੀਬ 27,000 ਹੈ, ਯਾਨੀ ਮੁਲਕ ਭਰ ਵਿਚ ਕੋਵਿਡ ਪੂਰੀ ਤਰ੍ਹਾਂ ਫ਼ੈਲਿਆ ਹੋਇਆ ਹੈ।
ਦੇਖੋ। ਡਾ ਟੈਮ ਮੁਲਕ ਵਿਚ ਓਮੀਕਰੌਨ ਦੀ ਸਿੱਖਰ 'ਤੇ ਪਹੁੰਚ ਚੁੱਕਣ ਦੀ ਸੰਭਾਵਨਾ ਬਾਰੇ ਬੋਲਦਿਆਂ :
ਹਾਲਾਂਕਿ ਮੌਜੂਦਾ ਲਹਿਰ ਆਪਣੇ ਸਿਖਰ ਨੂੰ ਪਾਰ ਕਰ ਚੁੱਕੀ ਹੋ ਸਕਦੀ ਹੈ, ਪਰ ਟੈਮ ਨੇ ਕਿਹਾ ਕਿ ਹਸਪਤਾਲ ਦਾਖ਼ਲਿਆਂ ਦੀਆਂ ਦਰਾਂ ਅਜੇ ਵੀ ਤੇਜ਼ੀ ਨਾਲ ਵੱਧ ਰਹੀਆਂ ਹਨ ਅਤੇ ਕੈਨੇਡਾ ਭਰ ਵਿੱਚ ਬਹੁਤ ਸਾਰੇ ਹਸਪਤਾਲ ਜ਼ਬਰਦਸਤ ਬੋਝ
ਹੇਠ ਹਨ।
ਪਿਛਲੇ ਇੱਕ ਹਫ਼ਤੇ ਦੌਰਾਨ, ਸਾਡੇ ਹਸਪਤਾਲਾਂ ਵਿਚ ਹਰ ਰੋਜ਼ ਔਸਤਨ 10,000 ਤੋਂ ਵੱਧ ਲੋਕਾਂ ਦਾ ਕੋਵਿਡ-19 ਦਾ ਇਲਾਜ ਕੀਤਾ ਜਾ ਰਿਹਾ ਹੈ, ਇਹ ਗਿਣਤੀ ਮਹਾਮਾਰੀ ਦੀਆਂ ਪਿਛਲੀਆਂ ਲਹਿਰਾਂ ਵਿਚ ਹਸਪਤਾਲ ਦਾਖ਼ਲਿਆਂ ਦੀ ਸਿੱਖਰਲੀ ਗਿਣਤੀ ਤੋਂ ਕਿਤੇ ਵੱਧ ਹੈ
।
ਡਾ ਟੈਮ ਨੇ ਬਗ਼ੈਰ ਵੈਕਸੀਨ ਵਾਲੇ ਸਾਰੇ ਲੋਕਾਂ ਨੂੰ ਵੈਕਸੀਨ ਲਗਵਾਉਣ ਅਤੇ ਮੁਕੰਮਲ ਵੈਕਸੀਨ ਪ੍ਰਾਪਤ ਲੋਕਾਂ ਨੂੰ ਬੂਸਟਰ ਡੋਜ਼ ਲਗਵਾਉਣ ਦੀ ਅਪੀਲ ਕੀਤੀ ਹੈ।
ਉਹਨਾਂ ਕਿਹਾ ਕਿ ਜਿਹੜੇ ਮਰੀਜ਼ ਕੋਵਿਡ ਤੋਂ ਰਿਕਵਰ ਕਰ ਚੁੱਕੇ ਹਨ ਜਾਂ ਜਿਹਨਾਂ ਨੇ ਬੂਸਟਰ ਡੋਜ਼ ਪ੍ਰਾਪਤ ਕੀਤੀ ਹੈ, ਉਹਨਾਂ ਦੀ ਇਮੀਊਨਿਟੀ ਮਜ਼ਬੂਤ ਹੋਵੇਗੀ। ਪਰ ਉਹਨਾਂ ਚਿਤਾਵਨੀ ਦਿੱਤੀ ਕਿ ਇਮੀਊਨਿਟੀ ਕਮਜ਼ੋਰ ਹੋਣ ਬਾਰੇ ਅਨਿਸ਼ਚਿਤਤਾ ਅਤੇ ਨਵੇਂ ਵੇਰੀਐਂਟਸ ਦੇ ਖ਼ਤਰੇ ਕਾਰਨ, ਕਿਆਸ-ਅਰਾਈਆਂ ਕਰਨੀਆਂ ਮੁਸ਼ਕਲ ਹਨ।
- ਨਵੀਂ ਫ਼ੈਡਰਲ ਮੌਡਲਿੰਗ ‘ਚ ਆਉਂਦੇ ਹਫ਼ਤਿਆਂ ਦੌਰਾਨ ਓਮੀਕਰੌਨ ਮਾਮਲਿਆਂ ‘ਚ ਜ਼ਬਰਦਸਤ ਵਾਧੇ ਦਾ ਅਨੁਮਾਨ
- ਫ਼ਾਈਜ਼ਰ ਦੁਆਰਾ ਤਿਆਰ ਕੀਤੀ ਕੋਵਿਡ ਦੀ ਦਵਾਈ ਹੈਲਥ ਕੈਨੇਡਾ ਵੱਲੋਂ ਮੰਜ਼ੂਰ
ਓਮੀਕਰੌਨ ਦੇ ਸਿੱਖਰ ਤੋਂ ਬਾਅਦ
ਯੂਨੀਵਰਸਿਟੀ ਔਫ਼ ਸਸਕੈਚਵਨ ਵਿਚ ਐਪੀਡੈਮਿਓਲੌਜੀ ਦੇ ਪ੍ਰੋਫ਼ੈਸਰ, ਡਾ ਕੋਰੀ ਨਿਊਡਰਫ਼ ਨੇ ਕਿਹਾ, ਇਸ ਤੋਂ ਬਾਅਦ ਨਵੇਂ ਵੇਰੀਐਂਟਸ ਆਉਣਗੇ। ਇਹ ਵਾਇਰਲ ਇਨਫ਼ੈਕਸ਼ਨਾਂ ਦੀ ਪ੍ਰਕਿਰਤੀ ਹੁੰਦੀ ਹੈ - ਇਹ ਲਗਾਤਾਰ ਮਿਊਟੇਟ ਕਰਕੇ ਰੂਪਾਂਤਰ ਕਰਦੇ ਰਹਿੰਦੇ ਹਨ
।
ਡਾ ਨਿਊਡਰਫ਼ ਨੇ ਕਿਹਾ ਕਿ ਲੰਬੇ ਸਮੇਂ ਤੱਕ ਲੋਕ ਨਵੀਆਂ ਲਹਿਰਾਂ ਤੋਂ ਬਚੇ ਰਹਿਣਗੇ। ਉਹਨਾਂ ਕਿਹਾ ਕਿ ਅਗਲੇ ਇੱਕ ਦੋ ਸਾਲਾਂ ਤੱਕ ਕੋਵਿਡ ਦੀਆਂ ਹੋਰ ਲਹਿਰਾਂ ਆਉਂਦੀਆਂ ਰਹਿਣਗੀਆਂ, ਪਰ ਇਹਨਾਂ ਦੇ ਘੱਟ ਖ਼ਤਰਨਾਕ ਅਤੇ ਛੋਟੇ ਹੋਣ ਦੇ ਸੰਕੇਤ ਮਿਲ ਰਹੇ ਹਨ।
ਨਿਊਡਰਫ਼ ਨੇ ਟੈਮ ਵੱਲੋਂ ਸਭ ਨੂੰ ਬੂਸਟਰ ਡੋਜ਼ ਪ੍ਰਾਪਤ ਕਰਨ ਦੀ ਵੀ ਹਿਮਾਇਤ ਕੀਤੀ। ਨਾਲ ਹੀ ਉਹਨਾਂ ਕਿਹਾ ਕਿ ਦੁਨੀਆ ਭਰ ਵਿਚ ਵੈਕਸੀਨ ਉਪਲਬਧਤਾ ਸੁਨਿਸ਼ਚਿਤ ਹੋਣੀ ਚਾਹੀਦੀ ਹੈ ਤਾਂ ਕਿ ਵਿਦੇਸ਼ਾਂ ਤੋਂ ਉਤਪੰਨ ਹੋ ਰਹੇ ਵਾਇਰਸ ਵੇਰੀਐਂਟਸ ਦਾ ਖ਼ਤਰਾ ਘਟਾਇਆ ਜਾ ਸਕੇ।
ਪੀਟਰ ਜ਼ਿਮੌਨਜਿਕ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ