1. ਮੁੱਖ ਪੰਨਾ
  2. ਸਮਾਜ
  3. ਇਮੀਗ੍ਰੇਸ਼ਨ

ਕੈਨੇਡਾ-ਯੂ ਐਸ ਬਾਰਡਰ ਨਜ਼ਦੀਕ ਮਿਲੀਆਂ ਚਾਰ ਲਾਸ਼ਾਂ, ਮ੍ਰਿਤਕਾਂ ‘ਚ ਬੱਚਾ ਵੀ ਸ਼ਾਮਲ

ਬਿਨਾ ਦਸਤਾਵੇਜ਼ਾਂ ਵਾਲੇ 7 ਭਾਰਤੀ ਵਿਅਕਤੀ ਯੂ ਐਸ ਬਾਰਡਰ ਅਧਿਕਾਰੀਆਂ ਦੀ ਹਿਰਾਸਤ 'ਚ, ਮ੍ਰਿਤਕ ਵੀ ਭਾਰਤੀ ਮੂ਼ਲ ਦੇ ਮੰਨੇ ਜਾ ਰਹੇ ਹਨ

ਕੈਨੇਡਾ-ਯੂ ਐਸ ਬਾਰਡਰ 'ਤੇ ਆਰਸੀਐਮਪੀ ਅਧਿਕਾਰੀ ਇਲਾਕੇ ਦੀ ਜਾਂਚ ਕਰਦੇ ਹੋਏ।

ਕੈਨੇਡਾ-ਯੂ ਐਸ ਬਾਰਡਰ 'ਤੇ ਆਰਸੀਐਮਪੀ ਅਧਿਕਾਰੀ ਇਲਾਕੇ ਦੀ ਜਾਂਚ ਕਰਦੇ ਹੋਏ।

ਤਸਵੀਰ: (Submitted by RCMP)

RCI

ਬੁੱਧਵਾਰ ਨੂੰ ਆਰਸੀਐਮਪੀ ਨੇ ਮੈਨੀਟੋਬਾ ਸੂਬੇ ਵਿਚ ਕੈਨੇਡਾ-ਯੂ ਐਸ ਬਾਰਡਰ ਨਜ਼ਦੀਕ ਚਾਰ ਲਾਸ਼ਾਂ ਬਰਾਮਦ ਕੀਤੀਆਂ ਹਨ ਜਿਹਨਾਂ ਵਿਚੋਂ ਇੱਕ ਲਾਸ਼ ਛੋਟੇ ਬੱਚੇ ਦੀ ਹੈ।

ਇਸ ਮਾਮਲੇ ਵਿਚ ਫ਼ਲੋਰਿਡਾ ਦੇ ਇੱਕ ਵਿਅਕਤੀ ਨੂੰ ਮਨੁੱਖੀ ਤਸਕਰੀ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ।

ਆਰਸੀਐਮਪੀ ਨੇ ਵੀਰਵਾਰ ਨੂੰ ਇਸ ਮਾਮਲੇ ਵਿਚ ਅਪਡੇਟ ਦਿੰਦਿਆਂ ਦੱਸਿਆ ਕਿ ਚਾਰ ਲਾਸ਼ਾਂ ਵਿਚੋਂ ਇੱਕ ਮਰਦ, ਇੱਕ ਔਰਤ ਅਤੇ ਇੱਕ ਛੋਟੇ ਬੱਚੇ ਦੀ ਲਾਸ਼ ਇੱਕੋ ਥਾਂ ‘ਤੇ ਮਿਲੀ ਹੈ ਜਦਕਿ ਇੱਕ ਟੀਨੇਜਰ ਲੜਕੇ ਦੀ ਲਾਸ਼ ਕੁਝ ਮੀਟਰ ਦੂਰੋਂ ਬਰਾਮਦ ਕੀਤੀ ਗਈ ਹੈ।

ਯੂ ਐਸ ਅਟੌਰਨੀ ਔਫ਼ਿਸ ਵੱਲੋਂ ਜਾਰੀ ਨਿਊਜ਼ ਰਿਲੀਜ਼ ਮੁਤਾਬਕ, ਲਾਸ਼ਾਂ ਬਰਾਮਦ ਕੀਤੇ ਜਾਣ ਤੋਂ ਪਹਿਲਾਂ, ਯੂ ਐਸ ਦੇ ਬਾਰਡਰ ਅਧਿਕਾਰੀਆਂ ਨੇ, ਲੈਨਕੈਸਟਰ ਅਤੇ ਪੈਂਬੀਨਾ ਦੇ ਅਧਿਕਾਰਕ ਅੰਤਰਾਸ਼ਟਰੀ ਸਰਹੱਦੀ ਦਾਖ਼ਲਿਆਂ ਦੇ ਦਰਮਿਆਨ ਪੈਂਦੇ ਇੱਕ ਪੇਂਡੂ ਖੇਤਰ ਵਿਚ, ਇੱਕ 15 ਸਵਾਰੀਆਂ ਵਾਲੀ ਪੈਸੰਜਰ ਵੈਨ ਨੂੰ ਰੋਕਿਆ ਸੀ।

ਇਸ ਵੈਨ ਦੇ 47 ਸਾਲਾ ਡਰਾਈਵਰ ਸਟੀਵ ਸ਼ੈਂਡ ਨੂੰ ਮਨੁੱਖੀ ਤਸਕਰੀ ਦੇ ਇਲਜ਼ਾਮਾਂ ਤਹਿਤ ਚਾਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਸਟੀਵ ਸ਼ੈਂਡ

ਸਟੀਵ ਸ਼ੈਂਡ ਨੂੰ ਮਨੁੱਖੀ ਤਸਕਰੀ ਦੇ ਇਲਜ਼ਾਮਾਂ ਤਹਿਤ ਚਾਰਜ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਤਸਵੀਰ:  Facebook

ਮੰਨਿਆ ਜਾ ਰਿਹਾ ਹੈ ਕਿ ਕੈਨੇਡਾ ਤੋਂ ਯੂ ਐਸ ਨਿਕਲਣ ਦੀ ਕੋਸ਼ਿਸ਼ ਕਰਦੇ ਸਮੇਂ ਬੇਹੱਦ ਠੰਡੇ ਮੌਸਮ ਕਾਰਨ ਇਹਨਾਂ ਦੀ ਮੌਤ ਹੋਈ ਹੈ।

ਯੂ ਐਸ ਵਿਚ ਗ੍ਰਿਫ਼ਤਾਰ ਹੋਏ ਇਕ ਗਰੁੱਪ ਵਿਚ ਇਕ ਵਿਅਕਤੀ ਕੋਲੋਂ ਛੋਟੇ ਬੱਚੇ ਦੀਆਂ ਕੁਝ ਵਸਤਾਂ ਵੀ ਮਿਲੀਆਂ ਸਨ ਪਰ ਇਸ ਗਰੁੱਪ ਵਿਚ ਕੋਈ ਬੱਚਾ ਸ਼ਾਮਲ ਨਹੀਂ ਸੀ। ਇਸ ਤੋਂ ਬਾਅਦ ਯੂ ਐਸ ਅਧੀਕਾਰੀਆਂ ਨੇ ਕੈਨੇਡੀਅਨ ਅਧੀਕਾਰੀਆਂ ਨੂੰ ਸੂਚਿਤ ਕੀਤਾ ਅਤੇ ਤਫ਼ਤੀਸ਼ ਸ਼ੁਰੂ ਕੀਤੀ ਗਈ। ਤਫ਼ਤੀਸ਼ ਵਿਚ ਪੁਲਿਸ ਨੂੰ 4 ਲਾਸ਼ਾਂ ਬਰਾਮਦ ਹੋਈਆਂ, ਜਿਹਨਾਂ ਵਿਚ ਬੱਚਾ ਵੀ ਸ਼ਾਮਲ ਸੀ।

ਵੀਰਵਾਰ ਨੂੰ ਯੂ ਐਸ ਦੀ ਹੋਮਲੈਂਡ ਸਿਕਿਓਰਟੀ ਦੇ ਅਧਿਕਾਰੀ ਜੌਨ ਸਟਾਨਲੇ ਨੇ ਕਿਹਾ ਸੀ ਕਿ ਉਕਤ ਚਾਰ ਜਣਿਆਂ ਦੀ ਮੌਤ ਦੀ ਜਾਂਚ ਜਾਰੀ ਹੈ ਅਤੇ ਸ਼ੈਂਡ ਦੇ ਕਿਸੇ ਵੱਡੇ ਮਨੁੱਖੀ ਤਸਕਰੀ ਗਿਰੋਹ ਦਾ ਹਿੱਸਾ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ।

ਮਿਨੇਸੋਟਾ ਦੀ ਅਦਾਲਤ ਵਿਚ ਦਾਖ਼ਲ ਦਸਤਾਵੇਜ਼ਾਂ ਮੁਤਾਬਕ, ਸ਼ੈਂਡ ਹਾਲ ਹੀ ਵਿਚ ਹੋਏ ਤਿੰਨ ਵੱਖਰੇ ਮਨੁੱਖੀ ਤਸਕਰੀ ਮਾਮਲਿਆਂ ਵਿਚ ਵੀ ਸ਼ੱਕੀ ਹੈ। ਅਦਾਲਤੀ ਦਸਤਾਵੇਜ਼ਾਂ ਅਨੁਸਾਰ ਸ਼ੈਂਡ ਨੇ 2018 ਵਿਚ ਦੀਵਾਲੀਆਪਨ ਦਾਇਰ ਕੀਤਾ ਸੀ।

ਕਈ ਲੋਕ ਲਿਜਾਏ ਜਾ ਰਹੇ ਸਨ

ਜਿਸ ਵੇਲੇ ਸ਼ੈਂਡ ਨੂੰ ਗ੍ਰਿਫ਼ਤਾਰ ਕੀਤਾ ਗਿਆ, ਉਦੋਂ ਉਹ ਵੈਨ ਵਿਚ 2 ਭਾਰਤੀ ਨਾਗਰਿਕਾਂ ਨੂੰ ਬਿਨਾ ਦਸਤਾਵੇਜ਼ਾਂ ਤੋਂ ਅਮਰੀਕਾ ਲਿਜਾ ਰਿਹਾ ਸੀ।

ਜਿੱਥੇ ਸ਼ੈਂਡ ਦੀ ਗ੍ਰਿਫ਼ਤਾਰੀ ਹੋਈ, ਉੱਥੋਂ ਕੁਝ ਹੀ ਦੂਰ, ਤਕਰੀਬਨ ਉਸੇ ਵੇਲੇ ਪੰਜ ਹੋਰ ਬਗ਼ੈਰ-ਦਸਤਾਵੇਜ਼ਾਂ ਵਾਲੇ ਭਾਰਤੀ ਨਾਗਰਿਕ ਗ੍ਰਿਫ਼ਤਾਰ ਕੀਤੇ ਗਏ ਸਨ।

ਅਜਿਹਾ ਮੰਨਿਆ ਜਾ ਰਿਹਾ ਹੈ ਕਿ ਸਾਰੇ ਹੀ 11 ਜਣੇ ਇੱਕੋ ਗਰੁੱਪ ਨਾਲ ਸਬੰਧਤ ਸਨ, ਪਰ ਮਾਰੇ ਗਏ ਚਾਰ ਜਣੇ ਇਸ ਗਰੁੱਪ ਤੋਂ ਵਿਛੜ ਗਏ ਸਨ।

ਸਟਾਨਲੇ ਅਨੁਸਾਰ ਗ੍ਰਿਫ਼ਤਾਰ ਹੋਏ ਪੰਜ ਜਣਿਆਂ ਦੇ ਗਰੁੱਪ ਨੇ ਇੱਕੋ ਕਿਸਮ ਦੇ ਕੱਪੜੇ ਪਹਿਨੇ ਹੋਏ ਸਨ - ਨਵੇਂ ਕਾਲੇ ਵਿੰਟਰ ਕੋਟ ਜਿਸ ਵਿਚ ਫ਼ਰ ਵਾਲੀ ਹੁੱਡ ਸੀ, ਕਾਲੇ ਦਸਤਾਨੇ, ਕਾਲੇ ਬਲਕਲਾਵਾ ਅਤੇ ਵਿੰਟਰ ਬੂਟ। 

ਸ਼ੈਂਡ ਨਾਲ ਗ੍ਰਿਫ਼ਤਾਰ ਹੋਣ ਵਾਲੇ ਦੋ ਭਾਰਤੀਆਂ ਨੇ ਵੀ ਇਕੋ ਜਿਹੇ ਕੱਪੜੇ ਪਹਿਨੇ ਸਨ, ਪਰ ਉਹ ਬਾਕੀਆਂ ਨਾਲੋਂ ਵੱਖਰੇ ਸਨ।

ਸਟਾਨਲੇ ਦੇ ਐਫ਼ਿਡੇਵਿਟ ਅਨੁਸਾਰ ਜਿਸ ਜਗ੍ਹਾ ‘ਤੇ ਸ਼ੈਂਡ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਉੱਥੇ 12 ਦਸੰਬਰ ਅਤੇ 12 ਜਨਵਰੀ ਨੂੰ ਵੀ ਮਨੁੱਖੀ ਤਸਕਰੀ ਦੀਆਂ ਤਿੰਨ ਘਟਨਾਵਾਂ ਵਾਪਰੀਆਂ ਸਨ।

ਬਾਰਡਰ ਪੈਟਰੌਲ ਅਧਿਕਾਰੀਆਂ ਨੂੰ 12 ਜਨਵਰੀ ਨੂੰ ਬਰਫ਼ ਵਿਚ ਤਿੰਨ ਜਣਿਆਂ ਦੇ ਜੁੱਤਿਆਂ ਦੇ ਨਿਸ਼ਾਨ ਮਿਲੇ ਸਨ। ਅਦਾਲਤੀ ਦਸਤਾਵੇਜ਼ਾਂ ਅਨੁਸਾਰ ਤਿੰਨੇ ਬੂਟਾਂ ਦੇ ਨਿਸ਼ਾਨ ਇੱਕੋ ਬ੍ਰਾਂਡ ਦੇ ਬੂਟਾਂ ਦੇ ਸਨ।

ਬੁੱਧਵਾਰ ਨੂੰ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੇ ਬੂਟ ਪ੍ਰਿੰਟ ਵੀ ਉਹਨਾਂ ਸਨੋਅ ਬੂਟਾਂ ਦੇ ਨਿਸ਼ਾਨਾਂ ਨਾਲ ਮੇਲ ਖਾਂਦੇ ਹਨ।

ਬਰਫ਼ ਨਾਲ ਦੂਰ ਦੂਰ ਤੱਕ ਢਕੇ ਮੈਦਾਨਾਂ ਵਿਚ ਅੱਤ ਦੀ ਠੰਡ ਮ੍ਰਿਤਕਾਂ ਦਿ ਮੌਤ ਦਾ ਕਾਰਨ ਹੋ ਸਕਦੀ ਹੈ। ਦੋ ਵਿਤਕਤੀਆਂ ਨੂੰ ਠੰਡ ਕਾਰਨ ਜ਼ਖ਼ਮੀ ਹੋਣ ਕਰਕੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ।

ਬਰਫ਼ ਨਾਲ ਦੂਰ ਦੂਰ ਤੱਕ ਢਕੇ ਮੈਦਾਨਾਂ ਵਿਚ ਅੱਤ ਦੀ ਠੰਡ ਮ੍ਰਿਤਕਾਂ ਦੀ ਮੌਤ ਦਾ ਕਾਰਨ ਹੋ ਸਕਦੀ ਹੈ। ਦੋ ਵਿਤਕਤੀਆਂ ਨੂੰ ਠੰਡ ਕਾਰਨ ਜ਼ਖ਼ਮੀ ਹੋਣ ਕਰਕੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ।

ਤਸਵੀਰ:  (Submitted by RCMP)

ਠੰਡ ਨਾਲ ਗੰਭੀਰ ਫੱਟੜ

ਯੂ ਐਸ ਦੀ ਹਿਰਾਸਤ ਵਿਚ ਮੌਜੂਦ ਭਾਰਤੀ ਨਾਗਰਿਕਾਂ ਬਾਰੇ ਬਹੁਤੀ ਜਾਣਕਾਰੀ ਨ੍ਹੀਂ ਹੈ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਉਹਨਾਂ ਨੂੰ ਬਹੁਤ ਥੋੜੀ ਅੰਗ੍ਰੇਜ਼ੀ ਆਉਂਦੀ ਹੈ, ਪਰ ਉਹ ਗੁਜਰਾਤੀ ਭਾਸ਼ਾ ਬੋਲਣ ਵਿਚ ਮਾਹਰ ਹਨ।

ਸ਼ੈਂਡ ਦੀ ਗ੍ਰਿਫ਼ਤਾਰੀ ਵਾਲੀ ਥਾਂ ਨਜ਼ਦੀਕ ਜਿਹਨਾਂ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਸਰਹੱਦ ਪਾਰ ਕਿਸੇ ਵਿਅਕਤੀ ਨੇ ਲੈਣ ਆਉਣਾ ਸੀ। ਉਹਨਾਂ ਅੰਦਾਜ਼ੇ ਨਾਲ ਦੱਸਿਆ ਕਿ ਉਹ ਤਕਰੀਬਨ 11 ਘੰਟਿਆਂ ਤੋਂ ਪੈਦਲ ਤੁਰ ਰਹੇ ਸਨ।

ਐਫ਼ੀਡੈਵਿਟ ਅਨੁਸਾਰ, ਇੱਕ ਵਿਅਕਤੀ ਬਹੁਤ ਵੱਡੀ ਰਕਮ ਅਦਾ ਕਰਕੇ, ਫ਼ਰਜ਼ੀ ਸਟੂਡੈਂਟ ਵੀਜ਼ਾ ‘ਤੇ ਕੈਨੇਡਾ ਆਇਆ ਸੀ ਅਤੇ ਫ਼ਿਰ ਉਸਦੀ ਯੂ ਐਸ ਪਹੁੰਚਣ ਦੀ ਯੋਜਨਾ ਸੀ।

ਗ੍ਰਿਫ਼ਤਾਰ ਕੀਤੇ ਗਏ ਦੋ ਵਿਅਕਤੀਆਂ ਨੂੰ ਠੰਡ ਦੇ ਮੌਸਮ ਵਿਚ ਲੰਬਾ ਸਮਾਂ ਰਹਿਣ ਕਰਕੇ ਗੰਭੀਰ ਫੱਟੜ ਹੋਏ ਹਨ।

ਫ਼੍ਰੌਸਟਬਾਈਟ ਦੀ ਸੰਭਾਵਨਾ ਦੇ ਚਲਦਿਆਂ ਇੱਕ ਮਰਦ ਅਤੇ ਇੱਕ ਔਰਤ ਨੂੰ ਹਸਪਤਾਲ ਦਾਖ਼ਲ ਕੀਤਾ ਗਿਆ ਹੈ। ਹਾਲਾਂਕਿ ਇਸ ਮਰਦ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ, ਪਰ ਇਸ ਔਰਤ ਨੂੰ ਹੈਲੀਕੌਪਟਰ ਰਾਹੀਂ ਇੱਕ ਵੱਡੇ ਹਸਪਤਾਲ ਲਿਜਾਰਿਆ ਗਿਆ ਹੈ ਕਿਉਂਕਿ ਫ਼੍ਰੌਸਟਬਾਈਟ ਕਰਕੇ ਇਸਦਾ ਇੱਕ ਹੱਥ ਕੱਟਣਾ ਪੈ ਸਕਦਾ ਹੈ।

ਬਹੁਤੀ ਠੰਡ ਵਿਚ ਚਮੜੀ ਅਤੇ ਉਸਦੇ ਹੇਠਲੇ ਟਿਸ਼ੂ ਜੰਮ ਜਾਣ ਨਾਲ ਚਮੜੀ ਸੁੰਨ ਹੋਕੇ ਸੁੱਜ ਜਾਂਦੀ ਹੈ ਅਤੇ ਜੋਕਿ ਚੋਟ ਵਿਚ ਤਬਦੀਲ ਹੋ ਜਾਂਦੀ ਹੈ। ਇਸ ਚੋਟ ਨੂੰ ਫ਼੍ਰੌਸਟਬਾਈਟ ਕਿਹਾ ਜਾਂਦਾ ਹੈ।

ਹਸਪਤਾਲ ਲਿਜਾਂਦੇ ਸਮੇਂ ਇਸ ਔਰਤ ਦਾ ਕਈ ਵਾਰੀ ਸਾਹ ਵੀ ਉੱਖੜ ਗਿਆ ਸੀ।

ਦੇਖੋ।ਮੈਨੀਟੋਬਾ-ਯੂ ਐਸ ਬਾਰਡਰ ਨਜ਼ਦੀਕ 4 ਲਾਸ਼ਾਂ ਮਿਲਣ ਤੋਂ ਬਾਅਦ ਇੱਕ ਵਿਅਕਤੀ ਗ੍ਰਿਫ਼ਤਾਰ :

ਬੇਹੱਦ ਅਫ਼ਸੋਸਨਾਕ

ਮੈਨੀਟੋਬਾ ਵਿਚ ਰਹਿੰਦੇ ਭਾਰਤੀ ਭਾਈਚਾਰੇ ਦੇ ਲੋਕ ਇਹਨਾਂ ਚਾਰ ਜੀਆਂ ਦੀ ਮੌਤ ਕਾਰਨ ਬਹੁਤ ਅਫ਼ਸੋਸ ਵਿਚ ਹਨ। ਚਾਰੇ ਮ੍ਰਿਤਕ ਇੱਕੋ ਪਰਿਵਾਰ ਦੇ ਮੈਂਬਰ ਮੰਨੇ ਜਾ ਰਹੇ ਹਨ।

ਇੰਡੀਅਨ ਅਸੋਸੀਏਸ਼ਨ ਔਫ਼ ਮੈਨੀਟੋਬਾ ਨਾਲ ਜੁੜੇ ਰਮਨਦੀਪ ਗਰੇਵਾਲ ਨੇ ਕਿਹਾ ਕਿ ਇਸ ਘਟਨਾ ਬਾਰੇ ਸੁਣਕੇ ਉਹ ਭਾਵੁਕ ਹੋ ਗਏ ਸਨ।

ਇਹ ਅਵਿਸ਼ਵਾਸਯੋਗ ਹੈ ਅਤੇ ਕੋਈ ਵੀ ਇਸ ਦਾ ਹੱਕਦਾਰ ਨਹੀਂ ਹੈ। ਇੱਕ ਛੋਟਾ ਬੱਚਾ ਅਤੇ ਪਰਿਵਾਰ ਦਾ ਦੂਸਰਾ ਨੌਜਵਾਨ….ਇਹਨਾਂ ਦੀ ਤਾਂ ਅੱਗੇ ਜ਼ਿੰਦਗੀ ਪਈ ਸੀ। 

ਗਰੇਵਾਲ ਨੇ ਕਿਹਾ ਕਿ ਸਰਹੱਦ ਪਾਰ ਕਰਨ ਵਾਲੇ ਲੋਕ ਅਮਰੀਕਾ ਜਾਣ ਲਈ ਬੇਤਾਬ ਹੋਣਗੇ ਜਿਹੜਾ ਉਹਨਾਂ ਨੇ ਇੰਨਾ ਖ਼ਤਰਨਾਕ ਰਸਤਾ ਇਖ਼ਤਿਆਰ ਕੀਤਾ।

ਰਮਨਦੀਪ ਨੇ ਲੋਕਾਂ ਨੂੰ ਇਕ ਸੁਨੇਹਾ ਵੀ ਦਿੱਤਾ।

ਕਿਸੇ ਦੇਸ਼ ਵਿਚ ਆਉਣ ਅਤੇ ਉੱਥੇ ਰਹਿਣ ਲਈ ਲੋਕਾਂ ਨੂੰ ਸਿਰਫ਼ ਜਾਇਜ਼ ਤਰੀਕੇ ਅਪਣਾਉਣੇ ਚਾਹੀਦੇ ਹਨ। ਗ਼ੈਰ-ਕਾਨੂੰਨੀ ਰਸਤੇ…..ਘਾਤਕ ਹੋ ਸਕਦੇ ਹਨ

ਰੇਸ਼ਲ ਬਰਗਨ (ਨਵੀਂ ਵਿੰਡੋ) - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ