1. ਮੁੱਖ ਪੰਨਾ
  2. ਵਿਗਿਆਨ
  3. ਵਾਤਾਵਰਨ

ਵਿਗਿਆਨੀਆਂ ਵੱਲੋਂ ਕੈਨੇਡਾ ਸਰਕਾਰ ਨੂੰ ਕਾਰਬਨ ਕੈਪਚਰ ਟੈਕਸ ਕ੍ਰੈਡਿਟ ਖ਼ਤਮ ਕਰਨ ਦੀ ਮੰਗ

ਸਰਕਾਰ ਨੂੰ ਲਿਖੇ ਪੱਤਰ ਅਨੁਸਾਰ ਇਹ ਯੋਜਨਾ 'ਤੇਲ ਅਤੇ ਗੈਸ ਇੰਡਸਟਰੀ ਲਈ ਵੱਡੀ ਸਬਸਿਡੀ'

ਐਲਬਰਟਾ ਵਿਚ ਸਥਿਤ ਕੁਐਸਟ ਦੇ ਕਾਰਬਨ ਕੈਪਚਰਰ ਅਤੇ ਸਟੋਰੇਜ ਫ਼ੈਸਿਲਿਟੀ

ਐਲਬਰਟਾ ਦੇ ਫ਼ੋਰਟ ਸਸਕੈਚਵਨ ਵਿਚ ਸਥਿਤ ਕੁਐਸਟ ਦੇ ਕਾਰਬਨ ਕੈਪਚਰਰ ਅਤੇ ਸਟੋਰੇਜ ਫ਼ੈਸਿਲਿਟੀ ਦੀ 2015 ਦੀ ਤਸਵੀਰ। ਵਿਗਿਆਨੀਆਂ ਨੇ ਸਰਕਾਰ ਨੂੰ ਮੰਗ ਕੀਤੀ ਹੈ ਕਿ ਕਾਰਬਨ ਕੈਪਚਰ ਅਤੇ ਸਟੋਰੇਜ ਲਈ ਪ੍ਰਸਤਾਵਿਤ ਟੈਕਸ ਕ੍ਰੈਡਿਟ ਯੋਜਨਾ ਨੂੰ ਰੱਦ ਕਰ ਦਿੱਤਾ ਜਾਵੇ।

ਤਸਵੀਰ: La Presse canadienne / Jason Franson

RCI

400 ਤੋਂ ਵੱਧ ਕੈਨੇਡੀਅਨ ਵਾਤਾਵਰਣ ਵਿਗਿਆਨੀਆਂ ਅਤੇ ਹੋਰ ਮਾਹਰਾਂ ਨੇ ਕੈਨੇਡਾ ਦੀ ਫ਼ਾਈਨੈਂਸ ਮਿਨਿਸਟਰ ਕ੍ਰਿਸਟੀਆ ਫ਼੍ਰੀਲੈਂਡ ਨੂੰ ਇੱਕ ਪੱਤਰ ਲਿਖਕੇ ਸਰਕਾਰ ਦੀ ਕਾਰਬਨ ਕੈਪਚਰ ਕ੍ਰੈਡਿਟ ਦੀ ਪ੍ਰਸਤਾਵਿਤ ਯੋਜਨਾ (ਨਵੀਂ ਵਿੰਡੋ) ਨੂੰ ਰੱਦ ਕਰਨ ਦੀ ਮੰਗ ਕੀਤੀ ਹੈ।

ਕਾਰਬਨ ਕੈਪਚਰ, ਸਟੋਰੇਜ ਅਤੇ ਉਪਯੋਗਤਾ ਪ੍ਰਣਾਲੀ ਅਧੀਨ ਵੱਡੇ-ਪੱਧਰ ਦੀਆਂ ਉਦਯੋਗਿਕ ਕ੍ਰਿਆਵਾਂ ਤੋਂ ਨਿਕਲਣ ਵਾਲੀ ਕਾਰਬਨ ਡਾਈਆਕਸਾਈਡ ਨੂੰ ਵੱਖ ਕਰਕੇ, ਇਸਨੂੰ ਜਾਂ ਤਾਂ ਸਥਾਈ ਤੌਰ ‘ਤੇ ਜ਼ਮੀਨ ਦੇ ਹੇਠਾਂ ਸਟੋਰ ਕੀਤਾ ਜਾਂਦਾ ਹੈ ਜਾਂ ਹੋਰ ਤੇਲ ਪੈਦਾ ਕਰਨ ਵਿਚ ਮਦਦ ਲਈ ਇਸਦੀ ਵਰਤੋਂ ਕੀਤੀ ਜਾਂਦੀ ਹੈ।

ਮਿਨਿਸਟਰ ਫ਼੍ਰੀਲੈਂਡ ਨੇ ਪਿਛਲੇ ਸਾਲ ਦੇ ਫ਼ੈਡਰਲ ਬਜਟ ਵਿਚ ਇਸ ਟੈਕਸ ਕ੍ਰੈਡਿਟ  (ਨਵੀਂ ਵਿੰਡੋ)ਦਾ ਜ਼ਿਕਰ ਕੀਤਾ ਸੀ ਅਤੇ ਦਸੰਬਰ ਵਿਚ ਇਸਨੂੰ ਤਿਆਰ ਕਰਨ ਬਾਬਤ ਕੀਤੇ ਮਸ਼ਵਰਿਆਂ ਦਾ ਦੌਰ ਸਮਾਪਤ (ਨਵੀਂ ਵਿੰਡੋ) ਹੋ ਗਿਆ ਹੈ।

ਬੁੱਧਵਾਰ ਨੂੰ ਫ਼੍ਰੀਲੈਂਡ ਨੂੰ ਭੇਜੇ ਇੱਕ ਪੱਤਰ ਵਿਚ (ਨਵੀਂ ਵਿੰਡੋ) ਵਿਗਿਆਨੀਆਂ ਨੇ ਇਸ ਯੋਜਨਾ ਨੂੰ ਮੁਕੰਮਲ ਤੌਰ ‘ਤੇ ਖ਼ਤਮ ਕਰਨ ਦੀ ਮੰਗ ਕੀਤੀ ਹੈ। ਉਹਨਾਂ ਦਾ ਤਰਕ ਹੈ ਕਿ ਇਹ ਯੋਜਨਾ ਤੇਲ ਅਤੇ ਗੈਸ ਇੰਡਸਟਰੀ ਲਈ ਇੱਕ ਬਹੁਤ ਵੱਡੀ ਸਬਸਿਡੀ ਸਾਬਤ ਹੋਵੇਗੀ ਜੋਕਿ ਕੈਨੇਡਾ ਦੇ ਸਬਸਿਡੀਆਂ ਖ਼ਤਮ ਕਰਨ ਅਤੇ ਗ੍ਰੀਨਹਾਊਸ ਗੈਸਾਂ ਦੀ ਨਿਕਾਸੀ ਵਿਚ ਕਟੌਤੀ ਕਰਨ ਦੇ ਤਹੱਈਏ ਦੇ ਉਲਟ ਹੈ।

ਵਿਕਟੋਰੀਆ ਯੂਨੀਵਰਸਿਟੀ ਵਿਚ ਜੌਗਰਫ਼ੀ ਅਤੇ ਇੰਜੀਨਰਿੰਗ ਦੀ ਪ੍ਰੋਫ਼ੈਸਰ ਕ੍ਰਿਸਟੀਨਾ ਹੋਈਕਾ ਇਸ ਪੱਤਰ ਵਿਚ ਦਸਤਖ਼ਤ ਕਰਨ ਵਾਲਿਆਂ ਦੀ ਅਗਵਾਈ ਕਰ ਰਹੇ ਹਨ। ਉਹਨਾਂ ਕਿਹਾ ਕਿ ਕਾਰਬਨ ਕੈਪਚਰ ਅਤੇ ਸਟੋਰੇਜ ਮਹਿੰਗਾ ਅਤੇ ਗ਼ੈਰ-ਪ੍ਰਮਾਣਿਤ ਹੈ, ਨਾਲ ਹੀ ਇਹ ਫ਼ੌਸਿਲ ਫ਼ਿਊਲਜ਼ (ਜੈਵਿਕ ਇੰਧਨ) ਦੀ ਵਰਤੋਂ ਨੂੰ ਹਟਾਕੇ ਇਸ ਦੀ ਥਾਂ ਕਲੀਨ ਐਨਰਜੀ ਦੀ ਵਰਤੋਂ ਕੀਤੇ ਜਾਣ ਦੇ ਉਲਟ, ਫ਼ੌਸਿਲ ਫ਼ਿਊਲਜ਼ ਦੀ ਵਰਤੋਂ ਵਿਚ ਹੀ ਵਾਧਾ ਕਰੇਗਾ।

ਦੇਖੋ। ਕਲਾਈਮੇਟ ਚੇਂਜ ਨਾਲ ਨਜਿੱਠਣ ਲਈ ਹਵਾ ਚੋਂ ਕਾਰਬਨ ਡਾਈਆਕਸਾਈਡ ਘਟਾਉਣ ਦੇ ਯਤਨ :

ਫ਼੍ਰੀਲੈਂਡ ਸਪਸ਼ਟ ਕਰ ਚੁੱਕੇ ਹਨ ਕਿ ਕਾਰਬਨ ਡਾਈਆਕਸਾਈਡ ਨੂੰ ਪੱਕੇ ਤੌਰ ‘ਤੇ ਸਟੋਰ ਕਰਨ ਵਾਲੇ ਪ੍ਰੌਜੈਕਟਸ ਹੀ ਇਸ ਲਈ ਯੋਗ ਹੋਣਗੇ, ਪਰ ਮਾਹਰ ਚਾਹੁੰਦੇ ਹਨ ਕਿ ਫ਼੍ਰੀਲੈਂਡ ਇਸ ਪ੍ਰਣਾਲੀ ਦੀ ਵਰਤੋਂ ਸਿਰਫ਼ ਉਹਨਾਂ ਇੰਡਸਟਰੀਆਂ ਤੱਕ ਹੀ ਸੀਮਤ ਕਰ ਦੇਣ, ਜਿਹਨਾਂ ਕੋਲ ਨਿਕਾਸੀਆਂ ਘਟਾਉਣ ਦਾ ਕੋਈ ਹੋਰ ਵਿਕਲਪ ਨਹੀਂ ਹੈ। ਉਹਨਾਂ ਨੇ ਫ਼ੌਸਿਲ ਫ਼ਿਊਲ, ਪਲਾਸਟਿਕ ਜਾਂ ਪੈਟਰੋਕੈਮੀਕਲ ਕੰਪਨੀਆਂ ਨੂੰ ਇਸ ਦੇ ਦਾਇਰੇ ਚੋਂ ਬਾਹਰ ਕਰਨ ਦੀ ਮੰਗ ਕੀਤੀ ਹੈ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

Canadian Press ਵੱਲੋਂ ਜਾਣਕਾਰੀ ਸਹਿਤ।

ਸੁਰਖੀਆਂ