- ਮੁੱਖ ਪੰਨਾ
- ਰਾਜਨੀਤੀ
- ਫ਼ੈਡਰਲ ਰਾਜਨੀਤੀ
ਰੈਜ਼ੀਡੈਂਸ਼ੀਅਲ ਸਕੂਲਾਂ ਦੇ ਦਸਤਾਵੇਜ਼ ਸੌਂਪਣ ਬਾਬਤ ਸਮਝੌਤੇ ‘ਤੇ ਫ਼ੈਡਰਲ ਸਰਕਾਰ ਨੇ ਦਸਤਖ਼ਤ ਕੀਤੇ
ਨੈਸ਼ਨਲ ਸੈਂਟਰ ਫ਼ੌਰ ਟ੍ਰੁੱਥ ਐਂਡ ਰੀਕਨਸੀਲੀਏਸ਼ਨ ਨਾਲ ਹੋਏ ਸਮਝੌਤੇ ਅਧੀਨ ਸੈਂਟਰ ਨੂੰ 875,000 ਦਸਤਾਵੇਜ਼ ਸੌਂਪੇ ਜਾਣਗੇ

ਰੈਜ਼ੀਡੈਂਸ਼ੀਅਲ ਸਕੂਲਾਂ ਵਿਚ ਗਏ ਹਜ਼ਾਰਾਂ ਮੂਲਨਿਵਾਸੀ ਬੱਚੇ ਕਦੇ ਵੀ ਆਪਣੇ ਘਰ ਵਾਪਸ ਨਹੀਂ ਪਰਤੇ। ਮੂਲਨਿਵਾਸੀ ਪਰਿਵਾਰਾਂ, ਹਿਮਾਇਤੀਆਂ ਅਤੇ ਸਰਵਾਈਵਰਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਜਾਰੀ ਦਸਤਾਵੇਜ਼ ਉਹਨਾਂ ਦੀ ਸੱਚ ਤੱਕ ਪਹੁੰਚਣ ਵਿਚ ਮਦਦ ਕਰਨਗੇ।
ਤਸਵੀਰ: Radio-Canada / Andrew Lee
ਕੈਨੇਡਾ ਦੇ ਕ੍ਰਾਊਨ-ਇੰਡਿਜਿਨਸ ਰਿਲੇਸ਼ਨਜ਼ ਮਿਨਿਸਟਰ ਮਾਰਕ ਮਿਲਰ ਨੇ ਅੱਜ ਦੱਸਿਆ ਕਿ ਫ਼ੈਡਰਲ ਸਰਕਾਰ ਅਤੇ ਨੈਸ਼ਨਲ ਸੈਂਟਰ ਫ਼ੌਰ ਟ੍ਰੁੱਥ ਐਂਡ ਰੀਕਨਸੀਲੀਏਸ਼ਨ ਦਰਮਿਆਨ ਰੈਜ਼ੀਡੈਂਸ਼ੀਅਲ ਸਕੂ਼ਲਾਂ ਨਾਲ ਸਬੰਧਤ ਹਜ਼ਾਰਾਂ ਦਸਤਾਵੇਜ਼ ਸੌਂਪਣ ਬਾਬਤ ਸਮਝੌਤਾ ਹੋਇਆ ਹੈ।
ਫ਼ੈਡਰਲ ਸਰਕਾਰ, ਵਿਨਿਪੈਗ ਅਧਾਰਤ ਨੈਸ਼ਨਲ ਸੈਂਟਰ ਫ਼ੌਰ ਟ੍ਰੁੱਥ ਐਂਡ ਰੀਕਨਸੀਲੀਏਸ਼ਨ ਨਾਲ ਉਕਤ ਦਸਤਾਵੇਜ਼ ਕਦੋਂ ਅਤੇ ਕਿਵੇਂ ਸਾਂਝਾ ਕਰੇਗੀ, ਇਸ ਰੂਪਰੇਖਾ ਬਾਬਤ ਇਹ ਸਮਝੌਤਾ ਹੋਇਆ ਹੈ।
ਮਿਨਿਸਟਰ ਮਿਲਰ ਨੇ ਕਿਹਾ ਕਿ ਰੈਜ਼ੀਡੈਂਸ਼ੀਅਲ ਸਕੂਲਾਂ ਨਾਲ ਸਬੰਧਤ ਰਿਕਾਰਡਾਂ ਤੱਕ ਪਹੁੰਚ ਨੂੰ ਯਕੀਨੀ ਬਣਾਉਣਾ ਕੈਨੇਡਾ ਦੀ ਨੈਤਿਕ ਜ਼ਿੰਮੇਵਾਰੀ ਹੈ ਅਤੇ ਦੁੱਖਾਂ ਦੇ ਨਿਵਾਰਣ ਤੇ ਸੁਲ੍ਹਾ ਲਈ ਵੀ ਬਹੁਤ ਮਹੱਤਵਪੂਰਨ ਹੈ।
ਅਕਤੂਬਰ ਵਿਚ, ਨੈਸ਼ਨਲ ਸੈਂਟਰ ਫ਼ੌਰ ਟ੍ਰੁੱਥ ਐਂਡ ਰੀਕਨਸੀਲੀਏਸ਼ਨ (ਐਨਸੀਆਰਟੀ) ਨੇ ਕਿਹਾ ਸੀ ਕਿ ਕੈਨੇਡਾ ਸਰਕਾਰ ਵੱਲੋਂ, ਸਰਕਾਰੀ ਫ਼ੰਡ ਅਤੇ ਚਰਚ ਦੁਆਰਾ ਚਲਾਏ ਗਏ ਉਹਨਾਂ ਸੰਸਥਾਨਾਂ ਬਾਬਤ ਮੁੱਖ ਦਸਤਾਵੇਜ਼ ਅਤੇ ਵੇਰਵੇ ਅਜੇ ਪ੍ਰਦਾਨ ਕਰਵਾਏ ਜਾਣੇ ਹਨ, ਜਿਹਨਾਂ ਸੰਸਥਾਨਾਂ ਰਾਹੀਂ ਰੈਜ਼ੀਡੈਂਸ਼ੀਅਲ ਸਕੂਲ ਚਲਾਏ ਜਾਂਦੇ ਸਨ।
ਦੇਖੋ। ਕੈਨੇਡਾ ਸਰਕਾਰ ਨੇ ਰਿਹਾਈਸ਼ੀ ਸਕੂਲਾਂ ਦੇ ਹਜ਼ਾਰਾਂ ਦਸਤਵੇਜ਼ ਸੌਂਪਣ ਬਾਬਤ ਸਮਝੌਤੇ 'ਤੇ ਦਸਤਖ਼ਤ ਕੀਤੇ :
ਦਸੰਬਰ ਵਿਚ ਮਿਲਰ ਨੇ ਕਿਹਾ ਸੀ ਕਿ ਫ਼ੈਡਰਲ ਸਰਕਾਰ ਜਲਦੀ ਹੀ ਰੈਜ਼ੀਡੈਂਸ਼ੀਅਲ ਸਕੂਲਾਂ ਨਾਲ ਸਬੰਧਤ ਕੁਝ ਹੋਰ ਰਿਕਾਰਡ ਅਤੇ ਦਸਤਾਵੇਜ਼ ਜਾਰੀ ਕਰੇਗੀ, ਜਿਹਨਾਂ ਰਿਕਾਰਡਾਂ ਨੂੰ ਰਾਸ਼ਟਰੀ ਪੁਰਾਤਤਵ ਕੇਂਦਰ ਵਿਚ ਰੋਕੀ ਰੱਖਣ ਕਾਰਨ ਸਰਕਾਰ ਦੀ ਆਲੋਚਨਾ ਵੀ ਹੁੰਦੀ ਰਹੀ ਹੈ।
ਮਿਲਰ ਨੇ ਅੱਜ ਦੱਸਿਆ ਕਿ ਇਸ ਸਮਝੌਤੇ ਅਧੀਨ ਐਨਸੀਆਰਟੀ ਨੂੰ 875,000 ਤੋਂ ਵੱਧ ਦਸਤਾਵੇਜ਼ ਸੌਂਪੇ ਜਾਣਗੇ।
ਸਰਕਾਰ ਨੇ ਕਿਹਾ ਕਿ ਕੈਥਲਿਕ ਚਰਚ ਦੇ ਅਦਾਰਿਆਂ ਅਤੇ ਕਿਸੇ ਤੀਜੀ-ਧਿਰ ਦਰਮਿਆਨ ਦੇ ਕਾਨੂੰਨੀ ਬੰਧਨ ਕਾਰਨ, ਪਹਿਲਾਂ ਇਹਨਾਂ ਦਸਤਾਵੇਜ਼ਾਂ ਨੂੰ ਜਾਰੀ ਨਹੀਂ ਕੀਤਾ ਗਿਆ ਸੀ।
ਐਨਸੀਆਰਟੀ ਨਾਲ ਕੰਮ ਕਰਨ ਵਾਲੇ ਇੱਕ ਰਿਹਾਈਸ਼ੀ ਸਕੂਲ ਦੇ ਸਰਵਾਈਵਰ ਗਾਰਨੈਟ ਐਂਜੀਕੌਨੇਬ ਨੇ ਕਿਹਾ, ਇਹ ਬਹੁਤ ਮਹੱਤਵਪੂਰਨ ਹੈ ਜੋ ਰਿਕਾਰਡ ਸੌਂਪੇ ਜਾਣਗੇ ਉਹ ਸੱਚ ਤੱਕ ਪਹੁੰਚਣ, ਸਾਡੀਆਂ ਕਹਾਣੀਆਂ ਦੱਸਣ, ਉਹਨਾਂ ਨੂੰ ਪ੍ਰਮਾਣਿਤ ਕਰਨ, ਅਤੇ ਇਹ ਸਵੀਕਾਰ ਕਰਨ ਕਿ ਅਸੀਂ ਕਿੱਥੋਂ ਆਏ ਹਾਂ, ਦਾ ਜ਼ਰੀਆ ਬਣਨਗੇ
।
- ਫ਼ੈਡਰਲ ਸਰਕਾਰ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਕੁਝ ਹੋਰ ਦਸਤਾਵੇਜ਼ ਜਲਦੀ ਜਾਰੀ ਕਰੇਗੀ : ਮਿਨਿਸਟਰ ਮਿਲਰ
- ਰੋਮ ਤੋਂ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਰਿਕਾਰਡ ਮੰਗਵਾਉਣ ਲਈ ਫ਼ੈਡਰਲ ਸਰਕਾਰ ਉੱਤੇ ਦਬਾਅ ਵਧਿਆ
- ਕੀ ਹੈ ਨੈਸ਼ਨਲ ਡੇ ਫ਼ੌਰ ਟ੍ਰੁੱਥ ਐਂਡ ਰੀਕਨਸੀਲੀਏਸ਼ਨ ਦਾ ਇਤਿਹਾਸਕ ਪਿਛੋਕੜ ?
ਹੋਰ ਦਸਤਾਵੇਜ਼ਾਂ ਦੀ ਤਲਾਸ਼
ਸਰਕਾਰ ਵੱਲੋਂ ਅਜੇ ਜਾਰੀ ਨਹੀਂ ਕੀਤੇ ਗਏ ਰਿਕਾਰਡਾਂ - ਜਿਹੜੇ ਸਕੂਲ ਦੇ ਬਿਰਤਾਂਤ ਵਜੋਂ ਜਾਣੇ ਜਾਂਦੇ ਹਨ - ਵਿਚ ਇੱਕਲੇ ਇੱਕਲੇ ਇਦਾਰੇ ਦੇ ਇਤਿਹਾਸ ਦਾ ਸਰਕਾਰ ਵੱਲੋਂ ਕੀਤਾ ਸੰਕਲਨ, ਜਿਸ ਵਿਚ ਇਦਾਰਿਆਂ ਦਾ ਪ੍ਰਸ਼ਾਸਨ, ਜਬਰਨ ਸਕੂਲ ਵਿਚ ਸ਼ਾਮਲ ਕੀਤੇ ਬੱਚਿਆਂ ਦਾ ਰਿਕਾਰਡ ਅਤੇ ਦੁਰਵਿਵਹਾਰ ਵਰਗੀਆਂ ਅਹਿਮ ਘਟਨਾਵਾਂ ਦਾ ਲੇਖਾ ਸ਼ਾਮਲ ਹੈ।
ਦੇਖੋ। ਕ੍ਰਾਊਨ-ਇੰਡਿਜਿਨਸ ਰਿਲੇਸ਼ਨਜ਼ ਮਿਨਿਸਟਰ ਮਾਰਕ ਮਿਲਰ ਇਸ ਸਮਝੌਤੇ ਬਾਰੇ ਗੱਲ ਕਰਦਿਆਂ :
ਹੇਠਾਂ ਦਰਜ ਸਕੂਲਾਂ ਦੇ ਬਿਰਤਾਂਤ ਐਨਸੀਆਰਟੀ ਨੂੰ ਸੌਂਪੇ ਜਾ ਰਹੇ ਹਨ:
- ਐਜ਼ੰਪਸ਼ਨ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ( ਆਈ ਆਰ ਐਸ )
- ਫ਼ੋਰਟ ਵਰਮਿਲੀਅਨ ਆਈ ਆਰ ਐਸ, ਗਰੂਆਰਡ ਆਈ ਆਰ ਐਸ
- ਸਟਰਜਨ ਲੇਕ ਆਈ ਆਰ ਐਸ
- ਕੈਮਲੂਪਸ ਆਈ ਆਰ ਐਸ
- ਕੂਪਰ ਆਈਲੈਂਡ ਆਈ ਆਰ ਐਸ
- ਸੇਂਟ ਮੈਰੀ ਆਈ ਆਰ ਐਸ
- ਮਿਸਤਾਸੀਨੀ ਹੌਸਟਲਜ਼ ਆਈ ਆਰ ਐਸ
- ਕਿਵਾਲਿਕ ਹੌਲ ਆਈ ਆਰ ਐਸ
- ਫ਼ੋਰਟ ਜੌਰਜ ਐਂਗਲੀਕਨ (ਸੇਂਟ ਫ਼ਿਲਿਪਸ) ਆਈ ਆਰ ਐਸ
- ਨੌਰਵੇ ਹਾਊਸ (ਯੂਨਾਈਟੇਡ) ਆਈ ਆਰ ਐਸ
ਇਹ ਨਵੇਂ ਦਸਤਾਵੇਜ਼ ਐਨਸੀਆਰਟੀ ਕੋਲ ਪਹਿਲਾਂ ਤੋਂ ਮੌਜੂਦ 125 ਹੋਰ ਰਿਹਾਈਸ਼ੀ ਸਕੂਲਾਂ ਦੇ ਬਿਰਤਾਂਤ ਦਸਤਾਵੇਜ਼ਾਂ (ਨਵੀਂ ਵਿੰਡੋ) ਵਿਚ ਸ਼ਾਮਲ ਹੋ ਜਾਣਗੇ।
ਮਿਲਰ ਨੇ ਕਿਹਾ ਕਿ ਉਹਨਾਂ ਨੇ ਆਪਣੇ ਸਟਾਫ਼ ਨੂੰ ਐਨਸੀਆਰਟੀ ਨਾਲ ਹੋਰ ਦਸਤਾਵੇਜ਼ ਸਾਂਝੇ ਕਰਨ ਲਈ ਵੀ ਆਖਿਆ ਹੈ।
ਮਿਲਰ ਨੇ ਕਿਹਾ, ਮੈਂ ਆਪਣੇ ਵਿਭਾਗ ਦੁਆਰਾ ਰੱਖੇ ਗਏ ਸਾਰੇ ਦਸਤਾਵੇਜ਼ਾਂ ਦੀ ਇੱਕ ਵਿਆਪਕ ਅੰਦਰੂਨੀ ਸਮੀਖਿਆ ਕਰਨ ਲਈ ਵੀ ਵਚਨਬੱਧ ਹਾਂ, ਤਾਂ ਜੋ ਅਸੀਂ ਸਰਵਾਈਵਰਜ਼ ਅਤੇ ਹੋਰ ਕਾਨੂੰਨੀ ਪ੍ਰਕਿਰਿਆਵਾਂ ਲਈ ਗੋਪਨੀਯਤਾ ਦੀਆਂ ਜ਼ਿੰਮੇਵਾਰੀਆਂ ਦਾ ਆਦਰ ਕਰਦੇ ਹੋਏ, ਹੋਰ ਸੰਭਾਵਿਤ ਰਿਕਾਰਡਾਂ ਦੀ ਪਛਾਣ ਕਰ ਸਕੀਏ
।
ਵਾਅਦਿਆਂ ਦੀ ਪੂਰਤੀ
ਐਨਸੀਆਰਟੀ ਦੀ ਐਗਜ਼ੈਕਟਿਵ ਡਾਇਰੈਕਟਰ, ਸਟੈਫ਼ਨੀ ਸਕੌਟ ਨੇ ਕਿਹਾ ਕਿ ਇਹਨਾਂ ਦਸਤਾਵੇਜ਼ਾਂ ਨੂੰ ਟ੍ਰਾਂਸਫ਼ਰ ਕਰਨ ਨਾਲ ਕੈਨੇਡਾ ਸਰਕਾਰ ਇੱਕ ਵਿਆਪਕ ਤਸਵੀਰ ਪੇਸ਼ ਕਰੇਗੀ ਕਿ ਰੈਜ਼ੀਡੈਂਸ਼ੀਅਲ ਸਕੂਲ ਪ੍ਰਣਾਲੀ ਕਿਸ ਤਰ੍ਹਾਂ ਕੰਮ ਕਰਦੀ ਸੀ।
ਪਿਛਲੇ ਸਾਲ ਕਈ ਸਾਬਕਾ ਰੈਜ਼ੀਡੈਂਸ਼ੀਅਲ ਸਕੂਲ ਦੇ ਵਿਹੜਿਆਂ ਚੋਂ, ਮੂਲਨਿਵਾਸੀ ਬੱਚਿਆਂ ਦੀਆਂ ਮੰਨੀਆਂ ਜਾ ਰਹੀਆਂ, ਬੇਨਿਸ਼ਾਨ ਕਬਰਾਂ ਮਿਲਣ ਦੀਆਂ ਖ਼ਬਰਾਂ ਤੋਂ ਬਾਅਦ ਇਹਨਾਂ ਸਕੂਲਾਂ ਦੇ ਦਸਤਾਵੇਜ਼ਾਂ ਦੀ ਮੰਗ ਤੇਜ਼ ਹੋ ਗਈ ਸੀ।
ਸਕੌਟ ਨੇ ਉਮੀਦ ਜਤਾਈ ਹੈ ਕਿ ਆਉਂਦੇ ਬਜਟ ਵਿਚ ਫ਼ੈਡਰਲ ਸਰਕਾਰ, ਐਨਸੀਆਰਟੀ ਲਈ ਨਵੀਂ ਇਮਾਰਤ ਅਤੇ ਦਸਤਾਵੇਜ਼ਾਂ ਦੀ ਬਿਹਤਰ ਸਾਂਭ-ਸੰਭਾਲ ਲਈ ਫ਼ੰਡਿੰਗ ਰਾਖਵੀਂ ਕਰੇਗੀ।
ਮਿਲਰ ਨੇ ਕਿਹਾ ਕਿ ਸਰਕਾਰ ਨੇ 2021 ਦੀ ਚੋਣ ਮੁਹਿੰਮ ਵਿਚ ਇਹ ਵਾਅਦੇ ਕੀਤੇ ਸਨ ਅਤੇ ਇਹਨਾਂ ਵਾਅਦਿਆਂ ਨੂੰ ਪੂਰਾ ਕੀਤਾ ਜਾਵੇਗਾ।
ਪੀਟਰ ਜ਼ਿਮੌਨਜਿਕ (ਨਵੀਂ ਵਿੰਡੋ) - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ