1. ਮੁੱਖ ਪੰਨਾ
 2. ਸਮਾਜ
 3. ਜਿਨਸੀ ਅਪਰਾਧ

ਕਈ ਔਰਤਾਂ ਨਾਲ ਛੇੜਖਾਨੀ ਕਰਨ ਦੇ ਮਾਮਲਿਆਂ ‘ਚ ਸਰਨਜੀਤ ਸਿੰਘ ਨੇ ਆਪਣਾ ਜੁਰਮ ਕਬੂਲਿਆ

22 ਸਾਲ ਦੇ ਨੌਜਵਾਨ ਦੇ ਕੈਨੇਡਾ ਤੋਂ ਡਿਪੋਰਟ ਹੋਣ ਦੀ ਸੰਭਾਵਨਾ

ਸਰਨਜੀਤ ਸਿੰਘ

22 ਸਾਲ ਦੇ ਸਰਨਜੀਤ ਸਿੰਘ ਨੇ ਛੇੜਖਾਨੀ ਦੇ ਛੇ ਮਾਮਲਿਆਂ ਵਿਚ ਆਪਣਾ ਜੁਰਮ ਕਬੂਲਿਆ ਹੈ।

ਤਸਵੀਰ: (London Police Service/News Release )

RCI

ਔਰਤਾਂ ਦਾ ਪਿੱਛਾ ਕਰਕੇ ਉਹਨਾਂ ਨੂੰ ਪ੍ਰੇਸ਼ਾਨ ਕਰਨ ਦੇ ਮਾਮਲਿਆਂ ਵਿਚ, ਸਰਨਜੀਤ ਸਿੰਘ ਨੇ ਇਕਬਾਲ ਏ ਜੁਰਮ ਕਰ ਲਿਆ ਹੈ। ਸਰਨਜੀਤ ਨੇ 6 ਅਪਰਾਧਕ ਮਾਮਲਿਆਂ ਵਿਚ ਆਪਣਾ ਜੁਰਮ ਸਵੀਕਾਰ ਕੀਤਾ ਹੈ ਅਤੇ ਉਸਨੂੰ ਕੈਨੇਡਾ ਤੋਂ ਡਿਪੋਰਟ ਕੀਤੇ ਜਾਣ ਦੀ ਸੰਭਾਵਨਾ ਹੈ।

ਸਰਨਜੀਤ ਦੇ ਕਈ ਪੀੜਤ ਵੈਸਟਰਨ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਹਨ।

ਸਰਨਜੀਤ 13 ਨਵੰਬਰ 2021 ਤੋਂ ਲੰਡਨ ਦੇ ਐਲਗਿਨ ਮਿਡਲਸੈਕਸ ਡਿਟੈੈਂਸ਼ਨ ਸੈਂਟਰ ਵਿਚ ਹੈ ਅਤੇ ਅਦਾਲਤ ਦੀ ਵਰਚੂਅਲ ਸੁਣਵਾਈ ਦੌਰਾਨ ਉਸਨੇ ਆਪਣੇ ਜੁਰਮ ਦਾ ਇਕਰਾਰ ਕੀਤਾ ਹੈ।

ਅਸਿਸਟੈਂਟ ਕ੍ਰਾਊਨ, ਐਰਿਕ ਕੋਸਟਾਰਿਸ ਨੇ ਅਦਾਲਤ ਨੂੰ ਦੱਸਿਆ ਕਿ ਸਰਨਜੀਤ ਇਕ ਵਿਦੇਸ਼ੀ ਨਾਗਰਿਕ ਹੈ ਜਿਸਦਾ ਕੈਨੇਡਾ ਵਿਚ ਪੱਕਾ ਸਟੇਟਸ ਨਹੀਂ ਹੈ, ਜਿਸ ਕਰਕੇ ਉਸਨੂੰ ਡਿਪੋਰਟ ਕੀਤੇ ਜਾਣ ਦੀ ਸੰਭਾਵਨਾ ਹੈ।

ਕੈਨੇਡੀਅਨ ਬਾਰਡਰ ਸਰਵਿਸੇਜ਼ ਏਜੰਸੀ ਦਾ ਇੱਕ ਨੁਮਾਇੰਦਾ ਵੀ ਵਰਚੂਅਲ ਕੋਰਟਰੂਮ ਵਿਚ ਮੌਜੂਦ ਸੀ।

ਸਰਨਜੀਤ ਨੂੰ ਤਿੰਨ ਸਾਲ ਦੀ ਪ੍ਰੋਬੇਸ਼ਨ ਦੀ ਸਜ਼ਾ ਵੀ ਤੈਅ ਹੋਈ ਹੈ। ਪ੍ਰੋਬੇਸ਼ਨ ਕੈਦ ਨਾਲੋਂ ਵੱਖਰੀ ਹੁੰਦੀ ਹੈ ਕਿਉਂਕਿ ਇਸ ਵਿਚ ਅਪਰਾਧੀ ਜੇਲ ਵਿਚ ਨਹੀਂ ਹੁੰਦਾ ਸਗੋਂ ਉਸਨੂੰ ਕੁਝ ਖ਼ਾਸ ਸ਼ਰਤਾਂ ‘ਤੇ ਰਿਹਾਈ ਮਿਲੀ ਹੁੰਦੀ ਹੈ।

ਵਕੀਲਾਂ ਮੁਤਾਬਕ, ਸਰਨਜੀਤ ਸਿੰਘ ਨੂੰ ਆਪਣੇ ਡੀਐਨਏ ਦਾ ਸੈਂਪਲ ਦੇਣਾ ਹੋਵੇਗਾ, ਉਹ ਆਪਣੇ ਪੀੜਤਾਂ ਨਾਲ ਸੰਪਰਕ ਨਹੀਂ ਕਰ ਸਕਦਾ, ਵੈਸਟਰਨ ਯੂਨੀਵਰਸਿਟੀ ਦੇ ਨਜ਼ਦੀਕ ਨਹੀਂ ਜਾ ਸਕਦਾ ਅਤੇ ਹਥਿਆਰ ਨਹੀਂ ਰੱਖ ਸਕਦਾ।

ਸਰਨਜੀਤ ਨੂੰ ਅਕਤੂਬਰ ਵਿਚ ਗ੍ਰਿਫ਼ਤਾਰ ਕਰਕੇ ਰਿਹਾਅ ਕੀਤਾ ਗਿਆ ਸੀ, ਪਰ ਫ਼ਿਰ ਨਵੰਬਰ ਵਿਚ ਹਿਰਾਸਤ ਵਿਚ ਲੈਕੇ ਉਸਨੂੰ ਜ਼ਮਾਨਤ ‘ਤੇ ਰਿਹਾਅ ਕੀਤਾ ਗਿਆ ਸੀ। ਉਸਨੂੰ ਫ਼ੇਰ ਜ਼ਮਾਨਤ ਮਿਲ ਜਾਣੀ ਸੀ ਪਰ ਉਸਨੇ ਆਪਣਾ ਜੁਰਮ ਸਵੀਕਾਰ ਕਰ ਲਿਆ।

ਫ਼ੂਡ ਡਿਲੀਵਰੀ ਡਰਾਈਵਰ

ਇੱਕ ਪੀੜਤ ਨੇ ਸੀਬੀਸੀ ਨਾਲ ਗੱਲ ਕਰਦਿਆਂ ਕਿਹਾ ਕਿ ਦੋਸ਼ੀ ਦਾ ਵਾਰ ਵਾਰ ਜ਼ਮਾਨਤ ‘ਤੇ ਰਿਹਾ ਹੋਣਾ ਕਾਫ਼ੀ ‘ਖਿਝ ਚੜ੍ਹਾਉਣ’ ਵਾਲਾ ਵਰਤਾਰਾ ਹੈ, ਕਿਉਂਕਿ ਉਸ ਦੇ ਪੀੜਤ ਤਾਂ ਅਜੇ ਵੀ ਡਰ ਵਿਚ ਹੀ ਹਨ।

ਸਰਨਜੀਤ ਨੇ ਅਦਾਲਤੀ ਸੁਣਵਾਈ ਦੌਰਾਨ, ਜੱਜ ਅਤੇ ਵਕੀਲਾਂ ਦੇ ਜਵਾਬ ਵਿਚ ਜੀ ਸਰ ਅਤੇ ਨਹੀਂ ਸਰ ਤੋਂ ਇਲਾਵਾ ਹੋਰ ਕੁਝ ਨਹੀਂ ਬੋਲਿਆ।

ਸਰਨਜੀਤ ਸਿੰਘ ਭਾਰਤੀ ਨਾਗਰਿਕ ਹੈ ਅਤੇ ਉਹ ਵਰਕ ਵੀਜ਼ਾ ‘ਤੇ ਕੈਨੇਡਾ ਵਿਚ ਹੈ। ਉਹ ਇੱਕ ਡਿਲੀਵਰੀ ਐਪ ਰਾਹੀਂ ਫ਼ੂਡ ਡਿਲੀਵਰ ਕਰਨ ਦਾ ਕੰਮ ਕਰਦਾ ਸੀ।

ਸਰਨਜੀਤ ਸਿੰਘ ਨੇ ਹੇਠਾਂ ਦਰਜ ਮਾਮਲਿਆਂ ਵਿਚ ਆਪਣਾ ਜੁਰਮ ਕਬੂਲ ਕੀਤਾ ਹੈ:

 1. 13 ਅਕਤੂਬਰ 2021 ਨੂੰ ਵੈਸਟਰਨ ਯੂਨੀਵਰਸਿਟੀ ਦੀਆਂ ਤਿੰਨ ਵਿਦਿਆਰਥਣਾਂ ਦਾ ਪਿੱਛਾ ਕੀਤਾ ਗਿਆ ਸੀ। ਸਰਨਜੀਤ ਆਪਣੇ ਵਾਹਨ ਚੋਂ ਨਿਕਲਿਆ ਅਤੇ ਉਹਨਾਂ ਲੜਕੀਆਂ ਨੂੰ ਆਪਣੇ ਨਾਲ ਸਿਗਰੇਟ ਪੀਣ ਲਈ ਪੁੱਛਣ ਲੱਗ ਪਿਆ। ਉਹ ਉਹਨਾਂ ਦੀ ਨਿਜੀ ਥਾਂ ‘ਤੇ ਪਹੁੰਚ ਗਿਆ ਜਿਸ ਕਰਕੇ ਉਹ ਬਹੁਤ ਡਰ ਗਈਆਂ। ਉਹ ਉੱਥੇ ਕਈ ਬਾਰ ਆਵਾਗੌਣ ਕਰਦਾ ਰਿਹਾ ਅਤੇ ਜਦੋਂ ਉਹ ਲੜਕੀਆਂ ਤੁਰੀਆਂ ਜਾ ਰਹੀਂਆਂ ਸਨ ਤਾਂ ਸਰਨਜੀਤ ਨੇ ਉਹਨਾਂ ਦਾ ਕਾਰ ਵਿਚ ਪਿੱਛਾ ਕੀਤਾ। ਬਾਅਦ ਵਿਚ, ਇੱਕ ਹੋਰ ਲੜਕੀ ਨਾਲ ਵੀ ਇਸੇ ਤਰ੍ਹਾਂ ਵਾਪਰਿਆ। ਸਰਨਜੀਤ ਨੇ ਉਸ ਲੜਕੀ ਦਾ ਆਪਣੀ ਕਾਰ ਵਿਚ ਪਿੱਛਾ ਕੀਤਾ ਅਤੇ ਕਾਰ ਨਾਲ ਉਸਦਾ ਰਸਤਾ ਰੋਕ ਲਿਆ। ਕਿਸੇ ਅਣਪਛਾਤੇ ਸ਼ਖ਼ਸ ਨੇ ਉਸਦੀ ਮਦਦ ਲਈ ਉਸ ਵੱਲ ਵਧਣਾ ਸ਼ੁਰੂ ਕੀਤਾ। 19 ਅਕਤੂਬਰ, 2021 ਨੂੰ ਸਰਨਜੀਤ ਨੇ ਨਰਸਿੰਗ ਬਿਲਡਿੰਗ ਕੋਲ ਜਾ ਰਹੀ ਇੱਕ ਔਰਤ ਦਾ ਪਿੱਛਾ ਕੀਤਾ। ਕਾਰ ਵਿਚ ਹੀ ਬੈਠਿਆਂ ਸਰਨਜੀਤ ਨੇ ਉਸ ਔਰਤ ਦਾ ਧਿਆਨ ਆਪਣੀ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ। ਉਸ ਔਰਤ ਦਾ ਪਾਰਕਿੰਗ ਲੌਟ ਤੱਕ ਪਿੱਛਾ ਕੀਤਾ ਅਤੇ ਉਹ ਉੱਥੋਂ ਬਚ ਕੇ ਨਿਕਲਣ ਦੀ ਕੋਸ਼ਿਸ਼ ਕਰਦੀ ਰਹੀ। ਕੈਂਪਸ ਪੁਲਿਸ ਵੱਲੋਂ ਸਰਨਜੀਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। 16 ਅਕਤੂਬਰ, 2021 ਨੂੰ ਗ੍ਰੋਸਰੀ ਕਰਕੇ ਘਰ ਵਾਪਸ ਆਈ ਇਕ ਔਰਤ ਆਪਣਾ ਸਮਾਨ ਵਾਪਸ ਉਤਾਰ ਰਹੀ ਸੀ, ਤਾਂ ਉਸਨੇ ਦੇਖਿਆ ਕਿ ਇੱਕ ਕਾਲੇ ਰੰਗ ਦੀ ਹੌਂਡਾ ਸਿਵਿਕ ਵਿਚ ਬੈਠਾ ਬੰਦਾ ਉਸ ਵੱਲ ਤੱਕ ਰਿਹਾ ਹੈ। ਜਦੋਂ ਉਹ ਔਰਤ ਘਰ ਜਾਣ ਲੱਗੀ ਤਾਂ ਸਰਨਜੀਤ ਉਸਦੇ ਡਰਾਈਵ ਵੇਅ ਤੱਕ ਆ ਗਿਆ ‘ਤੇ ਉਸਨੂੰ ਸਿਗਰਟ ਪੀਣ ਲਈ ਪੁੱਛਣ ਲੱਗਿਆ। ਔਰਨ ਨੇ ਸਰਨਜੀਤ ਨੂੰ ਮਨਾ ਕੀਤਾ ਅਤੇ ਉੱਥੋਂ ਚਲੇ ਜਾਣ ਲਈ ਆਖਿਆ। ਪਰ ਸਰਨਜੀਤ ਆਪਣੀ ਕਾਰ ਵਿਚ ਵਾਪਸ ਆ ਗਿਆ ਅਤੇ ਉੱਥੇ ਹੀ ਬੈਠਾ ਰਿਹਾ। 18 ਅਕਤੂਬਰ, 2021 ਨੂੰ ਵੀ ਸਰਨਜੀਤ ਨੇ ਇਸੇ ਤਰ੍ਹਾਂ ਇੱਕ ਔਰਤ ਨੂੰ ਸਿਗਰੇਟ ਪੀਣ ਲਈ ਆਖਿਆ ਅਤੇ ਉਸਦਾ ਪਿੱਛਾ ਕਰਨ ਲੱਗਾ। ਇਹ ਘਟਨਾ ਕੈਂਟ ਅਤੇ ਰਿਚਮੰਡ ਸਟ੍ਰੀਟ ਦੇ ਨਜ਼ਦੀਕ ਵਾਪਰੀ ਸੀ। ਉਸ ਔਰਤ ਨੇ ਡਰ ਕੇ ਖ਼ੁਦ ਨੂੰ ਆਪਣੀ ਕਾਰ ਵਿਚ ਬੰਦ ਕਰ ਲਿਆ ਅਤੇ ਮਦਦ ਲਈ ਆਪਣੀ ਕਾਰ ਦੇ ਹੌਰਨ ਵਜਾਉਣ ਲੱਗ ਗਈ। ਕੁਝ ਚਿਰ ਬਾਅਦ ਸਰਨਜੀਤ ਉੱਥੋਂ ਚਲਾ ਗਿਆ।

 2. 23 ਅਕਤੂਬਰ, 2021 ਨੂੰ ਆਪਣੇ ਘਰ ਤੁਰੀ ਜਾਂਦੀ ਇੱਕ ਲੜਕੀ ਨੇ ਇੱਕ ਕਾਲੇ ਰੰਗ ਦੀ ਹੌਂਡਾ ਸਿਵਿਕ ਵਿਚ ਇੱਕ ਸ਼ਖਸ ਨੂੰ ਆਪਣਾ ਪਿੱਛਾ ਕਰਦਿਆਂ ਦੇਖਿਆ। ਉਹ ਆਪਣੇ ਘਰ ਗਈ ਅਤੇ ਉਸਨੇ ਆਪਣੇ ਪਿਤਾ ਅਤੇ ਪੁਲਿਸ ਨੂੰ ਫ਼ੋਨ ਕੀਤਾ। ਸਰਨਜੀਤ ਘਰ ਦੇ ਮੁੱਖ ਦਰਵਾਜ਼ੇ ਤੱਕ ਆਇਆ ਅਤੇ ਪੰਜ ਮਿੰਟ ਤੱਕ ਦਰਵਾਜ਼ਾ ਖੜਕਾਉਂਦਾ ਰਿਹਾ। ਲੜਕੀ ਨੇ ਸਾਰੇ ਘਰ ਦੇ ਦਰਵਾਜ਼ੇ ਬੰਦ ਕਰ ਲਏ। ਸਰਨਜੀਤ ਘਰ ਦੀਆਂ ਪੌੜੀਆਂ ‘ਤੇ ਹੀ ਰੁਕ ਗਿਆ ਅਤੇ ਸਿਗਰੇਟ ਪੀਣ ਲੱਗਾ। ਉਸਨੇ ਉੱਥੋਂ ਜਾਣ ਤੋਂ ਇਨਕਾਰ ਕਰ ਦਿੱਤਾ। ਜਦੋਂ ਲੜਕੀ ਦਾ ਪਿਤਾ ਉੱਥੇ ਪਹੁੰਚਿਆ ਤਾਂ ਸਰਨਜੀਤ ਨੇ ਉਸਨੂੰ ਕਿਹਾ ਕਿ ਉਹ ਉਸਦੀ ਬੇਟੀ ਨੂੰ ਡੇਟ ‘ਤੇ ਲਿਜਾਣ ਆਇਆ ਸੀ। ਪੁਲਿਸ ਨੇ ਸਰਨਜੀਤ ਨੂੰ ਗ੍ਰਿਫ਼ਤਾਰ ਕਰ ਲਿਆ।

 3. 13 ਨਵੰਬਰ, 2021 ਨੂੰ ਇੱਕ ਔਰਤ ਐਡਲੇਡ ਸਟ੍ਰੀਟ ਅਤੇ ਕਮਿਸ਼ਨਰਜ਼ ਰੋਡ ਇਲਾਕੇ ਚੋਂ ਆਪਣੇ ਕੰਮ ਤੋਂ ਨਿਕਲ ਰਹੀ ਸੀ। ਉਹ ਪਿਛਲੇ ਦੋ ਹਫ਼ਤਿਆਂ ਤੋਂ ਦੇਖ ਰਹੀ ਸੀ ਕਿ ਉਸ ਇਲਾਕੇ ਵਿਚ ਸਰਨਜੀਤ ਉਸ ‘ਤੇ ਨਜ਼ਰ ਰੱਖਦਾ ਹੈ। ਇਸ ਦਿਨ ਵੀ ਉਹ ਸੜਕ ਪਾਰ ਕਰਨ ਲੱਗੀ ਪਰ ਉਸਨੇ ਦੇਖਿਆ ਕਿ ਸਰਨਜੀਤ ਉਸਨੂੰ ਦੇਖ ਰਿਹਾ ਸੀ ਤਾਂ ਉਹ ਟਿਮ ਹੌਰਟਨਜ਼ ਵਿਚ ਚਲੀ ਗਈ। ਉਹ ਪੁਲਿਸ ਦੇ ਪਹੁੰਚਣ ਤੱਕ ਟਿਮ ਵਿਚ ਹੀ ਮੌਜੂਦ ਰਹੀ। ਸਰਨਜੀਤ ਨੂੰ ਗ੍ਰਿਫ਼ਤਾਰ ਕਰ ਕੀਤਾ ਗਿਆ ਸੀ।

 4. 18 ਅਕਤੂਬਰ, 2021 ਨੂੰ ਇੱਕ ਔਰਤ ਵੈਸਟਰਨ ਯੂਨੀਵਰਸਿਟੀ ਨਜ਼ਦੀਕ ਰਿਚਮੰਡ ਸਟ੍ਰੀਟ ‘ਤੇ ਸਥਿਤ ਇੱਕ ਕਨਵੀਨੀਐਂਸ ਸਟੋਰ ਵਿਚ ਜਾ ਰਹੀ ਸੀ। ਸਰਨਜੀਤ ਨੇ ਉਸਨੂੰ ਰੋਕਿਆ ਅਤੇ ਆਪਣੀ ਕਾਰ ਦਾ ਦਰਵਾਜ਼ਾ ਖੋਲ ਕੇ ਉਸਨੂੰ ਕਾਰ ਵਿਚ ਬੈਠਣ ਲਈ ਆਖਿਆ। ਔਰਤ ਨੇ ਨਜ਼ਰਅੰਦਾਜ਼ ਕੀਤਾ, ਪਰ ਸਰਨਜੀਤ ਆਪਣੀ ਕਾਰ ਚੋਂ ਉਤਰ ਕੇ ਉਸ ਔਰਤ ਦੇ ਪਿੱਛੇ ਹੋ ਲਿਆ ਅਤੇ ਉਸਨੂੰ ਸਿਗਰੇਟ ਦੀ ਪੇਸ਼ਕਸ਼ ਕਰਨ ਲੱਗਾ। ਉਸਨੇ ਆਪਣੇ ਸ਼ਰੀਰ ਨਾਲ ਔਰਤ ਦਾ ਰਸਤਾ ਰੋਕਿਆ ਪਰ ਉਹ ਔਰਤ ਭੱਜ ਕੇ ਕਨਵੀਨੀਐਂਸ ਸਟੋਰ ਵਿਚ ਵ੍ਹੜ ਗਈ। ਸਰਨਜੀਤ ਉੱਥੇ ਰੁਕਿਆ ਰਿਹਾ ਤੇ ਉਸਨੂੰ ਦੇਖੀ ਗਿਆ। ਔਰਤ ਨੇ ਆਪਣੇ ਕਿਸੇ ਮਿੱਤਰ ਨੂੰ ਫ਼ੋਨ ਕਰਕੇ ਮਦਦ ਲਈ ਬੁਲਾਇਆ। 18 ਨਵੰਬਰ, 2021 ਨੂੰ ਜਦ ਉਸਨੇ ਪੁਲਿਸ ਵੱਲੋਂ ਜਾਰੀ ਕੀਤੀ ਸਰਨਜੀਤ ਦੀ ਤਸਵੀਰ ਦੇਖੀ ਤਾਂ ਉਦੋਂ ਉਸਨੇ ਪੁਲਿਸ ਨੂੰ ਕਾਲ ਕੀਤੀ।

 5. 7 ਨਵੰਬਰ, 2021 ਨੂੂੰ ਸਰਨਜੀਤ ਦੇ ਗਵਾਂਢ ਵਿਚ ਰਹਿਣ ਵਾਲੀ ਔਰਤ ਜਦੋਂ ਆਪਣੀ ਗ੍ਰੋਸਰੀ ਦਾ ਸਮਾਨ ਕਾਰ ਚੋਂ ਉਤਾਰ ਕੇ ਕਾਰ ਸਾਫ਼ ਕਰ ਰਹੀ ਸੀ, ਤਾਂ ਉਸਨੇ ਮਹਿਸੂਸ ਕੀਤਾ ਕਿ ਸਰਨਜੀਤ 20 ਮਿੰਟ ਤੋਂ ਉਸਨੂੰ ਦੇਖ ਰਿਹਾ ਸੀ। ਉਸਨੇ ਇਸ ਬਾਰੇ ਆਪਣੇ ਪਤੀ ਨੂੰ ਦੱਸਿਆ। ਸੋਸ਼ਲ ਮੀਡੀਆ ‘ਤੇ ਸਰਨਜੀਤ ਦੀ ਤਸਵੀਰ ਦੇਖਣ ਤੋਂ ਬਾਅਦ ਉਸਨੇ ਇਸ ਘਟਨਾ ਦੀ ਰਿਪੋਰਟ ਕੀਤੀ।

 6. 6 ਜਾਂ 7 ਨਵੰਬਰ 2021 ਨੂੰ ਸਰਨਜੀਤ ਦੇ ਗਵਾਂਢ ਵਿਚ ਰਹਿਣ ਵਾਲੀ ਇੱਕ ਹੋਰ ਔਰਤ ਜਦੋਂ ਆਪਣੀ ਕਾਰ ਵਿਚ ਕਿਤੇ ਜਾਣ ਲਈ ਨਿਕਲੀ ਤਾਂ ਸਰਨਜੀਤ ਕਾਰ ਦੇ ਸਾਹਮਣੇ ਖੜ੍ਹਾ ਹੋ ਗਿਆ ਅਤੇ ਕਿਹਾ ਕਿ ਉਹ ਉੱਥੋਂ ਨਹੀਂ ਜਾ ਸਕਦੀ। ਉਹ ਕਿਸੇ ਤਰ੍ਹਾਂ ਉੱਥੋਂ ਨਿਕਲ ਗਈ। ਜਦੋਂ ਉਹ ਵਾਪਸ ਆਈ ਤਾਂ ਸਰਨਜੀਤ ਲਗਾਤਾਰ ਉਸਦੇ ਘਰ ਦੀ ਘੰਟੀ ਵਜਾਉਂਦਾ ਰਿਹਾ। ਔਰਤ ਨੇ ਇਸ ਡਰ ਤੋਂ ਦਰਵਾਜ਼ਾ ਨਹੀਂ ਖੋਲਿਆ ਕਿ ਕਿਤੇ ਸਰਨਜੀਤ ਅੰਦਰ ਨਾ ਵੜ੍ਹ ਆਵੇ। ਔਰਤ ਦੇ ਨਾਲ ਰਹਿਣ ਵਾਲੇ ਇੱਕ ਸ਼ਖ਼ਸ ਨੇ ਸਰਨਜੀਤ ਨੂੰ ਉੱਥੋਂ ਚਲੇ ਜਾਣ ਲਈ ਕਿਹਾ। ਪਰ ਦੇਰ ਰਾਤ ਤਕਰੀਬਨ 11.30 ਵਜੇ , ਜਦੋਂ ਉਹ ਔਰਤ ਆਪਣੀ ਕਾਰ ਵੱਲ ਜਾ ਰਹੀ ਸੀ, ਤਾਂ ਸਰਨਜੀਤ ਬਾਹਰ ਨਿਕਲ ਆਇਆ ਅਤੇ ਉੱਚੀ ਉਚੀ ਉਸਦਾ ਨਾਂ ਪੁਕਾਰਨ ਲੱਗ ਪਿਆ। 18 ਨਵੰਬਰ, 2021 ਨੂੰ ਇਸ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ।

 7. ਕੇਟ ਡੁਬਿਨਸਕੀ (ਨਵੀਂ ਵਿੰਡੋ) - ਸੀਬੀਸੀ ਨਿਊਜ਼

  ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ