1. ਮੁੱਖ ਪੰਨਾ
 2. ਰਾਜਨੀਤੀ
 3. ਪ੍ਰਾਂਤਿਕ ਰਾਜਨੀਤੀ

ਓਨਟੇਰਿਓ ਚ 31 ਜਨਵਰੀ ਤੋਂ ਹੋਵੇਗੀ ਕੋਵਿਡ ਰੋਕਾਂ ਵਿਚ ਢਿੱਲ, ਮਾਰਚ ਤੱਕ ਜ਼ਿਆਦਾਤਰ ਰੋਕਾਂ ਹਟਾਉਣ ਦੀ ਯੋਜਨਾ

ਵੈਕਸੀਨ ਪ੍ਰਮਾਣ ਅਤੇ ਮਾਸਕ ਪਹਿਨਣ ਦੀ ਜ਼ਰੂਰਤ ਰਹੇਗੀ ਬਰਕਰਾਰ

ਉਨਟੇਰਿਉ ਪ੍ਰੀਮੀਅਰ ਡਗ ਫ਼ੋਰਡ

ਓਨਟੇਰਿਓ ਪ੍ਰੀਮੀਅਰ ਡਗ ਫ਼ੋਰਡ ਨੇ ਕਿਹਾ ਕਿ ਸਰਕਾਰ "ਪੂਰੀ ਵੈਕਸੀਨੇਸ਼ਨ" ਦੀ ਪਰਿਭਾਸ਼ਾ ਵਿਚ ਤੀਸਰੀ ਡੋਜ਼ ਸ਼ਾਮਲ ਕਰਨ ਬਾਰੇ ਫ਼ਿਲਹਾਲ ਵਿਚਾਰ ਨਹੀਂ ਕਰ ਰਹੀ ਹੈ।

ਤਸਵੀਰ: La Presse canadienne / Chris Young

RCI

ਓਨਟੇਰਿਓ ਵਿਚ ਇਸ ਮਹੀਨੇ ਦੇ ਅਖ਼ੀਰ ਤੋਂ ਕੋਵਿਡ-19 ਰੋਕਾਂ ਵਿਚ ਢਿੱਲ ਦਾ ਸਿਲਸਿਲਾ ਸ਼ੁਰੂ ਹੋ ਰਿਹਾ ਹੈ ਅਤੇ ਮਾਰਚ 2022 ਤੱਕ ਲੱਗਭੱਗ ਸਾਰੀਆਂ ਪਾਬੰਦੀਆਂ ਹਟਾਏ ਜਾਣ ਦੀ ਯੋਜਨਾ ਉਲੀਕੀ ਗਈ ਹੈ।

31 ਜਨਵਰੀ ਤੋਂ ਹੇਠਾਂ ਦਰਜ ਇੰਡੋਰ ਥਾਂਵਾਂ ਨੂੰ 50 ਫ਼ੀਸਦੀ ਕਪੈਸਿਟੀ ਲਿਮਿਟ ਨਾਲ ਦੁਬਾਰਾ ਖੁੱਲਣ ਦੀ ਆਗਿਆ ਹੋਵੇਗੀ:

 • ਰੈਸਟੋਰੈਂਟ, ਬਾਰ ਅਤੇ ਬਗ਼ੈਰ ਡਾਂਸ ਵਾਲੀਆਂ ਖਾਣ-ਪੀਣ ਦੀਆਂ ਥਾਂਵਾਂ
 • ਰਿਟੇਲਰ, ਜਿਸ ਵਿਚ ਸ਼ੌਪਿੰਗ ਮੌਲ ਵੀ ਸ਼ਾਮਲ ਹਨ
 • ਜਿਮ ਅਤੇ ਸਪੋਰਟਸ ਦੀਆਂ ਥਾਂਵਾਂ ਵਿਚ ਬਗ਼ੈਰ ਦਰਸ਼ਕਾਂ ਵਾਲੀ ਜਗ੍ਹਾ
 • ਮੂਵੀ ਥੀਏਟਰ
 • ਮਿਊਜ਼ੀਆਮ, ਗੈਲਰੀਆਂ, ਐਕੁਏਰੀਅਮ, ਚਿੜੀਆ-ਘਰ ਅਤੇ ਇਸ ਕਿਸਮ ਦੀਆਂ ਹੋਰ ਥਾਂਵਾਂ
 • ਕੈਸੀਨੋ, ਬਿੰਗੋ ਹੌਲ ਅਤੇ ਗੇਮਿੰਗ ਦੀਆਂ ਥਾਂਵਾਂ
 • ਧਾਰਮਿਕ ਸੇਵਾਵਾਂ ਅਤੇ ਸਮਾਗਮ

ਸਰਕਾਰੀ ਰਿਲੀਜ਼ ਮੁਤਾਬਕ, ਸਪੋਰਟਸ ਦੀਆਂ ਥਾਂਵਾਂ ‘ਤੇ ਦਰਸ਼ਕਾਂ ਵਾਲੀ ਜਗ੍ਹਾ ਵੀ 50 ਫ਼ੀਸਦੀ ਕਪੈਸਿਟੀ ਜਾਂ ਵੱਧ ਤੋਂ ਵੱਧ 500 ਦਰਸ਼ਕਾਂ, ਜੋ ਵੀ ਘੱਟ ਹੋਵੇ, ਨਾਲ ਖੁਲ ਸਕੇਗੀ।

ਵੈਕਸੀਨ ਸਰਟੀਫ਼ਿਕੇਟ ਅਤੇ ਮਾਸਕ ਪਹਿਨਣ ਦੀ ਜ਼ਰੂਰਤ ਬਰਕਰਾਰ ਰਹੇਗੀ।

ਇੰਡੋਰ ਥਾਂਵਾਂ ‘ਤੇ 10 ਅਤੇ ਆਊਟਡੋਰ ਥਾਂਵਾਂ ’ਤੇ 25 ਲੋਕਾਂ ਦੇ ਇਕੱਠੇ ਹੋਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ।

ਫ਼ੇਰ 21 ਫ਼ਰਵਰੀ ਤੋਂ ਇੰਡੋਰ ਥਾਂਵਾਂ ’ਤੇ ਸਮਾਜਿਕ ਇਕੱਠਾਂ ਦੀ ਲਿਮਿਟ ਨੂੰ ਵਧਾਕੇ 25 ਅਤੇ ਆਊਟਡੋਰ ਲਿਮਿਟ ਨੂੰ ਵਧਾਕੇ 100 ਕੀਤੇ ਜਾਣ ਦੀ ਯੋਜਨਾ ਹੈ। ਇਸ ਦੇ ਨਾਲ ਹੀ :

 • ਜਿਹਨਾਂ ਥਾਂਵਾਂ ’ਤੇ ਵੈਕਸੀਨ ਪ੍ਰਮਾਣ ਦੀ ਜ਼ਰੂਰਤ ਹੈ ਉੱਥੇ ਕਪੈਸਿਟੀ ਲਿਮਿਟ ਹਟਾ ਦਿੱਤੀ ਜਾਵੇਗੀ
 • ਸਪੋਰਟਸ, ਕੌਨਸਰਟ ਅਤੇ ਇਸੇ ਤਰ੍ਹਾਂ ਦੀਆਂ ਹੋਰ ਸੈਟਿੰਗਜ਼ ਵਿਚ ਦਰਸ਼ਕਾਂ ਦੀ 50 ਫ਼ੀਸਦੀ ਤੱਕ ਦੀ ਕਪੈਸਿਟੀ ਲਿਮਿਟ ਹੋ ਜਾਵੇਗੀ।
 • ਜਿਹਨਾਂ ਥਾਵਾਂ ’ਤੇ ਵੈਕਸੀਨੇਸ਼ਨ ਦੇ ਪ੍ਰਮਾਣ ਦੀ ਜ਼ਰੂਰਤ ਨਹੀਂ ਹੈ ਉਹਨਾਂ ਜ਼ਿਆਦਾਤਰ ਇੰਡੋਰ ਥਾਂਵਾਂ ‘ਤੇ ਕਪੈਸਿਟੀ ਨੂੰ ਉਸ ਸੀਮਾ ‘ਤੇ ਰੱਖਿਆ ਜਾਵੇਗਾ ਜਿਸ ਤਹਿਤ ਲੋਕ 2 ਮੀਟਰ ਦੀ ਸਮਾਜਿਕ ਦੂਰੀ ਸੁਨਿਸ਼ਚਿਤ ਕਰ ਸਕਣ
 • ‘ਵੱਧ ਖ਼ਤਰੇ ਵਾਲੀਆਂ’ ਮੰਨੀਆਂ ਜਾਣ ਵਾਲੀਆਂ ਇੰਡੋਰ ਥਾਵਾਂ ਜਿਵੇਂ ਨਾਈਟਕਲੱਬ, ਵਿਆਹ ਦੇ ਰਿਸੈਪਸ਼ਨ, ਬਾਥਹਾਊਸ ਜਾਂ ਸੈਕਸ ਕਲੱਬ ਵਿਚ ਇੰਡੋਰ ਕਪੈਸਿਟੀ ਲਿਮਿਟ ਨੂੰ 25 ਫ਼ੀਸਦੀ ਤੱਕ ਵਧਾਇਆ ਜਾਵੇਗਾ।

ਫ਼ੇਰ ਅਖ਼ੀਰ 14 ਮਾਰਚ ਨੂੰ, ਸਰਕਾਰ ਮੁਤਾਬਕ ਇੰਡੋਰ ਥਾਂਵਾਂ ‘ਤੇ ਸਾਰੀਆਂ ਕਪੈਸਿਟੀ ਲਿਮਿਟਸ ਹਟਾਈਆਂ ਜਾਣਗੀਆਂ। ਵੈਕਸੀਨ ਪ੍ਰਮਾਣ ਅਤੇ ਮਾਸਕ ਪਹਿਨਣ ਦੀ ਜਿੱਥੇ ਜ਼ਰੂਰਤ ਮੌਜੂਦ ਹੈ, ਉਹਨਾਂ ਥਾਵਾਂ ਤੇ ਇਹ ਬਰਕਰਾਰ ਰਹੇਗੀ।

ਧਾਰਮਿਕ ਸੇਵਾਵਾਂ ਅਤੇ ਸਮਾਗਮਾਂ ਲਈ ਕਪੈਸਿਟੀ ਲਿਮਿਟ ਹਟ ਜਾਵੇਗੀ ਅਤੇ ਇੰਡੋਰ ਥਾਵਾਂ ‘ਤੇ 50 ਲੋਕਾਂ ਦੇ ਇੱਕਠੇ ਹੋਣ ਦੀ ਇਜਾਜ਼ਤ ਹੋਵੇਗੀ। ਆਊਟਡੋਰ ਸਮਾਜਿਕ ਇਕੱਠਾਂ ਲਈ ਕੋਈ ਪਾਬੰਦੀ ਨਹੀਂ ਹੋਵੇਗੀ।

ਓਨਟੇਰਿਓ ਪ੍ਰੀਮੀਅਰ ਨੇ ਵੀਰਵਾਰ ਨੂੰ ਇਸ ਯੋਜਨਾ ਦਾ ਐਲਾਨ ਕਰਦਿਆਂ ਨਾਲ ਇਹ ਵੀ ਕਿਹਾ, ਕਿ ਕੋਵਿਡ-19 ਦੀ ਬਦਲਦੀ ਸਥਿਤੀ ਦੇ ਅਨੁਕੂਲ ਇਸ ਟਾਈਮਲਾਈਨ ਵਿਚ ਤਬਦੀਲੀ ਵੀ ਹੋ ਸਕਦੀ ਹੈ।

ਉਹਨਾਂ ਕਿਹਾ ਕਿ ਸਰਕਾਰ ਬੇਹੱਦ ਸਾਵਧਾਨੀ ਨਾਲ ਅੱਗੇ ਵਧ ਰਹੀ ਹੈ।

ਹਾਲ ਹੀ ਵਿਚ ਓੁਨਟੇਰਿਓ ਦੀ ਹੈਲਥ ਮਿਨਿਸਟਰ ਕ੍ਰਿਸਟੀਨ ਐਲੀਅਟ ਨੇ ਕਿਹਾ ਸੀ ਕਿ ਇਸ ਮਹੀਨੇ ਦੇ ਅੰਦਰ ਹੀ ਓਮੀਕਰੌਨ ਕਰਕੇ ਵਧ ਰਹੇ ਕੋਵਿਡ-19 ਮਾਮਲਿਆਂ ਦਾ ਸਿਖਰ ਹੋਣ ਦੀ ਉਮੀਦ ਹੈ। 

ਹਾਲਾਂਕਿ, 4,000 ਤੋਂ ਵੱਧ ਕੋਵਿਡ ਮਰੀਜ਼ ਓੁਨਟੇਰਿਓ ਦੇ ਹਸਪਤਾਲਾਂ ਵਿਚ ਭਰਤੀ ਹਨ, ਪਰ ਹਰ ਹਫ਼ਤੇ ਦੁਗਣੇ ਹੋ ਰਹੇ ਹਸਤਪਾਲ ਦਾਖਲਿਆਂ ਦੀ ਗਿਣਤੀ ਵਿਚ ਕਮੀ ਆਉਣੀ ਸ਼ੁਰੂ ਹੋ ਗਈ ਹੈ। ਇਸ ਮਹੀਨੇ ਦੀ ਸ਼ੁਰੂਆਤ ਵਿਚ ਹਸਪਤਾਲ ਦਾਖ਼ਲੇ ਹਰ ਕੁਝ ਦਿਨਾਂ ਬਾਅਦ ਦੁਗਣੇ ਹੋ ਰਹੇ ਸਨ।

ਇਸਦੇ ਨਾਲ ਹੀ ਹੁਣ ਮਰੀਜ਼ਾਂ ਦੇ ਹਸਪਤਾਲਾਂ ਅਤੇ ਆਈਸੀਯੂ ਵਿਚ ਦਾਖ਼ਲੇ ਦੀ ਮਿਆਦ ਵਿਚ ਵੀ ਸਥਿਰਤਾ ਆ ਰਹੀ ਹੈ। ਓਮੀਕਰੌਨ ਵੇਰੀਐਂਟ ਦੇ ਮਰੀਜ਼ਾਂ ਦੀ ਹਸਪਤਾਲਾਂ ਵਿਚ ਮਿਆਦ ਔਸਤਨ ਪੰਜ ਦਿਨ ਹੈ, ਜਦਕਿ ਡੈਲਟਾ ਵੇਰੀਐਂਟ ਦੇ ਮਰੀਜ਼ਾਂ ਦੀ ਇਹ ਮਿਆਦ ਔਸਤਨ 9 ਦਿਨ ਸੀ।

ਸੂਬਾ ਸਰਕਾਰ ਵੱਲੋਂ ਵੀਰਵਾਰ ਦੇ ਐਲਾਨ ਵਿਚ ਹਸਤਪਾਲਾਂ ਵਿਚ ਮੁਲਤਵੀ ਕੀਤੀਆਂ ਗ਼ੈਰ-ਐਮਰਜੈਂਸੀ ਸਰਜਰੀਆਂ ਦਾ ਜ਼ਿਕਰ ਨਹੀਂ ਕੀਤਾ ਗਿਆ। ਮਿਨਿਸਟਰ ਐਲੀਟ ਨੇ ਕਿਹਾ ਕਿ ਜਦੋਂ ਤੱਕ ਆਈਸੀਯੂ ਕੋਵਿਡ ਮਰੀਜ਼ਾਂ ਤੋਂ ਖ਼ਾਲੀ ਹੋਣਾ ਸ਼ੁਰੂ ਨਹੀਂ ਹੋ ਜਾਂਦਾ, ਉਦੋਂ ਤੱਕ ਇਹਨਾਂ ਸਰਜਰੀਆਂ ਨੂੰ ਮੁਲਤਵੀ ਰੱਖਿਆ ਜਾਵੇਗਾ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ