1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

200 ਤੋਂ ਵੱਧ ਅਫ਼ਗ਼ਾਨ ਸ਼ਰਨਾਰਥੀ ਵੈਨਕੂਵਰ ਪਹੁੰਚੇ

ਪਹੁੰਚਣ ਵਾਲਿਆਂ ਵਿਚ ਜ਼ਿਆਦਾਤਰ ਲੋਕ ਉਹ ਹਨ ਜਿਹਨਾਂ ਨੇ ਅਫ਼ਗ਼ਾਨਿਸਤਾਨ ਵਿਚ ਕੈਨੇਡੀਅਨ ਸਰਕਾਰ ਲਈ ਅਹਿਮ ਕੰਮ ਕੀਤਾ ਸੀ

24 ਅਗਸਤ 2021 ਨੂੰ ਟੋਰੌਂਟੋ ਏਅਰਪੋਰਟ ਪਹੁੰਚਣ ਤੋਂ ਬਾਅਦ ਬਸ ਲੈਣ ਲੱਗੇ ਅਫ਼ਗ਼ਾਨੀ ਸ਼ਰਨਾਰਥੀਆਂ ਦੀ ਤਸਵੀਰ।

24 ਅਗਸਤ 2021 ਨੂੰ ਟੋਰੌਂਟੋ ਦੇ ਪੀਅਰਸਨ ਏਅਰਪੋਰਟ ਪਹੁੰਚਣ ਤੋਂ ਬਾਅਦ ਬਸ ਲੈਣ ਲੱਗੇ ਅਫ਼ਗ਼ਾਨੀ ਸ਼ਰਨਾਰਥੀਆਂ ਦੀ ਤਸਵੀਰ।

ਤਸਵੀਰ:  (MCpl Genevieve Lapointe/Canadian Forces Combat Camera/Canadian Armed Forces Photo/Reuters)

RCI

200 ਤੋਂ ਵੱਧ ਅਫ਼ਗ਼ਾਨ ਸ਼ਰਨਾਰਥੀ ਵੈਨਕੂਵਰ ਪਹੁੰਚ ਗਏ ਹਨ। ਪਿਛਲੇ ਸਾਲ ਅਗਸਤ ਵਿਚ ਤਾਲਿਬਾਨ ਦੇ ਅਫ਼ਗ਼ਾਨਿਸਤਾਨ ‘ਤੇ ਕਾਬਜ਼ ਹੋਣ ਤੋਂ ਬਾਅਦ ਉੱਥੋਂ ਆਉਣ ਵਾਲੇ ਸ਼ਰਨਾਰਥੀਆਂ ਚੋਂ ਪਹਿਲੀ ਵਾਰੀ ਇੰਨੇ ਰਿਫ਼ਿਊਜੀ ਬੀ.ਸੀ ਪਹੁੰਚੇ ਹਨ।

ਇਮੀਗ੍ਰੇਸ਼ਨ ਮਿਨਿਸਟਰ, ਸ਼ੌਨ ਫ਼੍ਰੇਜ਼ਰ ਨੇ ਦੱਸਿਆ ਕਿ ਇਹਨਾਂ ਸ਼ਰਨਾਰਥੀਆਂ ਨੂੰ ਮਿਲਾ ਕੇ ਹੁਣ ਤੱਕ ਤਕਰੀਬਨ 7,000 ਸ਼ਰਨਾਰਥੀਆਂ ਨੂੰ ਏਅਰਲਿਫ਼ਟ ਕਰਕੇ ਕੈਨੇਡਾ ਲਿਆਇਆ ਜਾ ਚੁੱਕਾ ਹੈ।

ਉਹਨਾਂ ਦੱਸਿਆ ਕਿ ਨਵੇਂ ਆਏ ਸ਼ਰਨਾਰਥੀਆਂ ਚੋਂ 161 ਵੈਨਕੂਵਰ ਵਿਚ ਹੀ ਰਹਿਣਗੇ ਅਤੇ 48 ਜਣੇ ਮੁਲਕ ਦੇ ਹੋਰ ਥਾਂਵਾਂ ‘ਤੇ ਚਲੇ ਜਾਣਗੇ ਜਿੱਥੇ ਉਹਨਾਂ ਦੇ ਸਬੰਧੀ ਰਹਿੰਦੇ ਹਨ।

ਮਿਨਿਸਟਰ ਦੇ ਇੱਕ ਬਿਆਨ ਮੁਤਾਬਕ, ਪਾਕਿਸਤਾਨ ਤੋਂ ਆਏ ਇਸ ਚਾਰਟਰ ਜਹਾਜ਼ ਵਿਚ ਜ਼ਿਆਦਾਤਰ ਉਹ ਲੋਕ ਸ਼ਾਮਲ ਸਨ ਜਿਹਨਾਂ ਨੇ ਜਾਂ ਜਿਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਅਫ਼ਗਾਨਿਸਤਾਨ ਵਿਚ ਕੈਨੇਡਾ ਸਰਕਾਰ ਲਈ ਮਹੱਤਵਪੂਰਣ ਕੰਮ ਕੀਤਾ ਹੈ।

ਅਫਗ਼ਾਨਿਸਤਾਨ ਵਿਚਲੇ ਮਨੱਖੀ ਸੰਕਟ ਤੋਂ ਬਚਕੇ ਕੈਨੇਡਾ ਆਏ ਲੋਕਾਂ ਦੇ ਮੁੜ-ਵਸੇਵੇਂ ਅਤੇ ਹੋਰ ਲੋਕਲ ਸੇਵਾਵਾਂ ਪ੍ਰਦਾਨ ਕਰਨ ਵਿਚ ਮਦਦ ਲਈ, ਬੀਸੀ ਸਰਕਾਰ ਨੇ ਨਵੰਬਰ ਵਿਚ 2 ਮਿਲੀਅਨ ਡਾਲਰ ਦੀ ਫ਼ੰਡਿੰਗ ਦਾ ਐਲਾਨ ਕੀਤਾ ਸੀ। 

ਮਿਉਂਸਿਪਲ ਅਫ਼ੇਅਰਜ਼ ਮਿਨਿਸਟਰ ਜੋਜ਼ੀ ਓਸਬੌਰਨ ਨੇ ਬੁੱਧਵਾਰ ਨੂੰ ਇਕ ਬਿਆਨ ਵਿਚ ਕਿਹਾ ਸੀ, ਕਿ ਉਕਤ ਫ਼ੰਡ ਬੀਸੀ ਵਿਚ ਲੋੜਵੰਦ ਅਫ਼ਗ਼ਾਨੀਆਂ ਦਾ ਸਵਾਗਤ ਕਰਨ ਅਤੇ ਉਹਨਾਂ ਦੀ ਸੈਟਲਮੈਂਟ ਸੁਨਿਸ਼ਚਿਤ ਕਰਨ ਲਈ ਖ਼ਰਚ ਕੀਤਾ ਜਾਵੇਗਾ।

ਮਿਨਿਸਟਰ ਓਸਬੌਰਨ ਨੇ ਕਿਹਾ, ਸਾਡੀ ਸਰਕਾਰ ਦੀ ਤਰਜੀਹ ਹੈ ਕਿ ਬੀ ਸੀ ਆਉਣ ਵਾਲੇ ਹਰ ਨਵੇਂ ਵਿਅਕਤੀ ਨੂੰ ਲੋੜੀਂਦੀਆਂ ਸੇਵਾਵਾਂ ਸੁਨਿਸ਼ਚਿਤ ਕੀਤੀਆਂ ਜਾਣ। ਉਹਨਾਂ ਨੂੰ ਲੋੜੀਂਦੀ ਮਦਦ ਪ੍ਰਦਾਨ ਕੀਤੀ ਜਾਵੇ ਤਾਂ ਕਿ ਉਹਨਾਂ ਕੋਲ ਵੀ ਸਫ਼ਲਤਾ ਅਤੇ ਖ਼ੁਸ਼ਹਾਲੀ ਦਾ ਮੌਕਾ ਹੋਵੇ

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

Canadian Press ਵੱਲੋਂ ਜਾਣਕਾਰੀ ਸਹਿਤ।

ਸੁਰਖੀਆਂ