1. ਮੁੱਖ ਪੰਨਾ
  2. ਰਾਜਨੀਤੀ
  3. ਅੰਤਰਰਾਸ਼ਟਰੀ ਰਾਜਨੀਤੀ

ਯੂਕਰੇਨ ‘ਤੇ ਹਮਲਾ ਕਰਨ ਦੇ ਕੰਢੇ ‘ਤੇ ਪਹੁੰਚਿਆ ਰੂਸ, ਕੀ ਹੋ ਸਕਦੇ ਹਨ ਸੰਭਾਵੀ ਨਤੀਜੇ?

ਦੋਵਾਂ ਮੁਲਕਾਂ ਵਿਚਾਲੇ ਤਣਾਅ ਵਧਾਉਣ ਵਿਚ ਕੈਨੇਡਾ ਦੀ ਵੀ ਕੁਝ ਭੂਮਿਕਾ ਰਹੀ ਹੈ

The Russian military has been conducting training exercises near Ukraine's border in recent months. Here, soldiers take part in drills at a firing range in Rostov Oblast, immediately to the east of Ukraine.

ਰੂਸੀ ਫ਼ੌਜਾਂ ਪਿਛਲੇ ਕਈ ਮਹੀਨਿਆਂ ਤੋਂ ਯੂਕਰੇਨ ਨਾਲ ਲੱਗਦੀ ਸਰਹੱਦ 'ਤੇ ਫ਼ੌਜੀ ਅਭਿਆਸ ਕਰ ਰਹੀਆਂ ਹਨ।

ਤਸਵੀਰ: Associated Press

RCI

ਰੂਸੀ ਫ਼ੌਜਾਂ ਨੇ ਯੂਕਰੇਨ ਨੂੰ ਤਿੰਨ ਦਿਸ਼ਾਵਾਂ ਤੋਂ ਘੇਰਾ ਪਾਇਆ ਹੋਇਆ ਹੈ ਅਤੇ ਕੈਨੇਡਾ ਤੇ ਨਾਟੋ ਭਾਈਵਾਲ ਇਸ ਯੁੱਧ ਸੰਕਟ ਨੂੰ ਘਟਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।

ਆਉ ਜਾਣਦੇ ਹਾਂ ਕਿ ਯੂਕਰੇਨ ਅਤੇ ਰੂਸ ਵਿਚਕਾਰ ਯੁੱਧ ਦੀ ਕੀ ਸੰਭਾਵਨਾ ਹੈ ਅਤੇ ਇਸ ਦੇ ਕੀ ਸਿੱਟੇ ਨਿਕਲਣਗੇ।

ਕੀ ਹੈ ਮੌਜੂਦਾ ਸਥਿਤੀ?

ਰੂਸ ਨੇ ਯੂਕਰੇਨ ਨਾਲ ਲੱਗਦੀ ਸਰਹੱਦ ‘ਤੇ ਕਰੀਬ 100,000 ਸੈਨਿਕ ਤੈਨਾਤ ਕਰ ਦਿੱਤੇ ਹਨ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹਨਾਂ ਸਰਦੀਆਂ ਦੌਰਾਨ ਕਿਸੇ ਵੇਲੇ, ਰੂਸ ਯੂਕਰੇਨ ‘ਤੇ ਬਾਕਾਇਦਾ ਹਮਲਾ ਕਰ ਸਕਦਾ ਹੈ।

ਯੂਕਰੇਨ ਦੀਆਂ ਖ਼ੂਫ਼ੀਆ ਏਜੰਸੀਆਂ ਅਨੁਸਾਰ, ਉਹਨਾਂ ਦੀ ਉੱਤਰੀ, ਦੱਖਣੀ, ਅਤੇ ਪੂਰਬੀ ਸਰਹੱਦਾਂ ’ਤੇ ਰੂਸ ਨੇ ਸੈਨਿਕਾਂ, ਟੈਂਕਾਂ ਅਤੇ ਹੋਰ ਯੁੱਧ ਵਾਹਨਾਂ ਨੂੰ ਯੁੱਧ ਲਈ ਤਿਆਰ ਬਰ ਤਿਆਰ ਸਥਿਤੀ ਵਿਚ ਤੈਨਾਤ ਕੀਤਾ ਹੋਇਆ ਹੈ।

ਯੂਕਰੇਨ ਦੇ ਪੂਰਬ ਵੱਲ ਰੂਸੀ ਫੌਜਾਂ ਡੌਨਬਾਸ ਖੇਤਰ ਦੇ ਨੇੜੇ ਇਕੱਠੀਆਂ ਹੋ ਰਹੀਆਂ ਹਨ, ਜੋ ਕਿ ਯੂਕਰੇਨ ਦਾ ਮੁੱਖ ਤੌਰ 'ਤੇ ਰੂਸੀ ਭਾਸ਼ਾ ਬੋਲਣ ਵਾਲਾ ਹਿੱਸਾ ਹੈ। ਇਸ ਖੇਤਰ ਵਿਚ ਰੂਸ ਸਮਰਥਿਤ ਵੱਖਵਾਦੀ 2014 ਤੋਂ ਯੂਕਰੇਨ ਦੀ ਫੌ਼ਜਾਂ ਨਾਲ ਲੜ ਰਹੇ ਹਨ।

ਰੂਸ ਨੇ ਆਪਣਾ ਬਚਾਅ ਕਰਦਿਆਂ ਕਿਹਾ ਹੈ ਕਿ, ਆਪਣੀ ਇਲਾਕੇ ਵਿਚ ਉਸਨੂੰ ਫ਼ੌਜਾਂ ਇੱਧਰ-ਉੱਧਰ ਕਰਨ ਦਾ ਪੂਰਾ ਇਖ਼ਤਿਆਰ ਹੈ। ਪਰ ਫ਼ੌਜਾਂ ਅਤੇ ਹਥਿਆਰਾਂ ਦੇ ਅਸਾਧਰਣ ਤੌਰ ‘ਤੇ ਇੱਧਰ-ਉੱਧਰ ਕੀਤੇ ਜਾਣ ਤੋਂ ਤਾਂ ਇਹੀ ਸੰਕੇਤ ਮਿਲ ਰਹੇ ਹਨ ਕਿ ਰੂਸ ਹਮਲੇ ਦੀ ਯੋਜਨਾ ਬਣਾ ਰਿਹਾ ਹੈ - ਜਾਂ ਫ਼ੇਰ ਯੂਕਰੇਨ ਅਤੇ ਉਸਦੇ ਭਾਈਵਾਲਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਹਮਲਾ ਹੋਣਾ ਤੈਅ ਹੈ।

ਕੀ ਚਾਹੁੰਦਾ ਹੈ ਰੂਸ?

ਰੂਸ ਕਹਿੰਦਾ ਹੈ ਕਿ ਉਹ ਨਾਟੋ ਦਾ ਯੂਕਰੇਨ ਵਿਚ ਵਿਸਤਾਰ ਨਹੀਂ ਚਾਹੁੰਦਾ। ਪਰ ਉਸਦੀ ਸਿਰਫ਼ ਇਹੀ ਮੰਗ ਨਹੀਂ ਹੈ।

ਉਸਨੇ ਨਾਟੋ ਤੋਂ ਇਹ ਗਾਰੰਟੀ ਮੰਗੀ ਹੈ ਕਿ ਨਾਟੋ ਉਹਨਾਂ ਪੂਰਬੀ ਹਿੱਸਿਆਂ ਵਿਚ ਵਿਸਤਾਰ ਨਹੀਂ ਕਰੇਗਾ, ਜਿਹਨਾਂ ਨੂੰ ਰੂਸ ਆਪਣੇ ਪ੍ਰਭਾਵ ਖੇਤਰ (sphere of influence) ਦਾ ਹਿੱਸਾ ਮੰਨਦਾ ਹੈ।

ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀ ਯੂ ਐਸ ਨੂੰ ਯੂਰਪ ਤੋਂ ਆਪਣੇ ਪਰਮਾਣੂ ਹਥਿਆਰਾਂ ਨੂੰ ਹਟਾਉਣ ਅਤੇ ਪੱਛਮੀ ਭਾਈਵਾਲਾਂ ਨੂੰ ਪੂਰਬੀ ਯੂਰਪ ਦੇ ਕਈ ਦੇਸ਼ਾਂ ਵਿੱਚ ਆਪਣੀਆਂ ਫੌਜਾਂ ਘੁਮਾਉਣ ਤੋਂ ਰੋਕਣ ਲਈ ਕਿਹਾ ਹੈ।

ਪੁਤਿਨ ਨੇ ਪੱਛਮੀ ਦੇਸ਼ਾਂ 'ਤੇ ‘ਆਪਣੇ ਘਰੇਲੂ ਖੇਤਰ’ ਵਿਚ ‘ਹਮਲਾਵਰ’ ਰਵੱਈਏ ਇਖ਼ਤਿਆਰ ਰੱਖਣ ਦਾ ਇਲਜ਼ਾਮ ਲਗਾਇਆ ਹੈ।

ਇਹਨਾਂ ਮੰਗਾਂ ਨੂੰ ਮੰਨਣ ਨਾਲ, ਯੂਰਪ ਵਿਚ ਸ਼ੀਤ ਯੁੱਧ ਦੇ ਵੇਲੇ ਦੀਆਂ ਸ਼ਕਤੀਆਂ ਦੀ ਵੰਡ ਦੀ ਸਥਿਤੀ ਸਾਹਮਣੇ ਆਵੇਗੀ, ਅਤੇ ਰੂਸ ਦਾ ਪ੍ਰਭਾਵ ਖੇਤਰ ਹੋਰ ਪੱਛਮ ਵੱਲ ਵਧ ਜਾਵੇਗਾ।

ਉੱਤਰੀ ਅਮਰੀਕਾ ਅਤੇ ਯੂਰਪ ਦੇ 30 ਦੇਸ਼ਾਂ ਦੀ ਨੁਮਾਇੰਦਗੀ ਕਰਨ ਵਾਲੇ ਨਾਟੋ ਅਧਿਕਾਰੀਆਂ ਨੇ ਪੁਤਿਨ ਦੀਆਂ ਇਹਨਾਂ ਮੰਗਾਂ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ ਹੈ।

ਇਸ ਕਰਕੇ ਰੂਸ ਹੁਣ ਆਪਣੀ ਮੰਗਾਂ ਮਨਵਾਉਣ ਲਈ ਫ਼ੌਜੀ ਕਾਰਵਾਈ ਦੀ ਧਮਕੀ ਦਿੰਦਾ ਜਾਪਦਾ ਹੈ।

The Donbas region in eastern Ukraine is currently split between territory controlled by the government, in yellow, and territory held by Russia-supported separatists, in orange. The opposing sides have been fighting since 2014. ਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਯੂਕਰੇਨ ਦੇ ਪੱਛਮ ਵਿਚ ਪੈਂਦਾ ਡੌਨਬਾਸ ਖੇਤਰ ਇਸ ਸਮੇਂ ਦੋ ਇਲਾਕਿਆਂ ਵਿਚ ਵੰਡਿਆ ਹੋਇਆ ਹੈ। ਪੀਲੇ ਰੰਗ ਵਿਚ ਦਿਖਾਏ ਇਲਾਕੇ ਵਿਚ ਯੂਕਰੇਨ ਦੀ ਸਰਕਾਰ ਦਾ ਇਖ਼ਤਿਆਰ ਹੈ ਅਤੇ ਸੰਤਰੀ ਰੰਗ ਦੇ ਇਲਾਕੇ ਵਿਚ ਰੂਸੀ ਵੱਖਵਾਦੀਆਂ ਦਾ ਕੰਟਰੋਲ ਹੈ।

ਤਸਵੀਰ:  CBC

ਯੂਕਰੇਨ ਕੀ ਚਾਹੁੰਦਾ ਹੈ?

ਯੂਕਰੇਨ, ਜਿਸਦੇ ਪੱਛਮੀ ਦੇਸ਼ਾਂ ਅਤੇ ਰੂਸ ਦੋਵਾਂ ਨਾਲ ਵਿਲੱਖਣ ਰਾਜਨੀਤਿਕ ਅਤੇ ਸੱਭਿਆਚਾਰਕ ਸਬੰਧ ਹਨ, ਦਾ ਨਾਟੋ ਨਾਲ ਵੀ ਲੰਮਾ ਅਤੇ ਗੁੰਝਲਦਾਰ ਸਬੰਧ ਰਿਹਾ ਹੈ।

2019 ਵਿਚ ਯੂਕਰੇਨ ਦੇ ਰਾਸ਼ਟਰਪਤੀ ਬਣੇ, ਵੋਲੋਦਿਮਿਰ ਜ਼ੈਲੈਂਸਕੀ ਨੇ ਪੱਛਮੀ ਦੇਸ਼ਾਂ ਨਾਲ ਰਿਸ਼ਤੇ ਮਜ਼ਬੂਤ ਕਰਨ ‘ਤੇ ਜ਼ੋਰ ਦਿੱਤਾ ਸੀ। ਉਹਨਾਂ ਨੇ ਯੂਕਰੇਨ ਨੂੰ ਨਾਟੋ ਦਾ ਹਿੱਸਾ ਬਣਾਉਣ ਲਈ ਪੁਰਜ਼ੋਰ ਕੋਸ਼ਿਸ਼ਾਂ ਕੀਤੀਆਂ ਸਨ। ਜਦਕਿ ਯੂਕਰੇਨ ਦੀਆਂ ਪਿਛਲੀਆਂ ਸਰਕਾਰਾਂ ਨੇ ਰੂਸ ਨਾਲ ਨੇੜ੍ਹਤਾ ਵਧਾਉਣ ‘ਤੇ ਜ਼ੋਰ ਦਿੱਤਾ ਸੀ।

ਨਾਟੋ ਵਿੱਚ ਸ਼ਾਮਲ ਹੋਣ ਨਾਲ, ਯੂਕਰੇਨ ਬਹੁਤ ਜ਼ਿਆਦਾ ਸੁਰੱਖਿਆ ਪ੍ਰਾਪਤ ਕਰ ਸਕਦਾ ਹੈ। ਯੂਕਰੇਨ ‘ਤੇ ਹਮਲਾ ਹੋਣ ਦੀ ਸਥਿਤੀ ਵਿਚ, ਨਾਟੋ ਦੇ 30 ਮੈਂਬਰਾਂ ਵਿੱਚੋਂ ਹਰੇਕ ਮੁਲਕ,  ਯੂਕਰੇਨ ਦੀ ਰੱਖਿਆ ਕਰਨ ਲਈ ਪਾਬੰਦ ਹੋਵੇਗਾ।

ਕੀ ਹੋਵੇਗਾ ਜੇ ਰੂਸ ਨੇ ਹਮਲਾ ਕਰ ਦਿੱਤਾ?

ਹਮਲੇ ਦਾ ਨਤੀਜਾ ਹਮਲੇ ਦੇ ਪੱਧਰ ਅਤੇ ਰੂਸ ਦੀਆਂ ਯੁੱਧ ਨੀਤੀਆਂ ‘ਤੇ ਨਿਰਭਰ ਕਰੇਗਾ।

ਬਰੂਕਿੰਗਜ਼ ਇੰਸਟੀਚਿਊਟ ਵਿਚ ਸੁਰੱਖਿਆ ਨੀਤੀ ਮਾਹਰ, ਕੌਂਸਟੇਨਜ਼ ਸਟੈਲਜ਼ੇਨਮੁਲਰ ਨੇ ਕਿਹਾ ਕਿ 2014 ਵਿੱਚ ਰੂਸ ਵੱਲੋਂ ਕ੍ਰੀਮੀਆ ਨੂੰ ਆਪਣੇ ਨਾਲ ਜੋੜਨ ਤੋਂ ਬਾਅਦ ਯੂਕਰੇਨ ਦੀ ਫ਼ੌਜ ਵਿੱਚ ਬਹੁਤ ਸੁਧਾਰ ਹੋਇਆ ਹੈ।

ਸਟੈਲਜ਼ੇਨਮੁਲਰ ਨੇ ਕਿਹਾ, ਯੂਕਰੇਨ ਦੀਆਂ ਫ਼ੌਜਾਂ ਰੂਸੀਆਂ ਲਈ ਮੁਸ਼ਕਲ ਪੈਦਾ ਕਰ ਸਕਦੀਆਂ ਹਨ

ਦੇਖੋ। ਰੂਸੀ ਹਮਲੇ ਲਈ ਤਿਆਰੀ ਕਰਦੀ ਯੂਕਰੇਨ ਦੀ ਨੇਵੀ:

ਹਾਲਾਂਕਿ, ਦੋਵਾਂ ਦੇਸ਼ਾਂ ਵਿਚਕਾਰ ਫ਼ੌਜੀ ਸ਼ਕਤੀ ਵਿੱਚ ਅਜੇ ਵੀ ਵੱਡਾ ਪਾੜਾ ਹੈ। ਯੂਕਰੇਨ ਦੇ ਫ਼ੌਜੀ ਅਧਿਕਾਰੀਆਂ ਨੇ ਕਿਹਾ ਹੈ ਕਿ ਉਹ ਪੱਛਮੀ ਤਾਕਤਾਂ ਦੀ ਮਦਦ ਤੋਂ ਬਿਨਾਂ ਰੂਸੀ ਹਮਲੇ ਦਾ ਮੁਕਾਬਲਾ ਨਹੀਂ ਕਰ ਸਕਣਗੇ।

ਕੀ ਰੂਸ ਨੂੰ ਹਮਲਾ ਕਰਨ ਤੋਂ ਰੋਕਿਆ ਜਾ ਸਕਦਾ ਹੈ?

ਕੈਨੇਡਾ ਅਤੇ ਇਸਦੇ ਭਾਈਵਾਲਾਂ ਨੇ ਰੂਸ ਨੂੰ ਧਮਕੀ ਦਿੱਤੀ ਹੈ ਕਿ ਜੇ ਉਸਨੇ ਹਮਲਾ ਕੀਤਾ ਤਾਂ ਉਸ ਉਪੱਰ ਕਈ ਆਰਥਿਕ ਪਾਬੰਦੀਆਂ (ਨਵੀਂ ਵਿੰਡੋ) ਲਗਾ ਦਿੱਤੀਆਂ ਜਾਣਗੀਆਂ। ਰੂਸ ਨੂੰ ਹਮਲਾ ਕਰਨ ਤੋਂ ਰੋਕਣ ਦੇ ਯਤਨਾਂ ਵਿਚ ਮੋਹਰੀ ਹੋਏ ਅਮਰੀਕਾ ਨੇ ਕਿਹਾ ਹੈ, ਕਿ ਹਮਲਾ ਕਰਨ ਤੋਂ ਕੁਝ ਘੰਟਿਆਂ ਦੇ ਦਰਮਿਆਨ ਹੀ ਰੂਸ ਖ਼ਿਲਾਫ਼ ਆਰਥਿਕ ਪਾਬੰਦੀਆਂ ਲਗਾ ਦਿੱਤੀਆਂ ਜਾਣਗੀਆਂ।

ਹਮਲੇ ਦੀ ਸਥਿਤੀ ਵਿਚ ਰੂਸੀ ਫ਼ੌਜਾਂ ਦਾ ਮੁਕਾਬਲਾ ਕਰਨ ਲਈ ਕੈਨੇਡਾ ਆਪਣੇ ਫ਼ੌਜੀ ਭੇਜੇਗਾ ਜਾਂ ਨਹੀਂ, ਫ਼ਿਲਹਾਲ ਅਜਿਹੇ ਕੋਈ ਸੰਕੇਤ ਨਹੀਂ ਮਿਲੇ ਹਨ।

ਰੂਸੀ ਅਤੇ ਪੱਛਮੀ ਅਧਿਕਾਰੀਆਂ ਦਰਮਿਆਨ ਗੱਲਬਾਤ ਦੀ ਯੋਜਨਾ ਹੈ, ਪਰ ਹੁਣ ਤੱਕ ਉਨ੍ਹਾਂ ਦੀ ਚਰਚਾ ਤਣਾਅ ਨੂੰ ਘੱਟ ਕਰਨ ਵਿੱਚ ਅਸਫ਼ਲ ਰਹੀ ਹੈ।

ਦੇਖੋ। ਰੂਸੀ ਫ਼ੌਜਾਂ ਦੇ ਬਰੂਹਾਂ 'ਤੇ ਆ ਪਹੁੰਚਣ ਕਾਰਨ, ਯੂਕਰੇਨ ਨੇ ਵੀ ਤਿਆਰੀ ਖਿੱਚ ਦਿੱਤੀ ਹੈ:

ਕੀ ਕੈਨੇਡਾ ਦੀ ਵੀ ਇਸ ਸਭ ਵਿਚ ਕੋਈ ਭੂਮਿਕਾ ਹੈ?

ਹਾਲਾਂਕਿ, ਕੈਨੇਡਾ ਯੂਕਰੇਨ ਦੇ ਨਾਟੋ ਵਿਚ ਸ਼ਾਮਲ ਕੀਤੇ ਜਾਣ ਦਾ ਲੰਮੇ ਸਮੇਂ ਤੋਂ ਵੱਡਾ ਸਮਰਥਕ ਰਿਹਾ ਹੈ, ਪਰ ਇਹ ਇਕੱਲਾਂ ਰੂਸੀ ਕਾਰਵਾਈ ਨੂੰ ਪ੍ਰਭਾਵਿਤ ਨਹੀਂ ਕਰ ਸਕਦਾ।

ਯੂਕਰੇਨ ਵਿਚ ਸਥਾਨਕ ਫ਼ੌਜਾਂ ਦੀ ਮਦਦ ਲਈ ਕੈਨੇਡਾ ਨੇ 200 ਫ਼ੌਜੀ ਤੈਨਾਤ ਰੱਖੇ ਹਨ। ਪਰ ਇਸਦੀ ਕੋਈ ਸੰਭਾਵਨਾ ਨਹੀਂ ਕਿ ਰੂਸੀ ਹਮਲੇ ਦੀ ਸਥਿਤੀ ਵਿਚ ਕੈਨੇਡਾ ਆਪਣੇ ਇਹਨਾਂ ਸੈਨਿਕਾਂ ਨੂੰ ਜੰਗ ਦਾ ਹਿੱਸਾ ਬਣਾਵੇਗਾ।

ਕੈਨੇਡਾ ਸਰਕਾਰ ਦਾ ਕਹਿਣਾ ਹੈ ਕਿ 2015 ਤੋਂ ਹੁਣ ਤੱਕ ਕੈਨੇਡੀਅਨ ਸੈਨਿਕਾਂ ਨੇ 12,500 ਯੂਕਰੇਨੀ ਫ਼ੌਜੀਆਂ ਦੀ ਟ੍ਰੇਨਿੰਗ ਵਿਚ ਮਦਦ ਕੀਤੀ ਹੈ।

ਕੈਨੇਡੀਅਨ ਫ਼ੌਜ ਦੇ ਆਲਾ ਕਮਾਂਡਰ ਨੇ ਪਿਛਲੇ ਸਾਲ ਕਿਹਾ ਸੀ ਕਿ ਕੈਨੇਡੀਅਨ ਫ਼ੌਜ ਨੂੰ ਯੁੱਧ ਰੋਕਣ ਦੀ ਕੋਸ਼ਿਸ਼ ਦੀ ਸੀਮਾ ਪਾਰ ਕਰਕੇ ਯੁੱਧ ਵਧਾਉਣ ਵਿਚ ਦਾਖ਼ਲ ਨਹੀਂ ਹੋਣਾ ਚਾਹੀਦਾ।

ਕੈਨੇਡਾ 2014 ਤੋਂ ਯੂਕਰੇਨ ਦੇ ਸਭ ਤੋਂ ਵੱਡੇ ਦੁਵੱਲੇ ਮਦਦਗਾਰਾਂ ਵਿੱਚੋਂ ਇੱਕ ਰਿਹਾ ਹੈ, ਜਿਸ ਨੇ ਦੇਸ਼ ਦੇ ਸੰਵਿਧਾਨਕ, ਨਿਆਂਇਕ ਅਤੇ ਸੁਰੱਖਿਆ ਸੁਧਾਰਾਂ 'ਤੇ 245 ਮਿਲੀਅਨ ਡਾਲਰ ਖ਼ਰਚ ਕੀਤੇ ਹਨ। ਕੈਨੇਡਾ ਨੇ ਹਾਲ ਹੀ ਵਿਚ ਯੂਕਰੇਨ ਨੂੰ ਹਮਲਾ ਹੋਣ ਦੀ ਸਥਿਤੀ ਵਿਚ ਵਿੱਤੀ ਮਦਦ ਪ੍ਰਦਾਨ ਕਰਨ ਦਾ ਵਾਅਦਾ ਵੀ ਕੀਤਾ ਹੈ।

ਯੂਕਰੇਨ ਵੱਲੋਂ ਕੈਨੇਡਾ ਨੂੰ ਰੱਖਿਆਤਮਕ ਹਥਿਆਰ ਭੇਜਣ ਦੀ ਮੰਗ (ਨਵੀਂ ਵਿੰਡੋ) ਕੀਤੀ ਜਾ ਚੁੱਕੀ ਹੈ, ਪਰ ਫ਼ੈਡਰਲ ਸਰਕਾਰ ਨੇ ਫ਼ਿਲਹਾਲ ਇਹ ਫ਼ੈਸਲਾ ਨਹੀਂ ਕੀਤਾ ਹੈ ਕਿ ਯੂਕਰੇਨ ਦੀ ਬੇਨਤੀ ਨੂੰ ਸਵੀਕਾਰ ਕਰਨਾ ਹੈ ਜਾਂ ਨ੍ਹੀਂ।

ਇਸ ਹਫ਼ਤੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਕਿਹਾ ਸੀ, ਕਿ ਰੂਸ ਹਮਲਾ ਕਰਨ ਦੇ ਬਹਾਨੇ ਲੱਭ ਰਿਹਾ ਹੈ  (ਨਵੀਂ ਵਿੰਡੋ)ਅਤੇ ਕੈਨੇਡਾ ਵੱਲੋਂ ਯੂਕਰੇਨ ਦੀ ਹਥਿਆਰ ਭੇਜਣ ਬੇਨਤੀ ਪਰਵਾਨ ਕਰਨ ਨਾਲ, ਰੂਸ ਨੂੰ ਹਮਲੇ ਦਾ ਬਹਾਨਾ ਮਿਲ ਜਾਣ ਦਾ ਖ਼ਤਰਾ ਹੈ। ਉਹਨਾਂ ਕਿਹਾ ਕਿ ਕੈਨੇਡਾ ਯੂਕਰੇਨ ਅਤੇ ਉੱਥੋਂ ਦੇ ਲੋਕਾਂ ਦੀ ਮਦਦ ਜਾਰੀ ਰੱਖੇਗਾ ਅਤੇ ਇਸ ਮਾਮਲੇ ਵਿਚ ਕਈ ਪਹਿਲੂ ਵਿਚਾਰੇ ਜਾ ਰਹੇ ਹਨ।

ਨਿਕ ਬੋਇਸਵਰਟ (ਨਵੀਂ ਵਿੰਡੋ) - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ