1. ਮੁੱਖ ਪੰਨਾ
  2. ਸਿਹਤ
  3. ਜਨਤਕ ਸਿਹਤ

ਓਨਟੇਰਿਓ ਵਿਚ ਇਸ ਮਹੀਨੇ ਕੋਵਿਡ ਦੀ ਓਮੀਕਰੌਨ ਲਹਿਰ ਦੇ ਸਿਖਰ ’ਤੇ ਪਹੁੰਚਣ ਦੀ ਸੰਭਾਵਨਾ : ਹੈਲਥ ਮਿਨਿਸਟਰ

ਟੈਸਟ ਪੌਜ਼ਿਟਿਵਿਟੀ ਰੇਟ 20 ਤੋਂ 25 ਫ਼ੀਸਦੀ ਦੇ ਦਰਮਿਆਨ ਪਹੁੰਚਿਆ, ਕੁਝ ਹਫ਼ਤੇ ਪਹਿਲਾਂ 30 ਫ਼ੀਸਦੀ ਤੋਂ ਵੱਧ ਸੀ

ਓਨਟੇਰਿਓ ਦੀ ਹੈਲਥ ਮਿਨਿਸਟਰ ਕ੍ਰਿਸਟੀਨ ਐਲੀਅਟ ਨੇ ਬੁੱਧਵਾਰ ਨੂੰ ਆਖਿਆ ਕਿ ਸੂਬੇ ਵਿਚ ਕੋਵਿਡ ਦੀ ਓਮੀਕਰੌਨ ਵੇਵ ਇਸ ਮਹੀਨੇ ਸਿੱਖਰ 'ਤੇ ਪਹੁੰਚ ਜਾਵੇਗੀ।

ਓਨਟੇਰਿਓ ਦੀ ਹੈਲਥ ਮਿਨਿਸਟਰ ਕ੍ਰਿਸਟੀਨ ਐਲੀਅਟ ਨੇ ਬੁੱਧਵਾਰ ਨੂੰ ਆਖਿਆ ਕਿ ਸੂਬੇ ਵਿਚ ਕੋਵਿਡ ਦੀ ਓਮੀਕਰੌਨ ਵੇਵ ਇਸ ਮਹੀਨੇ ਸਿੱਖਰ 'ਤੇ ਪਹੁੰਚ ਜਾਵੇਗੀ।

ਤਸਵੀਰ: The Canadian Press / Cole Burston

RCI

ਓਨਟੇਰਿਓ ਦੀ ਹੈਲਥ ਮਿਨਿਸਟਰ ਕ੍ਰਿਸਟੀਨ ਐਲੀਅਟ ਨੇ ਅੱਜ ਕੋਵਿਡ ਮਹਾਮਾਰੀ ਬਾਰੇ ਅਪਡੇਟ ਦਿੰਦਿਆਂ ਦੱਸਿਆ, ਕਿ ਇਸ ਮਹੀਨੇ ਦੇ ਅੰਦਰ ਹੀ ਓਮੀਕਰੌਨ ਕਰਕੇ ਵਧ ਰਹੇ ਕੋਵਿਡ-19 ਮਾਮਲਿਆਂ ਦਾ ਸਿਖਰ ਹੋਣ ਦੀ ਉਮੀਦ ਹੈ। ਇਸ ਹਫ਼ਤੇ ਦੇ ਅਖ਼ੀਰ ਵਿਚ ਹੈਲਥ ਰੋਕਾਂ ਵਿਚ ਢਿੱਲ ਦਿੱਤੇ ਜਾਣ ਬਾਬਤ ਵੀ ਕੋਈ ਐਲਾਨ ਹੋਣ ਦੀ ਵੀ ਸੰਭਾਵਨਾ ਹੈ।

ਓਨਟੇਰਿਓ ਦੀ ਹੈਲਥ ਮਿਨਿਸਟਰ ਕ੍ਰਿਸਟੀਨ ਐਲੀਅਟ ਨੇ ਅੱਜ ਕੋਵਿਡ ਮਹਾਮਾਰੀ ਬਾਰੇ ਅਪਡੇਟ ਦਿੰਦਿਆਂ ਦੱਸਿਆ, ਕਿ ਇਸ ਮਹੀਨੇ ਦੇ ਅੰਦਰ ਹੀ ਓਮੀਕਰੌਨ ਕਰਕੇ ਵਧ ਰਹੇ ਕੋਵੋਡ-19 ਮਾਮਲਿਆਂ ਦਾ ਸਿਖਰ ਹੋਣ ਦੀ ਉਮੀਦ ਹੈ। ਇਸ ਹਫ਼ਤੇ ਦੇ ਅਖ਼ੀਰ ਵਿਚ ਹੈਲਥ ਰੋਕਾਂ ਵਿਚ ਢਿੱਲ ਦਿੱਤੇ ਜਾਣ ਬਾਬਤ ਵੀ ਕੋਈ ਐਲਾਨ ਹੋਣ ਦੀ ਵੀ ਸੰਭਾਵਨਾ ਹੈ।

ਮਿਨਿਸਟਰ ਐਲੀਅਟ ਨੇ ਕਿਹਾ, ਸਾਨੂੰ ਉਮੀਦ ਦੀ ਕਿਰਨ ਨਜ਼ਰ ਆਉਣੀ ਸ਼ੁਰੂ ਹੋ ਗਈ ਹੈ। ਤੁਹਾਡੀਆਂ ਸਭ ਦੀਆਂ ਕੁਰਬਾਨੀਆਂ ਸਦਕਾ ਸਥਿਤੀ ਵਿਚ ਸਥਿਰਤਾ ਆਉਣ ਦੇ ਸੰਕੇਤ ਮਿਲ ਰਹੇ ਹਨ

ਹਾਲਾਂਕਿ, 4,132 ਕੋਵਿਡ ਮਰੀਜ਼ ਓੁਨਟੇਰਿਓ ਦੇ ਹਸਪਤਾਲਾਂ ਵਿਚ ਭਰਤੀ ਹਨ, ਪਰ ਹਰ ਹਫ਼ਤੇ ਦੁਗਣੇ ਹੋ ਰਹੇ ਹਸਤਪਾਲ ਦਾਖਲਿਆਂ ਦੀ ਗਿਣਤੀ ਵਿਚ ਕਮੀ ਆਉਣੀ ਸ਼ੁਰੂ ਹੋ ਗਈ ਹੈ। ਇਸ ਮਹੀਨੇ ਦੀ ਸ਼ੁਰੂਆਤ ਵਿਚ ਹਸਪਤਾਲ ਦਾਖ਼ਲੇ ਹਰ ਕੁਝ ਦਿਨਾਂ ਬਾਅਦ ਦੁਗਣੇ ਹੋ ਰਹੇ ਸਨ।

ਇਸਦੇ ਨਾਲ ਹੀ ਹੁਣ ਮਰੀਜ਼ਾਂ ਦੇ ਹਸਪਤਾਲਾਂ ਅਤੇ ਆਈਸੀਯੂ ਵਿਚ ਦਾਖ਼ਲੇ ਦੀ ਮਿਆਦ ਵਿਚ ਵੀ ਸਥਿਰਤਾ ਆ ਰਹੀ ਹੈ। ਓਮੀਕਰੌਨ ਵੇਰੀਐਂਟ ਦੇ ਮਰੀਜ਼ਾਂ ਦੀ ਹਸਪਤਾਲਾਂ ਵਿਚ ਮਿਆਦ ਔਸਤਨ ਪੰਜ ਦਿਨ ਹੈ, ਜਦਕਿ ਡੈਲਟਾ ਵੇਰੀਐਂਟ ਦੇ ਮਰੀਜ਼ਾਂ ਦੀ ਇਹ ਮਿਆਦ ਔਸਤਨ 9 ਦਿਨ ਸੀ।

ਆਈਸੀਯੂ ਨਾਲ ਸਬੰਧਤ ਵੀ ਇਹੋ ਜਿਹੇ ਰੁਝਾਨ ਸਾਹਮਣੇ ਆ ਰਹੇ ਹਨ। ਪਿਛਲੇ ਸਾਲ ਦੌਰਾਨ ਕੋਵਿਡ ਦੀਆਂ ਲਹਿਰਾਂ ਵਿਚ ਮਰੀਜ਼ਾਂ ਦੀ ਆਈਸੀਯੂ ਵਿਚ ਦਾਖ਼ਲ ਰਹਿਣ ਦੀ ਮਿਆਦ ਔਸਤਨ 20 ਦਿਨ ਸੀ ਅਤੇ ਕਈ ਮਰੀਜ਼ਾਂ ਦੇ ਤਾਂ ਅੰਗ ਵੀ ਕੰਮ ਕਰਨਾ ਬੰਦ ਕਰ ਗਏ ਸਨ, ਪਰ ਮੌਜੂਦਾ ਸਮੇਂ ਵਿਚ ਇਹ ਮਿਆਦ ਔਸਤਨ 6 ਤੋਂ 7 ਦਿਨ ਹੈ।

ਬੁੱਧਵਾਰ ਨੂੰ 589 ਕੋਵਿਡ ਮਰੀਜ਼ ਆਈਸੀਯੂ ਵਿਚ ਦਾਖ਼ਲ ਕੀਤੇ ਗਏ ਹਨ, ਜੋਕਿ 5 ਜੂਨ ਤੋਂ ਬਾਅਦ ਦਾ ਸਭ ਤੋਂ ਵੱਡਾ ਅੰਕੜਾ ਹੈ। ਸੂਬਾ ਸਰਕਾਰ ਦਾ ਕਹਿਣਾ ਹੈ ਕਿ ਆਈਸੀਯੂ ਵਿਚ ਦਾਖ਼ਲ ਹੋ ਰਹੇ ਮਰੀਜ਼ਾਂ ਵਿਚੋਂ 82.1 ਫ਼ੀਸਦੀ ਕੋਵਿਡ ਮਰੀਜ਼ ਹਨ ਅਤੇ 17.9 ਫ਼ੀਸਦੀ ਹੋਰ ਕਾਰਨਾਂ ਕਰਕੇ ਦਾਖ਼ਲ ਹੋਏ ਹਨ।

ਮਿਨਿਸਟਰ ਐਲੀਅਟ ਨੇ ਕਿਹਾ ਕਿ ਅਗਲੇ ਕੁਝ ਹਫ਼ਤਿਆਂ ਵਿਚ ਹਸਪਤਾਲ ਦਾਖ਼ਲੇ ਸਿਖਰ ‘ਤੇ ਪਹੁੰਚਣ ਦੀ ਸੰਭਾਵਨਾ ਹੈ, ਪਰ ਉਹਨਾਂ ਕਿਹਾ ਕਿ ਫ਼ਰਵਰੀ ਮਹੀਨਾ ਹੈਲਥ ਕੇਅਰ ਸਿਸਟਮ ਲਈ ਮੁਸ਼ਕਲ ਮਹੀਨਾ ਹੀ ਰਹੇਗਾ।

ਓਨਟੇਰਿਓ ਹੈਲਥ ਦੇ ਸੀਈਓ, ਮੈਥਿਊ ਐਂਡਰਸਨ ਨੇ ਦੱਸਿਆ ਕਿ ਕੋਵਿਡ-19 ਕਰਕੇ ਸਟਾਫ਼ ਦੇ ਬਿਮਾਰ ਹੋਣ ਕਾਰਨ ਮੁਲਾਜ਼ਮਾਂ ਦੀ ਕਮੀ ਪੇਸ਼ ਆਈ ਹੈ, ਪਰ ਕੁਝ ਹੈਲਥ ਯੂਨਿਟਸ ਮੁਤਾਬਕ ਗ਼ੈਰ-ਹਾਜ਼ਰੀਆਂ ਵਿਚ ਵੀ ਕਮੀ ਆਉਣੀ ਸ਼ੁਰੂ ਹੋ ਗਈ ਹੈ।

ਸੂਬੇ ਦੇ ਮੈਡੀਕਲ ਔਫ਼ਿਸਰ ਡਾ ਕੀਅਰਨ ਮੂਅਰ ਨੇ ਕਿਹਾ ਕਿ ਜਨਵਰੀ ਦੀ ਸ਼ੁਰੂਆਤ ਵਿਚ ਲਗਾਈਆਂ ਹੈਲਥ ਰੋਕਾਂ ਨੇ ਵਾਇਰਸ ਦੇ ਫ਼ੈਲਾਅ ਨੂੰ ਰੋਕਣ ਵਿਚ ਮਦਦ ਕੀਤੀ ਹੈ।

ਹੈਲਥ ਰੋਕਾਂ ਦੌਰਾਨ ਰੈਸਟੋਰੈਂਟਾਂ ਨੂੰ ਇੰਡੋਰ ਡਾਈਨਿੰਗ ਲਈ ਬੰਦ ਕਰ ਦਿੱਤਾ ਗਿਆ ਸੀ। ਮਿਊਜ਼ੀਅਮ, ਜ਼ੂ ਅਤੇ ਹੋਰ ਮਨੋਰੰਜਨ ਦੀਆਂ ਥਾਵਾਂ ਸਮੇਤ ਜਿਮ ਅਤੇ ਹੋਰ ਇੰਡੋਰ ਫ਼ੈਸਿਲਟੀਜ਼ ਜਿਵੇਂ ਸਿਨੇਮਾ ਅਤੇ ਕੌਨਸਰਟ ਵੈਨਿਊਜ਼ ਨੂੰ ਬੰਦ ਕਰ ਦਿੱਤਾ ਗਿਆ ਸੀ। ਰਿਟੇਲ ਅਤੇ ਪਰਸਨਲ ਕੇਅਰ ਦੀਆਂ ਥਾਂਵਾਂ ਲਈ 50 ਫ਼ੀਸਦੀ ਕਪੈਸਿਟੀ ਲਿਮਿਟ ਲਾਗੂ ਕਰ ਦਿੱਤੀ ਗਈ ਸੀ।

ਡਾ ਮੂਅਰ ਨੇ ਉਦੋਂ ਕਿਹਾ ਸੀ ਕਿ ਉਕਤ ਰੋਕਾਂ ਘੱਟੋ ਘੱਟ 26 ਜਨਵਰੀ ਤੱਕ ਲਾਗੂ ਰਹਿਣਗੀਆਂ। ਹਾਲਾਂਕਿ ਅੱਜ ਇਸ ਬਾਰੇ ਸਵਾਲ ਪੁੱਛੇ ਜਾਣ ‘ਤੇ ਮੂਅਰ ਨੇ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

Canadian Press ਵੱਲੋਂ ਜਾਣਕਾਰੀ ਸਹਿਤ।

ਸੁਰਖੀਆਂ