1. ਮੁੱਖ ਪੰਨਾ
  2. ਅਰਥ-ਵਿਵਸਥਾ
  3. ਆਰਥਿਕ ਸੂਚਕ

ਕੈਨੇਡਾ ਚ ਸਾਲਾਨਾ ਮਹਿੰਗਾਈ ਦਰ 4.8 % ’ਤੇ ਪਹੁੰਚੀ, ਪਿਛਲੇ 30 ਸਾਲਾਂ ਦਾ ਰਿਕਾਰਡ ਟੁੱਟਿਆ

ਦਸੰਬਰ ਵਿਚ ਗੈਸ ਦੀਆਂ ਕੀਮਤਾਂ ਵਿਚ ਹਲਕੀ ਗਿਰਾਵਟ ਦਰਜ ਹੋਈ

ਗ੍ਰੋਸਰੀ ਸਟੋਰ ਦੇ ਕਾਊਂਟਰ 'ਤੇ ਖੜੀ ਇੱਕ ਕਰਮਚਾਰੀ

ਕੈਨੇਡਾ ਦੀ ਸਾਲਾਨਾ ਮਹਿੰਗਾਈ ਦਰ ਪਿਛਲੇ ਤਿੰਨ ਦਹਾਕਿਆਂ ਦੇ ਸਭ ਤੋਂ ਉਤਲੇ ਰਿਕਾਰਡ ਪੱਧਰ ਤੇ ਪਹੁੰਚ ਗਈ ਹੈ ਅਤੇ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਵਿਚ ਹੋਏ ਵਾਧੇ ਨੇ ਮਹਿੰਗਾਈ ਦਰ ਵਿਚ ਵੱਡਾ ਯੋਗਦਾਨ ਪਾਇਆ ਹੈ।

ਤਸਵੀਰ: iStock

RCI

ਕੈਨੇਡਾ ਵਿਚ ਮਹਿੰਗਾਈ ਨੇ ਪਿਛਲੇ 30 ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ ਅਤੇ ਦਸੰਬਰ ਮਹੀਨੇ ‘ਚ ਸਾਲਾਨਾ ਮਹਿੰਗਾਈ ਦਰ 4.8 ਫ਼ੀਸਦੀ ਦਰਜ ਕੀਤੀ ਗਈ ਹੈ।

ਸਟੈਟਿਸਟਿਕਸ ਕੈਨੇਡਾ ਦੇ ਨਵੇਂ ਅੰਕੜਿਆਂ ਅਨੁਸਾਰ ਗ੍ਰੋਸਰੀ ਦੀਆਂ ਕੀਮਤਾਂ ਵਿਚ 5.7 ਫ਼ੀਸਦੀ ਵਾਧਾ ਹੋਇਆ ਹੈ, ਜੋਕਿ 2011 ਤੋਂ ਬਾਅਦ ਹੋਇਆ ਸਭ ਤੋਂ ਵੱਡਾ ਸਾਲਾਨਾ ਵਾਧਾ ਹੈ।

ਡਾਟਾ ਏਜੰਸੀ ਮੁਤਾਬਕ ਖਾਣ-ਪੀਣ ਦੀਆਂ ਚੀਜ਼ਾਂ ਦੀ ਮਹਿੰਗਾਈ ਮੁੱਖ ਰੂਪ ਵਿਚ ਦੋ ਕਾਰਨਾਂ ਕਰਕੇ ਪ੍ਰਭਾਵਿਤ ਹੋਈ ਹੈ : ਇੱਕ ਤਾਂ ਖੇਤੀ ਵਾਲੇ ਇਲਾਕਿਆਂ ਵਿਚ ਖ਼ਰਾਬ ਮੌਸਮ ਅਤੇ ਦੂਸਰਾ ਸਪਲਾਈ ਚੇਨ ਦੀਆਂ ਰੁਕਾਵਟਾਂ।

ਬੀਤੇ ਇੱਕ ਸਾਲ ਦੇ ਦੌਰਾਨ ਸੇਬ ਦੀ ਕੀਮਤਾਂ 6.7 ਫ਼ੀਸਦੀ ਵਧੀਆਂ ਹਨ ਅਤੇ ਸੰਤਰਿਆਂ ਦੀ ਕੀਮਤਾਂ ਵਿਚ ਤਕੀਬਨ 6.6 ਫ਼ੀਸਦੀ ਦਾ ਇਜ਼ਾਫ਼ਾ ਹੋਇਆ ਹੈ।

ਅਮਰੀਕਾ, ਕੈਨੇਡਾ ਵਿਚ ਸੰਤਰਿਆਂ ਦਾ ਵੱਡਾ ਸਪਲਾਇਰ ਹੈ। ਪਰ ਖ਼ਰਾਬ ਮੌਸਮ ਅਤੇ ਸੰਤਰਿਆਂ ਦੀ ਇੱਕ ਬਿਮਾਰੀ ਕਾਰਨ, ਸੰਤਰਿਆਂ ਦੀ ਖੇਤੀ ਵਾਲੇ ਇਲਾਕੇ ਫ਼ਲੋਰਿਡਾ ਵਿਚ ਸੰਤਿਰਆਂ ਦੀ ਕਾਸ਼ਤ ਜਿਸ ਪੱਧਰ ‘ਤੇ ਹੋਈ ਹੈ, ਉਹ 1945 ਤੋਂ ਬਾਅਦ ਦਾ ਸਭ ਤੋਂ ਹੇਠਲਾ ਪੱਧਰ ਹੈ।

ਇਸੇ ਕਾਰਨ ਕਰਕੇ ਬਜ਼ਾਰਾਂ ਵਿਚ ਕੰਸਨਟ੍ਰੇਟੇਡ ਸੰਤਰਿਆਂ ਦੇ ਜੂਸ ਦੀਆਂ ਕੀਮਤਾਂ ਵਿਚ ਵੀ ਵਾਧਾ ਹੋਇਆ ਹੈ।

ਸੰਤਰੇ ਖ਼ਰੀਦਦਾ ਇੱਕ ਸ਼ਖ਼ਸ

ਕੈਨੇਡਾ ਵਿਚ ਜ਼ਿਆਦਾਤਰ ਸੰਤਰੇ ਫ਼ਲੋਰਿਡਾ ਤੋਂ ਆਉਂਦੇ ਹਨ, ਪਰ ਫ਼ਲੋਰਿਡਾ ਦੇ ਖੇਤਾਂ ਵਿਚ ਸੰਤਰਿਆਂ ਦੀ ਇੱਕ ਬਿਮਾਰੀ ਕਾਰਨ ਕਾਸ਼ਤ ਘਟ ਹੋਈ ਹੈ ਜਿਸ ਕਰਕੇ ਸੰਤਰੇ ਅਤੇ ਸੰਤਰੇ ਦੇ ਜੂਸ ਦੀਆਂ ਕੀਮਤਾਂ ਵਿਚ ਭਵਿੱਖ ਵਿਚ ਹੋਰ ਵੀ ਵਾਧਾ ਹੋ ਸਕਦਾ ਹੈ।

ਤਸਵੀਰ: (Bruna Prado/Getty Images)

ਸ਼ਿਕਾਗੋ ਦੀ ਇੱਕ ਕੰਪਨੀ, ਪ੍ਰਾਈਸ ਗਰੁੱਪ ਦੇ ਐਨਾਲਿਸਟ, ਫ਼ਿਲ ਫ਼ਲਿਨ ਨੇ ਸੀਬੀਸੀ ਨੂੰ ਦੱਸਿਆ, ਸੰਤਰਿਆਂ ਦੇ ਜੂਸ ਦੀ ਲਾਗਤ ਪਿਛਲੇ ਕੁਝ ਮਹੀਨਿਆਂ ਵਿਚ ਦੁੱਗਣੀ ਹੋ ਗਈ ਹੈ, ਅਤੇ ਇਹ ਲਾਗਤ ਵੱਧ ਕੀਮਤਾਂ ਦੇ ਰੂਪ ਵਿਚ ਗਾਹਕਾਂ ਨੂੰ ਭੁਗਤਣੀ ਪਵੇਗੀ

ਹੋਰ ਕਿਸਮ ਦੇ ਖਾਣਿਆਂ ਦੀਆਂ ਕੀਮਤਾਂ ਵਿਚ ਵੀ ਵਾਧਾ ਹੋ ਰਿਹਾ ਹੈ। ਪਿਛਲੇ ਇੱਕ ਸਾਲ ਵਿਚ ਹੀ ਫ਼ਰੋਜ਼ਨ ਬੀਫ਼ ਦੀਆਂ ਕੀਮਤਾਂ ਵਿਚ 12 ਫ਼ੀਸਦੀ ਵਾਧਾ ਹੋ ਚੁੱਕਾ ਹੈ। ਇਸੇ ਤਰ੍ਹਾਂ ਹੈਮ ਅਤੇ ਬੇਕਨ ਦੀਆਂ ਕੀਮਤਾਂ ਵਿਚ ਵੀ ਕਰੀਬ 15 ਫ਼ੀਸਦੀ ਇਜ਼ਾਫ਼ਾ ਹੋਇਆ ਹੈ।

ਦੇਖੋ। ਤੁਹਾਡੀ ਗ੍ਰੋਸਰੀ ਦਾ ਬਿਲ ਹੋਰ ਵੀ ਵਧ ਹੋਣ ਦੀ ਸੰਭਾਵਨਾ ਹੈ:

RSM ਕੰਸਲਟੈਂਸੀ ਨਾਲ ਜੁੜੇ ਅਰਥਸ਼ਾਸਤਰੀ ਟੂ ਇੰਗੁਏਨ ਦਾ ਕਹਿਣਾ ਹੈ ਕਿ ਟਰੱਕ ਡਰਾਈਵਰਾਂ ਲਈ ਲਾਜ਼ਮੀ ਵੈਕਸੀਨੇਸ਼ਨ ਦੀ ਸ਼ਰਤ ਲਾਗੂ ਹੋਣ ਤੋਂ ਬਾਅਦ, ਅਗਲੇ ਕੁਝ ਮਹੀਨਿਆਂ ਦੌਰਾਨ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਵਿਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ।

ਉਹਨਾਂ ਕਿਹਾ, ਮੌਜੂਦਾ ਮਹਿੰਗਾਈ, ਸਪਲਾਈ ਚੇਨ ਦੀਆਂ ਰੁਕਾਵਟਾਾਂ ਅਤੇ ਮੰਗ ਵਿਚ ਵਾਧੇ ਕਰਕੇ ਹੋ ਰਹੀ ਹੈ। ਹਾਲਾਂਕਿ ਮਹਾਮਾਰੀ ਦੀ ਸਥਿਤੀ ਬਿਹਤਰ ਹੋਣ ‘ਤੇ ਲੋਕਾਂ ਦੇ ਖ਼ਰਚਿਆਂ ਵਿਚ ਕਮੀ ਹੋਵੇਗੀ, ਪਰ ਸਪਲਾਈ ਚੇਨ ਦੀਆਂ ਚੁਣੌਤੀਆਂ ਬਰਕਰਾਰ ਰਹਿਣਗੀਆਂ

ਸਿਰਫ਼ ਖਾਣ-ਪੀਣ ਦੀਆਂ ਵਸਤਾਂ ਵਿਚ ਹੀ ਵਾਧਾ ਦਰਜ ਨਹੀਂ ਹੋਇਆ ਹੈ।

ਦੁਨੀਆ ਭਰ ਵਿਚ ਸੈਮੀਕੰਡਕਟਾਂ ਦੀ ਘਾਟ  (ਨਵੀਂ ਵਿੰਡੋ)ਕਾਰਨ ਤਕਰੀਬਨ ਹਰ ਉਸ ਵਸਤੂ ਦੀ ਕੀਮਤ ਵਧ ਗਈ ਹੈ, ਜਿਸ ਵਿਚ ਇਹ ਮਾਈਕ੍ਰੋ ਚਿੱਪ ਵਰਤੀ ਜਾਂਦੀ ਹੈ। ਵਾਸ਼ਿੰਗ ਮਸ਼ੀਨਾਂ ਅਤੇ ਹੋਰ ਘਰੇਲੂ ਉਪਕਰਣਾਂ ਦੀਆਂ ਕੀਮਤਾਂ ਪਿਛਲੇ 12 ਮਹੀਨਿਆਂ ਵਿਚ 5.7 ਫ਼ੀਸਦੀ ਵਧ ਚੁੱਕੀਆਂ ਹਨ। ਨਵੀਂ ਕਾਰ ਦੀ ਕੀਮਤ ਵਿਚ 7.2 ਫ਼ੀਸਦੀ ਵਾਧਾ ਹੋਇਆ ਹੈ।

ਪਰ ਇੱਕ ਅਹਿਮ ਸੈਕਟਰ ਵਿਚ ਗਾਹਕਾਂ ਨੂੰ ਥੋੜੀ ਰਾਹਤ ਜ਼ਰੂਰ ਮਿਲੀ ਹੈ। ਗੈਸ ਦੀਆਂ ਕੀਮਤਾਂ ਵਿਚ ਦਸੰਬਰ ਮਹੀਨੇ 4.1 ਫ਼ੀਸਦੀ ਦੀ ਕਮੀ ਦਰਜ ਹੋਈ। ਅਪ੍ਰੈਲ 2020 ਤੋਂ ਬਾਅਦ ਗੈਸ ਕੀਮਤਾਂ ਵਿਚ ਸਭ ਤੋਂ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਪਰ ਦਸੰਬਰ 2020 ਦੇ ਮੁਕਾਬਲੇ ਗੈਸ ਦੀਆਂ ਕੀਮਤਾਂ ਅਜੇ ਵੀ 33 ਫ਼ੀਸਦੀ ਜ਼ਿਆਦਾ ਹਨ।

ਪੀਟ ਇਵੈਨਸ (ਨਵੀਂ ਵਿੰਡੋ) - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ