1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਜਗਮੀਤ ਸਿੰਘ ਤੇ ਉਹਨਾਂ ਦੀ ਪਤਨੀ ਨੂੰ ‘ਗ਼ਲਤੀ ਦਾ ਅਹਿਸਾਸ’, $1,895 ਦੇ ਤੋਹਫ਼ੇ ਦੀ ਪੂਰੀ ਰਕਮ ਅਦਾ ਕਰਨਗੇ

ਗੁਰਕਿਰਨ ਕੌਰ ਸਿੱਧੂ ਨੇ ਆਪਣੇ ਇੰਸਟਾਗ੍ਰਾਮ ‘ਤੇ ਪ੍ਰਚਾਰ ਕਰਨ ਦੇ ਬਦਲੇ ਇੱਕ ਰੌਕਿੰਗ ਚੇਅਰ ਦਾ ਤੋਹਫ਼ਾ ਪ੍ਰਾਪਤ ਕੀਤਾ ਸੀ

ਕੁਰਸੀ 'ਤੇ ਬੈਠੇ ਜਗਮੀਤ ਸਿੰਘ।

ਜਗਮੀਤ ਸਿੰਘ ਨੇ ਤੋਹਫ਼ੇ ਵਿਚ ਮਿਲੀ ਇਸ ਰੌਕਿੰਗ ਚੇਅਰ ਦੀ ਤਸਵੀਰ ਆਪਣੇ ਇੰਸਟਾਗਰਾਮ ਪੇਜ 'ਤੇ ਪੋਸਟ ਕੀਤੀ ਸੀ ਅਤੇ ਉਸ ਵਿਚ ਫ਼ਰਨੀਚਰ ਕੰਪਨੀ ਮੌਂਟੀ ਨੂੰ ਟੈਗ ਵੀ ਕੀਤਾ ਸੀ।

ਤਸਵੀਰ: Instagram/jagmeetsingh

RCI

ਐਨਡੀਪੀ ਲੀਡਰ ਜਗਮੀਤ ਸਿੰਘ ਦੀ ਪਤਨੀ ਨੂੰ ਆਪਣੇ ਇੰਸਟਾਗਰਾਮ ਅਕਾਊਂਟ ‘ਤੇ ਪੋਸਟ ਕਰਨ ਦੇ ਬਦਲੇ ਵਿਚ ਇੱਕ ਰੌਕਿੰਗ ਚੇਅਰ (ਹਿੱਲਣ ਵਾਲੀ ਆਰਾਮਦਾਇਕ ਕੁਰਸੀ) ਤੋਹਫ਼ੇ ਵੱਜੋਂ ਮਿਲੀ ਸੀ। ਐਨਡੀਪੀ ਦਾ ਕਹਿਣਾ ਹੈ ਕਿ ਇਸ 1,895 ਡਾਲਰ ਦੀ ਕੁਰਸੀ ਬਾਰੇ ਇੱਕ ਰਸਮੀ ਖੁਲਾਸਾ ਰਿਪੋਰਟ ਐਥਿਕਸ ਕਮਿਸ਼ਰ ਕੋਲ ਦਾਇਰ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

10 ਦਸੰਬਰ ਨੂੰ ਜਗਮੀਤ ਸਿੰਘ ਦੀ ਪਤਨੀ ਗੁਰਕਿਰਨ ਕੌਰ ਸਿੱਧੂ ਨੇ ਇੱਕ ਕੈਨੇਡੀਅਨ ਫ਼ਰਨੀਚਰ ਕੰਪਨੀ, ਮੌਂਟੀ ਡਿਜ਼ਾਈਨ ਦੀ ਗ੍ਰੈਂਡ ਜੈਕਸਨ ਰੌਕਰ ਕੁਰਸੀ ਦੀ ਤਸਵੀਰ ਇੰਸਟਾਗਰਾਮ ‘ਤੇ ਪੋਸਟ ਕੀਤੀ ਸੀ, ਜਿਸ ਵਿਚ ਕੰਪਨੀ ਨੂੰ ਮੈਂਸ਼ਨ ਕੀਤਾ ਗਿਆ ਸੀ। ਜਗਮੀਤ ਅਤੇ ਉਹਨਾਂ ਦੀ ਪਤਨੀ ਨੂੰ ਇਸ ਕੁਰਸੀ ਦੇ ਤੋਹਫ਼ੇ ਵੱਜੋਂ ਮਿਲੇ ਹੋਣ ਦੀ ਸੀਬੀਸੀ ਵੱਲੋਂ ਰਿਪੋਰਟ ਕੀਤੇ ਜਾਣ ਤੋਂ ਬਾਅਦ, ਪਾਰਟੀ ਨੇ ਕਿਹਾ ਹੈ ਕਿ ਜਗਮੀਤ ਇਸ ਕੁਰਸੀ ਦੀ ਮੁਕੰਮਲ ਰਕਮ ਦਾ ਭੁਗਤਾਨ ਕਰਨਗੇ।

ਐਤਵਾਰ ਨੂੰ ਜਗਮੀਤ ਸਿੰਘ ਨੇ ਆਪਣੇ ਇੰਸਟਾਗਰਾਮ ਪੇਜ ‘ਤੇ ਇੱਕ ਤਸਵੀਰ ਪੋੋਸਟ ਕੀਤੀ ਹੈ, ਜਿਸ ਵਿਚ ਉਹ ਆਪਣੀ ਨਵਜੰਮੀ ਧੀ ਨੂੰ ਸੀਨੇ ਲਾਕੇ, ਉਸੇ ਕੁਰਸੀ ‘ਤੇ ਬੈਠੇ ਨਜ਼ਰ ਆ ਰਹੇ ਹਨ। ਉਹਨਾਂ ਨੇ ਉਕਤ ਕੰਪਨੀ ਨੂੰ ਟੈਗ ਵੀ ਕੀਤਾ ਹੈ।

ਐਨਡੀਪੀ ਦੀ ਸਪੋਸਕਪਰਸਨ ਮੈਲੇਨੀ ਰਿਸ਼ਰ ਨੇ ਕਿਹਾ, ਉਹ ਕੁਰਸੀ ਗੁਰਕਿਰਨ ਨੂੰ ਇਸ ਉਮੀਦ ਨਾਲ ਦਿੱਤੀ ਗਈ ਸੀ ਕਿ ਉਹ ਸੋਸ਼ਲ ਮੀਡੀਆ 'ਤੇ ਇਸ ਦਾ ਪ੍ਰਚਾਰ ਕਰੇਗੀ। ਜਗਮੀਤ ਵੱਲੋਂ ਇਸ ਬਾਰੇ ਪੋਸਟ ਕੀਤੇ ਜਾਣ ਦੀ ਕੋਈ ਉਮੀਦ ਨਹੀਂ ਲਗਾਈ ਗਈ ਸੀ

ਉਹਨਾਂ ਕਿਹਾ ਕਿ ਕਾਨੂੰਨ ਦੀ ਪਾਲਣਾ ਕਰਦਿਆਂ, ਜਗਮੀਤ ਜਾਂ ਗੁਰਕਿਰਨ ਦੁਆਰਾ ਪ੍ਰਾਪਤ ਕੀਤੇ ਗਏ ਕਿਸੇ ਵੀ ਤੋਹਫ਼ੇ ਦਾ ਖ਼ੁਲਾਸਾ ਯਕੀਨੀ ਬਣਾਉਣ ਲਈ, ਐਥਿਕਸ ਕਮਿਸ਼ਨਰ ਨਾਲ ਕੰਮ ਕੀਤਾ ਜਾ ਰਿਹਾ ਹੈ।

ਮੈਲੇਨੀ ਨੇ ਕਿਹਾ, ਉਹ ਦੋਵੇਂ ਬੁਹੱਦ ਸ਼ੁਕਰਗੁਜ਼ਾਰ ਹਨ, ਪਰ ਉਹਨਾਂ ਨੂੰ ਆਪਣੀ ਗ਼ਲਤੀ ਦਾ ਵੀ ਅਹਿਸਾਸ ਹੈ ਅਤੇ ਉਹ ਇਸ ਤੋਹਫ਼ੇ ਦਾ ਪੂਰਾ ਭੁਗਤਾਨ ਕਰਨਗੇ

ਹਾਊਸ ਔਫ਼ ਕੌਮਨਜ਼ ਦੇ ਮੈਂਬਰਾਂ ਲਈ ਬਣੀਆਂ ਵਿਸ਼ੇਸ਼ ਸ਼ਰਤਾਂ ਤਹਿਤ, ਕੋਈ ਵੀ ਮੈਂਬਰ ਪਾਰਲੀਮੈਂਟ ਜਾਂ ਉਸਦਾ ਪਰਿਵਾਰਕ ਮੈਂਬਰ ਅਜਿਹੇ ਤੋਹਫ਼ੇ ਪ੍ਰਾਪਤ ਨਹੀਂ ਕਰ ਸਕਦਾ, ਜਿਸਨੂੰ ਉਹਨਾਂ ਦੇ ਕੰਮ ਜਾਂ ਦਫ਼ਤਰੀ ਕੰਮਕਾਜ ਨੂੰ ਪ੍ਰਭਾਵਿਤ ਕਰਨ ਵਾਲਾ ਹੋਣ ਦੇ ਤੌਰ ‘ਤੇ ਦੇਖਿਆ ਜਾ ਸਕਦਾ ਹੋਵੇ।

ਹਾਲਾਂਕਿ ਕੁਝ ਸ਼ਰਤਾਂ (ਨਵੀਂ ਵਿੰਡੋ) ਨਾਲ, 200 ਡਾਲਰ ਤੋਂ ਘੱਟ ਰਕਮ ਦੇ ਤੋਹਫ਼ੇ ਪ੍ਰਾਪਤ ਕੀਤੇ ਜਾ ਸਕਦੇ ਹਨ, ਪਰ ਇਸ ਰਾਸ਼ੀ ਤੋਂ ਵੱਧ ਦੇ ਤੋਹਫ਼ਿਆਂ ਬਾਰੇ ਐਥਿਕਸ ਕਮਿਸ਼ਨਰ ਨੂੰ 60 ਦਿਨਾਂ ਦੇ ਅੰਦਰ ਅੰਦਰ ਸੂਚਿਤ ਕਰਨਾ ਜ਼ਰੂਰੀ ਹੁੰਦਾ ਹੈ। ਨਾਲ ਹੀ ਤੋਹਫ਼ੇ ਦੇ ਵੇਰਵੇ, ਕਾਰਨ ਅਤੇ ਸਰੋਤ ਬਾਰੇ ਵੀ ਜਾਣਕਾਰੀ ਪ੍ਰਦਾਨ ਕਰਨੀ ਜ਼ਰੂਰੀ ਹੁੰਦੀ ਹੈ।

ਅਜਿਹਾ ਨਾ ਕਰਨ ‘ਤੇ 500 ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ।

‘ਨੈਤਿਕ ਨਿਯਮ ਸਪਸ਼ਟ ਹਨ’

ਡੈਮੋਕ੍ਰੇਸੀ ਵਾਚ ਦੇ ਸਹਿ-ਸੰਸਥਾਪਕ ਡਫ ਕੋਨੇਚਰ ਨੇ ਕਿਹਾ ਕਿ ਸਿਆਸਤਦਾਨਾਂ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੇ ਗਏ ਮਹਿੰਗੇ ਤੋਹਫ਼ੇ ਨਿਯਮਾਂ ਦੀ ਉਲੰਘਣਾ ਕਰਦੇ ਹਨ ਅਤੇ ਮਾਰਿਓ ਡੀਓਨ (ਐਥਿਕਸ ਕਮਿਸ਼ਨਰ) ਦੇ ਦਫ਼ਤਰ ਦੁਆਰਾ ਇਸਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ।

ਉਹਨਾਂ ਕਿਹਾ, ਖ਼ਾਸ ਤੌਰ ‘ਤੇ ਘੱਟ-ਗਿਣਤੀ ਸਰਕਾਰ ਦੀ ਸਥਿਤੀ ਵਿਚ, ਵਿਰੋਧੀ ਲੀਡਰਾਂ ਅਤੇ ਐਮਪੀਜ਼ ਦਾ ਸਰਕਾਰ ਦੇ ਨੀਤੀਗਤ ਫ਼ੈਸਲਿਆਂ ‘ਤੇ ਵਧੇਰੇ ਪ੍ਰਭਾਵ ਹੁੰਦਾ ਹੈ। ਸਾਰੇ ਫ਼ੈਡਰਲ ਸਿਆਸਤਦਾਨਾਂ ਲਈ ਨੈਤਿਕ ਨਿਯਮ ਸਪਸ਼ਟ ਹਨ, ਕਿ ਇਹ ਤੋਹਫ਼ੇ ਅਤੇ ਲੋਕ ਸਿਰਫ਼ ਤੁਹਾਨੂੰ ਹੀ ਨਹੀਂ, ਸਗੋਂ ਤੁਹਾਡੇ ਪਰਿਵਾਰ ਨੂੰ ਪ੍ਰਭਾਵਿਤ ਕਰਨ ਦੀ ਵੀ ਕੋਸ਼ਿਸ਼ ਕਰਦੇ ਹਨ ਅਤੇ ਤੋਹਫ਼ੇ ਸਵੀਕਾਰ ਕਰਨ ਦੀ ਮਨਾਹੀ ਤੁਹਾਡੇ ਪਰਿਵਾਰ ਦੇ ਮੈਂਬਰਾਂ ‘ਤੇ ਵੀ ਲਾਗੂ ਹੁੰਦੀ ਹੈ

ਡਲਹਾਊਜ਼ੀ ਯੂਨੀਵਰਸਿਟੀ ਦੇ ਸਕੂਲ ਔਫ਼ ਪਬਲਿਕ ਐਡਮਿਨਿਸਟ੍ਰੇਸ਼ਨ ਦੀ ਡਾਇਰੈਕਟਰ ਅਤੇ ਪੌਲਿਟਿਕਲ ਸਾਇੰਸ ਦੀ ਸਹਾਇਕ ਪ੍ਰੋਫ਼ੈਸਰ ਲੋਰੀ ਟਰਨਬੁਲ ਨੇ ਸੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ, ਕਿ ਜਗਮੀਤ ਸਿੰਘ ਨੇ ਕਾਨੂੰਨ ਦੀ ਉਲੰਘਣਾ ਜੇ ਨਾ ਵੀ ਕੀਤੀ ਹੋਵੇ, ਪਰ ਇੱਕ ਪ੍ਰਾਈਵੇਟ ਕੰਪਨੀ ਦਾ ਪ੍ਰਚਾਰ ਥੋੜਾ ਅਜੀਬ ਲਗਦਾ ਹੈ।

ਕੰਪਨੀ ਨੂੰ ਟੈਗ ਕੀਤਾ ਜਾਣਾ ਮੈਨੂੰ ਥੋੜਾ ਅਜੀਬ ਲੱਗਦਾ ਹੈ, ਕਿਉਂਕਿ ਸਪਸ਼ਟ ਤੌਰ ‘ਤੇ ਜਗਮੀਤ, ਕੰਪਨੀ ਨੂੰ ਦੱਸਣਾ ਚਾਹੁੰਦੇ ਸਨ ਕਿ…  ‘ਤੁਸੀਂ ਮੇਰੀ ਪਤਨੀ ਨੂੰ ਇੱਕ ਰੌਕਿੰਗ ਚੇਅਰ ਤੋਹਫ਼ੇ ਵਿਚ ਦਿੱਤੀ, ਤੁਹਾਡਾ ਧੰਨਵਾਦ’

ਪ੍ਰਧਾਨ ਮੰਤਰੀ ਦੇ ਦਫ਼ਤਰ ਨੇ ਜਗਮੀਤ ਸਿੰਘ ਬਾਰੇ ਟਿੱਪਣੀ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ, ਲਿਬਰਲ ਮੈਂਬਰ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਕਮਿਸ਼ਨਰ ਨਾਲ ਕੰਮ ਕਰਨਾ ਜਾਰੀ ਰੱਖਣਗੇ। ਗ੍ਰੀਨ ਪਾਰਟੀ ਨੇ ਕਿਹਾ ਕਿ ਉਹਨਾਂ ਨੇ ਸੋਸ਼ਲ ਮੀਡੀਆ ‘ਤੇ ਪ੍ਰਚਾਰ ਕਰਨ ਦੇ ਬਦਲੇ ਕਦੇ ਕੋਈ ਤੋਹਫ਼ਾ ਪ੍ਰਾਪਤ ਨਹੀਂ ਕੀਤਾ ਹੈ। ਬਲੌਕ ਕਿਊਬੈਕਵਾ ਨੇ ਟਿੱਪਣੀ ਤੋਂ ਇਨਕਾਰ ਕਰ ਦਿੱਤਾ। ਇਸ ਖ਼ਬਰ ਦੇ ਨਸ਼ਰ ਹੋਣ ਤੱਕ ਕੰਜ਼ਰਵੇਟਿਵਜ਼ ਨੇ ਕੋਈ ਟਿੱਪਣੀ ਨ੍ਹੀਂ ਦਿੱਤੀ ਹੈ।

ਪੀਟਰ ਜ਼ਿਮੌਨਜਿਕ (ਨਵੀਂ ਵਿੰਡੋ), ਓਲੀਵੀਆ ਸਟੀਫ਼ਨੋਵਿਕ (ਨਵੀਂ ਵਿੰਡੋ), ਡੇਵਿਡ ਥਰਟਨ (ਨਵੀਂ ਵਿੰਡੋ) - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ