1. ਮੁੱਖ ਪੰਨਾ
  2. ਰਾਜਨੀਤੀ
  3. ਵਿਦੇਸ਼ੀ ਚੋਣਾਂ

[ ਰਿਪੋਰਟ ] ਵਿਧਾਨ ਸਭਾ ਚੋਣਾਂ : ਪੰਜਾਬ ਦੀ ਸਿਆਸਤ ਵਿੱਚ ਪ੍ਰਵਾਸੀਆਂ ਦੀੇ ਦਿਲਚਸਪੀ ਕਿਉਂ ?

ਸਿਆਸੀ ਪਾਰਟੀਆਂ ਨੇ ਬਣਾਏ ਹੋਏ ਹਨ ਐੱਨ ਆਰ ਆਈ ਵਿੰਗ

ਪ੍ਰਵਾਸੀ ਪੰਜਾਬੀ ਵੱਡੀ ਪੱਧਰ 'ਤੇ ਪੰਜਾਬ ਦੀ ਸਿਆਸਤ ਵਿੱਚ ਰੁਚੀ ਲੈਂਦੇ ਹਨ I

ਪ੍ਰਵਾਸੀ ਪੰਜਾਬੀ ਵੱਡੀ ਪੱਧਰ 'ਤੇ ਪੰਜਾਬ ਦੀ ਸਿਆਸਤ ਵਿੱਚ ਰੁਚੀ ਲੈਂਦੇ ਹਨ I

ਤਸਵੀਰ: ਧੰਨਵਾਦ ਸਹਿਤ ਇਲੈਕਸ਼ਨ ਕਮਿਸ਼ਨ ਵੈੱਬਸਾਈਟ

Sarbmeet Singh

ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦਾ ਅਮਲ ਸ਼ੁਰੂ ਹੋ ਚੁੱਕਾ ਹੈ ਅਤੇ ਇਸਦੇ ਨਾਲ ਹੀ ਪੰਜਾਬ ਦੇ ਵੋਟਰਾਂ ਨੂੰ ਬਾਹਰਲੇ ਮੁਲਕਾਂ ਵਿੱਚ ਵਸਦੇ ਪੰਜਾਬੀਆਂ ਦੇ ਫ਼ੋਨ ਆਉਣੇ ਵੀ ਸ਼ੁਰੂ ਹੋ ਗਏ ਹਨ I ਪ੍ਰਵਾਸੀ ਪੰਜਾਬੀ ਵੱਡੀ ਪੱਧਰ 'ਤੇ ਪੰਜਾਬ ਦੀ ਸਿਆਸਤ ਵਿੱਚ ਰੁਚੀ ਲੈਂਦੇ ਹਨ I

ਪੰਜਾਬ ਦੀਆਂ ਸਿਆਸੀ ਪਾਰਟੀਆਂ ਨੇ ਵੀ ਇਸ ਗੱਲ ਨੂੰ ਸਮਝਿਆ ਹੈ I ਵੱਖ ਵੱਖ ਪਾਰਟੀਆਂ ਦੇ ਬਾਹਰਲੇ ਮੁਲਕਾਂ ਵਿੱਚ ਵਿੰਗ ਬਣੇ ਹੋਏ ਹਨ ਅਤੇ ਪਾਰਟੀਆਂ ਦੇ ਨੇਤਾ ਇਹਨਾਂ ਮੁਲਕਾਂ ਵਿੱਚ ਜਾ ਕੇ ਆਪਣਾ ਪ੍ਰਚਾਰ ਵੀ ਕਰਦੇ ਹਨ I

ਮੁੱਢਲੀਆਂ ਸਹੂਲਤਾਂ ਦੇਖਣ ਦੀ ਆਸ

ਆਸਟ੍ਰੇਲੀਆ ਵਸਦੇ ਪੰਜਾਬੀ ਮੂਲ ਦੇ ਨੌਜਵਾਨ , ਹਰਸਿਮਰਨ ਸਿੰਘ , ਜੋ ਕਿ ਆਪਣੇ ਪਿਤਾ ਲਈ ਚੋਣ ਪ੍ਰਚਾਰ ਵੀ ਕਰ ਰਹੇ ਹਨ, ਦਾ ਕਹਿਣਾ ਹੈ ਕਿ ਪ੍ਰਵਾਸੀ ਪੰਜਾਬੀ , ਬਾਹਰ ਰਹਿ ਕੇ ਵੀ ਪੰਜਾਬ ਬਾਰੇ ਫ਼ਿਕਰਮੰਦ ਹਨ I ਹਰਸਿਮਰਨ ਨੇ ਕਿਹਾ ਜਦੋਂ ਪੰਜਾਬੀ ਹੋਰਨਾਂ ਮੁਲਕਾਂ ਵਿੱਚ ਜਾ ਕੇ ਉੱਥੋਂ ਦਾ ਸਿਸਟਮ ਦੇਖਦੇ ਹਨ ਤਾਂ ਉਹ ਸਭ ਚੀਜ਼ਾਂ ਪੰਜਾਬ ਵਿੱਚ ਵੀ ਦੇਖਣਾ ਚਾਹੁੰਦੇ ਹਨ I ਪ੍ਰਵਾਸੀਆਂ ਨੂੰ ਫ਼ਿਲਹਾਲ ਪੰਜਾਬ ਵਿੱਚ ਅਜਿਹਾ ਕੁਝ ਨਜ਼ਰ ਨਹੀਂ ਆਉਂਦਾ ਜਿਸ ਨਾਲ ਉਹ ਆਪਣੀ ਅਗਲੀ ਪੀੜੀ ਨੂੰ ਪੰਜਾਬ ਨਾਲ ਜੋੜ ਸਕਣ I ਐੱਨ ਆਰ ਆਈਜ਼ ਪੰਜਾਬ ਦੀ ਸਿਆਸਤ ਵਿੱਚ ਬਦਲਾਅ ਦੇਖਣਾ ਚਾਹੁੰਦੇ ਹਨ I

ਕੈਨੇਡਾ ਦੇ ਐਬਟਸਫੋਰਡ ਸ਼ਹਿਰ ਦੀ ਵਸਨੀਕ ਜਸਕੀਰਤ ਕੌਰ ਮਾਨ ਦਾ ਕਹਿਣਾ ਹੈ ਕਿ ਹੋਰਨਾਂ ਦੇਸ਼ਾਂ ਵਿੱਚ ਵਸਦੇ ਪੰਜਾਬੀ ਆਪਣੀ ਰਿਟਾਅਰਮੈਂਟ ਤੋਂ ਬਾਅਦ ਦੀ ਜ਼ਿੰਦਗੀ ਪੰਜਾਬ ਵਿੱਚ ਗੁਜ਼ਾਰਨਾ ਲੋਚਦੇ ਹਨ I ਜਸਕੀਰਤ ਨੇ ਕਿਹਾ ਪੰਜਾਬ ਵਿੱਚ ਅੱਜ ਵੀ ਮੁੱਢਲੀਆਂ ਸਹੂਲਤਾਂ ਦੀ ਵੱਡੀ ਘਾਟ ਹੈ I ਪ੍ਰਵਾਸੀ ਪੰਜਾਬੀ , ਪੰਜਾਬ ਦੇ ਸਿਸਟਮ ਵਿੱਚ ਸੁਧਾਰ ਦੇਖਣਾ ਚਾਹੁੰਦੇ ਹਨ I ਅਸੀਂ ਚਾਹੁੰਦੇ ਹਾਂ ਕਿ ਪੰਜਾਬ ਵਿੱਚ ਸਿਹਤ , ਸਿੱਖਿਆ ਸਮੇਤ ਹੋਰਨਾਂ ਸਹੂਲਤਾਂ ਦਾ ਮਿਆਰ ਉੱਪਰ ਉੱਠੇ I

ਜਸਕੀਰਤ ਮਾਨ ਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਜਸਕੀਰਤ ਮਾਨ

ਤਸਵੀਰ: ਧੰਨਵਾਦ ਸਹਿਤ ਜਸਕੀਰਤ ਮਾਨ

ਬ੍ਰੈਂਪਟਨ ਵਾਸੀ ਹਰਪ੍ਰੀਤ ਖੋਸਾ ਨੇ ਕਿਹਾ ਕੈਨੇਡਾ ਵਿੱਚ ਆਏ ਬਹੁਤ ਸਾਰੇ ਪੰਜਾਬੀ ਪਰਵਾਸ ਤੋਂ ਪਹਿਲਾਂ ਆਪਣੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਚੋਣ ਲੜ ਚੁੱਕੇ ਸਨ ਜਾਂ ਪ੍ਰਚਾਰ ਵਿੱਚ ਹਿੱਸਾ ਲੈਂਦੇ ਰਹੇ ਸਨ ਜਿਸ ਕਰਕੇ ਕੈਨੇਡਾ ਆ ਕੇ ਵੀ ਉਹਨਾਂ ਦੀ ਰੁਚੀ ਪੰਜਾਬ ਦੀ ਸਿਆਸਤ ਵਿੱਚ ਰਹਿੰਦੀ ਹੈ I

ਬਹੁਤ ਸਾਰੇ ਐੱਨ ਆਰ ਆਈਜ਼ ਦਾ ਕਹਿਣਾ ਹੈ ਕਿ ਉਹਨਾਂ ਦੀ ਜ਼ਮੀਨ ਜਾਇਦਾਦ ਪੰਜਾਬ ਵਿੱਚ ਹੈ ਅਤੇ ਸਰਕਾਰਾਂ ਦੁਆਰਾ ਬਣਾਏ ਜਾਂਦੇ ਨਿਯਮ ਉਹਨਾਂ ਨੂੰ ਸਿੱਧੇ - ਅਸਿੱਧੇ ਤੌਰ 'ਤੇ ਪ੍ਰਭਾਵਿਤ ਕਰਦੇ ਹਨ ਜਿਸ ਕਰਕੇ ਐੱਨ ਆਰ ਆਈਜ਼ ਦੀ ਪੰਜਾਬ ਦੀ ਸਿਆਸਤ ਵਿੱਚ ਦਿਲਚਸਪੀ ਬਰਕਰਾਰ ਰਹਿੰਦੀ ਹੈ I

ਐੱਨ ਆਰ ਆਈ ਸਭਾ ਦੇ ਦਿਲਬਾਗ ਸਿੰਘ ਲੱਕੀ ਗਿੱਲ ਦਾ ਕਹਿਣਾ ਹੈ ਕਿ ਬਹੁਤ ਸਾਰੇ ਪੰਜਾਬੀ ਹੋਰਨਾਂ ਮੁਲਕਾਂ ਵਿੱਚ ਰੋਜ਼ਗਾਰ ਦੀ ਖਾਤਿਰ ਗਏ ਸਨ ਅਤੇ ਉਹਨਾਂ ਨੂੰ ਆਪਣੀ ਹੀ ਧਰਤੀ ਪਸੰਦ ਹੈ I ਦਿਲਬਾਗ ਗਿੱਲ ਨੇ ਕਿਹਾ ਪੰਜਾਬ ਸਾਡੀ ਜਨਮਭੂਮੀ ਹੈ ਅਤੇ ਪ੍ਰਵਾਸੀ ਪੰਜਾਬੀ ਚਾਹੁੰਦੇ ਹਨ ਕਿ ਪੰਜਾਬ ਨੂੰ ਬਿਹਤਰ ਬਣਾਇਆ ਜਾ ਸਕੇ I ਇਸ ਕਰਕੇ ਪ੍ਰਵਾਸੀ ਪੰਜਾਬੀ ਬਾਹਰ ਰਹਿ ਕੇ ਵੀ ਪੰਜਾਬ ਦੀ ਸਿਆਸਤ ਵਿੱਚ ਦਿਲਚਸਪੀ ਰੱਖਦੇ ਹਨ I

ਬਹੁਤ ਸਾਰੇ ਵਿਅਕਤੀਆਂ ਦਾ ਕਹਿਣਾ ਹੈ ਕਿ ਹੋਰਨਾਂ ਮੁਲਕਾਂ ਵਿੱਚ ਜਾ ਕੇ ਪਹਿਲੀ ਪੀੜੀ ਨੂੰ ਉਸ ਮੁਲਕ ਦੀ ਸਿਆਸਤ ਨਾਲ ਜੁੜਨ ਵਿੱਚ ਮੁਸ਼ਕਿਲ ਪੇਸ਼ ਆਉਂਦੀ ਹੈ I ਕੈਨੇਡਾ ਵਸਦੇ ਲਖਵਿੰਦਰ ਸਿੰਘ ਅਨੁਸਾਰ ਕਿਸੇ ਨਵੇਂ ਮੁਲਕ ਦੀ ਸਿਆਸਤ , ਪਾਰਟੀਆਂ ਦੇ ਏਜੰਡੇ ਆਦਿ ਨੂੰ ਸਮਝਣ ਵਿੱਚ ਸਮਾਂ ਲਗਦਾ ਹੈ ਜਿਸ ਕਰਕੇ ਪ੍ਰਵਾਸੀਆਂ ਦੀ ਨਵੇਂ ਮੁਲਕ ਦੀ ਸਿਆਸਤ ਨਾਲੋਂ ਆਪਣੇ ਮੁਲਕ ਦੀ ਸਿਆਸਤ ਵਿੱਚ ਵਧੇਰੇ ਦਿਲਚਸਪੀ ਰਹਿੰਦੀ ਹੈ I

ਲਗਾਅ ਪਹਿਲੀ ਪੀੜੀ ਤੱਕ ਸੀਮਤ : ਮਾਹਰ

ਪੰਜਾਬੀ ਯੂਨੀਵਰਸਿਟੀ ਵਿੱਚ ਪੌਲੀਟਿਕਲ ਸਾਇੰਸ ਦੇ ਪ੍ਰੋਫੈਸਰ ਜਤਿੰਦਰ ਸਿੰਘ ਦਾ ਕਹਿਣਾ ਹੈ ਕਿ ਆਪਣੇ ਦੇਸ਼ ਦੀ ਸਿਆਸਤ ਵਿੱਚ ਦਿਲਚਪਸੀ ਸਿਰਫ਼ ਪੰਜਾਬੀਆਂ ਤੱਕ ਸੀਮਤ ਨਹੀਂ I ਜਤਿੰਦਰ ਸਿੰਘ ਨੇ ਕਿਹਾ ਇਤਿਹਾਸ ਗਵਾਹ ਹੈ ਕਿ ਹੋਰਨਾਂ ਮੁਲਕਾਂ ਦੇ ਪ੍ਰਵਾਸੀਆਂ ਦਾ ਵੀ ਆਪਣੇ ਮੁਲਕ ਨਾਲ ਲਗਾਅ ਬਰਕਰਾਰ ਰਹਿੰਦਾ ਹੈ I ਅਕਸਰ ਦੇਖਣ ਨੂੰ ਮਿਲਦਾ ਹੈ ਕਿ ਇਹ ਸਿਰਫ਼ ਪਹਿਲੀ ਪੀੜੀ ਤੱਕ ਹੀ ਸੀਮਿਤ ਰਹਿੰਦਾ ਹੈ I ਅਗਲੀਆਂ ਪੀੜੀਆਂ ਦੀ ਦਿਲਚਪਸੀ ਘੱਟ ਦੇਖਣ ਨੂੰ ਮਿਲਦੀ ਹੈ I

ਜਤਿੰਦਰ ਨੇ ਕਿਹਾ ਪ੍ਰਵਾਸੀ ਡਾਲਰਾਂ ਵਿੱਚ ਕਮਾਈ ਕਰਦੇ ਹਨ ਅਤੇ ਹੋਰਨਾਂ ਮੁਲਕਾਂ ਦੇ ਡਾਲਰਾਂ ਦੀ ਕੀਮਤ ਭਾਰਤੀ ਰੁਪਏ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ I ਐੱਨ ਆਰ ਆਈਜ਼ , ਸਿਆਸੀ ਪਾਰਟੀਆਂ ਨੂੰ ਫੰਡਿੰਗ ਕਰਦੇ ਹਨ ਜਿਸ ਕਰਕੇ ਸਿਆਸੀ ਧਿਰਾਂ ਵੀ ਪ੍ਰਵਾਸੀਆਂ ਨੂੰ ਅਹਿਮੀਅਤ ਦਿੰਦਿਆਂ ਹਨ I

Sarbmeet Singh

ਸੁਰਖੀਆਂ