1. ਮੁੱਖ ਪੰਨਾ
  2. ਰਾਜਨੀਤੀ
  3. ਪ੍ਰਾਂਤਿਕ ਰਾਜਨੀਤੀ

ਬੀ.ਸੀ. ਦੇ ਅਧਿਆਪਕਾਂ ਲਈ ਆਪਣੀ ਕੋਵਿਡ-19 ਵੈਕਸੀਨੇਸ਼ਨ ਦੀ ਜਾਣਕਾਰੀ ਦੇਣਾ ਜ਼ਰੂਰੀ

ਅਧਿਆਪਕਾਂ ਦੀ ਯੂਨੀਅਨ ਅਨੁਸਾਰ ਉਹਨਾਂ ਨਾਲ ਸਮੇਂ ਸਿਰ ਸਲਾਹ ਨਹੀਂ ਕੀਤੀ ਗਈ

ਇੱਕ ਸਕੂਲ ਸਟਾਫ਼ ਮੈਂਬਰ

ਬੀ.ਸੀ ਦੇ ਡੈਲਟਾ ਵਿਚ ਸਥਿਤ ਗ੍ਰੇਅ ਐਲੀਮੈਂਟਰੀ ਸਕੂਲ ਦੇ ਇੱਕ ਸਟਾਫ਼ ਮੈਂਬਰ ਦੀ ਤਸਵੀਰ।

ਤਸਵੀਰ:  CBC / Ben Nelms

RCI

ਇੱਕ ਨਵੇਂ ਪਬਲਿਕ ਹੈਲਥ ਨਿਰਦੇਸ਼ ਮੁਤਾਬਕ, ਬੀ.ਸੀ. ਦੇ ਸਕੂਲਾਂ ਵਿਚ ਕੰਮ ਕਰਨ ਵਾਲੇ ਅਧਿਆਪਕਾਂ ਅਤੇ ਸਹਾਇਕ ਸਟਾਫ਼ ਲਈ ਆਪਣੀ ਕੋਵਿਡ ਵੈਕਸੀਨੇਸ਼ਨ ਦੀ ਜਾਣਕਾਰੀ ਪ੍ਰਦਾਨ ਕਰਨਾ ਜ਼ਰੂਰੀ ਕਰ ਦਿੱਤਾ ਗਿਆ ਹੈ।

ਸੂਬੇ ਦੀ ਹੈਲਥ ਔਫ਼ੀਸਰ ਡਾ ਬੌਨੀ ਹੈਨਰੀ ਵੱਲੋਂ ਦਸਤਖ਼ਤ ਕੀਤਾ ਇਹ ਨਿਰਦੇਸ਼, 17 ਜਨਵਰੀ ਨੂੰ ਜਾਰੀ ਕੀਤਾ ਗਿਆ ਹੈ, ਜਿਸ ਵਿਚ ਸਾਰੇ ਸਕੂਲ ਬੋਰਡਾਂ ਨੂੰ ਸਟਾਫ਼ ਦੀ ਵੈਕਸੀਨੇਸ਼ਨ ਬਾਬਤ ਜਾਣਕਾਰੀ ਇਕੱਤਰ ਕਰਨ ਲਈ ਆਖਿਆ ਗਿਆ ਹੈ।

ਹੈਨਰੀ ਨੇ ਲਿਖਿਤ ਨਿਰਦੇਸ਼ ਵਿਚ ਕਿਹਾ, “ਸਿੱਖਿਆ ਬੋਰਡਾਂ, ਸੁਤੰਤਰ ਸਕੂਲ ਅਥੌਰਟੀਜ਼ ਅਤੇ ਫ਼੍ਰੈਂਕੋਫ਼ੋਨ ਸਿੱਖਿਆ ਅਥੌਰਟੀਜ਼ ਕੋਲ ਸਟਾਫ਼ ਮੈਂਬਰਾਂ ਦੀ ਵੈਕਸੀਨੇਸ਼ਨ ਦੀ ਜਾਣਕਾਰੀ ਦੀ ਘਾਟ, SARS-CoV-2 ‘ਤੇ ਕਾਬੂ ਪਾਉਣ ਵਿਚ ਰੁਕਾਵਟ ਹੈ ਅਤੇ ਇਹ ਪਬਲਿਕ ਹੈਲਥ ਐਕਟ ਅਧੀਨ ਸਿਹਤ ਲਈ ਖ਼ਤਰੇ ਦੀ ਸ਼੍ਰੇਣੀ ਵਿਚ ਆਉਂਦਾ ਹੈ”।

ਉਹਨਾਂ ਕਿਹਾ ਕਿ ਕੁਝ ਖੇਤਰਾਂ ਵਿਚ ਕੋਵਿਡ ਦਾ ਖ਼ਤਰਾ ਘਟਾਉਣ ਅਤੇ ਸਕੂਲ ਸੇਵਾਵਾਂ ਜਾਰੀ ਰੱਖਣ ਲਈ ਤੁਰੰਤ ਕਾਰਵਾਈ ਕੀਤੇ ਜਾਣ ਦੀ ਜ਼ਰੂਰਤ ਹੈ।

ਹੈਲਥ ਨਿਰਦੇਸ਼ ਵਿਚ ਇਹ ਵੀ ਕਿਹਾ ਗਿਆ ਹੈ ਕਿ 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਦੇ ਸੰਕਰਮਿਤ ਹੋਣ ਦੀ ਸੰਭਾਵਨਾ ਜ਼ਿਆਦਾ ਹੈ, ਕਿਉਂਕਿ ਉਹ ਹਾਲ ਹੀ ਵਿੱਚ ਵੈਕਸੀਨੇਸ਼ਨ ਲਈ ਯੋਗ ਹੋਏ ਹਨ ਅਤੇ ਉਹਨਾਂ ਨੂੰ ਪੂਰੀ ਤਰ੍ਹਾਂ ਵੈਕਸੀਨੇਟ ਕਰਨ ਵਿੱਚ ਕੁਝ ਸਮਾਂ ਲੱਗੇਗਾ।

ਪਰ ਨਾਲ ਹੀ ਹੈਨਰੀ ਨੇ ਇਹ ਵੀ ਕਿਹਾ ਕਿ ਸਕੂਲਾਂ ਵਿੱਚ ਵਾਇਰਸ ਫ਼ੈਲਣ ਦੀ ਸੰਭਾਵਨਾ ਘੱਟ ਹੈ, ਅਤੇ ਬੱਚਿਆਂ ਦੀਆਂ ਸਮਾਜਿਕ, ਮਾਨਸਿਕ ਅਤੇ ਵਿਕਾਸ ਸੰਬੰਧੀ ਲੋੜਾਂ ਦੀ ਪੂਰਤੀ ਲਈ ਸਕੂਲ ਖੁੱਲੇ ਰਹਿਣੇ ਚਾਹੀਦੇ ਹਨ।

ਬੀ.ਸੀ. ਦੀ ਟੀਚਰਜ਼ ਫ਼ੈਡਰੇਸ਼ਨ ਦੇ ਪ੍ਰੈਜ਼ੀਡੈਂਟ, ਟੈਰੀ ਮੂਰਿੰਗ ਨੇ ਕਿਹਾ ਕਿ ਇਸ ਨਿਰਦੇਸ਼ ਬਾਬਤ ਯੂਨੀਅਨ ਨਾਲ ਸਮੇਂ ਸਿਰ ਮਸ਼ਵਰਾ ਨਹੀਂ ਕੀਤਾ ਗਿਆ।

ਉਹਨਾਂ ਕਿਹਾ, ਇਹ ਯਕੀਨਨ ਇੱਕ ਅਚੰਭੇ ਦੀ ਗੱਲ ਹੈ

ਜਿਸ ਵੇਲੇ ਸਿੱਖਿਆ ਮੁਲਾਜ਼ਮਾਂ ਅਤੇ ਪਰਿਵਾਰਾਂ ਵਿਚ ਸਕੂਲਾਂ ਦੀ ਸੁਰੱਖਿਆ ਨੂੰ ਲੈ ਕੇ  ਪਹਿਲਾਂ ਹੀ ਬਹੁਤ ਫ਼ਿਕਰਮੰਦੀ ਹੈ, ਅਜਿਹੇ ਮਾਹੌਲ ਵਿੱਚ ਇਹ ਨਿਰਦੇਸ਼ ਬਹੁਤ ਸਾਰੇ ਸਵਾਲ ਖੜ੍ਹੇ ਕਰਦਾ ਹੈ

ਲਾਜ਼ਮੀ ਵੈਕਸੀਨੇਸ਼ਨ

ਮੂਰਿੰਗ ਨੇ ਕਿਹਾ ਕਿ ਇਹ ਨਿਰਦੇਸ਼ਸ਼ ਸਕੂਲਾਂ ਵਿਚ ਰੈਪਿਡ ਟੈਸਟ ਦੀ ਉਪਲਬਧਤਾ, ਅਧਿਆਪਕਾਂ ਨੂੰ ਪਹਿਲ ਦੇ ਆਧਾਰ ‘ਤੇ ਬੂਸਟ ਸ਼ੌਟ ਅਤੇ N95 ਮਾਸਕ ਦਿੱਤੇ ਜਾਣ ਦੇ ਵਾਧੂ ਸੁਰੱਖਿਆ ਉਪਾਅ ਕੀਤੇ ਜਾਣ ਦੀ ਜ਼ਰੂਰਤ ਨੂੰ ਵੀ ਜ਼ਾਹਰ ਕਰਦਾ ਹੈ।

ਮੂਰਿੰਗ ਨੇ ਕਿਹਾ ਕਿ ਯੂਨੀਅਨ ਪਹਿਲਾਂ ਹੀ, ਬੀ.ਸੀ. ਪਬਲਿਕ ਸਕੂਲ ਇੰਪਲੋਇਜ਼ ਅਸਿਸੀਏਸ਼ਨ ਨਾਲ ਲਾਜ਼ਮੀ ਵੈਕਸੀਨੇਸ਼ਨ ਪ੍ਰਕਿਰਿਆ ਬਾਬਤ ਸਹਿਮਤ ਹੋ ਚੁੱਕੀ ਹੈ ਅਤੇ ਉਹ ਹੋਰ ਸਕੂਲ ਡਿਸਟ੍ਰਿਕਟਸ ਵਿਚ ਵੀ ਜ਼ਰੂਰੀ ਵੈਕਸੀਨੇਸ਼ਨ ਨੀਤੀ ਦੇਖਣਾ ਚਾਹੇਗੀ।

ਡੈਲਟਾ ਸਕੂਲ ਡਿਸਟ੍ਰਿਕਟ ਨੇ ਵੀ ਪਿਛਲੇ ਹਫ਼ਤੇ ਵੈਕਸੀਨੇਸ਼ਨ ਪ੍ਰਮਾਣ ਦੀ ਨੀਤੀ ਦਾ ਐਲਾਨ ਕੀਤਾ ਸੀ ਅਤੇ ਛੇ ਹਫ਼ਤਿਆਂ ਬਾਅਦ ਬਗ਼ੈਰ ਵੈਕਸੀਨ ਵਾਲੇ ਸਟਾਫ਼ ਨੂੰ ਜਾਂ ਤਾਂ ਹਰ ਥੋੜੇ ਵਕਫ਼ੇ ਬਾਅਦ ਰੈਪਿਡ ਟੈਸਟ ਕਰਨਾ ਹੋਵੇਗਾ ਅਤੇ ਜਾਂ ਫ਼ੇਰ ਸਕੂਲੋਂ ਗ਼ੈਰ-ਹਾਜ਼ਰ ਹੋਣਾ ਪਵੇਗਾ।

ਰੈਵੈਲਸਟੋਕ ਸਕੂਲ ਡਿਸਟ੍ਰਿਕਟ ਨੇ ਵੀ ਪਿਛਲੇ ਹਫ਼ਤੇ ਅਜਿਹੀ ਹੀ ਨੀਤੀ ਦਾ ਐਲਾਨ ਕੀਤਾ ਸੀ। ਬੀ.ਸੀ. ਵਿਚ ਕੁਲ 60 ਸਕੂਲ ਡਿਸਟ੍ਰਿਕਟ ਹਨ, ਅਤੇ ਮੂਰਿੰਗ ਦਾ ਕਹਿਣਾ ਹੈ ਕਿ ਬਾਕੀ ਸਕੂਲ ਡਿਸਟ੍ਰਿਕਟਸ ਵਿਚ ਵੀ ਅਜਿਹੀ ਹੀ ਨੀਤੀ ਐਲਾਨੇ ਜਾਣ ‘ਤੇ ਚਰਚਾਵਾਂ ਕੀਤੀਆਂ ਜਾ ਰਹੀਆਂ ਹਨ।

ਮੂਰਿੰਗ ਨੇ ਕਿਹਾ, ਅਸੀਂ ਸਿਰਫ਼ ਵੈਕਸੀਨੇਸ਼ਨ ਦੀ ਜਾਣਕਾਰੀ ਦੇਣਾ ਜ਼ਰੂਰੀ ਕੀਤੇ ਜਾਣ ਦੀ ਬਜਾਏ ਸੂਬਾਈ ਹੈਲਥ ਅਥੌਰਟੀ ਕੋਲੋਂ ਲਾਜ਼ਮੀ ਵੈਕਸੀਨੇਸ਼ਨ ਦਾ ਨਿਰਦੇਸ਼ ਚਾਹੁੰਦੇ ਹਾਂ, ਅਤੇ ਉਹਨਾਂ ਕੋਲ ਇਸਦਾ ਪੂਰਾ ਅਧਿਕਾਰ ਹੈ, ਕਿਉਂਕਿ ਵੈਕਸੀਨੇਸ਼ਨ ਦੀ ਜਾਣਕਾਰੀ ਪ੍ਰਦਾਨ ਕਰਨਾ ਵੀ, ਵੈਕਸੀਨੇਸ਼ਨ ਲਾਜ਼ਮੀ ਕਰਨ ਦੀ ਪ੍ਰਕਿਰਿਆ ਦਾ ਹੀ ਹਿੱਸਾ ਹੈ

ਕੈਮਿਲੇ ਬੈਂਸ (ਨਵੀਂ ਵਿੰਡੋ) - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ