1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਰੂਸ ਵੱਲੋਂ ਹਮਲੇ ਦੀ ਸੰਭਾਵਨਾ ਦੇ ਚਲਦਿਆਂ ਕੈਨੇਡਾ ਨੇ ਯੂਕਰੇਨ ਨੂੰ ਕੀਤਾ ਵਿੱਤੀ ਮਦਦ ਦਾ ਵਾਅਦਾ

ਯੂਕਰੇਨ ਨੂੰ ਹਥਿਆਰਾਂ ਦੀ ਸਪਲਾਈ ਬਾਰੇ ਫ਼ਿਲਹਾਲ ਫ਼ੈਸਲਾ ਨਹੀਂ ਹੋਇਆ - ਵਿਦੇਸ਼ ਮੰਤਰੀ

13 ਜਨਵਰੀ 2022 ਨੂੰ ਦੱਖਣੀ ਰੂਸ ਦੇ ਰੋਸਤੋਵ ਖੇਤਰ ਵਿਚ ਫ਼ੌਜੀ ਅਭਿਆਸ ਦੌਰਾਨ ਰੂਸੀ ਸੈਨਿਕਾਂ ਦੀ ਤਸਵੀਰ।

13 ਜਨਵਰੀ 2022 ਨੂੰ ਦੱਖਣੀ ਰੂਸ ਦੇ ਰੋਸਤੋਵ ਖੇਤਰ ਵਿਚ ਫ਼ੌਜੀ ਅਭਿਆਸ ਦੌਰਾਨ ਰੂਸੀ ਸੈਨਿਕਾਂ ਦੀ ਤਸਵੀਰ।

ਤਸਵੀਰ: Associated Press / AP

RCI

ਕੈਨੇਡਾ ਦੀ ਵਿਦੇਸ਼ ਮੰਤਰੀ ਮੇਲੈਨੀ ਜੋਲੀ ਸੋਮਵਾਰ ਨੂੰ ਯੂਕਰੇਨ ਦੀ ਰਾਜਧਾਨੀ ਕੀਵ ਵਿੱਖੇ ਪਹੁੰਚੇ। ਯੂਕਰੇਨ ‘ਤੇ ਰੂਸ ਵੱਲੋਂ ਹਮਲਾ ਕੀਤੇ ਜਾਣ ਦੀ ਸੰਭਾਵਨਾ ਦੇ ਚਲਦਿਆਂ ਜੋਲੀ ਨੇ ਯੂਕਰੇਨ ਨੂੰ ਵਿੱਤੀ ਮਦਦ ਦੇਣ ਦਾ ਵਾਅਦਾ ਕੀਤਾ ਹੈ।

ਮੇਲੈਨੀ ਜੋਲੀ ਨੇ ਯੂਕਰੇਨ ਦੇ ਪ੍ਰਧਾਨ ਮੰਤਰੀ ਡੈਨਿਸ ਸ਼ਮਾਏਹਲ ਨਾਲ ਮੁਲਾਕਾਤ ਕੀਤੀ। ਉਹਨਾਂ ਕਿਹਾ ਕਿ ਉਹਨਾਂ ਦੀ ਯੂਕਰੇਨ ਫ਼ੇਰੀ ਦਾ ਮਕਸਦ, ਇਸ ਮੌਜੂਦਾ ਸੰਕਟ ਦੌਰਾਨ ਯੂਕਰੇਨ ਨਾਲ ਕੈਨੇਡਾ ਦੀ ਅਟੁੱਟ ਏਕਤਾ ਨੂੰ ਦਰਸਾਉਣਾ ਸੀ।

ਰੇਡੀਓ ਕੈਨੇਡਾ ਨੂੰ ਦਿੱਤੇ ਇੱਕ ਇੰਟਵਿਊ ਵਿਚ ਜੋਲੀ ਨੇ ਦੱਸਿਆ ਕਿ, ਯੂਕਰੇਨ ਨੂੰ ਪੱਛਮੀ ਫ਼ੌਜੀ ਗੱਠਜੋੜ ਨਾਟੋ ਵਿਚ ਸ਼ਾਮਲ ਕਰਨ ਬਾਬਤ ਰੂਸ ਦੇ ਇਤਰਾਜ਼ ਦੇ ਬਾਵਜੂਦ, ਕੈਨੇਡਾ ਯੂਕਰੇਨ ਨੂੰ ਨਾਟੋ ਦੇ ਮੈਂਬਰ ਵੱਜੋਂ ਦੇਖਣ ਲਈ ਵਚਨਬੱਧ ਹੈ।

ਯੁਕਰੇਨੀਆਨ ਅਧਿਕਾਰੀਆਂ ਨੂੰ ਆਪਣੇ ਸੁਨੇਹੇ ਬਾਰੇ ਸਵਾਲ ਦੇ ਜਵਾਬ ਵਿਚ ਜੋਲੀ ਨੇ ਕਿਹਾ, ਮੈਂ ਸਭ ਤੋਂ ਪਹਿਲਾਂ ਉਹਨਾਂ ਨੂੰ ਦੱਸਾਂਗੀ, ਕਿ ਕੈਨੇਡਾ ਦਾ ਪੱਖ ਨਹੀਂ ਬਦਲਿਆ ਹੈ। ਸਾਡਾ ਮੰਨਣਾ ਹੈ ਕਿ ਯੂਕਰੇਨ ਨਾਟੋ ਵਿਚ ਸ਼ਾਮਲ ਹੋਣ ਦੇ ਯੋਗ ਹੋਣਾ ਚਾਹੀਦਾ ਹੈ

ਇਸ ਦੇ ਨਾਲ ਹੀ, ਇੱਥੇ ਲੋਕਤੰਤਰੀ ਸੁਧਾਰ ਹੋਣੇ ਚਾਹੀਦੇ ਹਨ, ਯੂਕਰੇਨ ਵਿੱਚ ਨਿਆਂ ਪ੍ਰਣਾਲੀ ਦੇ ਸੁਧਾਰ ਹੋਣੇ ਚਾਹੀਦੇ ਹਨ

17 ਜਨਵਰੀ 2022 ਨੂੰ ਯੂਕਰੇਨ ਦੇ ਪ੍ਰਧਾਨ ਮੰਤਰੀ ਡੈਨਿਸ ਸ਼ਮਾਏਹਲ ਅਤੇ ਕੈਨੇਡੀਅਨ ਵਿਦੇਸ਼ ਮੰਤਰੀ ਮੈਲੇਨੀ ਜੋਲੀ ਦੀ ਮੁਲਾਕਾਤ ਦੀ ਤਸਵੀਰ।

17 ਜਨਵਰੀ 2022 ਨੂੰ ਯੂਕਰੇਨ ਦੇ ਪ੍ਰਧਾਨ ਮੰਤਰੀ ਡੈਨਿਸ ਸ਼ਮਾਏਹਲ ਅਤੇ ਕੈਨੇਡੀਅਨ ਵਿਦੇਸ਼ ਮੰਤਰੀ ਮੈਲੇਨੀ ਜੋਲੀ ਦੀ ਮੁਲਾਕਾਤ ਦੀ ਤਸਵੀਰ।

ਤਸਵੀਰ: Associated Press / AP

ਇਸ ਹਫ਼ਤੇ ਕੀਵ ਵਿਚ ਯੂਕਰੇਨ ਸਰਕਾਰ ਨਾਲ ਜਰਮਨੀ ਅਤੇ ਫ਼੍ਰਾਂਸ ਦੇ ਵਿਦੇਸ਼ ਮੰਤਰੀ ਵੀ ਮੁਲਾਕਾਤ ਲਈ ਪਹੁੰਚ ਰਹੇ ਹਨ। ਜਮਰਨੀ ਦੇ ਵਿਦੇਸ਼ ਮੰਤਰੀ ਐਨਾਲੇਨਾ ਬੇਰਬੌਕ ਅਤੇ ਫ਼੍ਰਾਂਸ ਦੇ ਵਿਦੇਸ਼ ਮੰਤਰੀ ਯੌਂ ਈਵ ਲੇ ਡਰਾਇਨ, ਨੌਰਮੈਂਡੀ ਵਾਰਤਾ (ਜਰਮਨੀ, ਰੂਸ, ਫ਼੍ਰਾਂਸ ਅਤੇ ਯੂਕਰੇਨ) ਨੂੰ ਮੁੜ ਸ਼ੁਰੂ ਕਰਨ ਦੀਆਂ ਕੋਸ਼ਿਸ਼ਾਂ ਵਿਚ ਹਨ।

ਇਹ ਗੱਲਬਾਤ ਹੁਣ ਤੱਕ ਪੂਰਬੀ ਯੂਕਰੇਨ ਵਿਚ ਰੂਸ ਵੱਲੋਂ ਪਿਛਲੇ ਸੱਤ ਸਾਲ ਤੋਂ ਚਲ ਰਹੇ ਪ੍ਰੌਕਸੀ ਯੁੱਧ ਸੰਕਟ ਦਾ ਸ਼ਾਂਤਮਈ ਹੱਲ ਕਰਨ ਵਿਚ ਨਾਕਾਮ ਰਹੀ ਹੈ।

ਨੌਰਮੈਂਡੀ ਫ਼ਾਰਮੈਟ, ਜਰਮਨੀ ਅਤੇ ਫ਼੍ਰਾਸ ਦੁਆਰਾ ਤਿਆਰ ਕਰਵਾਏ ਗਏ 2015 ਦੇ ਮਿੰਸਕ ਸਮਝੌਤਿਆਂ ਨੂੰ ਲਾਗੂ ਕਰਵਾਉਣ ਲਈ ਸਥਾਪਿਤ ਕੀਤਾ ਗਿਆ ਸੀ।

ਉਕਤ ਸਮਝੌਤੇ 2014 ਵਿਚ ਰੂਸ ਵੱਲੋਂ ਕ੍ਰੀਮੀਆ ਨੂੰ ਯੂਕਰੇਨ ਤੋਂ ਵੱਖ ਕਰਨ ਤੋਂ ਬਾਅਦ, ਯੂਕਰੇਨ ਦੇ ਡੋਨਬਾਸ ਖੇਤਰ ਵਿਚ ਰੂਸ ਦੇ ਵੱਖਵਾਦੀ ਪ੍ਰੌਕਸੀ ਯੁੱਧ ਨੂੰ ਖ਼ਤਮ ਕਰਨ ਲਈ ਤਿਆਰ ਕੀਤੇ ਗਏ ਸਨ।

ਯੂਕਰੇਨ ਨਾਲ ਸਮਰਥਨ ਦਿਖਾਉਣ ਲਈ ਯੂ ਐਸ ਸੈਨੇਟਰਾਂ ਦਾ ਇੱਕ ਵਫ਼ਦ ਵੀ ਸੋਮਵਾਰ ਨੂੰ ਯੂਕਰੇਨ ਪਹੁੰਚਿਆ ਹੈ।

ਯੂਕਰੇਨ ਦੇ ਡੌਨੇਟਸਕ ਖੇਤਰ ਵਿਚ ਸਵੈ-ਘੋਸ਼ਿਤ ਡੌਨੇਟਸਕ ਪੀਪਲਜ਼ ਰਿਪਲਿਕ ਦੇ ਇੱਕ ਹਥਿਆਰਬੰਦ ਮਿਲੀਟੈਂਟ ਦੀ ਤਸਵੀਰ। ਮਿਤੀ 14 ਜਨਵਰੀ 2022

ਯੂਕਰੇਨ ਦੇ ਡੌਨੇਟਸਕ ਖੇਤਰ, ਜਿੱਥੇ ਯੂਕਰੇਨ ਫ਼ੌਜਾਂ ਅਤੇ ਬਾਗੀਆਂ ਦੇ ਨਿਯੰਤਰਣ ਵਾਲੇ ਖੇਤਰ ਵਾਲੇ ਯੈਸਨੋਏ ਇਲਾਕੇ ਦੀ ਸੀਮਾ ਉਪੱਰ, ਤੈਨਾਤ ਸਵੈ-ਘੋਸ਼ਿਤ ਡੌਨੇਟਸਕ ਪੀਪਲਜ਼ ਰਿਪਲਿਕ ਦੇ ਇੱਕ ਹਥਿਆਰਬੰਦ ਮਿਲੀਟੈਂਟ ਦੀ ਤਸਵੀਰ। ਮਿਤੀ 14 ਜਨਵਰੀ 2022

ਤਸਵੀਰ: (Alexander Ermochenko/Reuters)

ਰੂਸ ਨੇ ਯੂਕਰੇਨ ਦੇ ਤਿੰਨ ਪਾਸਿਓਂ 100,000 ਤੋਂ ਵੱਧ ਸੈਨਿਕ ਤੈਨਾਤ ਕੀਤੇ ਹੋਏ ਹਨ ਅਤੇ ਉਹਨਾਂ ਨੂੰ ਲੜਾਈ ਲਈ ਤਿਆਰ ਬਰ ਤਿਆਰ ਸਥਿਤੀ ਵਿਚ ਰੱਖਿਆ ਹੋਇਆ ਹੈ, ਪਰ ਇਸਦੇ ਬਾਵਜੂਦ ਰੂਸ, ਯੂਕਰੇਨ ‘ਤੇ ਹਮਲਾ ਕਰਨ ਦੀ ਯੋਜਨਾ ਤੋਂ ਇਨਕਾਰ ਕਰ ਰਿਹਾ ਹੈ।

ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਸਰਕਾਰ ਨੇ ਮੰਗ ਕੀਤੀ ਹੈ ਕਿ ਨਾਟੋ ਆਪਣੇ ਪੂਰਬ ਵੱਲ ਵਿਸਤਾਰ ਨੂੰ ਖ਼ਤਮ ਕਰੇ ਅਤੇ ਯੂਕਰੇਨ ਅਤੇ ਜੌਰਜੀਆ, ਦੋਵੇਂ ਸਾਬਕਾ ਸੋਵੀਅਤ ਦੇਸ਼ਾਂ, ਨੂੰ ਇਸ ਫ਼ੌਜੀ ਗਠਜੋੜ ਵਿੱਚ ਮੈਂਬਰਸ਼ਿਪ ਦੇਣ ਤੋਂ ਇਨਕਾਰ ਕਰੇ। ਰੂਸ ਦੀ ਇਹ ਵੀ ਮੰਗ ਹੈ ਕਿ ਪੂਰਬੀ ਯੂਰਪ ਵਿੱਚ ਪੱਛਮੀ ਫੌ਼ਜੀ ਤੈਨਾਤੀਆਂ ਨੂੰ 1997 ਦੇ ਪੱਧਰ 'ਤੇ ਵਾਪਸ ਲਿਆਂਦਾ ਜਾਵੇ।

ਯੂ ਐਸ ਅਤੇ ਨਾਟੋ ਨੇ ਇਹਨਾਂ ਮੰਗਾਂ ਨੂੰ ਰੱਦ ਕਰ ਦਿੱਤਾ ਹੈ ਪਰ ਉਹਨਾਂ ਕਿਹਾ ਕਿ ਉਹ ਯੂਰਪ ਵਿੱਚ ਮਿਜ਼ਾਈਲ ਤੈਨਾਤੀਆਂ ਨੂੰ ਸੀਮਤ ਕਰਨ ਵਾਲੀ ਨਵੀਂ ਸੰਧੀ ਸਮੇਤ, ਹੋਰ ਵਿਸ਼ਵਾਸ-ਨਿਰਮਾਣ ਉਪਾਵਾਂ 'ਤੇ ਚਰਚਾ ਕਰਨ ਲਈ ਤਿਆਰ ਹਨ।

ਲੰਘੇ ਸ਼ੁੱਕਰਵਾਰ, ਰੂਸ ਦੇ ਭਾਈਵਾਲ ਦੇਸ਼ ਬੇਲਾਰੂਸ ਵੱਲੋਂ ਅੰਜਾਮ ਦਿੱਤੇ ਮੰਨੇ ਜਾ ਰਹੇ, ਇੱਕ ਵਿਸ਼ਾਲ ਸਾਈਬਰ ਹਮਲੇ ਵਿਚ ਯੂਕਰੇਨ ਦੇ ਸਰਕਾਰੀ ਕੰਪਿਊਟਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਸ ਵਿਚ ਯੂਕਰੇਨ ਨੂੰ ਡਰਣ ਅਤੇ ਹੋਰ ਵੀ ਮਾੜੇ ਨਤੀਜੇ ਭੁਗਤਣ ਲਈ ਆਗਾਹ ਕੀਤਾ ਗਿਆ ਸੀ।

ਮਹਿੰਗਾ ਸੰਕਟ

ਮੌਜੂਦਾ ਸੰਕਟ ਨੇ ਯੂਕਰੇਨ ਦੀ ਵਿੱਤੀ ਸਥਿਤੀ ਨੂੰ ਵੱਡੀ ਢਾਹ ਲਾਈ ਹੈ।

ਪਿਛਲੇ ਮਹੀਨੇ, ਵਰਲਡ ਬੈਂਕ ਨੇ ਯੂਕਰੇਨ ਨੂੰ ਕੋਵਿਡ ਕਾਰਨ ਪੈਦਾ ਹੋਏ ਆਰਥਿਕ ਝਟਕਿਆਂ ਨਾਲ ਨਜਿੱਠਣ ਵਿੱਚ ਮਦਦ ਕਰਨ ਲਈ 428 ਮਿਲੀਅਨ ਡਾਲਰ (300 ਮਿਲੀਅਨ ਯੂਰੋ) ਦੇ ਕਰਜ਼ੇ ਨੂੰ ਮਨਜ਼ੂਰੀ ਦਿੱਤੀ ਸੀ।

ਇਸ ਤੋਂ ਵੱਖ, ਅੰਤਰਾਸ਼ਟਰੀ ਵਿੱਤੀ ਅਦਾਰਿਆਂ ਨੇ ਯੂਕਰੇਨ ਵਿਚ ਟ੍ਰਾਂਸਪੋਰਟ ਇਨਫ਼੍ਰਾਸਟਰਕਚਰ ਦਾ ਵਿਸਤਾਰ ਕਰਨ ਵਿਚ ਮਦਦ ਲਈ 285 ਮਿਲੀਅਨ ਡਾਲਰ ਦਾ ਲੋਨ ਦੇਣ ਦਾ ਅਹਿਦ ਕੀਤਾ ਹੈ। ਨਵੰਬਰ ਵਿਚ ਇੰਟਰਨੈਸ਼ਨਲ ਮੌਨਿਟਰੀ ਫ਼ੰਡ (ਆਈਐਮਐਫ਼) ਨੇ ਮੁਲਕ ਵਿਚ ਸੁਧਾਰਾਂ ਨੂੰ ਲਾਗੂ ਕਰਨ ਲਈ 700 ਮਿਲੀਅਨ ਡਾਲਰ ਲੋਨ ਮੰਜ਼ੂਰ ਕੀਤਾ ਸੀ।

ਕੈਨੇਡਾ 2014 ਤੋਂ ਯੂਕਰੇਨ ਦੇ ਸਭ ਤੋਂ ਵੱਡੇ ਦੁਵੱਲੇ ਮਦਦਗਾਰਾਂ ਵਿੱਚੋਂ ਇੱਕ ਰਿਹਾ ਹੈ, ਜਿਸ ਨੇ ਦੇਸ਼ ਦੇ ਸੰਵਿਧਾਨਕ, ਨਿਆਂਇਕ ਅਤੇ ਸੁਰੱਖਿਆ ਸੁਧਾਰਾਂ 'ਤੇ 245 ਮਿਲੀਅਨ ਡਾਲਰ ਖ਼ਰਚ ਕੀਤੇ ਹਨ।

ਜੋਲੀ ਨੇ ਕਿਹਾ ਕਿ ਕੈਨੇਡਾ ਸਰਕਾਰ ਸਮਝਦੀ ਹੈ ਕਿ ਯੂਕਰੇਨ ਦੀ ਹੋਰ ਮਦਦ ਕੀਤੀ ਜਾ ਸਕਦੀ ਹੈ।

ਉਹਨਾਂ ਕਿਹਾ, ਅਸੀਂ ਇਸ ਬਾਰੇ ਇੱਕ ਵਾਰ ਗੱਲ ਕਰਨ ਅਤੇ ਯੂਕਰੇਨ ਨੂੰ ਵਿੱਤੀ ਸਰੋਤਾਂ ਦੀ ਪੇਸ਼ਕਸ਼ ਕਰਨ ਲਈ ਤਿਆਰ ਹਾਂ ਕਿਉਂਕਿ ਅਸੀਂ ਜਾਣਦੇ ਹਾਂ ਕਿ ਰੂਸੀ ਧਮਕੀ ਇੱਕ ਕਿਸਮ ਦੀ ਆਰਥਿਕ ਅਸਥਿਰਤਾ ਪੈਦਾ ਕਰਦੀ ਹੈ, ਅਤੇ ਇਸਦਾ ਮੁਲਕ ਦੇ ਮਾਲੀਏ ਅਤੇ ਯੂਕਰੇਨ ਸਰਕਾਰ ਦੀ ਆਪਣੀ ਪਹੁੰਚ ਨੂੰ ਵਿੱਤੀ ਯੋਗਦਾਨ ਦੇਣ ਦੀ ਸਮਰੱਥਾ 'ਤੇ ਅਸਰ ਪੈ ਸਕਦਾ ਹੈ

ਜੋਲੀ ਨੇ ਕਿਹਾ ਕਿ ਕੀ ਕੈਨੇਡਾ ਸੰਭਾਵਿਤ ਹਮਲੇ ਦਾ ਸਾਹਮਣਾ ਕਰਨ ਲਈ ਯੂਕਰੇਨ ਨੂੰ ਰੱਖਿਆਤਮਕ ਹਥਿਆਰਾਂ ਦੀ ਸਪਲਾਈ ਕਰਨ ਦਾ ਇਰਾਦਾ ਰੱਖਦਾ ਹੈ ਜਾਂ ਨਹੀਂ,  ਇਸ ਬਾਰੇ ਅਜੇ ਸਰਕਾਰ ਅੰਦਰ ਚਰਚਾ ਕੀਤੀ ਜਾ ਰਹੀ ਹੈ।

ਬ੍ਰਿਟੇਨ ਦੇ ਰੱਖਿਆ ਸਕੱਤਰ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਯੂ ਕੇ ਨੇ ਯੂਕਰੇਨ ਦੀ ਮਦਦ ਲਈ ਐਂਟੀ-ਟੈਂਕ ਹਥਿਆਰਾਂ ਦੀ ਸਪਲਾਈ ਸ਼ੁਰੂ ਕਰ ਦਿੱਤੀ ਹੈ।

ਜੋਲੀ ਨੇ ਕਿਹਾ ਕਿ ਯੂਕਰੇਨ ਤੋਂ ਬਾਅਦ ਉਹ ਅਗਲੇਰੀ ਵਾਰਤਾ ਲਈ, ਫ਼੍ਰਾਂਸ ਅਤੇ ਜਰਮਨੀ ਦਾ ਦੌਰਾਨ ਕਰਨਗੇ।

ਮਰੇ ਬ੍ਰੂਸਟਰ (ਨਵੀਂ ਵਿੰਡੋ) - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ