1. ਮੁੱਖ ਪੰਨਾ
  2. ਸਮਾਜ
  3. ਇਮੀਗ੍ਰੇਸ਼ਨ

ਵੈਨਕੂਵਰ, ਟੋਰੌਂਟੋ ਅਤੇ ਐਡਮੰਟਨ ਵਿਚ ਨਵੇਂ ਇਮੀਗ੍ਰੈਂਟਸ ਦੇ ਟਿਕੇ ਰਹਿਣ ਦੀ ਦਰ ਸਭ ਤੋਂ ਵੱਧ

2014 ਵਿਚ ਆਏ ਇਮੀਗ੍ਰੈਂਟਸ ਅਤੇ ਉਹਨਾਂ ਵੱਲੋਂ 2019 ਵਿਚ ਫ਼ਾਈਲ ਕੀਤੇ ਗਏ ਟੈਕਸ ਦੀ ਸਮੀਖਿਆ ਕੀਤੀ ਗਈ ਹੈ

ਛੇ ਇਮੀਗ੍ਰੈਂਟ ਔਰਤਾਂ ਨੂੰ ਪੜ੍ਹਾ ਰਹੀ ਇੱਕ ਔਰਤ।

ਐਡਮੰਟਨ ਮੈਨੋਨਾਈਟ ਸੈਂਟਰ ਵਿਚ ਕੈਨੇਡਾ ਆਏ ਨਵੇਂ ਇਮੀਗ੍ਰੈਂਟਸ ਨੂੰ ਭਾਸ਼ਾ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ। ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ ਵੈਨਕੂਵਰ, ਟੋਰੌਂਟੋ ਅਤੇ ਐਡਮੰਟਨ ਵਿਚ ਇਮੀਗ੍ਰੈਂਟਸ ਦਾ ਰਿਟੈਂਸ਼ਨ ਰੇਟ ਸਭ ਨਾਲੋਂ ਵੱਧ ਹੈ।

ਤਸਵੀਰ: (Supplied by the Edmonton Mennonite Centre for Newcomers)

RCI

ਸਟੈਟਿਸਟਿਕਸ ਕੈਨੇਡਾ ਦੇ ਨਵੇਂ ਅੰਕੜਿਆਂ ਅਨੁਸਾਰ ਕੈਨੇਡਾ ਵਿਚ ਨਵੇਂ ਇਮੀਗ੍ਰੈਂਟਸ ਦਾ ਰਿਟੈਂਸ਼ਨ ਰੇਟ, ਭਾਵ ਉਹਨਾਂ ਦੇ ਟਿਕੇ ਰਹਿਣ ਦੀ ਦਰ ਵੈਨਕੂਵਰ, ਟੋਰੌਂਟੋ ਅਤੇ ਐਡਮੰਟਨ ਵਿਚ ਸਭ ਨਾਲੋਂ ਵੱਧ ਹੈ। ਯਾਨੀ ਕੈਨੇਡਾ ਆਏ ਨਵੇਂ ਇਮੀਗ੍ਰੈਂਟਸ ਇਹਨਾਂ ਸ਼ਹਿਰਾਂ ਵਿਚ ਪਹੁੰਚਕੇ, ਇੱਥੇ ਹੀ ਰਹਿਣ ਨੂੰ ਤਰਜੀਹ ਦਿੰਦੇ ਹਨ।

ਏਜੰਸੀ ਨੇ 2014 ਵਿਚ ਆਏ ਇਮੀਗ੍ਰੈਂਟਸ ਅਤੇ ਉਹਨਾਂ ਵੱਲੋਂ 2019 ਵਿਚ ਫ਼ਾਈਲ ਕੀਤੇ ਗਏ ਟੈਕਸ ਦੀ ਸਮੀਖਿਆ ਕੀਤੀ ਹੈ। 

ਕੈਨੇਡਾ ਆਉਣ ਤੋਂ ਪੰਜ ਸਾਲ ਬਾਅਦ, ਵੈਨਕੂਵਰ ਪਹੁੰਚਣ ਵਾਲੇ 86.1 ਫ਼ੀਸਦੀ ਇਮੀਗ੍ਰੈਂਟਸ ਇਸੇ ਸ਼ਹਿਰ ਵਿਚ ਟਿਕੇ ਰਹੇ। ਇਸੇ ਤਰਜ਼ ‘ਤੇ ਟੋਰੌਂਟੋ ਵਿਚ ਪਹੁੰਚੇ ਇਮੀਗ੍ਰੈਂਟਸ ਦੀ ਇੱਥੇ ਹੀ ਟਿਕ ਜਾਣ ਦੀ ਦਰ 85.5 ਫ਼ੀਸਦੀ ਰਹੀ ਅਤੇ 84.6 ਫ਼ੀਸਦੀ ਦੀ ਦਰ ਨਾਲ ਐਡਮੰਟਨ ਤੀਸਰੇ ਨੰਬਰ ਤੇ ਰਿਹਾ।

ਵੈਨਕੂਵਰ ਵਿਚ ਆਕੇ ਉੱਥੇ ਹੀ ਟਿਕ ਜਾਣ ਵਾਲਿਆਂ ਵਿਚ ਸਭ ਤੋਂ ਵੱਧ ਦਰ ਫ਼ੈਮਿਲੀ-ਸਪੌਂਸਰ ਵਾਲੇ ਇਮੀਗ੍ਰੈਂਟਸ ਦੀ ਸੀ ਅਤੇ ਐਡਮੰਟਨ ਵਿਚ ਆਰਥਿਕ ਇਮੀਗ੍ਰੈਂਟਸ ਦੀ ਦਰ ਸਭ ਤੋਂ ਵੱਧ ਸੀ।

ਅੰਕੜੇ ਦਰਸਾਉਂਦੇ ਹਨ ਕਿ ਜ਼ਿਆਦਾਤਰ ਟੈਕਸ ਭਰਨ ਵਾਲੇ ਇਮੀਗ੍ਰੈਂਟਸ ਉਸੇ ਸੂਬੇ ਵਿਚ ਰਹਿੰਦੇ ਹਨ ਜਿੱਥੇ ਉਹ ਪਹਿਲੀ ਵਾਰੀ ਦਾਖ਼ਲ ਹੋਏ ਸਨ। 2014 ਵਿਚ ਕੈਨੇਡਾ ਆਉਣ ਵਾਲੇ 85 ਫ਼ੀਸਦੀ ਤੋਂ ਵੱਧ ਇਮੀਗ੍ਰੈਂਟਸ, ਪੰਜ ਸਾਲ ਬਾਅਦ ਵੀ ਉਸੇ ਸੂਬੇ ਵਿਚ ਰਹਿ ਰਹੇ ਹਨ। 

ਸੂਬਾਈ ਪੱਧਰ ਦੀ ਜੇ ਗੱਲ ਕਰੀਏ, ਤਾਂ ਓਨਟੇਰਿਓ ਵਿਚ ਇਮੀਗ੍ਰੈਂਟਸ ਦਾ ਰਿਟੈਂਸ਼ਨ ਰੇਟ ਸਭ ਨਾਲੋਂ ਵੱਧ, 93.7 ਫ਼ੀਸਦੀ ਰਿਹਾ ਹੈ। ਇਸ ਤੋਂ ਬਾਅਦ ਬੀਸੀ ਦਾ 89.7 ਫ਼ੀਸਦੀ ਅਤੇ ਐਲਬਰਟਾ ਦਾ 89 ਫ਼ੀਸਦੀ ਦਰਜ ਹੋਇਆ। ਐਟਲਾਂਟਿਕ ਕੈਨੇਡਾ ਦੇ ਸੂਬਿਆਂ ਵਿਚ ਇਮੀਗ੍ਰੈਂਟਸ ਦੇ ਉੱਥੇ ਹੀ ਟਿਕੇ ਰਹਿਣ ਦੀ ਦਰ ਸਭ ਨਾਲੋਂ ਘੱਟ ਹੈ। ਪ੍ਰਿੰਸ ਐਡਵਰਡ ਆਈਲੈਂਡ ਪਹੁੰਚੇ ਪਰਵਾਸੀਆਂ ਵਿਚੋਂ ਸਿਰਫ਼ 28.1 ਫ਼ੀਸਦੀ ਇਮੀਗ੍ਰੈਂਟਸ ਉਥੇ ਹੀ ਰਹਿੰਦੇ ਦਰਜ ਹੋਏ।

ਮੌਂਟ੍ਰੀਅਲ ਵਿਚ ਫ਼ੈਮਿਲੀ-ਸਪੌਂਸਰਡ ਇਮੀਗ੍ਰੈਂਟਸ ਅਤੇ ਰਿਫ਼ਿਊਜੀਆਂ ਦੇ ਲੰਬੇ ਸਮੇਂ ਤੱਕ ਟਿਕੇ ਰਹਿਣ ਦੀ ਦਰ ਵਧੇਰੇ ਰਹੀ ਪਰ ਆਰਥਿਕ ਇਮੀਗ੍ਰੈਂਟਸ ਦੇ ਪੈਮਾਨੇ ‘ਤੇ ਇਹ ਦਰ ਕਾਫ਼ੀ ਘੱਟ ਰਹੀ। ਇਸੇ ਤਰ੍ਹਾਂ ਵਿਨੀਪੈਗ ਵਿਚ ਫ਼ੈਮਿਲੀ-ਸਪੌਂਸਰ ਵਾਲੇ ਇਮੀਗ੍ਰੈਂਟਸ ਦਾ ਰਿਟੈਂਸ਼ਨ ਰੇਟ 82 ਫ਼ੀਸਦੀ ਰਿਹਾ ਪਰ ਰਿਫ਼ਿਊਜੀਆਂ ਦੇ ਸਬੰਧ ਵਿਚ ਇਹ ਦਰ 40 ਫ਼ੀਸਦੀ ਰਹੀ। 

ਰੁਜ਼ਗਾਰ ਇੱਕ ਵੱਡਾ ਕਾਰਨ

ਟੋਰੌਂਟੋ ਦੀ ਰਾਇਰਸਨ ਯੂਨੀਵਰਸਿਟੀ ਦੀ ਰਿਸਰਚਰ, ਮਾਰਸ਼ੀਆ ਅਕਬਰ ਦਾ ਕਹਿਣਾ ਹੈ ਕਿ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਪਹਿਲੂ, ਇਮੀਗ੍ਰੈਂਟਸ ਦੇ ਇੱਕ ਜਗ੍ਹਾ ਨੂੰ ਛੱਡ ਦੂਸਰੀ ਜਗ੍ਹਾ 'ਤੇ ਜਾਣ ਦੇ ਫ਼ੈਸਲਿਆਂ ਨੂੰ ਪ੍ਰਭਾਵਿਤ ਕਰਦੇ ਹਨ, ਪਰ ਰੁਜ਼ਗਾਰ ਅਤੇ ਕੰਮ ਦਾ ਤਜਰਬਾ ਸਭ ਤੋਂ ਮਹੱਤਵਪੂਰਨ ਪਹਿਲੂ ਮੰਨਿਆ ਜਾਂਦਾ ਹੈ।

ਅੰਕੜਿਆਂ ਵਿਚ ਸਾਹਮਣੇ ਆਇਆ ਹੈ ਕਿ 2014 ਵਿਚ, ਸਟਡੀ ਪਰਮਿਟ ਦੇ ਮੁਕਾਬਲੇ ਵਰਕ ਪਰਮਿਟ ਨਾਲ ਕੈਨੇਡਾ ਪਹੁੰਚਣ ਵਾਲੇ ਇਮੀਗ੍ਰੈਂਟਸ ਦੀ ਉਸੇ ਸੂਬੇ ਜਾਂ ਟੈਰਿਟ੍ਰੀ ਵਿਚ ਰਹਿਣ ਦੀ ਸੰਭਾਵਨਾ ਵੱਧ ਸੀ, ਜਿਸ ਵਿਚ ਉਹ ਪਹਿਲੀ ਵਾਰੀ ਦਾਖ਼ਲ ਹੋਏ ਸਨ।

ਮਾਰਸ਼ੀਆ ਨੇ ਕਿਹਾ, ਉਹ ਉੱਥੇ ਕੰਮ ਕਰਦੇ ਹਨ, ਉਹਨਾਂ ਨੂੰ ਉਸ ਥਾਂ ਨਾਲ ਵੀ ਇੱਕ ਲਗਾਵ ਹੁੰਦਾ ਹੈ ਕਿਉਂਕਿ ਉਹਨਾਂ ਕੋਲ ਕੰਮ ਦਾ ਤਜਬਰਾ ਹੁੰਦਾ ਹੈ। ਇਸ ਨਾਲ ਉਹਨਾਂ ਨੂੰ ਕੋਈ ਹੋਰ ਨੌਕਰੀ ਮਿਲਣ ਵਿਚ ਵੀ ਆਸਾਨੀ ਹੁੰਦੀ ਹੈ ਅਤੇ ਉਹਨਾਂ ਨੂੰ ਕਿਸੇ ਹੋਰ ਸੂਬੇ ਵਿਚ ਜਾਣ ਦੀ ਜ਼ਰੂਰਤ ਮਹਿਸੂਸ ਨ੍ਹੀਂ ਹੁੰਦੀ

ਐਡਮੰਟਨ ਦੇ ਇਕ ਇਮੀਗ੍ਰੇਸ਼ਨ ਵਕੀਲ ਨੇਥਨ ਪੋ, ਐਡਮੰਟਨ ਅਤੇ ਕੈਲਗਰੀ ਵਿਚ ਇਮੀਗ੍ਰੈਂਟਸ ਦੇ ਟਿਕੇ ਰਹਿਣ ਦੀ ਉੱਚੀ ਦਰ ਤੋਂ ਹੈਰਾਨ ਨਹੀਂ ਹੋਏ।

ਉਹਨਾਂ ਕਿਹਾ, ਮੇਰੇ ਜ਼ਿਆਦਾਤਰ ਕਲਾਇੰਟ ਇੱਥੇ ਹੀ ਘਰ ਬਣਾਉਣ ਦੀ ਸੋਚ ਰਹੇ ਹਨ, ਅਤੇ ਜ਼ਿਆਦਾਤਰ ਲੋਕ ਇੱਥੇ ਹੀ ਰਹਿ ਰਹੇ ਹਨ

ਉਹਨਾਂ ਕਿਹਾ ਹੈ ਕਿ ਐਲਬਰਟਾ ਵਿਚ ਕਈ ਹੋਰ ਸੂਬਿਆਂ ਦੇ ਮੁਕਾਬਲੇ ਵਧੇਰੇ ਵਿਦੇਸ਼ੀ ਕਾਮੇ ਹਨ, ਅਤੇ ਇਸ ਤੱਤ ਨੇ ਵੀ ਰਿਟੈਂਸ਼ਨ ਰੇਟ ਪ੍ਰਭਾਵਿਤ ਕੀਤਾ ਹੋਣਾ।

ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਵਿਚ ਇਸ ਸਵਾਲ ਦਾ ਜਵਾਬ ਨਹੀਂ ਮਿਲਦਾ ਕਿ ਕਿਹੜੇ ਕਾਰਨਾਂ ਕਰਕੇ ਇਮੀਗ੍ਰੈਂਟਸ ਨੇ ਆਪਣੀ ਪਹਿਲੀ ਵਾਰੀ ਪਹੁੰਚਣ ਵਾਲੀ ਥਾਂ ‘ਤੇ ਹੀ ਟਿਕੇ ਰਹਿਣ ਦਾ ਫ਼ੈਸਲਾ ਕੀਤਾ ਹੈ। ਪਰ ਮਾਰਸ਼ੀਆ ਅਤੇ ਉਹਨਾਂ ਦੇ ਸਹਿਕਰਮੀ ਇਸ ਸਵਾਲ ਦੇ ਜਵਾਬ ਜੁਟਾਉਣ ਵਿਚ ਲੱਗੇ ਹੋਏ ਹਨ, ਕਿ ਅਜਿਹੇ ਕਿਹੜੇ ਕਾਰਨ ਹਨ ਜਿਹਨਾਂ ਕਰਕੇ ਕੁਝ ਇਮੀਗ੍ਰੈਂਟਸ ਨੇ ਓਨਟੇਰਿਓ ਅਤੇ ਸਸਕੈਚਵਨ ਦੇ ਛੋਟੇ ਸ਼ਹਿਰਾਂ ਵਿਚ 10 ਸਾਲ ਤੋਂ ਵੀ ਵੱਧ ਦਾ ਸਮਾਂ ਟਿਕੇ ਰਹਿਣ ਦਾ ਫ਼ੈਸਲਾ ਕੀਤਾ ਹੈ।

ਮਾਰਸ਼ੀਆ ਦਾ ਕਹਿਣਾ ਹੈ ਕਿ ਇਸ ਕਿਸਮ ਦਾ ਡਾਟਾ ਇਮੀਗ੍ਰੈਂਟਸ ਦੀ ਬਿਹਤਰ ਰਿਟੈਂਸ਼ਨ ਨੀਤੀ ਲਈ ਮਦਦਗਾਰ ਹੋ ਸਕਦਾ ਹੈ।

ਐਡਮੰਟਨ ਵਿਚ ਇਮੀਗ੍ਰੈਂਟ ਔਰਤਾਂ ਦੀ ਮਦਦ ਕਾਰਨ ਵਾਲੀ ਇੱਕ ਸੰਸਥਾ ਵਿਚ ਐਜੁਕੇਸ਼ਨ ਮੈਨੇਜਰ, ਜੋਸੇਫ਼ੀਨ ਐਲਰਡ ਕਹਿੰਦੀ ਹੈ, ਕਿਸੇ ਸ਼ਹਿਰ ਦਾ ਅਪਣੱਤ ਵਾਲਾ ਮਾਹੌਲ ਵੀ ਨਵੇਂ ਲੋਕਾਂ ਦੇ ਉੱਥੇ ਹੀ ਟਿਕੇ ਰਹਿਣ ਦੇ ਕਾਰਨਾਂ ਵਿਚੋਂ ਇੱਕ ਬਣ ਜਾਂਦਾ ਹੈ

ਐਲਰਡ 50 ਸਾਲ ਪਹਿਲਾਂ ਫਿਲਪੀਨ ਤੋਂ ਕੈਨੇਡਾ ਆਈ ਸੀ। ਉਸਦਾ ਕਹਿਣਾ ਹੈ ਕਿ ਕੁਝ ਲੋਕ ਐਡਮੰਟਨ ਤੋਂ ਨਿਕਲ ਗਏ ਸਨ, ਪਰ ਉਹ ਇਹ ਕਹਿੰਦੇ ਫ਼ਿਰ ਵਾਪਸ ਆ ਗਏ ਕਿ ਐਡਮੰਟਨ ਵਿਚ ਉਹ ਵਧੇਰੇ ਆਪਣਾਪਣ ਮਹਿਸੂਸ ਕਰਦੇ ਹਨ।

ਐਲਰਡ ਨੇ ਦੱਸਿਆ ਕਿ ਜ਼ਿਆਦਾਤਰ ਨਵੇਂ ਇਮੀਗ੍ਰੈਂਟਸ ਐਡਮੰਟਨ ਵਿਚ ਟਿਕੇ ਰਹਿਣਾ ਪਸੰਦ ਕਰਦੇ ਹਨ, ਪਰ ਐਲਬਰਟਾ ਵਿਚ ਫ਼ੌਰਨ ਕ੍ਰਿਡੈਂਸ਼ੀਅਲ ਭਾਵ ਵਿਦੇਸ਼ੀ ਸਿੱਖਿਆ ਅਤੇ ਕੰਮ ਦੇ ਤਜਰਬੇ ਦੀ ਮਾਨਤਾ ਮਿਲਣੀ ਮੁਸ਼ਕਿਲ ਹੋਣ ਕਰਕੇ, ਕੁਝ ਲੋਕਾਂ ਨੂੰ ਉੱਥੋਂ ਜਾਣ ਦਾ ਫ਼ੈਸਲਾ ਕਰਨਾ ਪੈਂਦਾ ਹੈ।

ਐਲਡਰ ਨੇ ਕਿਹਾ, ਇਹ ਇਕੋ ਇਕ ਰੁਕਾਵਟ ਹੈ ਜੋ ਅਸੀਂ ਇੱਥੇ ਆਉਣ ਵਾਲੇ ਲੋਕਾਂ ਵਿਚ ਦੇਖੀ ਹੈ

ਮੈਡੇਲੀਨ ਕਮਿੰਗਜ਼  (ਨਵੀਂ ਵਿੰਡੋ)- ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ