1. ਮੁੱਖ ਪੰਨਾ
  2. ਅਰਥ-ਵਿਵਸਥਾ
  3. ਸੈਰ-ਸਪਾਟਾ

ਏਅਰਲਾਈਨਾਂ ਵੱਲੋਂ ਸਰਕਾਰ ਨੂੰ ਵੈਕਸੀਨ ਪ੍ਰਾਪਤ ਯਾਤਰੀਆਂ ਦੀ ਲਾਜ਼ਮੀ ਕੋਵਿਡ ਟੈਸਟਿੰਗ ਖ਼ਤਮ ਕਰਨ ਦੀ ਮੰਗ

ਪੀਐਚਏਸੀ ਅਨੁਸਾਰ, ਦਸੰਬਰ ਵਿਚ ਕੈਨੇਡਾ ਪਹੁੰਚੇ ਸਿਰਫ਼ 1 % ਯਾਤਰੀਆਂ ਦਾ ਕੋਵਿਡ ਟੈਸਟ ਪੌਜ਼ਿਟਿਵ ਸੀ

18 ਦਸੰਬਰ 2021 ਨੂੰ ਇੱਕ ਮੁਸਾਫ਼ਰ ਟੋਰੌਂਟੋ ਦੇ ਪੀਅਰਸਨ ਏਅਰਪੋਰਟ ਉੱਪਰ ਕੋਵਿਡ ਟੈਸਟਿੰਗ ਨਾਲ ਸਬੰਧਤ ਸਾਈਨ ਦੇ ਨਜ਼ਦੀਕ ਗੁਜ਼ਰਦਾ ਹੋਇਆ।

18 ਦਸੰਬਰ 2021 ਨੂੰ ਇੱਕ ਮੁਸਾਫ਼ਰ ਟੋਰੌਂਟੋ ਦੇ ਪੀਅਰਸਨ ਏਅਰਪੋਰਟ ਉੱਪਰ ਕੋਵਿਡ ਟੈਸਟਿੰਗ ਨਾਲ ਸਬੰਧਤ ਸਾਈਨ ਦੇ ਨਜ਼ਦੀਕ ਗੁਜ਼ਰਦਾ ਹੋਇਆ।

ਤਸਵੀਰ: (Carlo Allegri/Reuters)

RCI

ਕੈਨੇਡਾ ਦੀਆਂ ਸਭ ਤੋਂ ਵੱਡੀਆਂ ਏਅਰਲਾਈਨਾਂ ਅਤੇ ਸਭ ਤੋਂ ਮਸਰੂਫ਼ ਏਅਰਪੋਰਟ ਨੇ ਫ਼ੈਡਰਲ ਸਰਕਾਰ ਨੂੰ ਮੰਗ ਕੀਤੀ ਹੈ ਕਿ ਮੁਕੰਮਲ ਵੈਕਸੀਨੇਸ਼ਨ ਵਾਲੇ ਯਾਤਰੀਆਂ ਦੀ ਲਾਜ਼ਮੀ ਕੋਵਿਡ-19 ਟੈਸਟਿੰਗ ਦੀ ਸ਼ਰਤ ਖ਼ਤਮ ਹੋਣੀ ਚਾਹੀਦੀ ਹੈ।

ਏਅਰ ਕੈਨੇਡਾ, ਵੈਸਟਜੈਟ ਅਤੇ ਟੋਰੌਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਨੇ ਉਨਟੇਰਿਉ ਸਰਕਾਰ ਅਤੇ ਫ਼ੈਡਰਲ ਸਰਕਾਰ ਨੂੰ ਭੇਜੇ ਇੱਕ ਪੱਤਰ ਵਿਚ ਕਿਹਾ ਹੈ, ਕਿ ਸਰਕਾਰਾਂ ਨੂੰ ਏਅਰਪੋਰਟ ਤੋਂ ਟੈਸਟਿੰਗ ਹਟਾ ਕੇ ਸ਼ਹਿਰਾਂ ਵਿਚ ਟੈਸਟਿੰਗ ਵਧਾਉਣੀ ਚਾਹੀਦੀ ਹੈ, ਕਿਉਂਕਿ ਫ਼ਰੰਟ-ਲਾਈਨ ਵਰਕਰਾਂ ਨੂੰ ਪੀਸੀਆਰ ਟੈਸਟ ਕਰਵਾਉਣ ਲਈ ਜੂਝਣਾ ਪੈ ਰਿਹਾ ਹੈ। ਪੱਤਰ ਵਿਚ ਸਕੂਲਾਂ, ਲੌਂਗ-ਟਰਮ ਕੇਅਰ ਹੋਮਜ਼ ਅਤੇ ਹਸਪਤਾਲਾਂ ਵਿਚ ਟੈਸਟਿੰਗ ਵਧਾਉਣ ਦਾ ਜ਼ਿਕਰ ਕੀਤਾ ਗਿਆ ਹੈ।

ਸੀਮਤ ਸਰੋਤਾਂ ਦਾ ਇਹ ਉਤਮ ਇਸਤੇਮਾਲ ਨਹੀਂ

ਪਿਛਲੇ ਕੁਝ ਹਫ਼ਤਿਆਂ ਦੌਰਾਨ ਕੋਵਿਡ ਕੇਸਾਂ ਵਿਚ ਹੋਏ ਵਾਧੇ ਦੇ ਮੱਦੇਨਜ਼ਰ, ਕਈ ਸੂਬਿਆਂ ਨੇ ਕੋਵਿਡ ਮੌਲੀਕਿਊਲਰ ਟੈਸਟਿੰਗ, ਹਸਪਤਾਲ ਦਾਖ਼ਲ ਹੋਣ ਦੇ ਖ਼ਤਰੇ ਵਾਰੇ ਮਰੀਜ਼ਾਂ ਅਤੇ ਉਹਨਾਂ ਥਾਂਵਾਂ ‘ਤੇ ਜਿੱਥੇ ਵਾਇਰਸ ਦਾ ਜ਼ਿਆਦਾ ਖ਼ਤਰਾ ਹੈ, ਤੱਕ ਹੀ ਸੀਮਤ ਕਰ ਦਿੱਤੀ ਹੈ।

ਕੈਨੇਡਾ ਆਉਣ ਵਾਲੇ ਯਾਤਰੀਆਂ ਨੂੰ ਇੱਥੇ ਪਹੁੰਚਣ ਤੋਂ ਪਹਿਲਾਂ, ਆਪਣੇ ਮੌਲੀਕਿਊਲਰ ਕੋਵਿਡ ਟੈਸਟ ਦੀ ਨੈਗਟਿਵ ਰਿਪੋਰਟ ਪ੍ਰਦਾਨ ਕਰਨਾ ਜ਼ਰੂਰੀ ਹੁੰਦਾ ਹੈ। ਕੈਨੇਡਾ ਪਹੁੰਚਦਿਆਂ ਹੀ, ਯੂ ਐਸ ਨੂੰ ਛੱਡਕੇ, ਸਾਰੇ ਯਾਤਰੀਆਂ ਨੂੰ ਕੋਵਿਡ ਟੈਸਟ ਕਰਵਾਉਣਾ ਪੈਂਦਾ ਹੈ ਅਤੇ ਨਤੀਜਾ ਆਉਣ ਤੱਕ ਆਈਸੋਲੇਟ ਕਰਨਾ ਜ਼ਰੂਰੀ ਹੁੰਦਾ ਹੈ। ਯੂ ਐਸ ਤੋਂ ਆਉਣ ਵਾਲਿਆਂ ਯਾਤਰੀਆਂ ਦੀ ਟੈਸਟਿੰਗ ਗ਼ੈਰ-ਤਰਤੀਬਬੱਧ ਹੈ, ਭਾਵ ਕਿਸੇ ਵੇਲੇ ਵੀ ਅਧਿਕਾਰੀ ਕਿਸੇ ਯਾਤਰੀ ਨੂੰ ਟੈਸਟ ਕਰਵਾਉਣ ਲਈ ਆਖ ਸਕਦਾ ਹੈ।

ਏਅਰਲਾਈਨਾਂ ਅਤੇ ਏਅਰਪੋਰਟ ਦਾ ਕਹਿਣਾ ਹੈ ਕਿ ਅੰਤਰਾਸ਼ਟਰੀ ਯਾਤਰੀਆਂ ਦਾ ਟੈਸਟ ਕੀਤਾ ਜਾਣਾ, ਕੈਨੇਡਾ ਦੇ ਸੀਮਤ ਸਰੋਤਾਂ ਦੀ ਉੱਤਮ ਵਰਤੋਂ ਨਹੀਂ ਹੈ। ਉਹਨਾਂ ਨੇ ਯੂ ਕੇ ਅਤੇ ਇਜ਼ਰਾਈਲ ਦੀ ਮਿਸਾਲ ਦਿੱਤੀ, ਹਾਲਾਂਕਿ ਇਜ਼ਰਾਈਲ ਵਿਚ ਵੈਕਸੀਨੇਟੇਡ ਯਾਤਰੀਆਂ ਦੀ ਵੀ ਏਅਰਪੋਰਟ ਪਹੁੰਚਣ ‘ਤੇ ਟੈਸਟਿੰਗ ਕੀਤੀ ਜਾਂਦੀ ਹੈ ਪਰ ਯੂ ਕੇ ਵਿਚ ਅਜਿਹਾ ਨਹੀਂ ਹੋ ਰਿਹਾ। 

ਦੇਖੋ। ਮਾਹਰਾਂ ਨੇ ਏਅਰਪੋਰਟ 'ਤੇ ਕੋਵਿਡ ਟੈਸਟਿੰਗ ਨੂੰ ਲੈਕੇ ਚੁੱਕੇ ਸਵਾਲ:

ਪਬਲਿਕ ਹੈਲਥ ਏਜੰਸੀ ਔਫ਼ ਕੈਨੇਡਾ (ਪੀਐਚਏਸੀ) ਅਨੁਸਾਰ, 28 ਨਵੰਬਰ ਤੋਂ 25 ਦਸੰਬਰ ਦੇ ਦਰਮਿਆਨ, ਕੈਨੇਡਾ ਪਹੁੰਚਣ ਵਾਲੇ ਮੁਕੰਮਲ ਵੈਕਸੀਨੇਸ਼ਨ ਵਾਲੇ ਯਾਤਰੀਆਂ ਚੋਂ, ਸਿਰਫ਼ 1.08% ਯਾਤਰੀਆਂ ਦਾ ਕੋਵਿਡ ਟੈਸਟ ਰਿਜ਼ਲਟ ਪੌਜ਼ਿਟਿਵ ਆਇਆ ਸੀ।

ਹਾਲਾਂਕਿ ਕ੍ਰਿਸਮਸ ਵੀਕ ਦੌਰਾਨ ਟੈਸਟ ਪੌਜ਼ਿਟਿਵਿਟੀ ਰੇਟ 2 ਫ਼ੀਸਦੀ ਤੋਂ ਥੋੜਾ ਉੱਪਰ ਦਰਜ ਹੋਇਆ ਸੀ, ਪਰ ਇਸਦੇ ਬਾਵਜੂਦ ਇਹ ਕੈਨੇਡਾ ਦੇ 28 % ਦੇ ਰਾਸ਼ਟਰੀ ਪੌਜ਼ਿਟਿਵਿਟੀ ਰੇਟ ਨਾਲੋਂ ਕਿਤੇ ਘੱਟ ਹੈ।

ਏਅਰ ਕੈਨੇਡਾ, ਵੈਸਟਜੈਟ ਅਤੇ ਪੀਅਰਸਨ ਏਅਰਪੋਰਟ ਚਾਹੁੰਦੇ ਹਨ, ਕਿ ਕੈਨੇਡਾ ਪਹੁੰਚਣ ਵਾਲੇ 'ਸਾਰੇ' ਯਾਤਰੀਆਂ ਦੀ ਕੋਵਿਡ ਟੈਸਟਿੰਗ ਦੀ ਬਜਾਏ, ਇਸਨੂੰ ਰੈਂਡਮ (ਗ਼ੈਰ-ਤਰਤੀਬਬੱਧ) ਕਰ ਦਿੱਤਾ ਜਾਣਾ ਚਾਹੀਦਾ ਹੈ ਅਤੇ ਸਿਰਫ਼ ਲੱਛਣ ਵਾਲੇ ਯਾਤਰੀਆਂ ਜਾਂ ਪੌਜ਼ਿਟਿਵ ਨਤੀਜੇ ਵਾਲੇ ਯਾਤਰੀਆਂ ਲਈ ਆਈਸੋਲੇਸ਼ਨ ਜ਼ਰੂਰੀ ਹੋਣਾ ਚਾਹੀਦਾ ਹੈ।

ਟੈਸਟਿੰਗ ਸਮਰੱਥਾ ਵਧਾਏ ਜਾਣ ਦੀ ਮੰਗ

ਟੂਰਿਜ਼ਮ ਇੰਡਸਟਰੀ ਅਸੋਸੀਏਸ਼ਨ ਔਫ਼ ਕੈਨੇਡਾ ਨੇ ਵੀ ਅੰਤਰਾਸ਼ਟਰੀ ਯਾਤਰੀਆਂ ਦੀ ਰੈਂਡਮ ਟੈਸਟਿੰਗ ਕੀਤੇ ਜਾਣ ਦੀ ਮੰਗ ਕੀਤੀ ਹੈ।

ਟੂਰਿਜ਼ਮ ਅਸੋਸੀਏਸ਼ਨ ਦਾ ਕਹਿਣਾ ਹੈ ਕਿ ਸਰਕਾਰ ਨੂੰ ਹੋਰ ਥਾਵਾਂ ਤੇ ਟੈਸਟਿੰਗ ਕਪੈਸਿਟੀ ਵਧਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ। ਅਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਬੈਥ ਪੌਟਰ ਨੇ ਕਿਹਾ, ਬਹੁਤ ਸਾਰੇ ਟੈਸਟ ਪ੍ਰੌਸੈਸ ਹੋਣ ਲਈ ਹੋਰ ਸੂਬਿਆਂ ਵਿਚ ਭੇਜੇ ਜਾ ਰਹੇ ਹਨ। ਟੈਸਟ ਦੇ ਨਤੀਜੇ ਆਉਣ ਦੀ ਮਿਆਦ 3 ਦਿਨਾਂ ਦੀ ਹੁੰਦੀ ਸੀ, ਪਰ ਹੁਣ ਇਹ ਵਧ ਰਹੀ ਹੈ

ਯਾਤਰੀ ਕਹਿੰਦੇ ਹਨ, ਕਿ ਉਹ ਆਪਣੇ 10 ਦਿਨਾਂ ਦੀ ਛੁੱਟੀ ਵਿਚੋਂ 7 ਦਿਨ ਹੋਟਲ ਦੇ ਕਮਰੇ ਵਿਚ ਬੈਠਕੇ ਟੈਸਟ ਨਤੀਜਿਆਂ ਦੀ ਉਡੀਕ ਵਿਚ ਨਹੀਂ ਬਿਤਾਉਣਾ ਚਾਹੁੰਦੇ

ਯੂਨੀਵਰਸਿਟੀ ਔਫ਼ ਐਲਰਬਟਾ ਦੀ ਇਨਫ਼ੈਕਸ਼ਸ ਡਿਜ਼ੀਜ਼ ਐਕਸਪਰਟ, ਡਾ ਲਿਨੋਰਾ ਸੈਕਸਿੰਗਰ ਨੇ ਏਅਰਪੋਰਟ ‘ਤੇ ਟੈਸਟਿੰਗ ਦੀ ਮਹੱਤਤਾ ਬਾਰੇ ਬੋਲਦਿਆਂ ਕਿਹਾ ਕਿ ਨਵੇਂ ਵੇਰੀਐਂਟਸ ‘ਤੇ ਨਜ਼ਰ ਰੱਖਣ ਲਈ ਇਹ ਬਹੁਤ ਜ਼ਰੂਰੀ ਹੈ।

ਉਹਨਾਂ ਦੱਸਿਆ ਕਿ ਦੁਨੀਆ ਵਿਚ ਕਿਤੇ ਵੀ ਕਿਸੇ ਨਵੇਂ ਵੇਰੀਐਂਟ ਦੇ ਸਾਹਮਣੇ ਆਉਣ ਅਤੇ ਉਸਦੇ ਫ਼ੈਲਣ ਦਾ ਸਿਲਸਿਲਾ ਯਾਤਰੀਆਂ ਰਾਹੀਂ ਹੀ ਹੁੰਦਾ ਹੈ। 

ਜੇ ਕਿਤੇ ਵੀ ਕੋਈ ਨਵਾਂ, ਵਧੇਰੇ ਤੇਜ਼ੀ ਨਾਲ ਫ਼ੈਲਣ ਵਾਲਾ ਵਾਇਰਸ ਵੇਰੀਐਂਟ ਸਾਹਮਣੇ ਆਏ, ਤਾਂ ਬਹੁਤ ਮੁਮਕਿਨ ਹੈ ਕਿ ਇਸ ਤਲਵਾਰ ਦੀ ਤਿੱਖੀ ਧਾਰ, ਪਹੁੰਚ ਰਹੇ ਯਾਤਰੀ ਹੀ ਹੋਣਗੇ

ਸ਼ੁੱਕਰਵਾਰ ਨੂੰ ਚੀਫ਼ ਪਬਲਿਕ ਹੈਲਥ ਔਫ਼ਿਸਰ, ਡਾ ਟ੍ਰੀਜ਼ਾ ਟੈਮ ਨੇ ਇਸ ਨੀਤੀ ਦੀ ਸਮੀਖਿਆ ਕੀਤੇ ਜਾਣ ਦੀ ਗੱਲ ਆਖੀ ਸੀ।

ਕ੍ਰਿਸਟੋਫ਼ਰ ਰੇਅਨੌਲਡਸ (ਨਵੀਂ ਵਿੰਡੋ) - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

Canadian Press ਵੱਲੋਂ ਜਾਣਕਾਰੀ ਸਹਿਤ।

ਸੁਰਖੀਆਂ