1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਫ਼ੈਡਰਲ ਸਰਕਾਰ ਵੱਲੋਂ ਰਿਫ਼ਿਊਜੀ ਸੈਟਲਮੈਂਟ ਸੇਵਾਵਾਂ ਲਈ 35 ਮਿਲੀਅਨ ਦੀ ਨਵੀਂ ਫ਼ੰਡਿੰਗ ਦਾ ਐਲਾਨ

ਚਾਰ ਸੂਬਿਆਂ ਵਿਚ 9 ਨਵੇਂ ਰੀਸੈਟਲਮੈਂਟ ਸਹਾਇਤਾ ਪ੍ਰੋਗਰਾਮ ਸ਼ੁਰੂ ਕੀਤੇ ਜਾਣਗੇ

ਇੱਕ ਨੌਜਵਾਨ ਸ਼ਰਨਾਰਥੀ ਕੈਨੇਡੀਅਨ ਝੰਡਾ ਫੜੇ ਹੋਏ।

ਸੇਂਟ ਜੌਨ ਏਅਰਪੋਰਟ 'ਤੇ ਕੈਨੇਡਾ ਪਹੁੰਚੇ ਇੱਕ ਨਵੇਂ ਸ਼ਰਨਾਰਥੀ ਦੀ ਕੈਨੇਡੀਅਨ ਝੰਡੇ ਨਾਲ ਇੱਕ ਤਸਵੀਰ। ਮਿਤੀ - 26 ਅਕਤੂਬਰ, 2021

ਤਸਵੀਰ: La Presse canadienne / Sean Kilpatrick

RCI

ਫ਼ੈਡਰਲ ਸਰਕਾਰ ਨੇ ਛੋਟੇ ਅਤੇ ਪੇਂਡੂ ਕਸਬਿਆਂ ਵਿਚ ਇਮੀਗ੍ਰੇਸ਼ਨ ਸੈਟਲਮੈਂਟ ਸੇਵਾਵਾਂ ਵਿਚ ਸੁਧਾਰ ਅਤੇ ਵਿਸਤਾਰ ਲਈ 35 ਮਿਲੀਅਨ ਡਾਲਰ ਖ਼ਰਚ ਕਰਨ ਦਾ ਐਲਾਨ ਕੀਤਾ ਹੈ। ਇਹ ਰਾਸ਼ੀ ਅਗਲੇ ਤਿੰਨ ਸਾਲਾਂ ਦੌਰਾਨ ਖ਼ਰਚ ਕੀਤੀ ਜਾਵੇਗੀ।

ਇਸ ਰਾਸ਼ੀ ਵਿਚੋਂ 21 ਮਿਲੀਅਨ ਡਾਲਰ ਬੀਸੀ, ਮੈਨੀਟੋਬਾ, ਐਲਬਰਟਾ ਅਤੇ ਨਿਊਬ੍ਰੰਜ਼ਵਿਕ ਸੂਬਿਆਂ ਵਿਚ 9 ਨਵੇਂ ਰੀਸੈਟਲਮੈਂਟ ਅਸਿਸਟੈਂਸ ਪ੍ਰੋਗਰਾਮ (ਨਵੀਂ ਵਿੰਡੋ) ਸ਼ੁਰੁ ਕਰਨ ਲਈ ਖ਼ਰਚੇ ਜਾਣਗੇ। ਇਸ ਨਾਲ ਕੈਨੇਡਾ ਵਿਚ ਮੌਜੂਦ 32 ਸਰਵਿਸ ਪ੍ਰੋਵਾਇਡਰਾਂ ਦਾ ਭਾਰ ਘਟੇਗਾ। 

ਬਾਕੀ ਦਾ 14 ਮਿਲੀਅਨ, 14 ਮੌਜੂਦਾ ਪ੍ਰੋਗਰਾਮ ਸੈਂਟਰਾਂ ਵੱਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਸੇਵਾਵਾਂ ਨੂੰ ਬਿਹਤਰ ਬਣਾਉਣ ਅਤੇ ਫ਼੍ਰੈਚ ਬੋਲਣ ਵਾਲੇ ਨਵੇਂ ਇਮੀਗ੍ਰੈਂਟਸ ਨੂੰ ਪ੍ਰੇਰੀ ਸੂਬਿਆਂ ਵਿਚ ਸੈਟਲਮੈਂਟ ਸੇਵਾਵਾਂ ਨੂੰ ਹੁਲਾਰਾ ਦੇਣ ਲਈ ਨਵੇਂ ਪਾਇਲਟ ਪ੍ਰਾਜੈਕਟ ‘ਤੇ ਖ਼ਰਚ ਕੀਤੇ ਜਾਣਗੇ।

ਫ਼ੈਡਰਲ ਸਰਕਾਰ ਨੇ ਕਿਹਾ ਹੈ ਕਿ ਨਵੀਂ ਫ਼ੰਡਿੰਗ ਨਵੇਂ ਇਮੀਗ੍ਰੈਂਟਸ ਨੂੰ ਅੰਗ੍ਰੇਜ਼ੀ ਅਤੇ ਫ਼੍ਰੈਂਚ ਭਾਸ਼ਾ ਸਿੱਖਣ ਵਿਚ ਮਦਦ ਕਰਨ ਰਾਹੀਂ, ਉਹਨਾਂ ਨੂੰ ਆਪਣੀ ਪ੍ਰਤਿਭਾ ਅਤੇ ਹੁਨਰ ਦਾ ਪੂਰੀ ਤਰ੍ਹਾਂ ਨਾਲ ਲਾਭ ਲੈਣ ਵਿਚ ਮਦਦ ਕਰੇਗੀ।

ਕਿਊਬੈਕ ਨੂੰ ਛੱਡਕੇ, ਸਾਰੇ ਸੂਬਿਆਂ ਵਿਚ ਰੀਸੈਟਲਮੈਂਟ ਸਹਾਇਤਾ ਪ੍ਰੋਗਰਾਮ ਚਲਾਏ ਜਾਂਦੇ ਹਨ। ਇਹਨਾਂ ਪ੍ਰੋਗਰਾਮਾਂ ਅਧੀਨ ਨਵੇਂ ਆਏ ਲੋਕਾਂ ਨੂੰ ਸਿੱਧੀ ਵਿੱਤੀ ਮਦਦ ਦਿੱਤੀ ਜਾਂਦੀ ਹੈ ਅਤੇ ਜ਼ਰੂਰੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਸਰਵਿਸ ਪ੍ਰੋਵਾਈਡਰਾਂ ਨੂੰ ਭੁਗਤਾਨ ਕੀਤਾ ਜਾਂਦਾ ਹੈ।

ਪ੍ਰੋਗਰਾਮ ਦੁਆਰਾ ਨਵੇਂ ਆਏ ਲੋਕਾਂ ਨੂੰ ਦਿੱਤੀ ਜਾਂਦੀ ਵਿੱਤੀ ਸਹਾਇਤਾ ਵਿੱਚ, ਇੱਕ ਵਾਰ ਸ਼ੁਰੂਆਤ ਵਿਚ ਮਿਲਣ ਵਾਲਾ ਭੱਤਾ ਅਤੇ ਮਹੀਨਾਵਾਰ ਆਮਦਨ ਸ਼ਾਮਲ ਹੁੰਦੀ ਹੈ, ਜੋ ਕਿ ਇੱਕ ਸਾਲ ਲਈ ਜਾਂ ਉਦੋਂ ਤੱਕ ਪ੍ਰਾਪਤ ਹੁੰਦੀ ਰਹਿੰਦੀ ਹੈ ਜਦੋਂ ਤੱਕ ਨਵਾਂ ਆਇਆ ਵਿਅਕਤੀ ਸੁਤੰਤਰ ਤੌਰ ‘ਤੇ ਆਪਣਾ ਖ਼ਰਚਾ ਚੁੱਕਣ ਦੇ ਯੋਗ ਨਹੀਂ ਹੁੰਦਾ।

ਇਹ ਵੀ ਪੜ੍ਹੋ:

1.2 ਮਿਲੀਅਨ ਨਵੇਂ ਕੈਨੇਡੀਅਨਜ਼

ਦੁਨੀਆ ਭਰ ਵਿਚ ਕੋਵਿਡ ਮਹਾਮਾਰੀ ਦੇ ਇਸ ਸੰਕਟ ਦੇ ਬਾਵਜੂਦ, ਲਿਬਰਲ ਸਰਕਾਰ ਨੇ 2020 ਵਿਚ ਕੈਨੇਡਾ ਵਿਚ ਅਗਲੇ ਤਿੰਨ ਸਾਲ ਦੌਰਾਨ 1.2 ਮਿਲੀਅਨ ਨਵੇਂ ਇਮੀਗ੍ਰੈਂਟਸ ਬੁਲਾਉਣ ਦੀ ਯੋਜਨਾ ਉਲੀਕੀ ਸੀ।

ਇਸ ਯੋਜਨਾ ਤਹਿਤ, 2021 ਵਿਚ 401,000 ਨਵੇਂ ਪੀਆਰ, 2022 ਵਿਚ 411,000 ਅਤੇ 2023 ਵਿਚ 421,000 ਨਵੇਂ ਪਰਮਾਨੈਂਟ ਰੈਜ਼ੀਡੈਂਟਸ ਨੂੰ ਕੈਨੇਡੀਅਨ ਆਬਾਦੀ ਵਿਚ ਸ਼ਾਮਲ ਕਰਨ ਦਾ ਟੀਚਾ ਮਿੱਥਿਆ ਗਿਆ ਸੀ।

ਇਮੀਗ੍ਰੇਸ਼ਨ ਮਿਨਿਸਟਰ, ਸ਼ੌਨ ਫ਼੍ਰੇਜ਼ਰ ਦਾ ਕਹਿਣਾ ਹੈ ਕਿ ਇਸ ਟੀਚੇ ਬਾਬਤ ਫ਼ੈਡਰਲ ਸਰਕਾਰ ਦੀ ‘ਗੱਡੀ ਲੀਹ ‘ਤੇ’ ਤੁਰ ਰਹੀ ਹੈ।

ਮਿਨਿਸਟਰ ਫ਼੍ਰੇਜ਼ਰ ਨੇ ਕਿਹਾ, ਜੇ ਅਸੀਂ ਮੌਜੂਦਾ ਰਫ਼ਤਾਰ ਬਰਕਰਾਰ ਰੱਖਦੇ ਹਾਂ, ਤਾਂ ਸਾਨੂੰ ਉਮੀਦ ਹੈ ਕਿ ਅਸੀਂ ਇਸ ਸਾਲ ਦੇ 411,000 ਦੇ ਟੀਚੇ ਅਤੇ ਅਗਲੇ ਸਾਲ ਦੇ 421,000 ਦੇ ਟੀਚੇ ਨੂੰ ਪ੍ਰਾਪਤ ਕਰਨ ਜਾਂ ਉਸਨੂੰ ਵੀ ਪਾਰ ਕਰਨ ਦੇ ਯੋਗ ਹੋਵਾਂਗੇ

ਫ਼ੈਡਰਲ ਸਰਕਾਰ ਦਾ ਕਹਿਣਾ ਹੈ ਕਿ - ਹਰ ਸਾਲ 50,000 ਦਾ ਵਾਧਾ ਦਰਸਾ ਰਹੇ  - ਇਹਨਾਂ ਟੀਚਿਆਂ ਦਾ ਉਦੇਸ਼, ਮਹਾਮਾਰੀ ਕਰਕੇ ਇਮੀਗ੍ਰੇਸ਼ਨ ਵਿਚ ਆਈ ਕਮੀ ਨੂੰ ਪੂਰਾ ਕਰਨਾ ਹੈ। ਇਹ ਅੰਕੜੇ ਕੈਨੇਡੀਅਨ ਆਬਾਦੀ ਦਾ ਲਗਭਗ 1 ਫ਼ੀਸਦੀ ਬਣਦੇ ਹਨ।

ਫ਼ੈਡਰਲ ਸਰਕਾਰ ਨੇ 40,000 ਅਫ਼ਗ਼ਾਨ ਸ਼ਰਨਾਰਥੀਆਂ ਨੂੰ ਵੀ ਕੈਨੇਡਾ ਲਿਆਉਣ ਦਾ ਅਹਿਦ ਕੀਤਾ ਹੈ।

ਫ਼੍ਰੇਜ਼ਰ ਨੇ ਦੱਸਿਆ ਕਿ ਇਹਨਾਂ ਸ਼ਰਨਾਰਥੀਆਂ ਵਿਚੋਂ 6,750 ਕੈਨੇਡਾ ਪਹੁੰਚ ਚੁੱਕੇ ਹਨ ਅਤੇ ਇਸ ਹਫ਼ਤੇ ਦੇ ਅਖ਼ੀਰ ਤੱਕ ਇਹ ਗਿਣਤੀ 7,000 ਦਾ ਅੰਕੜਾ ਪਾਰ ਕਰਨ ਦੀ ਉਮੀਦ ਹੈ।

ਉਹਨਾਂ ਉਮੀਦ ਜਤਾਈ ਹੈ ਕਿ ਅਗਲੇ ਸਾਲ ਤੱਕ ਸਾਰੇ 40,000 ਸ਼ਰਨਾਰਥੀਆਂ ਨੂੰ ਕੈਨੇਡਾ ਵਿਚ ਸੈਟਲ ਕੀਤਾ ਜਾ ਸਕੇਗਾ। 

ਪੀਟਰ ਜ਼ਿਮੌਨਜਿਕ (ਨਵੀਂ ਵਿੰਡੋ) - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ