1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਫ਼ਾਈਜ਼ਰ ਦੁਆਰਾ ਤਿਆਰ ਕੀਤੀ ਕੋਵਿਡ ਦੀ ਦਵਾਈ ਹੈਲਥ ਕੈਨੇਡਾ ਵੱਲੋਂ ਮੰਜ਼ੂਰ

ਵੱਧ ਖ਼ਤਰੇ ਵਾਲੇ ਮਰੀਜ਼ਾਂ ‘ਚ ਪੈਕਸਲੋਵਿਡ ਦਵਾਈ ਨਾਲ ਹਸਪਤਾਲ ਦਾਖ਼ਲੇ ਅਤੇ ਮੌਤ ਦੇ ਖਤਰੇ ਵਿਚ ਕਮੀ ਹੁੰਦੀ ਹੈ

ਫ਼ਾਈਜ਼ਰ ਵੱਲੋਂ ਪ੍ਰਦਾਨ ਕੀਤੀ ਗਈ ਕੋਵਿਡ ਐਂਟੀਵਾਇਰਲ ਦਵਾਈ, ਪੈਕਸਲਿਵਿਡ ਦੀ ਤਸਵੀਰ।

ਫ਼ਾਈਜ਼ਰ ਵੱਲੋਂ ਪ੍ਰਦਾਨ ਕੀਤੀ ਗਈ ਕੋਵਿਡ ਐਂਟੀਵਾਇਰਲ ਦਵਾਈ, ਪੈਕਸਲਿਵਿਡ ਦੀ ਤਸਵੀਰ। ਹੈਲਥ ਕੈਨੇਡਾ ਨੇ ਇਸ ਦਵਾਈ ਨੂੰ ਮੰਜ਼ੂਰੀ ਦੇ ਦਿੱਤੀ ਹੈ।

ਤਸਵੀਰ: Pfizer via AP Photo

RCI

ਹੈਲਥ ਕੈਨੇਡਾ ਨੇ 18 ਸਾਲ ਅਤੇ ਉਸਤੋਂ ਵੱਧ ਉਮਰ ਦੇ ਵਿਅਕਤੀਆਂ ਦੇ ਕੋਵਿਡ-19 ਦੇ ਇਲਾਜ ਲਈ ਫ਼ਾਈਜ਼ਰ ਦੁਆਰਾ ਤਿਆਰ ਕੀਤੀ ਐਨਟੀਵਾਇਰਲ ਦਵਾਈ ਨੂੰ ਮੰਜ਼ੂਰੀ ਦੇ ਦਿੱਤੀ ਹੈ। ਇਸ ਨਾਲ ਕੈਨੇਡੀਅਨ ਹੈਲਥ ਕੇਅਰ ਸਿਸਟਮ ‘ਤੇ ਪਏ ਬੋਝ ਵਿਚ ਕਮੀ ਆਉਣ ਦਾ ਰਾਹ ਪੱਧਰਾ ਹੁੰਦਾ ਨਜ਼ਰ ਆ ਰਿਹਾ ਹੈ।

ਫ਼ਾਈਜ਼ਰ ਦੀ ਪੈਕਸਲੋਵਿਡ ਦਵਾਈ, ਇੱਕ ਗੋਲੀ ਦੇ ਰੂਪ ਵਿਚ ਡਾਕਟਰ ਦੀ ਤਜਵੀਜ਼ ‘ਤੇ ਦਿੱਤੀ ਜਾਣ ਵਾਲੀ ਦਵਾਈ ਹੈ, ਜਿਹੜੀ SARS-CoV-2-Virus ਨਾਲ ਲੜਨ, ਵਾਇਰਸ ਦੇ ਲੱਛਣਾਂ ਅਤੇ ਇਸਦੀ ਮਿਆਦ ਨੂੰ ਘਟਾਉਣ ਵਿਚ ਮਦਦ ਕਰਨ ਲਈ ਤਿਆਰ ਕੀਤੀ ਗਈ ਹੈ। ਫ਼ਾਈਜ਼ਰ ਦੇ ਲੈਬ ਵਿਚ ਕੀਤੇ ਅਧੀਐਨ ਤੋਂ ਸੰਕੇਤ ਮਿਲੇ ਹਨ ਕਿ ਇਹ ਦਵਾਈ ਕੋਵਿਡ ਦੇ ਓਮੀਕਰੌਨ ਵੇਰੀਐਂਟ ‘ਤੇ ਵੀ ਅਸਰਦਾਰ ਸਾਬਤ ਹੋਵੇਗੀ। ਓਮੀਕਰੌਨ ਵੇਰੀਐਂਟ ਨੇ ਹੀ ਕੈਨੇਡਾ ਭਰ ਵਿਚ ਨਵੇਂ ਕੋਵਿਡ ਕੇਸਾਂ ਅਤੇ ਹਸਪਤਾਲ ਦਾਖ਼ਲਿਆਂ ਵਿਚ ਰਿਕਾਰਡ ਵਾਧਾ ਕੀਤਾ ਹੋਇਆ ਹੈ।

ਦੇਖੋ। ਹੈਲਥ ਕੈਨੇਡਾ ਦੀ ਚੀਫ਼ ਮੈਡੀਕਲ ਐਡਵਾਈਜ਼ਰ ਡਾ ਸੁਪਰੀਆ ਸ਼ਰਮਾ ਇਸ ਮੰਜ਼ੂਰੀ ਬਾਰੇ ਜਾਣਕਾਰੀ ਦਿੰਦਿਆਂ:

ਕੋਵਿਡ ਦੇ ਇਸ ਸੰਕਟ ਵਿਚ ਇਸ ਦਵਾਈ ਨੂੰ ਗੇਮ ਚੇਂਜਰ ਮੰਨਿਆ ਜਾ ਰਿਹਾ ਹੈ। ਮਾਹਰਾਂ ਦਾ ਕਹਿਣਾ ਹੈ ਕਿ, ਮਰੀਜ਼ਾਂ ਦੁਆਰਾ ਆਪ ਹੀ ਆਸਾਨੀ ਨਾਲ ਲਿੱਤੀ ਜਾ ਸਕਣ ਵਾਲੀ ਇਸ ਕਾਰਗਰ ਦਵਾਈ ਨਾਲ, ਹੈਲਥ ਸਿਸਟਮ ‘ਤੇ ਪਏ ਬੋਝ ਵਿਚ ਕਮੀ ਆਉਣ ਅਤੇ ਕੋਵਿਡ ਦੀ ਦਿਸ਼ਾ ਵਿਚ ਤਬਦੀਲੀ ਆਉਣ ਦੀ ਉਮੀਦ ਹੈ।

ਸ਼ੁਰੂਆਤੀ ਗੇੜ ਵਿਚ ਕੈਨੇਡਾ ਨੇ ਇਸ ਦਵਾਈ ਦੇ ਇੱਕ ਮਿਲੀਅਨ ਕੋਰਸਾਂ ਦਾ ਆਰਡਰ ਦਿੱਤਾ ਹੈ। ਆਉਂਦੇ ਕੁਝ ਹਫ਼ਤਿਆਂ ਦੌਰਾਨ ਇਸ ਆਰਡਰ ਵਿਚੋਂ ਕੁਝ ਕੁ ਸਪਲਾਈ ਆਉਣੀ ਸ਼ੁਰੂ ਵੀ ਹੋ ਜਾਵੇਗੀ। ਦੁਨੀਆ ਭਰ ਵਿਚ ਓਮੀਕਰੌਨ ਵੇਰੀਐਂਟ ਦੇ ਮੱਦੇਨਜ਼ਰ ਐਂਟੀਵਾਇਰਲ ਦੀ ਮੰਗ ਵਧਣ ਕਾਰਨ, ਫ਼ਾਈਜ਼ਰ ਨੇ ਇਸ ਸਾਲ ਦੇ ਅੰਤ ਤੱਕ 120 ਮਿਲੀਅਨ ਦਵਾਈਆਂ ਦੇ ਕੋਰਸ ਤਿਆਰ ਕਰਨ ਦਾ ਵਾਅਦਾ ਕੀਤਾ ਹੈ।

ਕੈਨੇਡਾ ਦੀ ਚੀਫ਼ ਪਬਲਿਕ ਹੈਲਥ ਔਫ਼ਿਸਰ, ਡਾ ਟ੍ਰੀਜ਼ਾ ਟੈਮ ਨੇ ਕਿਹਾ ਕਿ ਫ਼ੈਡਰਲ ਸਰਕਾਰ ਇਹਨਾਂ ਦਵਾਈਆਂ ਦੀ ਡਿਲੀਵਰੀ ਦੀ ਸਮਾਂ-ਸੂਚੀ ਤਿਆਰ ਕਰ ਰਹੀ ਹੈ ਅਤੇ ਅਧਿਕਾਰੀਆਂ ਨੂੰ ਇਹਨਾਂ ਦਵਾਈਆਂ ਦੇ ਬਹੁਤ ਜਲਦ ਉਪਲਬਧ ਹੋਣ ਦੀ ਉਮੀਦ ਹੈ।

ਡਾ ਟੈਮ ਨੇ ਦੱਸਿਆ ਕਿ, ਪਬਲਿਕ ਹੈਲਥ ਏਜੰਸੀ ਔਫ਼ ਕੈਨੇਡਾ, ਸੂਬਿਆਂ ਅਤੇ ਟੈਰਿਟ੍ਰੀਜ਼ ਨਾਲ ਮਿਲਕੇ ਇਸ ਦਵਾਈ ਦੀ ਸਪਲਾਈ ਤੋਂ ਸਰਬੋਤਮ ਤਰੀਕੇ ਨਾਲ ਵੰਡਣ ਬਾਬਤ ਯੋਜਨਾ ਤਿਆਰ ਕਰ ਰਹੀ ਹੈ।

ਇਹ ਦਵਾਈ, ਆਪਣੇ ਘਰ ਵਿਚ ਹੀ, ਮੌਖਿਕ ਰੂਪ ਵਿਚ ਲਏੇ ਜਾਣ ਵਾਲੀ ਪਹਿਲੀ ਦਵਾਈ ਹੈ। ਸਾਡਾ ਅਨੁਮਾਨ ਹੈ ਕਿ ਸ਼ੁਰੂਆਤ ਵਿਚ ਕਿਤੇ ਵੀ ਇਸਦੀ ਸਪਲਾਈ, ਬਹੁਤੀ ਚੰਗੀ ਨ੍ਹੀਂ ਹੋਵੇਗੀ।
ਵੱਲੋਂ ਇੱਕ ਕਥਨ ਡਾ ਟ੍ਰੀਜ਼ਾ ਟੈਮ, ਕੈਨੇਡਾ ਦੀ ਚੀਫ਼ ਪਬਲਿਕ ਹੈਲਥ ਔਫ਼ਿਸਰ

ਕਈ ਮਹਿਨਿਆਂ ਤੱਕ ਚੱਲੇ ਲੰਬੇ ਕਲੀਨਿਕਲ ਟ੍ਰਾਇਲਜ਼ ਵਿਚ ਸਾਹਮਣੇ ਆਇਆ ਹੈ, ਕਿ ਪੈਕਸਲੋਵਿਡ ਨਾਲ, ਹਸਪਤਾਲ ਦਾਖਲੇ ਜਾਂ ਮੌਤ ਦਾ ਖ਼ਤਰਾ, ਹਸਪਤਾਲ ਦਾਖ਼ਲ ਨਾ ਹੋਏ ਵੱਧ ਖ਼ਤਰੇ ਵਾਲੇ ਮਰੀਜ਼ ਨੂੰ ਦਿੱਤੇ ਪਲੇਸੀਬੋ ਦੇ ਮੁਕਾਬਲੇ, 89 ਫ਼ੀਸਦੀ ਘਟ ਜਾਂਦਾ ਹੈ।

ਦਸ ਦਈਏ ਕਿ ਇਹ ਉਤਪਾਦ ਵਾਇਰਸ ਦੀ ਇਨਫ਼ੈਕਸ਼ਨ ਨੂੰ ਨਹੀਂ ਰੋਕਦਾ, ਬਲਕਿ ਇਸਦੇ ਇਲਾਜ ਲਈ, ਹਲਕੇ ਜਾਂ ਦਰਮਿਆਨੇ ਕੋਵਿਡ ਲੱਛਣਾਂ ਵਾਲੇ ਬਾਲਗ਼ ਮਰੀਜ਼ਾਂ ਨੂੰ ਦਿੱਤੇ ਜਾਣ ਲਈ ਮੰਜ਼ੂਰ ਕੀਤਾ ਗਿਆ ਹੈ।

ਡਾ ਟੈਮ ਨੇ ਦੱਸਿਆ ਕਿ ਕੋਵਿਡ ਲੱਛਣ ਸਾਹਮਣੇ ਆਉਣ ਦੇ ਪੰਜ ਦਿਨਾਂ ਦੇ ਅੰਦਰ ਅੰਦਰ ਇਹ ਦਵਾਈ ਲੈਣੀ ਜ਼ਰੂਰੀ ਹੋਵੇਗੀ, ਅਤੇ ਇਹ ਇਹਨਾਂ ਦਵਾਈਆਂ ਦੇ ਸਬੰਧ ਵਿਚ ਅਹਿਮ ਚੁਣੌਤੀਆਂ ਵਿਚੋਂ ਇੱਕ ਹੋ ਸਕਦੀ ਹੈ। 

ਅਹਿਮ ਕਦਮ

ਹੈਲਥ ਕੈਨੇਡਾ ਦਾ ਕਹਿਣਾ ਹੈ ਕਿ ਫ਼ਾਈਜ਼ਰ ਦੀ ਦਵਾਈ ਸਿਰਫ਼ ਉਹਨਾਂ ਮਰੀਜ਼ਾਂ ਨੂੰ ਹੀ ਦਿੱਤੀ ਜਾਣੀ ਚਾਹੀਦੀ ਹੈ ਜਿਹਨਾਂ ਦਾ SARS-CoV-2-Virus ਟੈਸਟ ਪੌਜ਼ਿਟਿਵ ਆਇਆ ਹੋਵੇ। ਕੁਝ ਸੂਬਿਆਂ ਅਤੇ ਟੈਰਿਟ੍ਰੀਜ਼ ਵਿਚ ਕੋਵਿਡ-19 ਟੈਸਟ ਸੀਮਤ ਕਰ ਦਿੱਤੇ ਗਏ ਹਨ। ਪਰ ਡਾ ਟੈਮ ਨੇ ਕਿਹਾ ਕਿ ਜੇ ਪੀਸੀਆਰ ਟੈਸਟ ਉਪਲਬਧ ਨਾ ਹੋਵੇ, ਤਾਂ ਰੈਪਿਡ ਟੈਸਟ ਦਾ ਨਤੀਜਾ ਵੀ ਕਾਫ਼ੀ ਹੋਵੇਗਾ।

ਟੋਰੌਂਟੋ ਜਨਰਲ ਹੌਸਪੀਟਲ ਵਿਚ ਇਨਫ਼ੈਕਸ਼ਸ ਡਿਜ਼ੀਜ਼ ਦੇ ਮਾਹਰ, ਡਾ ਇਸਾਕ ਬੋਗੋਚ ਨੇ ਹੈਲਥ ਕੈਨੇਡਾ ਵੱਲੋਂ ਦਿੱਤੀ ਇਸ ਮੰਜ਼ੂਰੀ ਨੂੰ ਇੱਕ ਅਹਿਮ ਕਦਮ ਆਖਿਆ।

ਉਹਨਾਂ ਕਿਹਾ, ਅਸੀਂ ਇਸ ਦਵਾਈ ਬਾਰੇ ਹੁਣ ਤੱਕ ਜਿੰਨਾ ਕੁਝ ਵੀ ਸੁਣਿਆ ਹੈ, ਉਹ ਸਕਾਰਾਤਮਕ ਹੈ, ਪਰ ਜ਼ਾਹਰ ਤੌਰ ‘ਤੇ ਇਸਦੀ ਉਪਲਬਧਤਾ ਵਿਚ ਚੁਣੌਤੀਆਂ ਜ਼ਰੂਰ ਹੋਣਗੀਆਂ। ਡਾ ਬੋਗੋਚ ਨੇ ਕਿਹਾ ਇਸ ਦਵਾਈ ਨੂੰ ਸਭ ਤੋਂ ਵੱਧ ਜ਼ਰੂਰਤ ਵਾਲੇ ਲੋਕਾਂ ਤੱਕ ਪਹੁੰਚਦਾ ਕਰਨ ਲਈ, ਬਹੁਤ ਸਾਵਧਾਨੀ ਨਾਲ ਯੋਜਨਾ ਤਿਆਰ ਕਰਨ ਦੀ ਜ਼ਰੂਰਤ ਹੈ।

ਸ਼ੂਗਰ ਜਾਂ ਦਿਲ ਦੀ ਬਿਮਾਰੀ ਦੇ ਮਰੀਜ਼ਾਂ, ਜਿਹਨਾਂ ਵਿਚ ਕੋਵਿਡ ਦੀ ਲਾਗ ਤੋਂ ਬਾਅਦ ਹਸਪਤਾਲ ਦਾਖ਼ਲੇ ਦਾ ਵਧੇਰੇ ਖ਼ਦਸ਼ਾ ਹੁੰਦਾ ਹੈ, ਲਈ ਇਹ ਦਵਾਈ ਕਾਫ਼ੀ ਮਦਦਗਾਰ ਸਾਬਤ ਹੋ ਸਕਦੀ ਹੈ।

ਪਰ ਨਾਲ ਹੀ ਹੈਲਥ ਕੈਨੇਡਾ ਨੇ ਦਵਾਈਆਂ ਦੀ ਇੱਕ ਲੰਬੀ ਸੂਚੀ ਵੀ ਜਾਰੀ ਕੀਤੀ ਹੈ (ਨਵੀਂ ਵਿੰਡੋ), ਜਿਹਨਾਂ ਦਾ ਸੇਵਨ ਕਰ ਰਹੇ ਮਰੀਜ਼ਾਂ ਨੂੰ, ਇਹ ਦਵਾਈ ਨਾ ਵਰਤਣ ਦੀ ਸਲਾਹ ਦਿੱਤੀ ਗਈ ਹੈ। ਇਹਨਾਂ ਦਵਾਈਆਂ ਵਿਚ ਕੋਲੈਸਟਰੌਲ, ਆਮ ਐਲਰਜੀਆਂ ਅਤੇ ਮਰਦਾਨਾ ਕਮਜ਼ੋਰੀ ਦੀਆਂ ਦਵਾਈਆਂ ਸ਼ਾਮਲ ਹਨ।

ਡਾ ਟੈਮ ਨੇ ਡਾਕਟਰਾਂ ਵੱਲੋਂ ਮਰੀਜ਼ ਨੂੰ ਪੈਕਸਲੋਵਿਡ ਦੀ ਤਜਵੀਜ਼ ਕਰਨ ਤੋਂ ਪਹਿਲਾਂ, ਹੋਰ ਦਵਾਈਆਂ ਦਾ ਰੀਵਿਊ ਕਰਨ ਦੀ ਤਾਕੀਦ ਕੀਤੀ। ਉਹਨਾਂ ਕਿਹਾ, ਜੇ ਤੁਸੀਂ ਕੁਝ ਖ਼ਾਸ ਦਵਾਈਆਂ ਲੈ ਰਹੇ ਹੋ ਤਾਂ ਇਸ ਦਵਾਈ ਦਾ ਇਸਤੇਮਾਲ ਕਰਨ ਲੱਗਿਆਂ ਤੁਹਾਨੂੰ ਖਿਆਲ ਰੱਖਣ ਦੀ ਜ਼ਰੂਰਤ ਹੈ

ਫਾਈਜ਼ਰ ਦੀ ਇਸ ਦਵਾਈ ਦਾ ਪੰਜ ਦਿਨਾਂ ਦਾ ਕੋਰਸ ਹੈ ਜਿਸ ਵਿਚ 30 ਗੋਲੀਆਂ ਲਈਆਂ ਜਾਣੀਆਂ ਹਨ। ਮਰੀਜ਼ ਇੱਕ ਸਮੇਂ ਵਿਚ ਤਿੰਨ ਗੋਲੀਆਂ ਲੈਂਦੇ ਹਨ : ਦੋ ਫ਼ਾਈਜ਼ਰ ਦੀਆਂ ਗੋਲੀਆਂ ਅਤੇ HIV ਦੀ ਇੱਕ ਘੱਟ-ਖ਼ੁਰਾਕ ਵਾਲੀ, ਰਾਈਟੋਨਾਵੀਅਰ ਦਵਾਈ। ਇਹ ਗੋਲੀ ਫ਼ਾਈਜ਼ਰ ਦੀ ਗੋਲੀ ਨੂੰ ਸ਼ਰੀਰ ਵਿਚ ਲੰਬੇ ਸਮੇਂ ਤੱਕ ਰਹਿਣ ਵਿਚ ਮਦਦ ਕਰਦੀ ਹੈ।

ਜੌਨ ਪੌਲ ਟਸਕਰ  (ਨਵੀਂ ਵਿੰਡੋ)- ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ