1. ਮੁੱਖ ਪੰਨਾ
  2. ਵਾਤਾਵਰਨ
  3. ਮੌਸਮ ਦੇ ਹਾਲਾਤ

ਜੀਟੀਏ ਵਿਚ ਬਰਫ਼ੀਲੇ ਤੂਫ਼ਾਨ ਕਾਰਨ ਜਨ ਜੀਵਨ ਪ੍ਰਭਾਵਿਤ, ਲੋਕਾਂ ਨੂੰ ਬੇਲੋੜਾ ਟ੍ਰੈਵਲ ਨਾ ਕਰਨ ਦੀ ਅਪੀਲ

ਵਿਜ਼ਿਬਿਲੀਟੀ ਕਾਫ਼ੀ ਘੱਟ, ਅੱਤ ਦੀ ਠੰਡ ਦਾ ਐਲਰਟ ਜਾਰੀ

ਬਰਫ਼ ਨਾਲ ਢਕੀਆਂ ਕਾਰਾਂ ਦੀ ਤਸਵੀਰ

ਟੋਰੌਂਟੋ ਦੀਆਂ ਸੜਕਾਂ 'ਤੇ ਬਰਫ਼ ਨਾਲ ਢਕੀਆਂ ਕਾਰਾਂ ਦੀ ਤਸਵੀਰ। ਸਿਟੀ ਔਫ਼ ਟੋਰੌਂਟੋ ਨੇ ਸੋਮਵਾਰ ਨੂੰ ਅੱਤ ਦੀ ਠੰਡ ਦਾ ਐਲਟਰ ਜਾਰੀ ਕੀਤਾ ਹੈ।

ਤਸਵੀਰ: (David Michael Lamb/CBC)

RCI

ਗ੍ਰੇਟਰ ਟੋਰੌਂਟੋ ਏਅਰੀਆ (ਜੀਟੀਏ) ਵਿਚ ਬਰਫ਼ੀਲੇ ਤੂਫ਼ਾਨ ਨੇ ਜ਼ਬਰਦਸਤ ਦਸਤਕ ਦਿੱਤੀ ਹੈ ਅਤੇ ਐਨਵਾਇਰਨਮੈਂਟ ਕੈਨੇਡਾ ਦਾ ਕਹਿਣਾ ਹੈ ਕਿ ਸੋਮਵਾਰ ਸ਼ਾਮ ਤੱਕ ਟੌਰੌਂਟੋ ਅਤੇ ਨਾਲ ਲੱਗਦੇ ਇਲਾਕਿਆਂ ਵਿਚ 60 ਸੈਂਟੀਮੀਟਰ ਤੱਕ ਬਰਫ਼ਾਬਾਰੀ ਹੋਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਨੇ ਸੋਮਵਾਰ ਸਵੇਰ ਨੂੰ ਬਰਫ਼ੀਲੇ ਤੂਫ਼ਾਨ ਦੀ ਤੀਬਰਤਾ ਨੂੰ ਅਪਡੇਟ ਕਰਦਿਆਂ ਭਾਰੀ ਬਰਫ਼ਬਾਰੀ ਦੀ ਚਿਤਾਵਨੀ ਜਾਰੀ ਕਰ ਦਿੱਤੀ ਸੀ। ਵਿਭਾਗ ਮੁਤਾਬਕ ਸੰਘਣੇ ਸ਼ਹਿਰੀ ਇਲਾਕਿਆਂ ਵਿਚ ਇਹ ਤੂਫ਼ਾਨ ਗੰਭੀਰ ਸਮੱਸਿਆ ਪੈਦਾ ਕਰ ਸਕਦਾ ਹੈ।

ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਬਰਫ਼ਬਾਰੀ ਦੇ ਨਾਲ ਨਾਲ ਤੇਜ਼ ਹਵਾਵਾਂ ਹੋਣ ਕਾਰਨ ਵਿਜ਼ਿਬਿਲੀਟੀ ਵੀ ਘਟ ਸਕਦੀ ਹੈ।

ਸੀਬੀਸੀ ਟੋਰੌਂਟੋ ਤੋਂ ਇੱਕ ਪੱਤਰਕਾਰ ਨੇ ਦੱਸਿਆ ਕਿ, ਬਰਫ਼ਬਾਰੀ ਇੰਨੀ ਤੇਜ਼ ਹੋ ਰਹੀ ਹੈ, ਕਿ ਜਿੰਨੀ ਦੇਰ ਵਿਚ ਕਰਮਚਾਰੀ ਬਰਫ਼ ਹਟਾਉਂਦੇ ਹਨ, ਉੰਨੀ ਦੇਰ ਨੂੰ ਹੋਰ ਬਰਫ਼ ਜਮਾਂ ਹੋ ਜਾਂਦੀ ਹੈ।

ਤਕਰੀਬਨ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਵਗਦੀਆਂ ਤੇਜ਼ ਹਵਾਵਾਂ ਨੇ ਸਥਿਤੀ ਨੂੰ ਹੋਰ ਖ਼ਤਰਨਾਕ ਕਰ ਦਿੱਤਾ ਹੈ ਅਤੇ ਐਨਵਾਇਰਨਮੈਂਟ ਕੈਨੇਡਾ ਨੇ ਵਾਹਨ ਚਾਲਕਾਂ ਨੂੰ ਸੜਕਾਂ ’ਤੇ ਬੇਹੱਦ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।

ਸੋਮਵਾਰ ਸਵੇਰ ਤੱਕ ਹੀ ਟੋਰੌਂਟੋ ਵਿਚ 35 ਸੈਂਟੀਮੀਟਰ ਬਰਫ਼ਬਾਰੀ ਹੋ ਚੁੱਕੀ ਹੈ। ਟੋਰੌਂਟੋ ਵਿਚ 25 ਸੈਂਟੀਮੀਟਰ ਤੋਂ ਵੱਧ ਦੀ ਬਰਫ਼ਬਾਰੀ ਵਾਲਾ ਤੂਫ਼ਾਨ ਆਖ਼ਰੀ ਵਾਰੀ 2019 ਵਿਚ ਆਇਆ ਸੀ। ਇਸ ਤੋਂ ਪਹਿਲਾਂ 2008 ਵਿਚ 30 ਸੈਂਟੀਮੀਟਰ ਬਰਫ਼ ਪਈ ਸੀ।

ਟੋਰੌਂਟੋ ਦੇ ਡੈਨਟੋਨੀਆ ਪਾਰਕ ਵਿਚ ਤੁਰੇ ਜਾਂਦੇ ਦੋ ਰਾਹਗੀਰ।

ਟੋਰੌਂਟੋ ਦੇ ਡੈਨਟੋਨੀਆ ਪਾਰਕ ਵਿਚ ਤੁਰੇ ਜਾਂਦੇ ਦੋ ਰਾਹਗੀਰ।

ਤਸਵੀਰ:  (Talia Ricci/CBC)

ਟੋਰੌਂਟੋ ਵਿਚ ਅੱਤ ਦੀ ਠੰਡ ਦਾ ਐਲਰਟ ਜਾਰੀ

ਬਰਫ਼ੀਲੇ ਤੂਫ਼ਾਨ ਦੇ ਮੱਦੇਨਜ਼ਰ ਟੋਰੌਂਟੋ ਸਿਟੀ ਨੇ ਅੱਤ ਦੀ ਠੰਡ ਦਾ ਐਲਰਟ ਜਾਰੀ ਕਰ ਦਿੱਤਾ ਹੈ।

ਐਂਵਾਇਰਨਮੈਂਟ ਕੈਨੇਡਾ ਅਨੁਸਾਰ ਟੋਰੌਂਟੋ ਵਿਚ ਤਾਪਮਾਨ -15 ਤੱਕ ਮਹਿਸੂਸ ਹੋ ਸਕਦਾ ਹੈ।

ਲੋਕਾਂ ਨੂੰ ਨਿੱਘ ਦੇਣ ਲਈ ਸ਼ਾਮ ਦੇ ਸੱਤ ਵਜੇ ਤੋਂ ਹੇਠਾਂ ਦਰਜ ਵਾਰਮਿੰਗ ਸੈਂਟਰ ਖੋਲੇ ਜਾ ਰਹੇ ਹਨ:

  • 129 ਪੀਟਰ ਸਟ੍ਰੀਟ
  • 5800 ਯੰਗ ਸਟ੍ਰੀਟ
  • ਐਗਜ਼ੀਬੀਸ਼ਨ ਪਲੇਸ, ਬੈਟਰ ਲਿਵਿੰਗ ਸੈਂਟਰ, 195 ਪ੍ਰਿੰਸੇਜ਼ ਬੁਲੇਵਾਰਡ
  • ਸਕਾਰਬ੍ਰੋਅ ਸਿਵਿਕ ਸੈਂਟਰ, 150 ਬੋਰੋ ਡਰਾਈਵ

ਉਨਟੇਰਿਉ ਦੇ ਹੋਰ ਹਿੱਸਿਆਂ ਦੇ ਤਾਂ ਜੀਟੀਏ ਤੋਂ ਵੀ ਵੱਧ ਪ੍ਰਭਾਵਿਤ ਹੋਣ ਦਾ ਅਨੁਮਾਨ ਹੈ। ਪੂਰਬੀ ਉਨਟੇਰਿਉ ਵਿਚ ਸਭ ਤੋਂ ਵੱਧ ਬਰਫ਼ਬਾਰੀ ਦੀ ਸੰਭਾਵਨਾ ਹੈ।

ਸੋਮਵਾਰ 17 ਜਨਵਰੀ ਦੇ ਸਵੇਰ ਟੋਰੌਂਟੋ ਦੀਆਂ ਸੜਕਾਂ ਦਾ ਮੰਜ਼ਰ।

ਸੋਮਵਾਰ 17 ਜਨਵਰੀ ਦੀ ਸਵੇਰ ਟੋਰੌਂਟੋ ਦੀਆਂ ਸੜਕਾਂ ਦਾ ਮੰਜ਼ਰ।

ਤਸਵੀਰ: (David Michael Lamb/CBC)

ਐਨਵਾਇਰਨਮੈਂਟ ਕੈਨੇਡਾ ਨੇ ਉਨਟੇਰਿਉ ਵਾਸੀਆਂ ਨੂੰ ਗ਼ੈਰ-ਜ਼ਰੂਰੀ ਯਾਤਰਾ ਮੁਲਤਵੀ ਕਰਨ ਲਈ ਆਖਿਆ ਹੈ।

ਬਰਫ਼ਬਾਰੀ ਕਾਰਨ ਹਾਈਵੇ, ਸੜਕਾਂ, ਵਾਕਵੇ ਅਤੇ ਪਾਰਕਿੰਗ ਲੌਟ ਦਿਖਣੇ ਵੀ ਮੁਸ਼ਕਲ ਹੋ ਗਏ ਹਨ। ਬਰਫ਼ ਕਾਰਨ ਵਿਜ਼ਿਬਿਲੀਟੀ ਬਹੁਤ ਜ਼ਿਆਦਾ ਘਟ ਜਾਵੇਗੀ।
ਵੱਲੋਂ ਇੱਕ ਕਥਨ ਐਨਵਾਇਰਨਮੈਂਟ ਕੈਨੇਡਾ

ਕਈ ਸੜਕ ਹਾਦਸੇ ਵਾਪਰੇ

ਓਨਟੇਰਿਓ ਪ੍ਰੋਵਿੰਸ਼ੀਅਲ ਪੁਲਿਸ ਦੇ ਸਾਰਜੇਂਟ ਕੈਰੀ ਸ਼ਮਿਡ ਨੇ ਦੱਸਿਆ ਕਿ ਬਰਫ਼ਬਾਰੀ ਕਾਰਨ ਜੀਟੀਏ ਭਰ ਵਿਚ ਦਰਜਨਾਂ ਸੜਕ ਹਾਦਸੇ ਹੋਣ ਦੀ ਖ਼ਬਰ ਹੈ।

ਉਹਨਾਂ ਦੱਸਿਆ ਕਿ ਬਰਫ਼ ਕਾਰਨ ਕਈ ਵਾਹਨਾਂ ਦੇ ਬੇਕਾਬੂ ਹੋਕੇ ਜਾਂ ਤਿਲਕ ਕੇ ਦੂਸਰੇ ਵਾਹਨਾਂ ਜਾਂ ਕੰਧਾਂ ਵਿਚ ਟਕਰਾਉਣ ਦੀਆਂ ਘਟਨਾਵਾਂ ਵੀ ਵਾਪਰੀਆਂ ਹਨ।

ਤੁਹਾਨੂੰ ਸੜਕ ‘ਤੇ ਲੱਗੇ ਨਿਸ਼ਾਨ ਵੀ ਨਜ਼ਰ ਨਹੀਂ ਆ ਰਹੇ। ਲਗਾਤਾਰ ਪੈ ਰਹੀ ਬਰਫ਼ ਕਾਰਨ ਇਹ ਹੋਰ ਖ਼ਤਰਨਾਕ ਹੋ ਰਿਹਾ ਹੈ

ਓਪੀਪੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਦੋਂ ਤੱਕ ਬਰਫ਼ ਨਹੀਂ ਹਟਾਈ ਜਾਂਦੀ, ਉਦੋਂ ਤੱਕ ਜਿੰਨਾ ਸੰਭਵ ਹੋਵੇ, ਹਾਈਵੇਜ਼ ਤੋਂ ਦੂਰ ਰਿਹਾ ਜਾਵੇ।

ਬਰਫ਼ਬਾਰੀ ਕਰਕੇ ਸੜਕਾਂ ਦੀ ਖ਼ਤਰਨਾਕ ਸਥਿਤੀ ਦੇ ਮੱਦੇਨਜ਼ਰ ਓਪੀਪੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਸੰਬਰ ਹੋਵੇ ਤਾਂ ਬਰਫ਼ ਹਟਾਏ ਜਾਣ ਤੱਕ ਹਾਈਵੇਜ਼ ਤੋਂ ਦੂਰ ਰਿਹਾ ਜਾਵੇ।

ਬਰਫ਼ਬਾਰੀ ਕਰਕੇ ਸੜਕਾਂ ਦੀ ਖ਼ਤਰਨਾਕ ਸਥਿਤੀ ਦੇ ਮੱਦੇਨਜ਼ਰ ਓਪੀਪੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਸੰਭਵ ਹੋਵੇ ਤਾਂ ਬਰਫ਼ ਹਟਾਏ ਜਾਣ ਤੱਕ ਹਾਈਵੇਜ਼ ਤੋਂ ਦੂਰ ਰਿਹਾ ਜਾਵੇ।

ਤਸਵੀਰ: (Nicole Ireland/CBC)

ਟੀਟੀਸੀ ਨੇ ਵੀ ਯਾਤਰੀਆਂ ਨੂੰ ਬੱਸ ਅਤੇ ਸਟ੍ਰੀਟਕਾਰ ਸੇਵਾਵਾਂ ਪ੍ਰਭਾਵਿਤ ਹੋਣ ਦੀ ਚਿਤਾਵਨੀ ਦਿੱਤੀ ਹੈ।

ਇੱਕ ਟੀਟੀਸੀ ਬਸ ਡਰਾਈਵਰ ਬਰਫ਼ ਹਟਾਉਂਦਾ ਹੋਇਆ।

ਇੱਕ ਟੀਟੀਸੀ ਬਸ ਡਰਾਈਵਰ ਬਰਫ਼ ਹਟਾਉਂਦਾ ਹੋਇਆ।

ਤਸਵੀਰ:  (Evan Mitsui/CBC)

ਕੁਝ ਬੋਰਡਾਂ ਨੇ ਸਕੂਲ ਬੰਦ ਕੀਤੇ

ਬਰਫ਼ ਨੇ ਉਨਟੇਰਿਉ ਦੇ ਕੁਝ ਸਕੂਲਾਂ ਵਿਚ ਇਨ-ਪਰਸਨ ਕਲਾਸਾਂ ਦੁਬਾਰਾ ਸ਼ੁਰੂ ਕੀਤੇ ਜਾਣ ਦਾ ਸਿਲਸਿਲਾ ਹੋਰ ਠੰਡਾ ਕਰ ਦਿੱਤਾ ਹੈ।

ਛੁੱਟੀਆਂ ਦੇ ਸੀਜ਼ਨ ਤੋਂ ਬਾਅਦ, 2 ਹਫ਼ਤਿਆਂ ਦੀਆਂ ਵਰਚੂਅਲ ਕਲਾਸਾਂ ਤੋਂ ਬਾਅਦ, ਸੋਮਵਾਰ ਤੋਂ ਸਕੂਲਾਂ ਵਿਚ ਇਨ-ਪਰਸਨ ਕਲਾਸਾਂ ਸ਼ੁਰੂ ਹੋਣੀਆਂ ਸਨ।

ਟੋਰੌਂਟੋ ਵਿਚ ਬਰਫ਼ ਦੇ ਢੇਰ ਹੇਠ ਆਈਆਂ ਕਾਰਾਂ ਦੀ ਤਸਵੀਰ।

ਟੋਰੌਂਟੋ ਵਿਚ ਬਰਫ਼ ਦੇ ਢੇਰ ਹੇਠ ਆਈਆਂ ਕਾਰਾਂ ਦੀ ਤਸਵੀਰ।

ਤਸਵੀਰ: (David Michael Lamb/CBC)

ਟੋਰੌਂਟੋ ਡਿਸਟ੍ਰਿਕਟ ਸਕੂਲ ਬੋਰਡ ਅਤੇ ਟੋਰੌਂਟੋ ਕੈਥਲਿਕ ਡਿਸਟ੍ਰਿਕਟ ਸਕੂਲ ਬੋਰਡ ਨੇ ਬਰਫ਼ੀਲੇ ਮੌਸਮ ਕਾਰਨ, ਇਨ-ਪਰਸਨ ਕਲਾਸ ਕੈਂਸਲ ਕਰ ਦਿੱਤੀ ਹੈ ਪਰ ਔਨਲਾਈਨ ਕਲਾਸ ਦਾ ਵਿਕਲਪ ਜਾਰੀ ਰਹੇਗਾ।

ਯੌਰਕ ਰੀਜਨ ਅਤੇ ਡਫ਼ਰਿਨ-ਪੀਲ ਕੈਥਲਿਕ ਡਿਸਟ੍ਰਿਕਟ ਸਕੂਲ ਬੋਰਡਾਂ ਅਤੇ ਹਾਲਟਨ ਦੇ ਪਬਲਿਕ ਅਤੇ ਕੈਥਲਿਕ ਬੋਰਡਾਂ ਨੇ ਵੀ ਇਨ-ਪਰਸਨ ਕਲਾਸਾਂ ਰੱਦ ਕਰ ਦਿੱਤੀਆਂ ਹਨ। ਪਰ ਔਨਲਾਈਨ ਕਲਾਸਾਂ ਦਾ ਵਿਕਲਪ ਨਹੀਂ ਦਿੱਤਾ ਗਿਆ ਹੈ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

Canadian Press ਵੱਲੋਂ ਜਾਣਕਾਰੀ ਸਹਿਤ।

ਸੁਰਖੀਆਂ