- ਮੁੱਖ ਪੰਨਾ
- ਰਾਜਨੀਤੀ
- ਫ਼ੈਡਰਲ ਰਾਜਨੀਤੀ
2021 ਦੌਰਾਨ ਸੈਂਕੜੇ ਹਵਾਈ ਯਾਤਰੀਆਂ ਨੇ ਕੀਤੀ ਫ਼ਲਾਈਟਸ ਵਿਚ ਮਾਸਕ ਨਿਯਮਾਂ ਦੀ ਉਲੰਘਣਾ
ਯਾਤਰੀਆਂ ਨੂੰ ਟੋਕਣ ਵਾਲੇ ਫ਼ਲਾਈਟ ਅਟੈਂਡੈਂਟਸ ਨਾਲ ਜ਼ੁਬਾਨੀ ਬਦਸਲੂਕੀ ਵੀ ਹੋਈ

ਸਨਵਿੰਗ ਏਅਰਲਾਈਨਜ਼ ਦੀ ਇੱਕ ਫ਼ਲਾਈਟ ਦੌਰਾਨ ਯਾਤਰੀ ਬਿਨਾ ਮਾਸਕ, ਨਜ਼ਦੀਕ ਹੋਕੇ ਨੱਚਦੇ, ਸ਼ਰਾਬ ਪੀਂਦੇ ਅਤੇ ਵੇਪ (ਈ-ਸਿਗਰਟ) ਪੀਂਦੇ ਵੇਖੇ ਜਾ ਸਕਦੇ ਹਨ।
ਤਸਵੀਰ: Le Journal de Montréal
ਲੰਘੇ ਸਾਲ 1,700 ਤੋਂ ਵੱਧ ਯਾਤਰੀਆਂ ਨੇ ਕੈਨੇਡੀਅਨ ਉਡਾਣਾਂ ਵਿਚ ਮਾਸਕ ਪਹਿਨਣ ਦੇ ਨਿਯਮਾਂ ਨੂੰ ਛਿੱਕੇ ਟੰਗਿਆ ਅਤੇ ਫ਼ਲਾਈਟ ਅਟੈਂਡੈਂਟਸ ਦੀ ਯੂਨੀਅਨ ਦਾ ਕਹਿਣਾ ਹੈ ਕਿ ਇਹ ਸਮੱਸਿਆ ਲਗਾਤਾਰ ਵਿਗੜ ਰਹੀ ਹੈ।
ਟ੍ਰਾਂਸਪੋਰਟ ਕੈਨੇਡਾ ਦੇ ਅੰਕੜਿਆਂ ਅਨੁਸਾਰ ਇਹਨਾਂ ਵਿਚ 959 ਮਾਮਲਿਆਂ ਵਿਚ ਕਾਰਵਾਈ ਕੀਤੀ ਗਈ, ਜਿਸ ਵਿਚ ਚਿਤਾਵਨੀ ਪੱਤਰ ਜਾਰੀ ਕਰਨ ਤੋਂ ਲੈਕੇ ਜੁਰਮਾਨੇ ਤੱਕ ਵੀ ਸ਼ਾਮਲ ਹਨ।
ਏਅਰ ਕੈਨੇਡਾ ਅਤੇ ਵੈਸਟਜੈਟ ਵਰਗੀਆਂ ਏਅਰਲਾਈਨਾਂ ਮੁਤਾਬਕ ਉਹਨਾਂ ਦੇ ਜ਼ਿਆਦਾਤਰ ਯਾਤਰੀਆਂ ਨੇ ਨਿਯਮਾਂ ਦੀ ਪਾਲਣਾ ਕੀਤੀ ਹੈ।
ਵੈਸਟਜੈਟ ਨੇ ਦੱਸਿਆ ਕਿ ਜਹਾਜ਼ ਅੰਦਰ ਮਾਸਕ ਪਹਿਨਣ ਤੋਂ ਇਨਕਾਰ ਕਰਨ ਵਾਲੇ ਯਾਤਰੀਆਂ ਲਈ ਉਹਨਾਂ ਦੀ ਜ਼ੀਰੋ ਟੌਲਰੈਂਸ ਪੌਲਿਸੀ
ਹੈ, ਭਾਵ ਮਾਸਕ ਨਿਯਮ ਦੀ ਉਲੰਘਣਾ ਬਿਲਕੁਲ ਬਰਦਾਸ਼ਤ ਨਹੀਂ ਹੈ। ਵੈਸਟਜੈਟ ਨੇ 1 ਸਤੰਬਰ 2020 ਤੋਂ ਹੁਣ ਤੱਕ ਮਾਸਕ ਪਹਿਨਣ ਤੋਂ ਮਨਾ ਕਰਨ ਵਾਲੇ 163 ਯਾਤਰੀਆਂ ’ਤੇ ਬੈਨ ਲਗਾ ਦਿੱਤਾ ਹੈ। ਇਹ ਗਿਣਤੀ ਇਸ ਸਮੇਂ ਦੌਰਾਨ ਵੈਸਟਜੈਟ ਵਿਚ ਉਡਾਣ ਭਰਨ ਵਾਲੇ ਯਾਤਰੀਆਂ ਦੀ ਗਿਣਤੀ ਦੇ 1 ਫ਼ੀਸਦੀ ਤੋਂ ਵੀ ਘੱਟ ਹੈ।
ਵੈਸਲੇ ਲੇਸੌਸਕੀ, ਕੈਨੇਡੀਅਨ ਯੂਨੀਅਨ ਔਫ਼ ਪਬਲਿਕ ਇੰਪਲੋਇਜ਼ ਦੀ ਏਅਰਲਾਈਨ ਡਿਵੀਜ਼ਨ ਦਾ ਮੁਖੀ ਹੈ, ਜੋ ਕਿ 9 ਕੈਨੇਡੀਅਨ ਏਅਰਲਾਈਨਾਂ ਦੇ 14,000 ਫ਼ਲਾਈਟ ਅਟੈਂਡੈਂਟਸ ਦੀ ਨੁਮਾਇੰਦਗੀ ਕਰਦੀ ਹੈ। ਉਸਨੇ ਕਿਹਾ ਕਿ ਕੈਨੇਡੀਅਨਜ਼ ਮਹਾਂਮਾਰੀ ਤੋਂ ਥੱਕੇ ਹੋਏ ਜਾਪਦੇ ਹਨ ਅਤੇ ਉਹ ਖਾਣ-ਪੀਣ ਨਾ ਕਰਦੇ ਸਮੇਂ ਜਹਾਜ਼ ਵਿਚ ਮਾਸਕ ਪਹਿਨਣ ਦੀ ਜ਼ਰੂਰਤ ਨੂੰ ਨਜ਼ਰਅੰਦਾਜ਼ ਕਰ ਰਹੇ ਹਨ।
ਉਹਨਾਂ ਦੱਸਿਆ ਕਿ ਕਈ ਮਾਮਲਿਆਂ ਵਿਚ ਤਾਂ ਯਾਤਰੀਆਂ ਨੂੰ ਨਿਯਮਾਂ ਦੀ ਉਲੰਘਣਾ ਵੇਲੇ ਟੋਕੇ ਜਾਣ ‘ਤੇ ਮਾਮਲਾ ਹੱਥੋਪਾਈ ਤੱਕ ਵਧ ਗਿਆ ਸੀ। ਕਈ ਯਾਤਰੀਆਂ ਨੇ ਗੁੱਸੇ ਵਿਚ ਸਟਾਫ਼ ਨਾਲ ਬੇਹੱਦ ਬਦਸਲੂਕੀ ਕੀਤੀ ਅਤੇ ਉਹਨਾਂ ਉਪੱਰ ਥੁੱਕੇ ਜਾਣ ਤੱਕ ਦੇ ਮਾਮਲੇ ਵੀ ਪੇਸ਼ ਆਏ ਹਨ।
ਹਾਲ ਹੀ ਵਿਚ ਮੌਂਟਰੀਅਲ ਤੋਂ ਮੈਕਸੀਕੋ ਜਾ ਰਹੀ ਸਨਵਿੰਗ ਏਅਰਲਾਈਨਜ਼ ਦੀ ਇੱਕ ਫ਼ਲਾਈਟ ਵਿਚ ਹੋਈ ਪਾਰਟੀ ਦੀ ਵੀਡਿਓ ਵਾਇਰਲ ਹੋਣ ਤੋਂ ਬਾਅਦ, ਉਡਾਣਾਂ ਅੰਦਰ ਮਾਸਕ ਨਿਯਮਾਂ ਦੀ ਉਲੰਘਣਾ ਦਾ ਮਾਮਲਾ ਸੁਰਖ਼ੀਆਂ ਵਿਚ ਹੈ। ਸਨਵਿੰਗ ਦੀ ਇਸ ਚਾਰਟਰਡ ਫ਼ਲਾਈਟ ਵਿਚ ਯਾਤਰੀ ਵੇਪਿੰਗ ਕਰਦੇ, ਸ਼ਰਾਬ ਪੀਕੇ ਇੱਕ ਦੂਸਰੇ ਦੇ ਨਜ਼ਦੀਕ ਹੋਕੇ ਬਿਨਾ ਮਾਸਕ ਤੋਂ ਨੱਚਦੇ ਟੱਪਦੇ ਦੇਖੇ ਜਾ ਸਕਦੇ ਹਨ।
ਦੇਖੋ। ਬਿਨਾ ਮਾਸਕ ਦੇ ਮੁਸਾਫ਼ਰ ਜਹਾਜ਼ ਵਿਚ ਪਾਰਟੀ ਰਕਦੇ ਹੋਏ:
ਜਨਵਰੀ ਤੋਂ ਦਸੰਬਰ 2021 ਦੌਰਾਨ, ਟ੍ਰਾਂਸਪੋਰਟ ਕੈਨੇਡਾ ਨੂੰ ਯਾਤਰੀਆਂ ਦੇ ਮਾਸਕ ਪਹਿਨਣ ਤੋਂ ਮੁਨਕਰ ਹੋਣ ਦੇ 1,710 ਮਾਮਲੇ ਰਿਪੋਰਟ ਹੋਏ। ਸੱਤ ਮਾਮਲਿਆਂ ਵਿਚ ਯਾਤਰੀਆਂ ਨੂੰ ਜਹਾਜ਼ ਵਿਚ ਚੜ੍ਹਨ ਹੀ ਨਹੀਂ ਦਿੱਤਾ ਗਿਆ, ਅਤੇ 108 ਮਾਮਲਿਆਂ ਵਿਚ ਉਹ ਜਹਾਜ਼ ਵਿਚ ਚੜ੍ਹ ਗਏ ਸਨ ਪਰ ਉਹਨਾਂ ਨੂੰ ਉਤਾਰ ਦਿੱਤਾ ਗਿਆ।
ਇਹਨਾਂ ਵਿਚੋਂ ਜ਼ਿਆਦਾਤਰ ਮਾਮਲਿਆਂ - 1,594 ਵਿਚ - ਯਾਤਰੀਆਂ ਨੇ ਖਾਣਾ-ਪੀਣਾ ਕਰਨ ਤੋਂ ਬਾਅਦ ਦੁਬਾਰਾ ਮਾਸਕ ਨਹੀਂ ਸੀ ਪਹਿਨਿਆਂ ਜਾਂ ਪਹਿਨਣ ਤੋਂ ਇਨਕਾਰ ਕੀਤਾ ਸੀ।
ਅੰਕੜਿਆਂ ਮੁਤਾਬਕ ਜੂਨ ਅਤੇ ਜੁਲਾਈ ਮਹੀਨਾ ਆਉਂਦੇ ਆਉਂਦੇ ਅਜਿਹੇ ਮਾਮਲਿਆਂ ਦੀ ਗਿਣਤੀ ਤਿੰਨ ਗੁਣਾ ਵਧ ਗਈ ਸੀ ਅਤੇ ਦਸੰਬਰ ਤੱਕ ਇਹ ਗਿਣਤੀ ਜਾਰੀ ਰਹੀ। ਮਾਰਚ ਦੇ 37 ਮਾਮਲਿਆਂ ਦੇ ਮੁਕਾਬਲੇ ਨਵੰਬਰ ਵਿਚ 241 ਮਾਮਲੇ ਰਿਪੋਰਟ ਕੀਤੇ ਗਏ।
ਜਹਾਜ਼ ਚੜ੍ਹਨ ਤੋਂ ਬਾਅਦ ਯਾਤਰੀਆਂ ਨੂੰ ਮਾਸਕ ਨਿਯਮ ਕਰਕੇ ਜਹਾਜ਼ ਚੋਂ ਵਾਪਸ ਉਤਾਰੇ ਜਾਣ ਦੇ ਮਾਮਲੇ ਵੀ ਵਧੇ ਅਤੇ ਮਾਰਚ ਦੇ 2 ਮਾਮਲਿਆਂ ਦੇ ਮੁਕਾਬਲੇ ਸਤੰਬਰ ਵਿਚ ਅਜਿਹੇ 18 ਮਾਮਲੇ ਹੋਏ।
- ਮੈਕਸਿਕੋ ਜਾ ਰਹੀ ਫ਼ਲਾਈਟ ਚ ਹੋਈ ‘ਪਾਰਟੀ’ ਦੀ ਜਾਂਚ ਕਰੇਗਾ ਟ੍ਰਾਂਸਪੋਰਟ ਕੈਨੇਡਾ
- ਕੈਲਗਰੀ ਏਅਰਪੋਰਟ ‘ਤੇ ਰਸ਼ੀਅਨ ਜੂਨੀਅਰ ਹਾਕੀ ਟੀਮ ਨਾਲ ਸਬੰਧਤ ਘਟਨਾ ਦੀ ਹਾਕੀ ਫ਼ੈਡਰੇਸ਼ਨ ਵੱਲੋਂ ਜਾਂਚ
5,000 ਡਾਲਰ ਤੱਕ ਦਾ ਜੁਰਮਾਨਾ
ਫ਼ੌਲ ਸੀਜ਼ਨ ਨਾਲੋਂ ਸਪਰਿੰਗ ਸੀਜ਼ਨ ਵਿਚ ਵੱਧ ਜੁਰਮਾਨੇ ਕੀਤੇ ਗਏ। 2021 ਦੌਰਾਨ ਕੁਲ 30 ਜੁਰਮਾਨਿਆਂ ਵਿਚੋਂ, 24 ਜੁਰਮਾਨੇ ਜਨਵਰੀ ਤੋਂ ਜੂਨ ਦਰਮਿਆਨ ਹੋਏ।
2020 ਵਿਚ ਵੱਧ ਤੋਂ ਵੱਧ ਜੁਰਮਾਨੇ 1,500 ਤੋਂ 2,000 ਡਾਲਰ ਦੀ ਰੇਂਜ ਵਿਚ ਕੀਤੇ ਗਏ ਸਨ। ਪਰ ਟ੍ਰਾਂਸਪੋਰਟ ਕੈਨੇਡਾ ਨੇ 2021 ਵਿਚ ਕੀਤੇ ਗਏ ਜੁਰਮਾਨਿਆਂ ਦੀ ਰਾਸ਼ੀ ਬਾਰੇ ਜਾਣਕਾਰੀ ਨ੍ਹੀਂ ਦਿੱਤੀ।
ਸਿਧਾਂਤਕ ਤੌਰ 'ਤੇ, ਜਿਹੜੇ ਲੋਕ ਇੱਕ ਤੋਂ ਵੱਧ ਵਾਰ ਨਿਯਮਾਂ ਦੀ ਉਲੰਘਣਾ ਕਰਦੇ ਹਨ, ਉਨ੍ਹਾਂ ਨੂੰ 5,000 ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਬਦਸਲੂਕੀ ਦੀਆਂ ਘਟਨਾਵਾਂ, ਜਿਵੇਂ ਕਿ ਅਪਮਾਨਜਨਕ ਭਾਸ਼ਾ ਜਾਂ ਸਰੀਰਕ ਹਿੰਸਾ ਦੀਆਂ ਧਮਕੀਆਂ, ਦੇ ਮਾਮਲਿਆਂ ਵਿਚ ਅਪਰਾਧਿਕ ਦੋਸ਼ ਵੀ ਆਇਦ ਹੋ ਸਕਦੇ ਹਨ।
ਸਾਲ 2021 ਦੌਰਾਨ 428 ਯਾਤਰੀਆਂ ਨੂੰ ਚਿਤਾਵਨੀ ਪੱਤਰ ਜਾਰੀ ਕੀਤੇ ਗਏ - ਜਿਸਦੇ ਮਿਲਣ ਤੋਂ ਬਾਅਦ ਵਾਰ ਵਾਰ ਨਿਯਮਾਂ ਦੀ ਉਲੰਘਣਾ ਕਰਨ ‘ਤੇ ਹੋਰ ਵੀ ਵੱਧ ਜੁਰਮਾਨਾ ਹੋ ਸਕਦਾ ਹੈ।
ਸਾਲ 2021 ਦੌਰਾਨ ਹਵਾਈ ਯਾਤਰੀਆਂ ਵੱਲੋਂ ਸਿਰਫ਼ ਮਾਸਕ ਨਿਯਮਾਂ ਦੀ ਹੀ ਧੱਜੀਆਂ ਨਹੀਂ ਉਡਾਈਆਂ ਗਈਆਂ।
‘ਸਮੱਸਿਆ ਹੋਰ ਵਿਗੜ ਰਹੀ ਹੈ’
ਅਕਤੂਬਰ ਤੋਂ ਦਸੰਬਰ ਦੇ ਦਰਮਿਆਨ 1,058 ਯਾਤਰੀ ਆਪਣਾ ਵੈਕਸੀਨੇਸ਼ਨ ਪ੍ਰੂਫ਼ ਦਿਖਾਉਣ ਵਿਚ ਨਾਕਾਮ ਰਹੇ, ਗ਼ਲਤ ਅਤੇ ਗੁਮਰਾਹਕੁੰਨ ਵੈਕਸੀਨੇਸ਼ਨ ਰਿਪੋਰਟਾਂ ਦੇ ਵੀ 27 ਮਾਮਲੇ ਸਾਹਮਣੇ ਆਏ।
ਲੇਸੌਸਕੀ ਨੇ ਕਿਹਾ, ਅਸੀਂ ਤਕਰੀਬਨ ਸਾਰੀਆਂ ਹੀ ਏਅਰਲਾਈਨਾਂ ਤੋਂ ਸੁਣ ਰਹੇ ਹਾਂ ਕਿ ਇਹ ਸਮੱਸਿਆ ਹੋਰ ਵਿਗੜ ਰਹੀ ਹੈ
।
ਉਹਨਾਂ ਕਿਹਾ ਕਿ ਮਾਸਕ ਨਿਯਮਾਂ ਦਾ ਮਤਲਬ ਹੈ ਸਟਾਫ਼ ਲਈ ਵਧੇਰੇ ਕੰਮ - ਖ਼ਾਸ ਤੌਰ ‘ਤੇ ਉਦੋਂ ਜਦ ਖਾਣ-ਪੀਣ ਲਈ ਯਾਤਰੀਆਂ ਨੂੰ ਮਾਸਕ ਉਤਾਰਨ ਦੀ ਆਗਿਆ ਹੈ।
ਸਾਨੂੰ ਲਗਾਤਾਰ ਉਹਨਾਂ ਨੂੰ ਮਾਸਕ ਪਹਿਨਣ ਲਈ ਆਖਣਾ ਪੈ ਰਿਹਾ ਹੈ, ਲਗਾਤਾਰ ਉਹਨਾਂ ਨੂੰ ਮਾਸਕ ਨਿਯਮਾਂ ਦੀ ਪਾਲਣਾ ਕਰਨ ਲਈ ਕਹਿਣਾ ਪੈ ਰਿਹਾ ਹੈ। ਦੂਸਰੇ ਪਾਸੇ, ਅਸੀਂ ਉਹਨਾਂ ਨੂੰ ਮਾਸਕ ਉਤਾਰਨ ਲਈ ਖਾਣਾ-ਪੀਣਾ ਪਰੋਸ ਰਹੇ ਹਾਂ
।
ਲੇਸੌਸਕੀ ਦਾ ਕਹਿਣਾ ਹੈ ਕਿ ਏਅਰਲਾਈਨਜ਼ ਖਾਣ-ਪੀਣ ਦੀਆਂ ਸੇਵਾਵਾਂ ਵਿਚ ਕਟੌਤੀ ਕਰ ਸਕਦੀਆਂ ਹਨ, ਤਾਂ ਕਿ ਯਾਤਰੀਆਂ ਦੇ ਮਾਸਕ ਉਤਾਰਨ ਦੇ ਮੌਕਿਆਂ ਨੂੰ ਘਟਾਇਆ ਜਾ ਸਕੇ।
ਏਅਰਲਾਈਨਜ਼ ਅਨੁਸਾਰ ਜ਼ਿਆਦਾਤਰ ਯਾਤਰੀ ਵੱਲੋਂ ਪਾਲਣਾ
ਵੈਸਟਜੈਟ ਏਅਰਲਾਈਨਜ਼ ਦੇ ਮੀਡੀਆ ਰਿਲੇਸ਼ਨਜ਼ ਐਡਵਾਈਜ਼ਰ, ਮੈਡੀਸਨ ਕ੍ਰੂਗਰ ਨੇ ਕਿਹਾ ਕਿ ਜ਼ਿਆਦਾਤਰ ਮੁਸਾਫ਼ਰ ਮਹਾਮਾਰੀ ਸਬੰਧੀ ਨਿਯਮਾਂ ਦੀ ਪਾਲਣਾ ਕਰ ਰਹੇ ਹਨ।
ਕ੍ਰੂਗਰ ਨੇ ਕਿਹਾ, ਵੈਸਟਜੈਟ ਦੇ ਸਟਾਫ਼ ਨੇ ਪੂਰੀ ਮਹਾਮਾਰੀ ਦੌਰਾਨ ਸਾਡੇ ਸੰਚਾਲਨ ਨੂੰ ਸੁਰੱਖਿਅਤ ਰੱਖਣ ਲਈ ਤਨਦੇਹੀ ਨਾਲ ਕੰਮ ਕੀਤਾ ਹੈ। ਭਾਵੇਂ ਕੁਝ ਬੇਕਾਬੂ ਸਥਿਤੀਆਂ ਪੈਦਾ ਹੁੰਦੀਆਂ ਹਨ ਪਰ ਉਹ ਬਹੁਤ ਘੱਟ ਹਨ, ਅਤੇ ਸਾਡੇ ਜ਼ਿਆਦਾਤਰ ਮਹਿਮਾਨਾਂ ਦੇ ਯਤਨ ਸ਼ਲਾਘਾਯੋਗ ਹਨ ਕਿਉਂਕਿ ਉਹਨਾਂ ਨੇ ਨਿਯਮਾਂ ਦੀ ਪਾਲਣਾ ਕਰਦਿਆਂ ਬੇਮਿਸਾਲ ਕੰਮ ਕੀਤਾ ਹੈ
।
ਏਅਰ ਕੈਨੇਡਾ ਨੇ ਵੀ ਕਿਹਾ ਕਿ ਉਹਨਾਂ ਦੇ ਜ਼ਿਆਦਾਤਰ ਯਾਤਰੀਆਂ ਨੇ ਸਟਾਫ਼, ਆਪਣੇ ਆਪ ਅਤੇ ਹੋਰ ਯਾਤਰੀਆਂ ਨੂੰ ਸੁਰੱਖਿਅਤ ਰੱਖਣ ਲਈ, ਮਾਸਕ ਪਹਿਨਣਾ ਦੇ ਮਹੱਤਵ ਨੂੰ ਸਮਝਿਆ ਹੈ।
ਇੱਕ ਬਿਆਨ ਵਿਚ ਏਅਰਲਾਈਨ ਨੇ ਕਿਹਾ, ਪਾਲਣਾ ਨਾ ਹੋਣ ਦੇ ਮੁਕਾਬਲਤਨ ਕਦੇ-ਕਦਾਈਂ ਪੇਸ਼ ਆਏ ਮਾਮਲਿਆਂ ਦੌਰਾਨ, ਅਸੀਂ ਨਿਯਮਾਂ ਨੂੰ ਲਾਗੂ ਕਰਨ ਵਿੱਚ ਆਪਣੇ ਮੁਲਾਜ਼ਮਾਂ ਦਾ ਪੂਰਾ ਸਮਰਥਨ ਕਰਦੇ ਹਾਂ ਅਤੇ ਅਸੀਂ ਇਹਨਾਂ ਮਾਮਲਿਆਂ ਨੂੰ ਟ੍ਰਾਂਸਪੋਰਟ ਕੈਨੇਡਾ ਨੂੰ ਰਿਪੋਰਟ ਕਰਦੇ ਹਾਂ, ਜਿਸਦਾ ਕੰਮ ਸਰਕਾਰੀ ਨਿਯਮਾਂ ਦੀ ਉਲੰਘਣਾ ਬਾਬਤ ਜੁਰਮਾਨੇ ਨਿਰਧਾਰਤ ਕਰਨਾ ਹੈ
।
ਐਲੀਜ਼ਾਬੈਥ ਥੌਮਸਨ (ਨਵੀਂ ਵਿੰਡੋ) - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ