1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਕੈਨੇਡੀਅਨ ਟਰੱਕ ਡਰਾਈਵਰਾਂ ਨੂੰ ਲਾਜ਼ਮੀ ਵੈਕਸੀਨੇਸ਼ਨ ਦੀ ਸ਼ਰਤ ਤੋਂ ਛੋਟ ਨਹੀਂ: ਫ਼ੈਡਰਲ ਸਰਕਾਰ

ਇੱਕ ਬੁਲਾਰੇ ਵੱਲੋਂ ਛੋਟ ਦੀ ਗੱਲ ਕਹੀ ਜਾਣ ਤੋਂ ਬਾਅਦ ਸਰਕਾਰ ਵੱਲੋਂ ਸਪਸ਼ਟੀਕਰਨ

21 ਅਕਤੂਬਰ, 2020 ਨੂੰ ਉਨਟੇਰਿਉ ਦੇ ਫ਼ੋਰਟ ਈਅਰੀ ਵਿਚ ਸਥਿਤ ਪੀਸ ਬ੍ਰਿਜ 'ਤੇ ਯੂ ਐਸ ਜਾਣ ਲਈ ਕਤਾਰ ਵਿਚ ਲੱਗੇ ਟਰੱਕ।

21 ਅਕਤੂਬਰ, 2020 ਨੂੰ ਉਨਟੇਰਿਉ ਦੇ ਫ਼ੋਰਟ ਈਅਰੀ ਵਿਚ ਸਥਿਤ ਪੀਸ ਬ੍ਰਿਜ 'ਤੇ ਯੂ ਐਸ ਜਾਣ ਲਈ ਕਤਾਰ ਵਿਚ ਲੱਗੇ ਟਰੱਕ।

ਤਸਵੀਰ:  (Frank Gunn/The Canadian Press)

RCI

ਫ਼ੈਡਰਲ ਸਰਕਾਰ ਨੇ ਕਿਹਾ ਹੈ ਕਿ ਕੈਨੇਡਾ ਦਾਖ਼ਲ ਹੋਣ ਵਾਲੇ ਸਾਰੇ ਟਰੱਕ ਡਰਾਈਵਰਾਂ ਨੂੰ ਸ਼ਨੀਵਾਰ ਤੱਕ ਪੂਰੀ ਤਰ੍ਹਾਂ ਵੈਕੀਨੇਟੇਡ ਹੋਣਾ ਜ਼ਰੂਰੀ ਹੈ, ਫ਼ੇਰ ਭਾਵੇਂ ਉਹ ਕੈਨੇਡੀਅਨ ਨਾਗਰਿਕ ਹੋਣ ਜਾਂ ਫ਼ਿਰ ਵਿਦੇਸ਼ੀ ਨਾਗਰਿਕ।

ਨਵੰਬਰ ਦੇ ਮੱਧ ਵਿਚ ਕੈਨੇਡਾ ਸਰਕਾਰ ਨੇ ਐਲਾਨ ਕੀਤਾ ਸੀ ਕਿ ਸਾਰੇ ਵਿਦੇਸ਼ੀ ਨਾਗਰਿਕਾਂ, ਜੋ ਬਤੌਰ ਟਰੱਕ ਡਰਾਈਵਰ ਕੰਮ ਕਰਦੇ ਹਨ, ਨੂੰ 15 ਜਨਵਰੀ ਤੋਂ ਕੈਨੇਡਾ ਦਾਖ਼ਲ ਹੋਣ ਲਈ ਮੁਕੰਮਲ ਵੈਕਸੀਨੇਸ਼ਨ ਜ਼ਰੂਰੀ ਹੋਵੇਗੀ। ਉਦੋਂ ਤੋਂ ਹੀ ਨਿਯਮਾਂ ਨੂੰ ਲੈਕੇ ਭੰਬਲਭੂਸਾ ਪੈਦਾ ਹੋ ਗਿਆ ਸੀ।

ਇਸੇ ਐਲਾਨ ਵਿਚ ਕਿਹਾ ਗਿਆ ਸੀ, ਕਿ ਬਿਨਾ ਵੈਕਸੀਨ ਵਾਲੇ ਕੈਨੇਡੀਅਨ ਟਰੱਕਰਜ਼ ਨੂੰ ਕੈਨੇਡਾ ਦਾਖ਼ਲ ਹੋਣ ਦੀ ਆਗਿਆ ਹੋਵੇਗੀ, ਪਰ ਉਹਨਾਂ ਨੂੰ ਕੁਆਰੰਟੀਨ ਅਤੇ ਟੈਸਟਿੰਗ ਦੀ ਜ਼ਰੂਰਤ ਹੋਵੇਗੀ।

ਬੁੱਧਵਾਰ ਨੂੰ ਕੈਨੇਡਾ ਬਾਰਡਰ ਸਰਵਿਸੇਜ਼ ਏਜੰਸੀ ਦੀ ਸਪੋਕਸਪਰਸਨ ਨੇ ਕਿਹਾ ਕਿ ਫ਼ੈਡਰਲ ਸਰਕਾਰ ਨੇ ਕੁਝ ਤਬਦੀਲੀ ਕੀਤੀ ਹੈ ਅਤੇ ਜੇ ਕੈਨੇਡੀਅਨ ਟਰੱਕ ਡਰਾਈਵਰਾਂ ਦੀ ਵੈਕਸੀਨੇਸ਼ਨ ਨਹੀਂ ਹੋਈ ਹੈ ਜਾਂ ਉਹਨਾਂ ਨੇ ਵੈਕਸੀਨ ਦੀ ਇੱਕ ਡੋਜ਼ ਹੀ ਪ੍ਰਾਪਤ ਕੀਤੀ ਹੈ ਤਾਂ ਉਹਨਾਂ ਨੂੰ ਕੁਆਰੰਟੀਨ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ।

ਪਰ ਹੁਣ ਫ਼ੈਡਰਲ ਸਰਕਾਰ ਇਸ ਬੁਲਾਰੇ ਦੇ ਬਿਆਨ ਤੋਂ ਪਲਟੀ ਮਾਰ ਗਈ ਹੈ ਅਤੇ ਕਿਹਾ ਹੈ ਕਿ ਬੁਲਾਰੇ ਵੱਲੋਂ ਦਿੱਤੀ ਸਟੇਟਮੈਂਟ ਸਹੀ ਨ੍ਹੀਂ ਹੈ,ਅਤੇ ਨਵੰਬਰ ਵਿਚ ਤੈਅ ਹੋਏ ਨਿਰਦੇਸ਼ਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ।

ਸੀਬੀਸੀ ਦੇ ਪਾਵਰ ਐਂਡ ਪੌਲਿਟਿਕਸ  ਨਾਲ ਗੱਲ ਕਰਦਿਆਂ ਟ੍ਰਾਂਸਪੋਰਟ ਮਿਨਿਸਟਰ, ਓਮਰ ਅਲਗ਼ਬਰਾ ਨੇ ਕਿਹਾ ਕਿ ਸਪੋਕਸਪਰਸਨ ਕੋਲ ‘ਅਧੂਰੀ’ ਜਾਣਕਾਰੀ ਸੀ ਅਤੇ ਫ਼ੈਡਰਲ ਸਰਕਾਰ ਦੀ ਨੀਤੀ ਵਿਚ ਬਦਲਾਅ ਨਹੀਂ ਹੋਇਆ ਹੈ।

19 ਨਵੰਬਰ ਤੋਂ ਬਾਅਦ ਹੀ, ਸਾਡੀ ਸਟੇਕਹੋਲਡਰਜ਼ ਅਤੇ ਆਮ ਜਨਤਾ ਨਾਲ [ਇਸ ਵਿਸ਼ੇ ‘ਤੇ] ਹੋਈ ਗੱਲਬਾਤ ਵਿਚ ਇਕਸਾਰਤਾ ਰਹੀ ਹੈ

ਦੋਵੇਂ ਮੁਲਕਾਂ ਦੇ ਵਪਾਰ ਸੰਗਠਨ ਉਕਤ ਸ਼ਰਤਾਂ ਨੂੰ ਮੁਲਤਵੀ ਕੀਤੇ ਜਾਣ ਦੀ ਮੰਗ ਕਰ ਰਹੇ ਸਨ। ਉਹਨਾਂ ਦਾ ਕਹਿਣਾ ਸੀ ਕਿ ਇਸ ਨੀਤੀ ਦੇ ਲਾਗੂ ਹੋਣ ਕਾਰਨ ਪਹਿਲਾਂ ਤੋਂ ਹੀ ਸਟਾਫ਼ ਦੀ ਘਾਟ ਕਰਕੇ ਪੈਦਾ ਹੋਈਆਂ ਰੁਕਾਵਟਾਂ ਨਾਲ ਜੂਝ ਰਹੀ ਕੈਨੇਡੀਅਨ ਸਪਲਾਈ ਚੇਨ, ਹੋਰ ਪ੍ਰਭਾਵਿਤ ਹੋ ਸਕਦੀ ਹੈ।

ਕੈਨੇਡੀਅਨ ਟਰੱਕਿੰਗ ਅਲਾਇੰਸ (ਸੀਟੀਏ) ਦਾ ਅਨੁਮਾਨ ਸੀ ਕਿ ਲਾਜ਼ਮੀ ਵੈਕਸੀਨੇਸ਼ਨ ਦੀ ਸ਼ਰਤ ਲਾਗੂ ਹੋਣ ਤੋਂ ਬਾਅਦ ਕੈਨੇਡਾ ਦੇ ਤਕਰੀਬਨ 120,000 ਟਰੱਕ ਡਰਾਈਵਰਾਂ ਵਿਚੋਂ ਕਰੀਬ 10 ਫ਼ੀਸਦੀ ਡਰਾਈਵਰ ਕੰਮ ਕਰਨ ਤੋਂ ਅਯੋਗ ਹੋ ਜਾਣਗੇ।

ਵੈਕਸੀਨੇਸ਼ਨ ਲਈ ਕੈਸ਼ ਬੋਨਸ

ਲਾਜ਼ਮੀ ਵੈਕਸੀਨੇਸ਼ਨ ਦੀ ਸ਼ਰਤ ਨੇ ਟਰੱਕਿੰਗ ਇੰਡਸਟਰੀ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਵੀ ਕਰ ਦਿੱਤਾ ਹੈ।

ਕੈਨੇਡੀਅਨ ਟਰੱਕਿੰਗ ਅਲਾਇੰਸ ਦੇ ਪ੍ਰੈਜ਼ੀਡੈਂਟ ਸਟੀਵਨ ਲੈਸਕੋਸਕੀ ਨੇ ਕਿਹਾ, ਸਾਡੇ ਬਹੁਤ ਸਾਰੇ ਮੈਂਬਰ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਬਗ਼ੈਰ ਵੈਕਸੀਨ ਵਾਲੇ ਡਰਾਈਵਰਾਂ ਨੂੰ ਸਰਹੱਦ ਪਾਰ ਨਹੀਂ ਭੇਜਣਗੇ

ਉਹਨਾਂ ਕਿਹਾ ਕਿ ਟ੍ਰਾਂਸਪੋਰਟ ਕੰਪਨੀਆਂ ਨੇ ਕਦੇ ਵੀ ਲਾਜ਼ਮੀ ਵੈਕਸੀਨੇਸ਼ਨ ਦਾ ਵਿਰੋਧ ਨਹੀਂ ਕੀਤਾ, ਪਰ ਇਸਨੂੰ ਲਾਗੂ ਕਰਨ ਦੇ ਸਮੇਂ ਬਾਰੇ ਆਪਣਾ ਇਤਰਾਜ਼ ਜ਼ਾਹਰ ਕੀਤਾ ਹੈ। ਉਹਨਾਂ ਕਿਹਾ ਕਿ ਸਪਲਾਈ ਚੇਨ ਪਹਿਲਾਂ ਹੀ ਕਾਮਿਆਂ ਦੀ ਘਾਟ ਅਤੇ ਮਹਾਮਾਰੀ ਕਾਰਨ ਪ੍ਰਭਾਵਿਤ ਹੈ।

ਹਾਲਾਂਕਿ, ਨਵੇਂ ਨਿਯਮ ਵੈਕਸੀਨ ਨਾ ਲਗਵਾਉਣ ਵਾਲਿਆਂ ਨੂੰ ਆਪਣਾ ਸ਼ੌਟ ਲਵਾਉਣ ਲਈ ਉਤਸਾਹਿਤ ਕਰ ਸਕਦੇ ਸਨ। ਮੌਂਟ੍ਰੀਅਲ ਦੀ ਇੱਕ ਲੌਜਿਸਟਿਕਸ ਕੰਪਨੀ ਨੇ ਮੁਲਾਜ਼ਮਾਂ ਨੂੰ ਨੌਕਰੀ ‘ਤੇ ਬਰਕਰਾਰ ਰੱਖਣ ਦੀ ਉਮੀਦ ਵਿਚ ਪਿਛਲੇ ਮਹੀਨੇ ਕਿਹਾ ਸੀ, ਕਿ ਉਹ 15 ਜਨਵਰੀ ਤੱਕ ਵੈਕਸੀਨ ਦੀ ਪਹਿਲੀ ਡੋਜ਼ ਲੈਣ ਵਾਲੇ ਸਾਰੇ ਡਰਾਈਵਰਾਂ ਨੂੰ 10,000 ਡਾਲਰ ਦਾ ਬੋਨਸ ਸਵੇਗੀ। 

ਟਰੱਕ ਡਰਾਈਵਰਾਂ ਲਈ ਵੈਕਸੀਨ ਪ੍ਰਮਾਣ ਨੀਤੀ ‘ਤੇ ਸਰਕਾਰ ਮੁੜ ਵਿਚਾਰ ਕਰੇ : ਟਰੱਕਿੰਗ ਇੰਡਸਟਰੀ

ਸਪਲਾਈ ਚੇਨ ‘ਤੇ ਪ੍ਰਭਾਵ

ਕਿਊਬੈਕ ਦੀ ਇੱਕ ਇੰਪੋਰਟ ਕੰਪਨੀ ਕੁਰਚੇਨ ਲਾਰੋਜ਼ੇ ਲਿਮਿਟੇਡ ਦੇ ਐਗਜ਼ੈਕਟਿਵ ਵਾਈਸ ਪ੍ਰੈਜ਼ੀਡੈਂਟ, ਗਾਏ ਮਿਲੇਟ ਦਾ ਕਹਿਣਾ ਹੈ ਕਿ ਟਰੱਕਰਜ਼ ਲਈ ਇਹ ਸ਼ਰਤ, ਖ਼ਾਸ ਤੌਰ ‘ਤੇ ਮੌਜੂਦਾ ਸਮੇਂ ਵਿਚ, ਵਸਤਾਂ ਦੀਆਂ ਕੀਮਤਾਂ ਅਤੇ ਸਪਲਾਈ ਦੇ ਦਬਾਅ ਪੈਦਾ ਕਰੇਗੀ।

ਉਹਨਾਂ ਕਿਹਾ, ਜਨਵਰੀ ਤੋਂ ਅਪ੍ਰੈਲ ਤੱਕ ਸਭ ਤੋਂ ਭੈੜਾ ਸਮਾਂ ਹੁੰਦਾ ਹੈ ਅਤੇ ਸਭ ਤੋਂ ਵੱਧ ਤਾਦਾਦ ਵਿਚ ਸਬਜ਼ੀਆਂ ਇੰਪੋਰਟ ਕੀਤੀਆਂ ਜਾਂਦੀਆਂ ਹਨ

ਬਹੁਤ ਸਾਰੇ ਵਪਾਰਕ ਸੰਗਠਨ ਫ਼ੈਡਰਲ ਸਰਕਾਰ ਨੂੰ 15 ਜਨਵਰੀ ਦੀ ਡੈਡਲਾਈਨ ਨੂੰ ਮੁਲਤਵੀ ਕਰਨ ਦੀ ਮੰਗ ਕਰ ਰਹੇ ਹਨ।

ਕੈਨੇਡੀਅਨ ਮੈਨੁਫ਼ੈਕਚਰਿੰਗ ਕੋਅਲੀਸ਼ਨ ਨੇ ਸਰਕਾਰ ਨੂੰ ਭੇਜੇ ਇੱਕ ਪੱਤਰ ਵਿਚ ਡੈਡਲਾਈਨ ਨੂੰ ਅੱਗੇ ਪਾਉਣ ਦੀ ਮੰਗ ਕਰਦਿਆਂ ਕਿਹਾ, ਕਿ ਬੀ.ਸੀ. ਵਿਚ ਹਾਲ ਹੀ ਵਿਚ ਆਏ ਹੜਾਂ ਅਤੇ ਚੀਨ ਦੀ ‘ਜ਼ੀਰੋ ਕੋਵਿਡ ਪੌਲਿਸੀ’ ਨੇ ਪਹਿਲਾਂ ਹੀ ਬੁਰੀ ਤਰ੍ਹਾਂ ਪ੍ਰਭਾਵਿਤ ਸਪਲਾਈ ਚੇਨ ਲਈ ਹੋਰ ਚੁਣੌਤੀਆਂ ਪੈਦਾ ਕਰ ਦਿੱਤੀਆਂ ਹਨ। ਪੈਟਰੋਲੀਅਮ ਸਰਵਿਸੇਜ਼ ਅਸੋਸੀਏਸ਼ਨ ਔਫ਼ ਕੈਨੇਡਾ ਨੇ ਵੀ ਕਿਹਾ ਕਿ ਲਾਜ਼ਮੀ ਵੈਕਸੀਨ ਸ਼ਰਤ, ਸਥਿਤੀ ਨੂੰ ਹੋਰ ਗੰਭੀਰ ਕਰੇਗੀ।

ਫ਼ੂਡ ਅਤੇ ਖੇਤੀ ਉਤਪਾਦਾਂ ਦੀ ਸਲਪਾਈ ਪ੍ਰਭਾਵਿਤ ਹੋ ਸਕਦੀ ਹੈ।

ਡਲਹਾਊਜ਼ੀ ਯੂਨੀਵਰਸਿਟੀ ਵਿਚ ਫ਼ੂਡ ਡਿਸਟ੍ਰੀਬਿਊਸ਼ਨ ਅਤੇ ਪੌਲਿਸੀ ਰਿਸਰਚਰ ਸਿਲਵੇਨ ਸ਼ਾਰਲੇਬੋਏ ਮੁਤਾਬਕ, ਕੈਨੇਡਾ ਵੱਲੋਂ ਯੂ ਐਸ ਤੋਂ ਆਯਾਤ ਹੋਣ ਵਾਲੇ ਤਕਰੀਬਨ 21 ਬਿਲੀਅਨ ਖੇਤੀ ਉਤਪਾਦਾਂ ਦਾ ਦੋ-ਤਿਹਾਈ ਹਿੱਸਾ, ਟਰੱਕਾਂ ਰਾਹੀਂ ਸਪਲਾਈ ਕੀਤਾ ਜਾਂਦਾ ਹੈ। ਸਰਦੀਆਂ ਦੇ ਮੌਸਮ ਵਿਚ ਖ਼ਾਸ ਕਰਕੇ ਯੂ ਐਸ ਉਤਪਾਦਾਂ ‘ਤੇ ਨਿਰਭਰਤਾ ਵਧ ਜਾਂਦੀ ਹੈ।

ਮਹਿੰਗਾਈ ਵਿਚ ਵਾਧਾ

ਕੰਜ਼ਰਵੇਟਿਵ ਟ੍ਰਾਂਸਪੋਰਟ ਕ੍ਰਿਟਿਕ, ਮੈਲੀਸਾ ਲੈਂਟਸਮੈਨ ਨੇ ਕਿਹਾ ਕਿ ਟਰੱਕ ਡਰਾਈਵਰਾਂ ਲਈ ਲਾਜ਼ਮੀ ਵੈਕਸੀਨੇਸ਼ਨ ਦੀ ਸ਼ਰਤ, ਜੂਝ ਰਹੀ ਸਪਲਾਈ ਚੇਨ ਨੂੰ ਹੋਰ ਪ੍ਰਭਾਵਿਤ ਕਰੇਗੀ ਅਤੇ ਕੀਮਤਾਂ ਵਿਚ ਹੋਰ ਇਜ਼ਾਫ਼ਾ ਹੋਵੇਗਾ।

ਇੱਕ ਮੀਡੀਆ ਬਿਆਨ ਵਿਚ ਉਹਨਾਂ ਕਿਹਾ, ਅਜਿਹੇ ਸਮੇਂ ਵਿਚ ਜਦੋਂ ਮਹਿੰਗਾਈ ਰਿਕਾਰਡ ਪੱਧਰ ‘ਤੇ ਪਹੁੰਚੀ ਹੋਈ ਹੈ, ਟ੍ਰੂਡੋ ਸਰਕਾਰ ਦੀਆਂ ਮਾੜੀਆਂ ਨੀਤੀਆਂ ਦਾ ਖ਼ਾਮਿਆਜ਼ਾ ਕੈਨੇਡੀਅਨਜ਼ ਨੂੰ ਭਰਨਾ ਪੈਣਾ ਹੈ। ਕੈਨੇਡਾ ਦੇ ਕੰਜ਼ਰਵੇਟਿਵਜ਼ ਉਹਨਾਂ ਕੈਨੇਡੀਅਨਜ਼ ਦੀ ਆਵਾਜ਼ ਬਣਨਗੇ ਜਿਹਨਾਂ ਦਾ ਜੀਵਨ ਟ੍ਰੂਡੋ ਦੀ ਇਕੌਨਮੀ ਵਿਚ ਦੁਸ਼ਵਾਰ ਹੋ ਰਿਹਾ ਹੈ

ਅਲਗ਼ਬਰਾ ਨੇ ਪਾਵਰ ਐਂਡ ਪੌਲਿਟਿਕਸ  ਵਿਚ ਗੱਲ ਕਰਦਿਆਂ ਉਕਤ ਦਲੀਲ ‘ਤੇ ਅਸਹਿਮਤੀ ਪ੍ਰਗਟਾਉਂਦਿਆਂ ਕਿਹਾ, ਕਿ ਸਪਲਾਈ ਚੇਨ ਲਈ ਖ਼ਤਰਾ ਲਾਜ਼ਮੀ ਵੈਕਸੀਨੇਸ਼ਨ ਨਹੀਂ ਸਗੋਂ ਮਹਾਮਾਰੀ ਹੈ, ਅਤੇ ਇਸ ਨਾਲ ਨਜਿੱਠਣ ਦਾ ਇਕੋ ਇਕ ਉਪਾਅ ਵੈਕਸੀਨੇਸ਼ਨ ਹੈ।

ਉਹਨਾਂ ਕਿਹਾ, ਅਸੀ ਮਾਹਰਾਂ ਤੋਂ, ਸਿਹਤ ਮਾਹਰਾਂ ਤੋਂ ਮਸ਼ਵਰਾ ਲੈਂਦੇ ਹਾਂ, ਅਤੇ ਸਭ ਨੂੰ ਪਤਾ ਹੈ ਕਿ ਇਸ ਤੋਂ ਬਚਣ ਦਾ ਸਭ ਤੋਂ ਉੱਤਮ ਉਪਾਅ ਵੈਕਸੀਨ ਹੈ। ਸਾਰੇ ਜਾਣਦੇ ਹਨ ਕਿ ਸਪਲਾਈ ਚੇਨ ਨੂੰ ਸੁਰੱਖਿਅਤ ਰੱਖਣ ਲਈ ਵੈਕਸੀਨ ਸਰਬੋਤਮ ਵਿਕਲਪ ਹੈ, ਅਤੇ ਅਸੀਂ ਉਸ ਦਿਸ਼ਾ ਵੱਲ ਅੱਗੇ ਵਧ ਰਹੇ ਹਾਂ ਜਿਸਨੂੰ ਅਸੀਂ ਮੰਨਦੇ ਹਾਂ ਕਿ ਉਹ ਕੈਨੇਡੀਅਨਜ਼ ਅਤੇ ਕੈਨੇਡੀਅਨ ਅਰਥਚਾਰੇ ਲਈ ਸਰਬੋਤਮ ਹੋਵੇਗੀ

‘ਮੈਂ ਪਾਲਨਾ ਨਹੀਂ ਕਰਨੀ’

ਬ੍ਰਿਜਿਟ ਬੈਲਟਨ ਇੱਕ ਟਰੱਕ ਡਰਾਈਵਰ ਹੈ ਜਿਸਨੇ ਵੈਕਸੀਨ ਨਹੀਂ ਲਗਵਾਈ ਹੈ। ਉਸਦਾ ਪਤੀ ਵੀ ਟਰੱਕ ਚਲਾਉਂਦਾ ਹੈ। ਉਸਦਾ ਕਹਿਣਾ ਹੈ ਕਿ ਬਾਵਜੂਦ ਇਸਦੇ ਕਿ ਸ਼ਨੀਵਾਰ ਨੂੰ ਲਾਗੂ ਹੋ ਰਹੇ ਨਿਯਮ ਉਸਨੂੰ ਆਰਥਿਕ ਪੱਧਰ ‘ਤੇ ਗਹਿਰੀ ਚੋਟ ਪਹੁੰਚਾਉਣਗੇ, ਉਸਨੇ ਵੈਕਸੀਨ ਨਾ ਲਗਵਾਉਣ ਦਾ ਹੀ ਵਿਕਲਪ ਚੁਣਿਆ ਹੈ।

ਉਸਨੇ ਕਿਹਾ, ਮੈਂ ਆਪਣਾ ਟਰੱਕ, ਆਪਣਾ ਘਰ, ਆਪਣੀ ਕਾਰ ਸਭ ਗੁਆ ਲਵਾਂਗੀ। ਮੇਰੇ ਕੋਲ ਕੁਝ ਵੀ ਨਹੀਂ ਰਹਿਣਾ

ਮੈਂ ਪਾਲਨਾ ਨਹੀਂ ਕਰੂੰਗੀ। ਮੈਂ ਟੀਕਾ ਨਹੀਂ ਲਗਵਾਉਣਾ। ਮੈਂ ਕਿਸਦੀ ਹਿਫ਼ਾਜ਼ਤ ਕਰ ਰਹੀ ਹਾਂ? ਮੈਂ ਉਸਦੀ ਸੁਰੱਖਿਆ ਕਰ ਰਹੀ ਹਾਂ ਜੋ ਲੌਂਗ ਟਰਮ ਕੇਅਰ ਹੋਮ ਵਿਚ ਰਹਿੰਦਾ ਹੈ। ਮੈਂ ਉੱਥੇ ਨਹੀਂ ਜਾਂਦੀ….ਮੈਂ ਆਪਣੇ ਟਰੱਕ ਵਿਚ ਰਹਿੰਦੀ ਹਾਂ, ਮੈਂ ਆਪਣੇ ਪਤੀ ਨਾਲ ਘਰ ਜਾਂਦੀ ਹਾਂ, ਜੋ ਖ਼ੁਦ ਵੀ ਟਰੱਕ ਡਰਾਈਵਰ ਹੈ

ਲੁਇਸ ਫ਼੍ਰੈਂਕੋ ਰੋਬਲਜ਼, ਐਲਬਰਟਾ ਦਾ ਟਰੱਕ ਡਰਾਈਵਰ ਹੈ। ਸੀਬੀਸੀ ਨਾਲ ਗੱਲ ਕਰਦਿਆਂ ਉਸਨੇ ਕਿਹਾ ਕਿ ਫ਼ੈਡਰਲ ਸਰਕਾਰ ਦੀ ਨੀਤੀ ਨਾਲ ਉਹ ਸਹਿਮਤ ਹੈ ਅਤੇ ਵੈਕਸੀਨੇਸ਼ਨ ਲਾਜ਼ਮੀ ਕੀਤਾ ਜਾਣਾ ਸਹੀ ਫ਼ੈਸਲਾ ਹੈ।

ਇਹ ਜਨਤਕ ਸਿਹਤ ਦਾ ਮਾਮਲਾ ਹੈ ਅਤੇ ਸਾਨੂੰ ਆਪਣੇ ਹਿੱਸੇ ਦੀ ਭੂਮਿਕਾ ਨਿਭਾਉਣ ਦੀ ਜ਼ਰੂਰਤ ਹੈ। ਤੁਸੀਂ ਇਸਦੇ ਸਾਹਮਣੇ ਆਪਣੀ ਨਿਜੀ ਸੋਚ ਨਹੀਂ ਰੱਖ ਸਕਦੇ, ਕਿਉਂਕਿ ਤੁਸੀਂ ਹੋਰ ਲੋਕਾਂ ਨੂੰ ਪ੍ਰਭਾਵਿਤ ਕਰ ਰਹੇ ਹੋ। ਇਹ ਜ਼ਿੰਦਗੀ ਅਤੇ ਮੌਤ ਦਾ ਸਵਾਲ ਹੈ

ਪੀਟਰ ਜ਼ਿਮੌਨਜਿਕ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ