1. ਮੁੱਖ ਪੰਨਾ
  2. ਰਾਜਨੀਤੀ
  3. ਪ੍ਰਾਂਤਿਕ ਰਾਜਨੀਤੀ

ਕਿਊਬੈਕ ਵਿਚ 17 ਜਨਵਰੀ ਨੂੰ ਕਰਫ਼ਿਊ ਖ਼ਤਮ, ਸਕੂਲਾਂ ਵਿਚ ਇਨ-ਪਰਸਨ ਕਲਾਸਾਂ ਸ਼ੁਰੂ

ਨਵੀਂ ਮੌਡਲਿੰਗ ਮੁਤਾਬਕ ਇਸ ਮਹੀਨੇ ਦੇ ਅਖ਼ੀਰ ਵਿਚ ਹਸਪਤਾਲ ਦਾਖ਼ਲਿਆਂ ਵਿਚ ਕਮੀ ਆਉਣੀ ਸ਼ੁਰੂ ਹੋ ਜਾਵੇਗੀ

François Legault affiche un air sérieux et gesticule.

ਪ੍ਰੀਮੀਅਰ ਫ਼੍ਰੈਂਸੁਆ ਲਿਗੋਅ ਨੇ ਐਲਾਨ ਕੀਤਾ ਹੈ ਕਿ 17 ਜਨਵਰੀ ਤੋਂ ਕਿਊਬੈਕ ਵਿਚ ਲਾਗੂ ਰਾਤ ਦਾ ਕਰਫ਼ਿਊ ਹਟਾ ਦਿੱਤਾ ਜਾਵੇਗਾ।

ਤਸਵੀਰ: La Presse canadienne / Graham Hughes

RCI

ਕਿਊਬੈਕ ਸਰਕਾਰ ਨੇ ਸੋਮਵਾਰ 17 ਜਨਵਰੀ ਨੂੰ ਕਰਫ਼ਿਊ ਹਟਾਉਣ ਦਾ ਐਲਾਨ ਕੀਤਾ ਹੈ।

ਵੀਰਵਾਰ ਨੂੰ ਇਸ ਐਲਾਨ ਵੇਲੇ ਪ੍ਰੀਮੀਅਰ ਲਿਗੋਅ ਨਾਲ ਐਜੂਕੇਸ਼ਨ ਮਿਨਿਸਟਰ ਸ਼ੌਂ ਫ਼੍ਰੈਂਸੁਆ ਰੌਬਰਜ, ਹੈਲਥ ਮਿਨਿਸਟਰ ਕ੍ਰਿਸਚਨ ਡੂਬ ਅਤੇ ਪਬਲਿਕ ਹੈਲਥ ਡਾਇਰੈਕਟਰ ਲਕ ਬੋਇਲੌ ਵੀ ਮੌਜੂਦ ਸਨ।

ਸੋਮਵਾਰ ਤੋਂ ਕਿਊਬੈਕ ਦੇ ਸਕੂਲਾਂ ਵਿਚ ਇਨ-ਪਰਸਨ ਕਲਾਸਾਂ ਵੀ ਦੁਬਾਰਾ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਸਾਰੇ ਵਿਦਿਆਰਥੀਆਂ ਨੂੰ ਇੰਡੋਰ ਥਾਵਾਂ ‘ਤੇ ਮਾਸਕ ਪਹਿਨਣਾ ਜ਼ਰੁਰੀ ਹੋਵੇਗਾ।

ਵਿਦਿਆਰਥੀਆਂ ਜਾਂ ਅਧੀਆਪਕਾਂ ਦੇ ਕੋਵਿਡ ਪੌਜ਼ਿਟਿਵ ਆਉਣ ਜਾਂ ਕਿਸੇ ਪ੍ਰਭਾਵਿਤ ਸ਼ਖ਼ਸ ਦੇ ਸੰਪਰਕ ਵਿਚ ਆਉਣ ‘ਤੇ ਉਹਨਾਂ ਨੂੰ 5 ਦਿਨਾਂ ਲਈ ਆਈਸੋਲੇਟ ਕਰਨਾ ਹੋਵੇਗਾ।

ਕਿਊਬੈਕ ਦੇ ਕਈ ਕਾਲਜ ਅਤੇ ਯੂਨੀਵਰਸਿਟੀਆਂ ਪਹਿਲਾਂ ਹੀ ਇਸ ਮਹੀਨੇ ਦੇ ਅਖ਼ੀਰ ਵਿਚ ਮੁੜ ਕਲਾਸਾਂ ਖੋਲੇ ਜਾਣ ਦਾ ਐਲਾਨ ਕਰ ਚੁੱਕੀਆਂ ਹਨ।

ਜਿਹਨਾਂ ਸਟੋਰਾਂ ਨੂੰ ਐਤਵਾਰ ਨੂੰ ਬੰਦ ਰੱਖੇ ਜਾਣ ਦੇ ਹੁਕਮ ਦਿੱਤੇ ਗਏ ਸਨ, ਅਗਲੇ ਹਫ਼ਤੇ ਤੋਂ ਉਹਨਾਂ ਨੂੰ ਦੁਬਾਰਾ ਖ਼ੁਲਣ ਦੀ ਇਜਾਜ਼ਤ ਹੋਵੇਗੀ।

ਪ੍ਰੀਮੀਅਰ ਲਿਗੋਅ ਨੇ ਦੱਸਿਆ ਕਿ ਸਰਕਾਰ ਨੇ ਕਿਊਬੈਕ ਦੀ ਇੱਕ ਕੰਪਨੀ ਨਾਲ 70 ਮਿਲੀਅਨ ਰੈਪਿਡ ਟੈਸਟ ਕਿਟਸ ਖ਼ਰੀਦਣ ਦਾ ਸਮਝੌਤਾ ਕੀਤਾ ਹੈ ਤਾਂ ਕਿ ਕਿਊਬੈਕ ਵਾਸੀਆਂ ਨੂੰ ਘਰਾਂ ਵਿਚ ਹੀ ਟੈਸਟ ਕਿਟਸ ਉਪਲਬਧ ਕਰਵਾਈਆਂ ਜਾ ਸਕਣ। ਅਗਲੇ ਕੁਝ ਹਫ਼ਤਿਆਂ ਅਤੇ ਮਹੀਨਿਆਂ ਦੌਰਾਨ ਇਹ ਕਿਟਸ ਵੰਡੀਆਂ ਜਾਣਗੀਆਂ। ਸਕੂਲ ਸ਼ੁਰੂ ਹੋਣ ਤੋਂ ਕੁਝ ਦਿਨਾਂ ਬਾਅਦ ਵਿਦਿਆਰਥੀਆਂ ਨੂੰ ਵੀ ਰੈਪਿਡ ਟੈਸਟ ਕਿਟਸ ਦਿੱਤੀਆਂ ਜਾਣਗੀਆਂ। 

ਸਾਡੇ ਕੋਲ ਇੱਕ ਚੰਗੀ ਖ਼ਬਰ ਹੈ। ਮਾਹਰਾਂ ਨੇ ਸਾਨੂੰ ਦੱਸਿਆ ਹੈ ਕਿ ਨਵੇਂ ਕੇਸਾਂ ਦਾ ਸਿੱਖਰ ਆ ਗਿਆ ਹੈ ਅਤੇ ਹਸਪਤਾਲ ਦਾਖ਼ਲਿਆਂ ਦਾ ਸਿੱਖਰ ਅਗਲੇ ਕੁਝ ਦਿਨਾਂ ਵਿਚ ਆ ਜਾਵੇਗਾ

ਸਾਨੂੰ ਸਾਵਧਾਨ ਰਹਿਣਾ ਹੋਵੇਗਾ। ਹਸਪਤਾਲ ਦਾਖ਼ਲੇ ਅਜੇ ਵੀ ਵੱਧ ਹਨ ਅਤੇ ਇਹਨਾਂ ਵਿਚ ਵਾਧਾ ਵੀ ਹੋ ਸਕਦਾ ਹੈ

ਵਧੇਰੇ ਸਟੋਰਾਂ ‘ਤੇ ਵੈਕਸੀਨ ਪਾਸਰਪੋਰਟ ਜ਼ਰੂਰੀ

ਸਰਕਾਰ ਨੇ ਇਹ ਵੀ ਐਲਾਨ ਕੀਤਾ ਕਿ 24 ਜਨਵਰੀ ਤੋਂ, ਜ਼ਰੂਰੀ ਸੇਵਾਵਾਂ ਦੇ ਦਾਇਰੇ ਵਿਚ ਆਉਂਦੇ ਗ੍ਰੋਸਰੀ ਸਟੋਰਾਂ ਅਤੇ ਫਾਰਮੇਸੀਆਂ ਨੂੰ ਛੱਡ ਕੇ, ਗਾਹਕਾਂ ਨੂੰ 1,500 ਵਰਗ ਮੀਟਰ ਜਾਂ ਇਸ ਤੋਂ ਵੱਧ ਦੇ ਵੱਡੇ ਸਟੋਰਾਂ 'ਤੇ ਖ਼ਰੀਦਦਾਰੀ ਕਰਨ ਲਈ ਆਪਣੇ ਵੈਕਸੀਨ ਪਾਸਪੋਰਟ ਦਿਖਾਉਣ ਦੀ ਲੋੜ ਹੋਵੇਗੀ।

ਦੋ ਹਫ਼ਤਿਆਂ ਪਹਿਲਾਂ ਲੱਗੇ, ਰਾਤੀਂ 10 ਵਜੇ ਤੋਂ ਸਵੇਰੇ 5 ਵਜੇ ਤੱਕ ਦੇ ਕਰਫ਼ਿਊ ਕਾਰਨ ਲਿਗੋਅ ਦੀ ਖ਼ਾਸੀ ਆਲੋਚਨਾ ਵੀ ਹੋਈ ਸੀ, ਕਿਉਂਕਿ ਉਹਨਾਂ ਨੇ ਬਹੁਤ ਥੋੜੇ ਸਬੂਤ ਦਿੱਤੇ ਸਨ ਕਿ ਕਰਫ਼ਿਊ ਵਾਇਰਸ ਦਾ ਪਸਾਰ ਰੋਕਣ ਵਿਚ ਪ੍ਰਭਾਵਸ਼ਾਲੀ ਹੁੰਦੇ ਹਨ।

ਨਵਾਂ ਐਲਾਨ ਉਸੇ ਦਿਨ ਕੀਤਾ ਗਿਆ ਹੈ ਜਦ ਕਿਊਬੈਕ ਦੇ ਪਬਲਿਕ ਹੈਲਥ ਰਿਸਰਚ ਅਦਾਰੇ, Institut national de santé publique du Québec (INSPQ), ਨੇ ਤਾਜ਼ਾ ਅਨੁਮਾਨਾਂ ਵਿਚ ਕਿਹਾਂ ਹੈ ਕਿ, ਅਗਲੇ ਹਫ਼ਤੇ ਵਿਚ ਹਸਪਤਾਲ ਦਾਖ਼ਲੇ ਸਿਖਰ ‘ਤੇ ਪਹੁੰਚ ਜਾਣਗੇ ਅਤੇ ਮਹੀਨੇ ਦੇ ਅਖ਼ੀਰ ਤੱਕ ਇਹਨਾਂ ਦਾਖ਼ਲਿਆਂ ਵਿਚ ਕਮੀ ਆਉਣੀ ਸ਼ੁਰੂ ਹੋ ਜਾਵੇਗੀ।

ਵੈਰਿਟੀ ਸਟੀਵਨਸਨ (ਨਵੀਂ ਵਿੰਡੋ) - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ