1. ਮੁੱਖ ਪੰਨਾ
  2. ਰਾਜਨੀਤੀ
  3. ਪ੍ਰਾਂਤਿਕ ਰਾਜਨੀਤੀ

ਸਸਕੈਚਵਨ ਦੇ ਪ੍ਰੀਮੀਅਰ ਸਕੌਟ ਮੋਅ ਦਾ ਕੋਵਿਡ-19 ਟੈਸਟ ਪੌਜ਼ਿਟਿਵ ਆਇਆ

ਬੁੱਧਵਾਰ ਨੂੰ ਪ੍ਰੀਮੀਅਰ ਮੋਅ ਇਨ-ਪਰਸਨ ਨਿਊਜ਼ ਕਾਨਫ਼੍ਰੰਸ ਵਿਚ ਸ਼ਾਮਲ ਹੋਏ ਸਨ

Le premier ministre de la Saskatchewan Scott Moe

ਸਸਕੈਚਵਨ ਦੇ ਪ੍ਰੀਮੀਅਰ ਸਕੌਟ ਮੋਅ ਨੇ ਬੁੱਧਵਾਰ ਨੂੰ ਇਨ-ਪਰਸਨ ਨਿਊਜ਼ ਕਾਨਫ਼੍ਰੰਸ ਵਿਚ ਸ਼ਿਰਕਤ ਕੀਤੀ ਸੀ। ਵੀਰਵਾਰ ਨੂੰ ਇੱਕ ਰੈਪਿਡ ਟੈਸਟ ਵਿਚ ਉਹਨਾਂ ਦਾ ਕੋਵਿਡ ਨਤੀਜਾ ਪੌਜ਼ਿਟਿਵ ਆਇਆ ਹੈ।

ਤਸਵੀਰ: Radio-Canada

RCI

ਸਸਕੈਚਵਨ ਦੇ ਪ੍ਰੀਮੀਅਰ ਸਕੌਟ ਮੋਅ ਵੀ ਕੋਵਿਡ-19 ਦੀ ਲਪੇਟ ਵਿਚ ਆ ਗਏ ਹਨ। ਵੀਰਵਾਰ ਨੂੰ ਇੱਕ ਰੈਪਿਡ ਟੈਸਟ ਕਿਟ ਰਾਹੀਂ ਕੀਤੀ ਕੋਵਿਡ ਜਾਂਚ ਵਿਚ ਮੋਅ ਦਾ ਨਤੀਜਾ ਪੌਜ਼ਿਟਿਵ ਆਇਆ ਹੈ। ਬੁੱਧਵਾਰ ਨੂੰ ਪ੍ਰੀਮੀਅਰ ਮੋਅ ਨੇ ਇਨ-ਪਰਸਨ ਨਿਊਜ਼ ਕਾਨਫ਼੍ਰੰਸ ਵਿਚ ਸ਼ਿਰਕਤ ਕੀਤੀ ਸੀ।

ਮੋਅ ਦੀ ਪ੍ਰੈਸ ਸਕੱਤਰ ਜੁਲੀ ਲੈਗੌਟ ਨੇ ਇੱਕ ਈ-ਮੇਲ ਵਿਚ ਦੱਸਿਆ ਕਿ ਮੋਅ ਅਕਸਰ ਹੀ ਰੈਪਿਡ ਟੈਸਟ ਕਿਟ ਰਾਹੀਂ ਕੋਵਿਡ ਟੈਸਟਿੰਗ ਕਰਦੇ ਰਹੇ ਹਨ। ਉਸਨੇ ਦੱਸਿਆ ਕਿ ਟੈਸਟ ਨਤੀਜਾ ਪੌਜ਼ਿਟਿਵ ਆਉਣ ਦੇ ਬਾਵਜੂਦ, ਮੋਅ ਨੂੰ ਕੋਈ ਲੱਛਣ ਨਹੀਂ ਹਨ।

ਲੈਗੌਟ ਅਨੁਸਾਰ, ਇਸ ਤੋਂ ਪਹਿਲਾਂ ਮੋਅ ਨੇ ਐਤਵਾਰ ਸ਼ਾਮ ਨੂੰ ਆਖ਼ਰੀ ਵਾਰੀ ਰੈਪਿਡ ਟੈਸਟ ਕੀਤਾ ਸੀ ਜਿਸ ਦਾ ਨਤੀਜਾ ਨੈਗਟਿਵ ਆਇਆ ਸੀ।

ਮੋਅ ਅਤੇ ਸਸਕੈਚਵਨ ਦੇ ਚੀਫ਼ ਮੈਡੀਕਲ ਔਫ਼ਿਸਰ ਡਾ ਸਾਕਿਬ ਸ਼ਹਾਬ ਬੁੱਧਵਾਰ ਨੂੰ ਸੂਬਾਈ ਲਜਿਸਲੇਟਿਵ ਦੀ ਬਿਲਡਿੰਗ ਵਿਚ ਆਯੋਜਿਤ ਨਿਊਜ਼ ਕਾਨਫ਼੍ਰੰਸ ਵਿਚ ਮੌਜੂਦ ਸਨ।

ਸ਼ਹਾਬ ਨੇ ਲਗਾਤਾਰ ਆਪਣਾ ਮਾਸਕ ਪਹਿਨਿਆ ਹੋਇਆ ਸੀ, ਪਰ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਮੋਅ ਬਾਰ ਬਾਰ ਆਪਣਾ ਮਾਸਕ ਉਤਾਰ ਰਹੇ ਸਨ।

ਵੀਰਵਾਰ ਨੂੰ ਪ੍ਰੋਵਿੰਸ਼ੀਅਲ ਐਰਮਰਜੈਂਸੀ ਓਪਰੇਸ਼ਨਜ਼ ਸੈਂਟਰ ਦੀ ਇੱਕ ਪ੍ਰੈੱਸ ਕਾਨਫ਼੍ਰੰਸ ਵਿਚ ਸ਼ਹਾਬ ਨੇ ਕਿਹਾ ਕਿ ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਉਹਨਾਂ ਨੂੰ ਮੋਅ ਦਾ ਨਜ਼ਦੀਕੀ ਸੰਪਰਕ ਮੰਨਿਆ ਗਿਆ ਹੈ, ਪਰ ਉਹਨਾਂ ਕਿਹਾ ਕਿ ਉਹ ਹਰ ਸਮੇਂ ਮਾਸਕ ਪਹਿਨਕੇ ਰੱਖਦੇ ਹਨ।

ਸਸਕੈਚਵਨ ਪ੍ਰੀਮੀਅਰ ਸਕੌਟ ਮੋਅ ਅਤੇ ਸੂਬੇ ਦੈ ਚੀਫ਼ ਮੈਡੀਕਲ ਔਫ਼ਿਸਰ ਡਾ ਸਾਕਿਬ ਸ਼ਹਾਬ

ਬੁੱਧਵਾਰ ਨੂੰ ਆਯੋਜਿਤ ਇਨ-ਪਰਸਨ ਨਿਊਜ਼ ਕਾਨਫ਼੍ਰੰਸ ਵਿਚ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦੇਣ ਲਈ ਮਾਸਕ ਉਤਾਰਦੇ ਸਸਕੈਚਵਨ ਪ੍ਰੀਮੀਅਰ ਸਕੌਟ ਮੋਅ। ਸੂਬੇ ਦੈ ਚੀਫ਼ ਮੈਡੀਕਲ ਔਫ਼ਿਸਰ ਡਾ ਸਾਕਿਬ ਸ਼ਹਾਬ ਬੋਲਣ ਲੱਗਿਆਂ ਮਾਸਕ ਨਹੀਂ ਉਤਾਰ ਰਹੇ ਸਨ।

ਤਸਵੀਰ: (CBC News)

ਸ਼ਹਾਬ ਨੇ ਕਿਹਾ ਕਿ ਸਥਿਤੀ ਦੇ ਮੁਤਾਬਕ ਉਹਨਾਂ ਦੀ ਮਾਸਕ ਦੀ ਚੋਣ ਨਿਰਭਰ ਕਰਦੀ ਹੈ, ਪਰ ਹੁਣ ਉਹ ਕੱਪੜੇ ਵਾਲੇ ਮਾਸਕ ਦੀ ਬਜਾਏ KN95 ਮਾਸਕ ਪਹਿਨਦੇ ਹਨ। ਉਹਨਾਂ ਦੱਸਿਆ ਕਿ ਉਹ ਕਈ ਘੰਟੇ ਇੱਕੋ ਮਾਸਕ ਪਹਿਨਕੇ ਰੱਖਦੇ ਹਨ ਅਤੇ ਉਹਨਾਂ ਨੇ ਲੋਕਾਂ ਨੂੰ ਵੀ ਕਿਹਾ ਕਿ ਜਦੋਂ ਤੱਕ ਉਹ ਕਿਸੇ ਹੈਲਥ ਕੇਅਰ ਸੈਟਿੰਗ ਵਿਚ ਨਾ ਹੋਣ, ਉਹ ਵੀ ਇੱਕੋ ਮਾਸਕ ਦੀ ਦੁਬਾਰਾ ਵਰਤੋਂ ਕਰ ਸਕਦੇ ਹਨ।

ਸ਼ਹਾਬ ਨੇ ਹਫ਼ਤੇ ਵਿਚ ਇਕ ਵਾਰੀ ਜਾਂ ਕਿਸੇ ਸੰਭਾਵੀ ਕੋਵਿਡ ਪੌਜ਼ਿਟਿਵ ਸ਼ਖ਼ਸ ਦੇ ਨਜ਼ਦੀਕੀ ਸੰਪਰਕ ਵਿਚ ਆਉਣ ਦੇ ਖ਼ਦਸ਼ੇ ‘ਤੇ, ਰੈਪਿਡ ਟੈਸਟ ਕਰਨ ਦਾ ਸੁਝਾਅ ਦਿੱਤਾ ਹੈ। 

ਉਹਨਾਂ ਕਿਹਾ, ਸਾਡਾ ਪਰਿਵਾਰ ਲਗਾਤਾਰ ਟੈਸਟ ਕਰਦਾ ਰਹਿੰਦਾ ਹੈ, ਜਿਹੜੇ ਸਕੂਲ ਜਾਂਦੇ ਹਨ ਉਹ ਮੁਕਾਬਲਤਨ ਹੋਰ ਵੀ ਵਧੇਰੇ ਟੈਸਟ ਕਰਦੇ ਹਨ। ਸ਼ਹਾਬ ਹਫ਼ਤੇ ਦੇ ਤੀਸਰੇ, ਪੰਜਵੇਂ ਅਤੇ ਸੱਤਵੇਂ ਦਿਨ ਆਪਣਾ ਖ਼ੁਦ ਦਾ ਰੈਪਿਡ ਟੈਸਟ ਕਰਨ ਦੀ ਯੋਜਨਾ ਬਣਾ ਰਹੇ ਹਨ।

ਈਮੇਲ ਵਿਚ ਲੈਗੌਟ ਨੇ ਦੱਸਿਆ ਕਿ ਨਿਊਜ਼ ਕਾਨਫ਼੍ਰੰਸ ਵਿਚ ਮੌਜੂਦ ਸਾਰੇ ਲੋਕਾਂ ਨੂੰ ਖ਼ੁਦ ਦੀ ਨਿਗਰਾਨੀ ਕਰਕੇ ਰੈਪਿਡ ਟੈਸਟ ਕਰਨਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਹੈਲਥ ਨਿਰਦੇਸ਼ਾਂ ਮੁਤਾਬਕ, ਪਿਛਲੇ 48 ਘੰਟਿਆਂ ਵਿਚ ਨਜ਼ਦੀਕੀ ਸੰਪਰਕ ਵਿਚ ਆਏ ਲੋਕਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਉਹਨਾਂ ਕਿਹਾ ਕਿ ਮੋਅ ਸਾਰੇ ਜਨਤਕ ਸਿਹਤ ਨਿਰਦੇਸ਼ਾਂ ਦੀ ਪਾਲਣਾ ਕਰਦੇ ਰਹੇ ਹਨ ਅਤੇ ਉਹ ਸੂਬੇ ਦੇ ਮੌਜੂਦਾਂ ਨਿਯਮਾਂ ਤਹਿਤ 5 ਦਿਨਾਂ ਲਈ ਆਪਣੇ ਘਰ ਵਿਚ ਆਈਸੋਲੇਟ ਕਰਨਗੇ।

ਵੀਰਵਾਰ ਦੁਪਹਿਰ ਨੂੰ, ਸਸਕੈਚਵਨ ਵਿਚ ਵਿਰੋਧੀ ਧੀਰ ਦੇ ਲੀਡਰ ਰਾਇਨ ਮੀਲੀ ਨੇ ਮੋਅ ਦੀ ਤੰਦਰੁਸਤੀ ਲਈ ਆਪਣੀਆਂ ਸ਼ੁਭ-ਇੱਛਾਵਾਂ ਭੇਜੀਆਂ। 

ਮੈਡੀਕਲ ਗ੍ਰੇਡ ਦੇ ਮਾਸਕ ਪਹਿਨਣ ਅਤੇ ਗ਼ੈਰ-ਜ਼ਰੂਰੀ ਇਕੱਠਾਂ ਤੋਂ ਬਚਣ ਬਾਰੇ ਡਾ ਸ਼ਹਾਬ ਦੀ ਸਲਾਹ ਦੀ ਪਾਲਣਾ ਕਰਨ ਲਈ ਇਹ ਇੱਕ ਚੰਗਾ ਸਬਕ ਹੈ

ਰਾਇਨ ਨੇ ਕਿਹਾ, “ ਕਿਉਂਕਿ ਪ੍ਰੀਮੀਅਰ ਨੇ ਲਾ ਲੋਚੇ ਵਿਚ ਸਕੂਲ ਜਾਣ, ਉੱਤਰੀ ਹਿੱਸੇ ਦਾ ਦੌਰਾ ਕਰਨ ਅਤੇ ਲਜਿਸਲੇਚਰ ਵਿਚ ਮੀਡੀਆ ਈਵੈਂਟ ਆਯੋਜਿਤ ਕਰਨ ਤੋਂ ਪਹਿਲਾਂ ਰੈਪਿਡ ਟੈਸਟ ਨਹੀਂ ਕੀਤਾ ਸੀ, ਮੈਂ ਚਾਹੁੰਦਾ ਹਾਂ ਕਿ ਪ੍ਰੀਮੀਅਰ ਦਾ ਔਫ਼ਿਸ ਤਮਾਮ ਸੰਭਾਵੀ ਸੰਪਰਕਾਂ ਨੂੰ ਸੂਚਿਤ ਕੀਤੇ ਜਾਣ ਨੂੰ ਸੁਨਿਸ਼ਚਿਤ ਕਰਨ ਲਈ ਪਬਲਿਕ ਹੈਲਥ ਨਾਲ ਮਿਲਕੇ ਕੰਮ ਕਰੇ"।

ਐਤਵਾਰ ਨੂੰ ਆਪਣਾ ਰੈਪਿਡ ਟੈਸਟ ਨੈਗਟਿਵ ਆਉਣ ਤੋਂ ਬਾਅਦ, ਪ੍ਰੀਮੀਅਰ ਮੋਅ ਕਈ ਪਬਲਿਕ ਪ੍ਰੋਗਰਾਮਾਂ ‘ਤੇ ਦੇਖੇ ਗਏ ਸਨ। ਜਿਸ ਵਿਚ ਲਾ ਲੋਚੇ ਵਿਚ ਇਕ ਨਵੇਂ ਸਕੂਲ ਦਾ ਐਲਾਨ ਅਤੇ ਬਫ਼ਲੋ ਨੈਰੋਜ਼ ਵਿਚ ਮੈਂਟਲ ਹੈਲਥ ਬਾਰੇ ਨਵੀਂ ਮਦਦ ਦੇ ਐਲਾਨ ਦੇ ਪ੍ਰੋਗਰਾਮ ਸ਼ਾਮਲ ਹਨ।

ਫ਼ਿਲਹਾਲ ਇਹ ਸਪਸ਼ਟ ਨਹੀਂ ਹੈ ਕਿ ਉਕਤ ਐਲਾਨਾਂ ਵਿਚ ਸ਼ਰੀਕ ਹੋਣ ਵਾਲਿਆਂ ਨੂੰ ਵੀ ਜੋਖਮ ਦੇ ਦਾਇਰੇ ਵਿਚ ਮੰਨਿਆ ਜਾਵੇਗਾ ਜਾਂ ਨਹੀਂ।

ਮੋਅ ਦਾ ਰੈਪਿਡ ਟੈਸਟ ਪੌਜ਼ਿਟਿਵ ਆਉਣ ਤੋਂ ਐਨ ਦੋ ਹਫ਼ਤੇ ਪਹਿਲਾਂ, ਲਜਿਸਲੇਚਰ ਵਿਚ ਇਕ ਨਿਊਜ਼ ਕਾਨਫ਼੍ਰੰਸ ਹੋਈ ਸੀ ਜਿਸ ਵਿਚ ਮੋਅ ਅਤੇ ਹੈਲਥ ਮਿਨਿਸਟਰ ਪੌਲ ਮੈਰੀਮਨ ਲਈ ਕੋਵਿਡ ਦਾ ਖ਼ਤਰਾ  (ਨਵੀਂ ਵਿੰਡੋ)ਹੋ ਗਿਆ ਸੀ।

ਇਸ ਨਿਊਜ਼ ਕਾਨਫ਼੍ਰੰਸ ਵਿਚ ਸ਼ਾਮਲ ਇੱਕ ਵਿਅਕਤੀ ਦਾ ਕੋਵਿਡ ਟੈਸਟ ਪੌਜ਼ਿਟਿਵ ਆਉਣ ਤੋਂ ਬਾਅਦ ਇਹਨਾਂ ਦੋਵੇਂ ਜਣਿਆਂ ਨੂੰ ਆਪਣੇ ਲੱਛਣਾ ਪ੍ਰਤੀ ਸੁਚੇਤ ਹੋਣਾ ਪਿਆ ਸੀ।

ਇਸ ਨਿਊਜ਼ ਕਾਨਫ਼੍ਰੰਸ ਦੌਰਾਨ ਵੀ ਗੱਲ ਕਰਦਿਆਂ ਮੋਅ ਬਾਰ ਬਾਰ ਆਪਣਾ ਮਾਸਕ ਉਤਾਰ ਰਹੇ ਸਨ।

ਸੀਬੀਸੀ ਨਿਊਜ਼ ਨੇ ਸੂਬਾ ਸਰਕਾਰ ਨਾਲ ਸੰਪਰਕ ਕੀਤਾ ਹੈ ਕਿ ਬੁੱਧਵਾਰ ਦੀ ਇਨ-ਪਰਸਨ ਕਾਨਫ਼੍ਰੰਸ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਮੋਅ ਨੇ ਰੈਪਿਡ ਟੈਸਟ ਕਿਉਂ ਨਹੀਂ ਕੀਤਾ ਸੀ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ