1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਕੈਨੇਡੀਅਨ ਟਰੱਕ ਡਰਾਈਵਰਾਂ ਨੂੰ ਲਾਜ਼ਮੀ ਵੈਕਸੀਨੇਸ਼ਨ ਦੀ ਸ਼ਰਤ ਵਿਚ ਮਿਲੇਗੀ ਛੋਟ

ਬਾਰਡਰ ਏਜੰਸੀ ਮੁਤਾਬਕ, ਬਿਨਾ ਵੈਕਸੀਨ ਵਾਲੇ ਕੈਨੇਡੀਅਨ ਟਰੱਕਰਜ਼ ਨੂੰ ਕੁਆਰੰਟੀਨ ਨਹੀਂ ਕਰਨਾ ਪਵੇਗਾ

21 ਅਕਤੂਬਰ, 2020 ਨੂੰ ਉਨਟੇਰਿਉ ਦੇ ਫ਼ੋਰਟ ਈਅਰੀ ਵਿਚ ਸਥਿਤ ਪੀਸ ਬ੍ਰਿਜ 'ਤੇ ਯੂ ਐਸ ਜਾਣ ਲਈ ਕਤਾਰ ਵਿਚ ਲੱਗੇ ਟਰੱਕ।

21 ਅਕਤੂਬਰ, 2020 ਨੂੰ ਉਨਟੇਰਿਉ ਦੇ ਫ਼ੋਰਟ ਈਅਰੀ ਵਿਚ ਸਥਿਤ ਪੀਸ ਬ੍ਰਿਜ 'ਤੇ ਯੂ ਐਸ ਜਾਣ ਲਈ ਕਤਾਰ ਵਿਚ ਲੱਗੇ ਟਰੱਕ।

ਤਸਵੀਰ:  (Frank Gunn/The Canadian Press)

RCI

ਟਰੱਕ ਡਰਾਈਵਰਾਂ ਲਈ ਲਾਜ਼ਮੀ ਵੈਕਸੀਨੇਸ਼ਨ ਦੀ ਸ਼ਰਤ ਲਾਗੂ ਹੋਣ ਤੋਂ ਪਹਿਲਾਂ ਹੀ, ਫ਼ੈਡਰਲ ਸਰਕਾਰ ਕੈਨੇਡੀਅਨ ਟਰੱਕਰਜ਼ ਨੂੰ ਛੋਟ ਦੇ ਰਹੀ ਹੈ।

ਨਵੰਬਰ ਦੇ ਮੱਧ ਵਿਚ ਕੈਨੇਡਾ ਸਰਕਾਰ ਨੇ ਐਲਾਨ ਕੀਤਾ ਸੀ ਕਿ ਕੈਨੇਡਾ ਦਾਖ਼ਲ ਹੋਣ ਵਾਲੇ ਟਰੱਕ ਡਰਾਈਵਰਾਂ ਨੂੰ 15 ਜਨਵਰੀ ਤੋਂ ਆਪਣੇ ਮੁਕੰਮਲ ਵੈਕਸੀਨੇਸ਼ਨ ਦਾ ਪ੍ਰਮਾਣ ਦਿਖਾਉਣਾ ਜ਼ਰੂਰੀ ਹੋਵੇਗਾ।

ਪਰ ਬੁੱਧਵਾਰ ਦੀ ਸ਼ਾਮ ਕੈਨੇਡਾ ਬਾਰਡਰ ਸਰਵਿਸੇਜ਼ ਏਜੰਸੀ ਦੀ ਸਪੋਕਸਪਰਸਨ ਰੈਬੈਕਾ ਪਰਡੀ ਨੇ ਕੈਨੇਡੀਅਨ ਪ੍ਰੈਸ ਨੂੰ ਦੱਸਿਆ ਕਿ ਜੇ ਕੈਨੇਡੀਅਨ ਟਰੱਕ ਡਰਾਈਵਰਾਂ ਦੀ ਵੈਕਸੀਨੇਸ਼ਨ ਨਹੀਂ ਹੋਈ ਹੈ ਜਾਂ ਉਹਨਾਂ ਨੇ ਵੈਕਸੀਨ ਦੀ ਇੱਕ ਡੋਜ਼ ਪ੍ਰਾਪਤ ਕੀਤੀ ਹੈ ਤਾਂ ਉਹਨਾਂ ਨੂੰ ਕੁਆਰੰਟੀਨ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ।

ਕੈਨੇਡੀਅਨ ਟਰੱਕਿੰਗ ਅਲਾਇੰਸ (ਸੀਟੀਏ) ਦੇ ਪ੍ਰੈਜ਼ੀਡੈਂਟ ਸਟੀਵਨ ਲੈਸਕੋਸਕੀ ਇਸ ਖ਼ਬਰ ਤੋਂ ਕਾਫ਼ੀ ਹੈਰਾਨ ਹਨ। ਉਹਨਾਂ ਕਿਹਾ ਕਿ ਟਰੱਕਿੰਗ ਇੰਡਸਟਰੀ ਦੇ ਨੁਮਾਇੰਦੇ ਇਸ ਖ਼ਬਰ ਤੋਂ ਕੁਝ ਘੰਟੇ ਪਹਿਲਾਂ ਹੀ ਫ਼ੈਡਰਲ ਅਧਿਕਾਰੀਆਂ ਨੂੰ ਮਿਲੇ ਸਨ ਅਤੇ ਉਹਨਾਂ ਨੂੰ ਦੱਸਿਆ ਗਿਆ ਸੀ ਕਿ ਟਰੱਕ ਡਰਾਈਵਰਾਂ ਲਈ ਲਾਜ਼ਮੀ ਵੈਕਸੀਨੇਸ਼ਨ ਦੀ ਸ਼ਰਤ ਹਰ ਹਾਲ ਵਿਚ ਸ਼ਨੀਵਾਰ ਨੂੰ ਲਾਗੂ ਹੋਵੇਗੀ।

ਦੋਵੇਂ ਮੁਲਕਾਂ ਦੇ ਵਪਾਰ ਸੰਗਠਨ ਉਕਤ ਸ਼ਰਤਾਂ ਨੂੰ ਮੁਲਤਵੀ ਕੀਤੇ ਜਾਣ ਦੀ ਮੰਗ ਕਰ ਰਹੇ ਸਨ। ਉਹਨਾਂ ਦਾ ਕਹਿਣਾ ਸੀ ਕਿ ਇਸ ਨੀਤੀ ਦੇ ਲਾਗੂ ਹੋਣ ਕਾਰਨ ਪਹਿਲਾਂ ਤੋਂ ਹੀ ਸਟਾਫ਼ ਦੀ ਘਾਟ ਕਾਰਨ ਪੈਦਾ ਹੋਈਆਂ ਰੁਕਾਵਟਾਂ ਨਾਲ ਜੂਝ ਰਹੀ ਕੈਨੇਡੀਅਨ ਸਪਲਾਈ ਚੇਨ ਹੋਰ ਪ੍ਰਭਾਵਿਤ ਹੋ ਸਕਦੀ ਹੈ।

ਪਰ ਨਵੀਂ ਸ਼ਰਤ ਅਮਰੀਕੀ ਟਰੱਕ ਡਰਾਈਵਰਾਂ ‘ਤੇ ਲਾਗੂ ਹੋਵੇਗੀ, ਭਾਵ 15 ਜਨਵਰੀ ਤੋਂ, ਮੁਕੰਮਲ ਵੈਕਸੀਨੇਸ਼ਨ ਤੋਂ ਬਗ਼ੈਰ ਅਮਰੀਕੀ ਟਰੱਕ ਡਰਾਈਵਰਾਂ ਨੂੰ ਕੈਨੇਡੀਅਨ ਬਾਰਡਰ ਤੋਂ ਹੀ ਵਾਪਸ ਕਰ ਦਿੱਤਾ ਜਾਵੇਗਾ।

ਸੀਟੀਏ ਦਾ ਅਨੁਮਾਨ ਸੀ ਕਿ ਲਾਜ਼ਮੀ ਵੈਕਸੀਨੇਸ਼ਨ ਦੀ ਸ਼ਰਤ ਲਾਗੂ ਹੋਣ ਤੋਂ ਬਾਅਦ ਕੈਨੇਡਾ ਦੇ ਤਕਰੀਬਨ 120,000 ਟਰੱਕ ਡਰਾਈਵਰਾਂ ਵਿਚੋਂ ਕਰੀਬ 10 ਫ਼ੀਸਦੀ ਡਰਾਈਵਰ ਕੰਮ ਕਰਨ ਤੋਂ ਅਯੋਗ ਹੋ ਜਾਣੇ ਸਨ।

ਛੋਟ ਦੇ ਆਰਜ਼ੀ ਹੋਣ ਬਾਰੇ ਅਸਪਸ਼ਟਤਾ

ਕੈਨੇਡੀਅਨ ਬਾਰਡਰ ਸਰਵਿਸੇਜ਼ ਏਜੰਸੀ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਟਰੱਕ ਡਰਾਈਵਰਾਂ ਲਈ ਇਹ ਛੋਟ ਆਰਜ਼ੀ ਹੈ ਜਾਂ ਅਨਿਸ਼ਚਿਤ ਸਮੇਂ ਲਈ ਹੈ। ਉਕਤ ਛੋਟ ਦੇ ਕਾਰਨਾਂ ਬਾਰੇ ਵੀ ਨਹੀਂ ਦੱਸਿਆ ਗਿਆ।

ਲਾਜ਼ਮੀ ਵੈਕਸੀਨੇਸ਼ਨ ਦੀ ਸ਼ਰਤ ਨੇ ਟਰੱਕਿੰਗ ਇੰਡਸਟਰੀ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ।

ਲੈਕੋਸਕੀ ਨੇ ਕਿਹਾ, ਸਾਡੇ ਬਹੁਤ ਸਾਰੇ ਮੈਂਬਰ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਬਗ਼ੈਰ ਵੈਕਸੀਨ ਵਾਲੇ ਡਰਾਈਵਰਾਂ ਨੂੰ ਸਰਹੱਦ ਪਾਰ ਨਹੀਂ ਭੇਜਣਗੇ

ਉਹਨਾਂ ਕਿਹਾ ਕਿ ਟ੍ਰਾਂਸਪੋਰਟ ਕੰਪਨੀਆਂ ਨੇ ਕਦੇ ਵੀ ਲਾਜ਼ਮੀ ਵੈਕਸੀਨੇਸ਼ਨ ਦਾ ਵਿਰੋਧ ਨਹੀਂ ਕੀਤਾ, ਪਰ ਇਸਨੂੰ ਲਾਗੂ ਕਰਨ ਦੇ ਸਮੇਂ ਬਾਰੇ ਆਪਣਾ ਇਤਰਾਜ਼ ਜ਼ਾਹਰ ਕੀਤਾ ਹੈ। ਉਹਨਾਂ ਕਿਹਾ ਕਿ ਸਪਲਾਈ ਚੇਨ ਪਹਿਲਾਂ ਹੀ ਕਾਮਿਆਂ ਦੀ ਘਾਟ ਅਤੇ ਮਹਾਮਾਰੀ ਕਾਰਨ ਪ੍ਰਭਾਵਿਤ ਹੈ।

ਹਾਲਾਂਕਿ, ਨਵੇਂ ਨਿਯਮ ਵੈਕਸੀਨ ਨਾ ਲਗਵਾਉਣ ਵਾਲਿਆਂ ਨੂੰ ਆਪਣਾ ਸ਼ੌਟ ਲਵਾਉਣ ਲਈ ਉਤਸਾਹਿਤ ਕਰ ਸਕਦੇ ਸਨ। ਮੌਂਟ੍ਰੀਅਲ ਦੀ ਇੱਕ ਲੌਜਿਸਟਿਕਸ ਕੰਪਨੀ ਨੇ ਮੁਲਾਜ਼ਮਾਂ ਨੂੰ ਨੌਕਰੀ ‘ਤੇ ਬਰਕਰਾਰ ਰੱਖਣ ਦੀ ਉਮੀਦ ਵਿਚ ਪਿਛਲੇ ਮਹੀਨੇ ਕਿਹਾ ਸੀ, ਕਿ ਉਹ 15 ਜਨਵਰੀ ਤੱਕ ਵੈਕਸੀਨ ਦੀ ਪਹਿਲੀ ਡੋਜ਼ ਲੈਣ ਵਾਲੇ ਸਾਰੇ ਡਰਾਈਵਰਾਂ ਨੂੰ 10,000 ਡਾਲਰ ਦਾ ਬੋਨਸ ਸਵੇਗੀ। 

ਪਰ ਫ਼ਿਰ ਵੀ ਬਹੁਤ ਸਾਰੇ ਵਪਾਰਕ ਸੰਗਠਨਾਂ ਨੇ ਫ਼ੈਡਰਲ ਸਰਕਾਰ ਨੂੰ 15 ਜਨਵਰੀ ਦੀ ਡੈਡਲਾਈਨ ਨੂੰ ਮੁਲਤਵੀ ਕਰਨ ਦੀ ਮੰਗ ਕੀਤੀ ਹੈ।

ਕੈਨੇਡੀਅਨ ਮੈਨੁਫ਼ੈਕਚਰਿੰਗ ਕੋਅਲੀਸ਼ਨ ਨੇ ਸਰਕਾਰ ਨੂੰ ਭੇਜੇ ਇੱਕ ਪੱਤਰ ਵਿਚ ਡੈਡਲਾਈਨ ਨੂੰ ਅੱਗੇ ਪਾਉਣ ਦੀ ਮੰਗ ਕਰਦਿਆਂ ਕਿਹਾ, ਕਿ ਬੀਸੀ ਵਿਚ ਹਾਲ ਹੀ ਵਿਚ ਆਏ ਹੜਾਂ ਅਤੇ ਚਾਈਨਾਂ ਦੀ ‘ਜ਼ੀਰੋ ਕੋਵਿਡ ਪੌਲਿਸੀ’ ਨੇ ਪਹਿਲਾਂ ਹੀ ਬੁਰੀ ਤਰ੍ਹਾਂ ਪ੍ਰਭਾਵਿਤ ਸਪਲਾਈ ਚੇਨ ਲਈ ਹੋਰ ਚੁਣੌਤੀਆਂ ਪੈਦਾ ਕਰ ਦਿੱਤੀਆਂ ਹਨ। ਪੈਟਰੋਲੀਅਮ ਸਰਵਿਸੇਜ਼ ਅਸੋਸੀਏਸ਼ਨ ਔਫ਼ ਕੈਨੇਡਾ ਨੇ ਵੀ ਕਿਹਾ ਕਿ ਲਾਜ਼ਮੀ ਵੈਕਸੀਨ ਸ਼ਰਤ ਸਥਿਤੀ ਨੂੰ ਹੋਰ ਗੰਭੀਰ ਕਰੇਗੀ।

ਫ਼ੂਡ ਅਤੇ ਖੇਤੀ ਉਤਪਾਦਾਂ ਦੀ ਸਲਪਾਈ ਪ੍ਰਭਾਵਿਤ ਹੋ ਸਕਦੀ ਹੈ।

ਡਲਹਾਊਜ਼ੀ ਯੂਨੀਵਰਸਿਟੀ ਵਿਚ ਫ਼ੂਡ ਡਿਸਟ੍ਰੀਬਿਊਸ਼ਨ ਅਤੇ ਪੌਲਿਸੀ ਰਿਸਰਚਰ ਸਿਲਵੇਨ ਸ਼ਾਰਲੇਬੋਏ ਮੁਤਾਬਕ, ਕੈਨੇਡਾ ਵੱਲੋਂ ਯੂ ਐਸ ਤੋਂ ਆਯਾਤ ਹੋਣ ਵਾਲੇ ਤਕਰੀਬਨ 21 ਬਿਲੀਅਨ ਖੇਤੀ ਉਤਪਾਦਾਂ ਦਾ ਦੋ-ਤਿਹਾਈ ਹਿੱਸਾ, ਟਰੱਕਾਂ ਰਾਹੀਂ ਸਪਲਾਈ ਕੀਤਾ ਜਾਂਦਾ ਹੈ। ਸਰਦੀਆਂ ਦੇ ਮੌਸਮ ਵਿਚ ਖ਼ਾਸ ਕਰਕੇ ਯੂ ਐਸ ਉਤਪਾਦਾਂ ‘ਤੇ ਨਿਰਭਰਤਾ ਵਧ ਜਾਂਦੀ ਹੈ।

ਕ੍ਰਿਸਟੋਫ਼ਰ ਰੇਅਨੌਲਡਜ਼ (ਨਵੀਂ ਵਿੰਡੋ) - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ