1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਬਿਨਾ ਵੈਕਸੀਨ ਵਾਲਿਆਂ ‘ਤੇ ਟੈਕਸ ਲਾਉਣ ਦੀ ਕਿਊਬੈਕ ਦੀ ਯੋਜਨਾ ਦੇ ਸਮਰਥਨ ਲਈ ਤਿਆਰ ਨਹੀਂ ਟ੍ਰੂਡੋ

ਇਸ ਮਹੀਨੇ ਕੈਨੇਡਾ ਪਹੁੰਚਣਗੀਆਂ 16.1 ਮਿਲੀਅਨ ਕੋਵਿਡ-19 ਵੈਕਸੀਨ ਡੋਜ਼ਾਂ

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਅਤੇ ਹੈਲਥ ਮਿਨਿਸਟਰ ਯੌਂ ਈਵ ਡਿਉਕਲੋ 12 ਜਨਵਰੀ 2022 ਨੂੰ ਔਟਵਾ ਵਿੱਚ ਪ੍ਰੈਸ ਕਾਨਫ਼੍ਰੰਸ ਵਿੱਚ ਪਹੁੰਚਦਿਆਂ।

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਅਤੇ ਹੈਲਥ ਮਿਨਿਸਟਰ ਯੌਂ ਈਵ ਡਿਉਕਲੋ 12 ਜਨਵਰੀ 2022 ਨੂੰ ਔਟਵਾ ਵਿੱਚ ਪ੍ਰੈਸ ਕਾਨਫ਼੍ਰੰਸ ਵਿੱਚ ਪਹੁੰਚਦਿਆਂ।

ਤਸਵੀਰ: La Presse canadienne / Sean Kilpatrick

RCI

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਕਿਹਾ ਕਿ ਕਿਊਬੈਕ ਦੀ ਵੈਕਸੀਨ ਨਾ ਲਵਾਉਣ ਵਾਲਿਆਂ ‘ਤੇ ਟੈਕਸ ਲਗਾਏ ਜਾਣ ਦੀ ਯੋਜਨਾ ਦਾ ਸਮਰਥਨ ਕਰਨ ਤੋਂ ਪਹਿਲਾਂ, ਉਹਨਾਂ ਨੂੰ ਇਸ ਬਾਰੇ ਹੋਰ ਜਾਨਣ ਦੀ ਜ਼ਰੂਰਤ ਹੈ।

ਔਟਵਾ ਵਿਚ ਇੱਕ ਪ੍ਰੈਸ ਕਾਨਫ਼੍ਰੰਸ ਦੌਰਾਨ ਟ੍ਰੂਡੋ ਨੇ ਕਿਹਾ ਕਿ ਫ਼ੈਡਰਲ ਸਰਕਾਰ ਨੇ ਯਾਤਰਾ ਪਾਬੰਦੀਆਂ ਅਤੇ ਵੈਕਸੀਨ ਜ਼ਰੂਰੀ ਕੀਤੇ ਜਾਣ ਵਰਗੇ ਉਪਾਵਾਂ ਰਾਹੀਂ ਵੈਕਸੀਨ ਨਾ ਲਵਾਉਣ ਵਾਲਿਆਂ ਨੂੰ ਟੀਕਾਕਰਨ ਕਰਵਾਉਣ ਲਈ ਉਤਸਾਹਿਤ ਕਰਨ ਦੀ ਕੋਸ਼ਿਸ਼ ਕੀਤੀ ਹੈ - ਪਰ ਕਿਊਬੈਕ ਦੁਆਰਾ ਪ੍ਰਸਤਾਵਿਤ ਇੱਕ ਹੈਲਥ ਕੇਅਰ ਟੈਕਸ ਇੱਕ ਨਵਾਂ ਸੰਕਲਪ ਹੈ ਜਿਸ ਨੂੰ ਹੋਰ ਸਟਡੀ ਕਰਨ ਦੀ ਜ਼ਰੂਰਤ ਹੈ।

ਹਾਲਾਂਕਿ ਇਸ ਨਵੇਂ ਪ੍ਰਸਤਾਵਿਤ ਹੈਲਥ ਟੈਕਸ ਦੇ ਕੋਈ ਵੇਰਵੇ ਨਹੀਂ ਆਏ ਹਨ, ਪਰ ਮੰਗਲਵਾਰ ਨੂੰ ਪ੍ਰੀਮੀਅਰ ਫ਼੍ਰੈਂਸੁਆ ਲਿਗੋਅ ਨੇ ਕਿਹਾ ਸੀ ਜਿਹੜੇ ਕਿਊਬੈਕ ਵਾਸੀ ਆਉਂਦੇ ਹਫ਼ਤਿਆਂ ਤੱਕ ਵੀ ਕੋਵਿਡ ਵੈਕਸੀਨ ਦੀ ਪਹਿਲੀ ਡੋਜ਼ ਨਹੀਂ ਲਵਾਉਣਗੇ, ਉਹਨਾਂ ਉੱਪਰ ਇੱਕ ਹੈਲਥ ਟੈਕਸ ਲਗਾ ਦਿੱਤਾ ਜਾਵੇਗਾ।

ਲਿਗੋਅ ਨੇ ਇਹ ਤਾਂ ਨਹੀਂ ਦੱਸਿਆ ਕਿ ‘ਹੈਲਥ ਟੈਕਸ’ ਵਿਚ ਕਿੰਨੀ ਰਾਸ਼ੀ ਵਸੂਲੀ ਜਾਵੇਗੀ, ਅਤੇ ਇਹ ਕਦੋਂ ਤੋਂ ਲਾਗੂ ਹੋ ਸਕਦਾ ਹੈ, ਪਰ ਉਹ ਚਾਹੁੰਦੇ ਹਨ ਕਿ ਇਹ ਰਾਸ਼ੀ ਇੰਨੀ ਕੁ ਹੋਵੇ, 50 ਜਾਂ 100 ਡਾਲਰ ਤੋਂ ਵੱਧ, ਤਾਂ ਕਿ ਲੋਕਾਂ ਨੂੰ ਵੈਕਸੀਨ ਲਗਾਵਾਉਣ ਲਈ ਪ੍ਰੋਤਸਾਹਨ ਮਿਲੇ।

ਟ੍ਰੂਡੋ ਨੇ ਕਿਹਾ ਕਿ ਕੋਈ ਵੀ ਟੈਕਸ ਜਾਂ ਚਾਰਜ ਕੈਨੇਡਾ ਹੈਲਥ ਐਕਟ ਦੀ ਪਾਲਣਾ ਦੇ ਅਨੁਕੂਲ ਹੋਣਾ ਚਾਹੀਦਾ ਹੈ। ਇਹ ਫ਼ੈਡਰਲ ਕਾਨੂੰਨ ਸਭ ਲਈ ਹੈਲਥ ਕੇਅਰ ਤੱਕ ਪਹੁੰਚ ਦੀ ਗਾਰੰਟੀ ਦਿੰਦਾ ਹੈ।

ਟ੍ਰੂਡੋ ਨੇ ਕਿਹਾ, ਵੇਰਵੇ ਮਹੱਤਵਪੂਰਨ ਹੁੰਦੇ ਹਨ। ਸਾਡੇ ਲਈ ਜਾਣਨਾ ਜ਼ਰੂਰੀ ਹੈ ਕਿ ਉਹ ਕੀ ਉਪਾਅ ਲਿਆ ਰਹੇ ਹਨ। ਸਾਨੂੰ ਇਸਦੀਆਂ ਸ਼ਰਤਾਂ ਜਾਣਨ ਦੀ ਜ਼ਰੂਰਤ ਹੈ ਤਾਂ ਕਿ ਅਸੀਂ ਜਾਣ ਸਕੀਏ ਕਿ ਕੀ ਇਹ ਪ੍ਰਭਾਵਸ਼ਾਲੀ ਹੋਵੇਗਾ। ਅਸੀਂ ਇਸਦੇ ਵੇਰਵਿਆਂ ਨੂੰ ਦੇਖਾਂਗੇ ਕਿ ਇਹ ਅਸਲ ਵਿਚ ਕਿਸ ਤਰ੍ਹਾਂ ਨਾਲ ਸ਼ੁਰੂ ਹੁੰਦਾ ਹੈ

ਫ਼ੈਡਰਲ ਹੈਲਥ ਮਿਨਿਸਟਰ ਯੌਂ-ਈਵ ਡਿਉਕਲੋ, ਜੋ ਕਿ ਹਾਊਸ ਔਫ਼ ਕੌਮਨਜ਼ ਵਿਚ ਕਿਊਬੈਕ ਸਿਟੀ ਦੇ ਨੁਮਾਇੰਦੇ ਹਨ, ਵੀ ਇਸ ਤਜਵੀਜ਼ ਬਾਬਤ ਗ਼ੈਰ-ਵਚਨਬੱਧ ਹੀ ਨਜ਼ਰ ਆਏ।

Health Minister Jean-Yves Duclos participates in a pandemic news conference in Ottawa on Dec. 17, 2021. The experience of the past two years should have taught us one thing — that governments can respond swiftly and boldly to big problems, given the right motivation.

ਫ਼ੈਡਰਲ ਹੈਲਥ ਮਿਨਿਸਟਰ ਯੌਂ-ਈਵ ਡਿਉਕਲੋ

ਤਸਵੀਰ: La Presse canadienne / Justin Tang

ਉਹਨਾਂ ਕਿਹਾ, ਅਸੀਂ ਕੱਲ ਐਲਾਨੇ ਗਏ ਉਪਾਅ ਦੇ ਵੇਰਵਿਆਂ ਦੀ ਉਡੀਕ ਕਰ ਰਹੇ ਹਾਂ। ਫ਼ੈਡਰਲ ਪੱਧਰ ‘ਤੇ, ਅਸੀਂ ਦਿਖਾਇਆ ਹੈ ਕਿ ਲਾਜ਼ਮੀ ਵੈਕਸੀਨ ਕਾਰਗਰ ਉਪਾਅ ਹੈ। ਡਿਉਕਲੋ ਨੇ ਦੱਸਿਆ ਕਿ ਫ਼ੈਡਰਲ ਸਰਕਾਰ ਵੱਲੋਂ ਸਾਰੇ ਫ਼ੈਡਰਲ ਮੁਲਾਜ਼ਮਾਂ ਲਈ ਕੋਵਿਡ ਵੈਕਸੀਨ ਲਾਜ਼ਮੀ ਕੀਤੇ ਜਾਣ ਤੋਂ ਬਾਅਦ, ਫ਼ੈਡਰਲ ਪਬਲਿਕ ਸਰਵਿਸ ਵਿਚ ਵੈਕਸੀਨੇਸ਼ਨ ਦਰ ਤਕਰੀਬਨ 99 ਫ਼ੀਸਦੀ ਹੋ ਗਈ ਹੈ।

ਟ੍ਰੂਡੋ ਨੇ ਓ’ਟੂਲ ਉੱਪਰ ਵੈਕਸੀਨ ਵਿਰੋਧੀਆਂ ਦੀ ਤਰਫ਼ਦਾਰੀ ਕਰਨ ਦਾ ਇਲਜ਼ਾਮ ਲਗਾਇਆ

ਟ੍ਰੂਡੋ ਨੇ ਰੇਲ ਅਤੇ ਹਵਾਈ ਯਾਤਰੀਆਂ ਲਈ ਅਤੇ ਫ਼ੈਡਰਲ ਸਰਕਾਰ ਦੇ ਅਧਿਕਾਰ ਖੇਤਰ ਵਿਚ ਆਉਂਦੇ ਮੁਲਾਜ਼ਮਾਂ ਲਈ ਲਾਜ਼ਮੀ ਵੈਕਸੀਨੇਸ਼ਨ ਦੀ ਨੀਤੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਰਕਾਰ ਨੇ ਕਾਫ਼ੀ ਸਖ਼ਤ ਉਪਾਅ ਕੀਤੇ ਹਨ।

[ਓ’ਟੂਲ] ਆਪਣੀ ਲੀਡਰਸ਼ਿਪ ਸੁਰੱਖਿਅਤ ਰੱਖਣਾ ਚਾਹੁੰਦੇ ਹਨ ਅਤੇ ਉਹ ਕੈਨੇਡੀਅਨਜ਼ ਜਾਂ ਫ਼ਰੰਟ ਲਾਈਨ ‘ਤੇ ਕੰਮ ਕਰ ਰਹੇ ਸਾਡੇ ਹੈਲਥ ਕੇਅਰ ਵਰਕਰਾਂ ਨੂੰ ਸੁਰੱਖਿਅਤ ਰੱਖਣ ਬਾਰੇ ਨਹੀਂ ਸੋਚ ਰਹੇ

ਇਸ ਮਹਾਮਾਰੀ ਤੋਂ ਨਿਜਾਤ ਪਾਉਣ ਲਈ, ਸਾਨੂੰ ਵੱਧ ਤੋਂ ਵੱਧ ਲੋਕਾਂ ਦੀ ਵੈਕਸੀਨੇਸ਼ਨ ਦੀ ਜ਼ਰੂਰਤ ਹੋਵੇਗੀ। ਅਸੀਂ ਇਸ ਨੂੰ ਉਤਸਾਹਿਤ ਕਰਨ ਦੀ ਕੋਸ਼ਿਸ਼ ਕਰਾਂਗੇ। ਓ’ਟੂਲ ਆਪਣੀ ਹੀ ਪਾਰਟੀ ਵਿਚ ਵੈਕਸੀਨ ਵਿਰੋਧੀਆਂ ਦੀ ਖ਼ੁਸ਼ਾਮਦ ਕਰਨ ‘ਤੇ ਕੇਂਦਰਤ ਹਨ

ਹਾਊਸ ਔਫ਼ ਕੌਮਨਜ਼ ਵਿਚ ਵੀ ਇਨ-ਪਰਸਨ ਹਾਜ਼ਰ ਹੋਣ ਲਈ ਲਾਜ਼ਮੀ ਵੈਕਸੀਨੇਸ਼ਨ ਦੀ ਨੀਤੀ ਲਾਗੂ ਹੈ। ਅਗਿਆਤ ਗਿਣਤੀ ਵਿਚ ਕੰਜ਼ਰਵੇਟਿਵ ਐਮਪੀਜ਼ ਨੇ ਮੈਡੀਕਲ ਛੋਟ ਦੇ ਅਧਾਰ ‘ਤੇ ਵੈਕਸੀਨ ਪ੍ਰਾਪਤ ਨਹੀਂ ਕੀਤੀ ਹੈ। 

ਓਮੀਕਰੌਨ ਦੇ ਮੁਲਕ ਵਿਚ ਪਸਾਰ ਨੂੰ ਲੈਕੇ ਕੰਜ਼ਰਵੇਟਿਵ ਲੀਡਰ ਐਰਿਨ ਓ’ਟੂਲ ਨੇ ਵੀ ਪਿਛਲੇ ਹਫ਼ਤੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ‘ਤੇ ਨਿਸ਼ਾਨਾ ਸਾਧਿਆ ਸੀ।

ਓ’ਟੂਲ ਨੇ ਟ੍ਰੂਡੋ ‘ਤੇ ਇਲਜ਼ਾਮ ਲਗਾਇਆ ਸੀ ਕਿ ਲੋੜੀਂਦੀ ਪੀਪੀਈ ਸਪਲਾਈ, ਰੈਪਿਡ ਟੈਸਟ ਅਤੇ ਬੂਸਟਰ ਸ਼ੌਟ ਮੁਹੱਈਆ ਕਰਵਾਉਣ ਵਿਚ ਸਰਕਾਰ ਨਾਕਾਮ ਰਹੀ ਹੈ ਅਤੇ ਲੌਕਡਾਉਨ ਨੂੰ ਆਮ ਗੱਲ ਬਣਾ ਦਿੱਤਾ ਗਿਆ ਹੈ। ਉਹਨਾਂ ਕਿਹਾ ਸੀ ਕਿ ਟਰੱਕ ਡਰਾਈਵਰਾਂ ਵਰਗੇ ਬਗ਼ੈਰ ਵੈਕਸੀਨ ਵਾਲੇ ਅਸੈਂਸ਼ੀਅਲ ਵਰਕਰਾਂ ਲਈ ਕੁਝ ਛੋਟਾਂ ਹੋਣੀਆਂ ਚਾਹੀਦੀਆਂ ਹਨ। ਓ’ਟੂਲ ਦੀ ਇਸ ਟਿੱਪਣੀ ਨੂੰ ਟ੍ਰੂਡੋ ਨੇ ਅੱਜ ਗ਼ੈਰ-ਜ਼ਿੰਮੇਵਾਰਾਨਾ ਆਖਿਆ।

ਦੇਖੋ। ਓ'ਟੂਲ ਨੇ ਟ੍ਰੂਡੋ 'ਤੇ ਲੌਕਡਾਉਨ ਨੂੰ ਆਮ ਵਰਤਾਰਾ ਬਣਾਉਣ ਦਾ ਇਲਜ਼ਾਮ ਲਗਾਇਆ:

ਇਸ ਮਹੀਨੇ ਪਹੁੰਚਣਗੀਆਂ ਵੈਕਸੀਨ ਦੀਆਂ 16.1 ਮਿਲੀਅਨ ਖ਼ੁਰਾਕਾਂ

ਓਮੀਕਰੌਨ ਵੇਰੀਐਂਟ ਖ਼ਿਲਾਫ਼ ਲੜਾਈ ਵਿਚ ਸਹਾਇਤਾ ਲਈ, ਫ਼ੈਡਰਲ ਸਰਕਾਰ ਇਸ ਮਹੀਨੇ ਸੂਬਿਆਂ ਅਤੇ ਟੈਰਿਟ੍ਰੀਜ਼ ਨੂੰ 16.1 ਮਿਲੀਅਨ ਵੈਕਸੀਨ ਖ਼ੁਰਾਕਾਂ ਡਿਲੀਵਰ ਕਰਨ ਦੀ ਯੋਜਨਾ ਬਣਾ ਰਹੀ ਹੈ।

ਭਾਵੇਂ ਸ਼ੁਰੂਆਤੀ ਡਾਟਾ  (ਨਵੀਂ ਵਿੰਡੋ)ਮੁਤਾਬਕ, ਮੌਜੂਦਾ ਵੈਕਸੀਨਾਂ ਓਮੀਕਰੌਨ ਵੇਰੀਐਂਟ ‘ਤੇ ਬਹੁਤੀਆਂ ਅਸਰਦਾਰ ਨਹੀਂ ਹਨ, ਪਰ ਜਿਹਨਾਂ ਲੋਕਾਂ ਨੇ ਵੈਕਸੀਨ ਪ੍ਰਾਪਤ ਕੀਤੀ ਹੈ, ਉਹਨਾਂ ਦੇ ਗੰਭੀਰ ਬਿਮਾਰ ਹੋਕੇ ਹਸਪਤਾਲ ਦਾਖ਼ਲ ਹੋਣ ਜਾਂ ਮੌਤ ਹੋਣ ਦੀ ਸੰਭਾਵਨਾ ਘੱਟ ਹੈ।

ਮਿਸਾਲ ਦੇ ਤੌਰ ਤੇ, ਉਨਟੇਰਿਉ ਵਿਚ 12 ਸਾਲ ਤੋਂ ਵੱਧ ਉਮਰ ਦੇ ਬਗ਼ੈਰ ਵੈਕਸੀਨ ਪ੍ਰਾਪਤ ਲੋਕਾਂ ਦੀ ਤਾਦਾਦ 9 ਫ਼ੀਸਦੀ ਤੋਂ ਵੀ ਘੱਟ ਹੈ। ਪਰ ਆਈਸੀਯੂ ਵਿਚ ਦਾਖ਼ਲ ਅੱਧੇ ਤੋਂ ਵੱਧ ਮਰੀਜ਼ ਉਹ ਹਨ ਜਿਹਨਾਂ ਨੇ ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਪ੍ਰਾਪਤ ਨਹੀਂ ਕੀਤੀਆਂ ਹਨ।

ਹੈਲਥ ਕੈਨੇਡਾ ਵੱਲੋਂ ਪ੍ਰਾਪਤ ਅੰਕੜਿਆਂ ਅਨੁਸਾਰ, ਇਸ ਮਹੀਨੇ ਮੌਡਰਨਾ ਸਪਾਈਕਵੈਕਸ ਦੀਆਂ 9.3 ਮਿਲੀਅਨ ਅਤੇ ਫ਼ਾਈਜ਼ਰ ਕੌਮਿਰਨਾਟੀ ਵੈਕਸੀਨ ਦੀਆਂ 6.8 ਮਿਲੀਅਨ ਵਾਧੂ ਖ਼ੁਰਾਕਾਂ ਕੈਨੇਡਾ ਪਹੁੰਚਣਗੀਆਂ। ਪਿਛਲੇ ਹਫ਼ਤੇ ਕੈਨੇਡਾ ਨੇ ਫ਼ਾਈਜ਼ਰ ਦੀਆਂ 500,000 ਖ਼ੁਰਾਕਾਂ ਪ੍ਰਾਪਤ ਕੀਤੀਆਂ ਹਨ।

ਡਿਪਾਰਟਮੈਂਟ ਦੇ ਇੱਕ ਬੁਲਾਰੇ ਮੁਤਾਬਕ, ਇਹਨਾਂ ਡਿਲੀਵਰੀਆਂ ਤੋਂ ਬਾਅਦ ਸਾਰੇ ਯੋਗ ਕੈਨੇਡੀਅਨਜ਼ ਨੂੰ ਬੂਸਟਰ ਡੋਜ਼ ਦੇਣ ਲਈ ਲੋੜੀਂਦੀ ਸਪਲਾਈ ਉਪਲਬਧ ਹੋਵੇਗੀ ਅਤੇ ਨਾਲੋ ਨਾਲ ਉਹਨਾਂ ਲੋਕਾਂ ਲਈ ਵੀ ਵੈਕਸੀਨ ਉਪਲਬਧਤਾ ਜਾਰੀ ਰਹੇਗੀ, ਜਿਹਨਾਂ ਨੇ ਅਜੇ ਤੱਕ ਪਹਿਲੀ ਜਾਂ ਦੂਸਰੀ ਡੋਜ਼ ਪ੍ਰਾਪਤ ਨਹੀਂ ਕੀਤੀ ਹੈ।

ਸੂਬਿਆਂ ਅਤੇ ਟੈਰਿਟ੍ਰੀਜ਼ ਕੋਲ ਇਸ ਸਮੇਂ ਫ਼ਾਈਜ਼ਰ ਦੀਆਂ 2.9 ਮਿਲੀਅਨ ਅਤੇ ਮੌਡਰਨਾ ਦੀਆਂ 9 ਮਿਲੀਅਨ ਤੋਂ ਵੱਧ ਖ਼ੁਰਾਕਾਂ ਮੌਜੂਦ ਹਨ।

ਮੁਲਕ ਦੀ ਟੀਕਾਕਰਨ ਸਲਾਹਕਾਰ ਕਮੇਟੀ (NACI) ਦੀਆਂ ਸਿਫ਼ਾਰਸ਼ਾਂ ਦੇ ਆਧਾਰ ‘ਤੇ, ਸੂਬਿਆਂ ਵੱਲੋਂ ਫ਼ਾਈਜ਼ਰ ਵੈਕਸੀਨ 12 ਤੋਂ 29 ਸਾਲ ਦੀ ਉਮਰ ਵਾਲਿਆਂ ਲਈ ਰਾਖਵੀਂ ਕੀਤੀ ਜਾ ਰਹੀ ਹੈ, ਕਿਉਂਕਿ ਇਸ ਉਮਰ ਵਰਗ ਨੂੰ ਮੌਡਰਨਾ ਵੈਕਸੀਨ ਦਿੱਤੇ ਜਾਣ ਤੋਂ ਬਾਅਦ ਕੁਝ ਲੋਕਾਂ ਵਿਚ ਮੇਓਕਾਰਡੀਟਿਸ (Myocarditis) , ਦਿਲ ਦੀਆਂ ਮਾਸਪੇਸ਼ੀਆਂ ਵਿਚ ਜਲਨ, ਦੇ ਲੱਛਣ ਰਿਪੋਰਟ ਹੋਏ ਸਨ।

ਜੌਨ ਪੌਲ ਟਸਕਰ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ